ਕੁਲਭੂਸ਼ਣ ਮਾਮਲੇ ’ਚ ਪਾਕਿਸਤਾਨ ਨੇ ਭਾਰਤ ਦੇ ਇਲਜ਼ਾਮਾਂ ਨੂੰ ਨਕਾਰਿਆ

ਤਸਵੀਰ ਸਰੋਤ, Getty Images
ਪਾਕਿਸਤਾਨ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਲਾਏ ਗਏ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਬਦਸਲੂਕੀ ਦੇ ਇਲਜ਼ਾਮਾਂ ਨੂੰ ਖਾਰਿਜ਼ ਕਰ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਖੁਆਵਜ਼ਾ ਮੁਹੰਮਦ ਆਸਿਫ਼ ਨੇ ਭਾਰਤ ਵੱਲੋਂ ਲਾਏ ਇਲਜ਼ਾਮਾਂ ਦਾ ਖੰਡਣ ਕਰਦਿਆਂ ਕਿਹਾ ਹੈ ਕਿ ਕੁਲਭੂਸ਼ਣ ਯਾਦਵ ਦੀ ਉਨ੍ਹਾਂ ਦੀ ਪਤਨੀ ਤੇ ਮਾਂ ਨਾਲ ਮੁਲਾਕਾਤ ਮਨੁੱਖਤਾ ਅਤੇ ਇਸਲਾਮਿਕ ਸਿਧਾਂਤਾਂ ਦੇ ਆਧਾਰ 'ਤੇ ਕਰਵਾਈ ਗਈ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਲਾਕਾਤ 30 ਮਿੰਟ ਵਾਸਤੇ ਰੱਖੀ ਗਈ ਸੀ ਪਰ ਜਿਸਨੂੰ ਬਾਅਦ ਵਿੱਚ 40 ਮਿੰਟ ਤੱਕ ਜਾਰੀ ਰੱਖਿਆ ਗਿਆ।
'ਇਹ ਆਮ ਮੁਲਾਕਾਤ ਨਹੀਂ ਸੀ'
ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਲਾਕਾਤ ਦੀ ਕਾਮਯਾਬੀ ਦਾ ਅੰਦਾਜ਼ਾ ਕੁਲਭੂਸ਼ਣ ਯਾਦਵ ਦੀ ਮਾਂ ਤੇ ਪਤਨੀ ਵੱਲੋਂ ਪਾਕਿਸਤਾਨ ਨੂੰ ਦਿੱਤੇ ਧੰਨਵਾਦ ਤੋਂ ਹੀ ਲਾਇਆ ਜਾ ਸਕਦਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਬਿਆਨ ਵਿੱਚ ਕਿਹਾ, "ਇਹ ਇੱਕ ਆਮ ਮੁਲਾਕਾਤ ਨਹੀਂ ਸੀ। ਇਹ ਸੱਚਾਈ ਹੈ ਕਿ ਕੁਲਭੂਸ਼ਣ ਯਾਦਵ ਭਾਰਤੀ ਸਮੁੰਦਰੀ ਫੌਜ ਦੇ ਅਫ਼ਸਰ ਹਨ ਅਤੇ ਉਹ ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਸ਼ਮੂਲੀਅਤ ਤੇ ਜਸੂਸੀ ਦੇ ਦੋਸ਼ੀ ਹਨ।''

ਤਸਵੀਰ ਸਰੋਤ, @foreignofficepk
ਸੁਸ਼ਮਾ ਸਵਾਰਾਜ ਨੇ ਵੀਰਵਾਰ ਨੂੰ ਸੰਸਦ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਕੁਲਭੂਸ਼ਣ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਗਈ ਸੀ।
ਉਨ੍ਹਾਂ ਇਲਜ਼ਾਮ ਲਾਉਂਦਿਆਂ ਹੋਇਆਂ ਕਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਕੁਲਭੂਸ਼ਣ ਯਾਦਵ ਦੀ ਮਾਂ ਤੇ ਪਤਨੀ ਦਾ ਮੰਗਲਸੂਤਰ ਉਤਵਾ ਲਿਆ ਗਿਆ ਸੀ ਤੇ ਸੰਦੂਰ ਵੀ ਮਿਟਾਇਆ ਗਿਆ ਸੀ।
'ਜੁੱਤੇ ਜਾਂਚ 'ਚ ਫੇਲ੍ਹ'
ਸੁਸ਼ਮਾ ਸਵਰਾਜ ਨੇ ਇਹ ਵੀ ਕਿਹਾ ਸੀ ਕਿ ਕੁਲਭੂਸ਼ਣ ਯਾਦਵ ਦੀ ਮਾਂ ਤੇ ਪਤਨੀ ਤੋਂ ਕੱਪੜੇ ਬਦਲਵਾਏ ਗਏ ਸੀ ਅਤੇ ਕੁਲਭੂਸ਼ਣ ਦੀ ਪਤਨੀ ਦੀ ਜੁੱਤੀ ਵੀ ਜਮਾ ਕਰਵਾਈ ਗਈ ਜਿਸਨੂੰ ਵਾਪਸ ਨਹੀਂ ਕੀਤਾ ਗਿਆ।

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਨੂੰ ਪੂਰੇ ਸਨਮਾਨ ਨਾਲ ਮੁਲਾਕਾਤ ਲਈ ਲਿਜਾਇਆ ਗਿਆ ਸੀ ਅਤੇ ਕੱਪੜੇ ਤੇ ਜੁੱਤੇ ਸੁਰੱਖਿਆ ਕਾਰਨਾਂ ਕਰਕੇ ਹੀ ਲਵਾਏ ਗਏ ਸੀ।
ਉਨ੍ਹਾਂ ਅੱਗੇ ਕਿਹਾ ਕਿ ਸਾਰਾ ਸਮਾਨ ਵਾਪਸ ਕਰ ਦਿੱਤਾ ਗਿਆ ਸੀ ਸਿਰਫ਼ ਜੁੱਤੇ ਦੀ ਸੁਰੱਖਿਆ ਜਾਂਚ ਵਿੱਚ ਇੱਕ ਮੈਟਲ ਚਿਪ ਮਿਲੀ ਸੀ ਜਿਸਦੀ ਜਾਂਚ ਕੀਤੀ ਜਾ ਰਹੀ ਹੈ।












