ਸੁਸ਼ਮਾ ਸਵਰਾਜ: ਮਾਂ-ਪਤਨੀ ਨਾਲ ਜਾਧਵ ਦੀ ਮੁਲਾਕਾਤ 'ਤੇ ਪਾਕਿਸਤਾਨ ਦਾ ਪ੍ਰੋਪੇਗੈਂਡਾ

ਤਸਵੀਰ ਸਰੋਤ, Rstv
''ਇੱਕ ਮਾਂ ਦੀ ਆਪਣੇ ਮੁੰਡੇ ਨਾਲ ਅਤੇ ਇੱਕ ਪਤਨੀ ਦੀ ਆਪਣੇ ਪਤੀ ਨਾਲ ਮੁਲਾਕਾਤ ਨੂੰ ਪਾਕਿਸਤਾਨ ਨੇ ਪ੍ਰੋਪੇਗੈਂਡਾ ਵਿੱਚ ਬਦਲ ਦਿੱਤਾ।''
ਪਾਕਿਸਤਾਨ ਦੀ ਜੇਲ ਵਿੱਚ ਬੰਦ ਕੁਲਭੂਸ਼ਣ ਜਾਧਵ ਦੀ ਉਨ੍ਹਾਂ ਦੇ ਘਰ ਵਾਲਿਆਂ ਨਾਲ ਮੁਲਾਕਾਤ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸੰਸਦ ਵਿੱਚ ਬਿਆਨ ਦਿੱਤਾ।
ਕੀ ਕਿਹਾ ਸੁਸ਼ਮਾ ਸਵਰਾਜ ਨੇ?
- ਪਾਕਿਸਤਾਨ ਨੇ ਨਾ ਸਿਰਫ਼ ਉਨ੍ਹਾਂ ਦੀ ਪਤਨੀ ਦੀ ਬਲਕਿ ਉਨ੍ਹਾਂ ਦੀ ਮਾਂ ਦੀ ਵੀ ਬਿੰਦੀ ਅਤੇ ਮੰਗਲਸੂਤਰ ਉਤਰਵਾ ਲਿਆ। ਮੈਂ ਇਸ ਬਾਰੇ ਕੁਲਭੂਸ਼ਣ ਦੀ ਮਾਂ ਨਾਲ ਗੱਲਬਾਤ ਕੀਤੀ ਹੈ। ਕੁਲਭੂਸ਼ਣ ਨੇ ਇਸ ਹਾਲ ਵਿੱਚ ਮਾਂ ਨੂੰ ਦੇਖਿਆ ਤੇ ਪੁੱਛਿਆ ਬਾਬਾ ਦਾ ਕੀ ਹਾਲ ਹੈ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਕੋਈ ਦੁਰਘਟਨਾ ਤਾਂ ਨਹੀਂ ਹੋ ਗਈ।

ਤਸਵੀਰ ਸਰੋਤ, AFP
- ਕੁਲਭੂਸ਼ਣ ਜਾਦਵ ਦੀ ਪਤਨੀ ਦੇ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਉਸਦੀ ਜੁੱਤੀ ਵਾਪਿਸ ਨਹੀਂ ਕੀਤੀ ਗਈ। ਪਾਕਿਸਤਾਨੀ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਜੁੱਤੀ ਵਿੱਚ ਕੈਮਰਾ ਜਾਂ ਰਿਕਾਰਡਰ ਸੀ। ਇਸ ਤੋਂ ਜ਼ਿਆਦਾ ਗ਼ਲਤ ਗੱਲ ਕੁਝ ਵੀ ਨਹੀਂ ਹੋ ਸਕਦੀ। ਉਹ ਇਹੀ ਜੁੱਤੀ ਪਾ ਕੇ 2 ਫਲਾਇਟਸ ਵਿੱਚ ਸਫ਼ਰ ਕਰ ਚੁੱਕੀ ਹੈ।
- ਇਸ ਵਿੱਚ ਇਨਸਾਨੀਅਤ ਵਾਲਾ ਕੋਈ ਸੰਕੇਤ ਨਹੀਂ ਹੈ। ਪਰਿਵਾਰਕ ਮੈਂਬਰਾਂ ਦੇ ਮਨੁੱਖੀ ਅਧਿਕਾਰਾਂ ਦਾ ਵਾਰ-ਵਾਰ ਉਲੰਘਣ ਕੀਤਾ ਗਿਆ। ਉਨ੍ਹਾਂ ਲਈ ਇੱਕ ਡਰ ਦਾ ਮਾਹੌਲ ਬਣਾ ਦਿੱਤਾ ਗਿਆ।
- ਕੁਲਭੂਸ਼ਣ ਜਾਦਵ ਦੀ ਮਾਂ ਸਿਰਫ਼ ਸਾੜੀ ਪਾਉਂਦੀ ਹੈ। ਉਨ੍ਹਾਂ ਨੂੰ ਸਲਵਾਰ ਸੂਟ ਪਾਉਣ ਲਈ ਮਜਬੂਰ ਕੀਤਾ ਗਿਆ। ਮਾਂ ਅਤੇ ਪਤਨੀ ਦੋਵੇਂ ਦੀ ਬਿੰਦੀ, ਚੂੜੀਆਂ ਅਤੇ ਮੰਗਲਸੂਤਰ ਉਤਰਵਾਏ ਗਏ। ਦੋਵੇਂ ਵਿਆਹੀਆਂ ਔਰਤਾਂ ਨੂੰ ਵਿਧਵਾ ਦੀ ਤਰ੍ਹਾਂ ਦਿਖਣ ਲਈ ਮਜਬੂਰ ਕੀਤਾ ਗਿਆ।








