ਕੁਲਭੂਸ਼ਣ ਜਾਧਵ ਆਪਣੀ ਪਤਨੀ ਨਾਲ ਮਿਲ ਸਕਦੇ ਹਨ- ਪਾਕਿਸਤਾਨ

ਤਸਵੀਰ ਸਰੋਤ, AFP
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਮਨੁੱਖਤਾ ਦੇ ਅਧਾਰ 'ਤੇ ਲਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਪਾਕਿਸਤਾਨ ਦੀ ਸਰਕਾਰ ਨੇ ਮਨੁੱਖਤਾ ਦੇ ਅਧਾਰ 'ਤੇ ਕਮਾਂਡਰ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ।"

ਤਸਵੀਰ ਸਰੋਤ, http://www.mofa.gov.pk/
ਪ੍ਰੈਸ ਨੋਟ ਮੁਤਾਬਕ, "ਕਮਾਂਡਰ ਕੁਲਭੂਸ਼ਨ ਜਾਧਵ ਉਰਫ਼ ਹੁਸੈਨ ਮੁਬਾਰਕ ਪਟੇਲ, ਭਾਰਤੀ ਨੇਵੀ ਦੇ ਮੌਜੂਦਾ ਕਮਾਂਡਰ, ਜੋ ਕਿ ਭਾਰਤੀ ਇੰਟੈਲਜੈਂਸ ਏਜੰਸੀ/RAW ਨਾਲ ਕੰਮ ਰਿਹਾ ਸੀ, ਪਾਕਿਸਤਾਨੀ ਏਜੰਸੀ ਨੇ 3 ਮਾਰਚ, 2016 ਨੂੰ ਹਿਰਾਸਤ ਵਿੱਚ ਲਿਆ ਸੀ।
ਉਹ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰ ਗਿਆ ਸੀ। ਉਸ ਨੇ ਮਜਿਸਟ੍ਰੇਟ ਅਤੇ ਅਦਾਲਤ ਦੇ ਸਾਹਮਣੇ ਕਬੂਲ ਕੀਤਾ ਕਿ ਉਸ ਨੂੰ ਰੌ (RAW) ਵੱਲੋਂ ਜਾਸੂਸੀ ਲਈ ਭੇਜਿਆ ਗਿਆ ਸੀ, ਜਿਸ ਨਾਲ ਦਹਿਸ਼ਤਗਰਦੀ ਕਾਰਵਾਈਆਂ ਤੇ ਗੜਬੜੀ ਨੂੰ ਅੰਜਾਮ ਦਿੱਤਾ ਜਾ ਸਕੇ। ਇਸ ਦਾ ਮਕਸਦ ਪਾਕਿਸਤਾਨ ਵਿਰੁੱਧ ਜੰਗ ਨੂੰ ਛੇੜਨਾ ਹੈ।"
ਕੀ ਹੈ ਮਾਮਲਾ?
ਪਾਕਿਸਤਾਨ ਦੀ ਸੈਨਿਕ ਅਲਾਦਤ ਨੇ ਜਾਧਵ ਨੂੰ ਜਸੂਸੀ ਅਤੇ ਦੇਸ ਵਿਰੋਧੀ ਕਾਰਵਾਈ ਦੇ ਇਲਜ਼ਾਮ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ।
ਭਾਰਤੀ ਨੇਵੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਇਰਾਨ ਵਿੱਚ ਵਪਾਰ ਕਰ ਰਹੇ ਸਨ।

ਤਸਵੀਰ ਸਰੋਤ, AFP/Getty Images
ਪਾਕਿਸਤਾਨ ਦਾ ਦਾਅਵਾ
ਹਾਲਾਂਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਨੂੰ 3 ਮਾਰਚ 2016 ਨੂੰ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, AFP/Getty Images
ਜਾਧਵ ਤੇ ਬਲੂਚਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਅਤੇ ਜਾਸੂਸੀ ਦਾ ਇਲਜ਼ਾਮ ਲਾਇਆ ਗਿਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ।
ਹਾਲਾਂਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਇਸ ਤੇ ਰੋਕ ਲਾ ਦਿੱਤੀ ਸੀ। ਉਦੋਂ ਤੋਂ ਹੀ ਮਾਮਲਾ ਆਈਸੀਜੇ ਵਿੱਚ ਚੱਲ ਰਿਹਾ ਹੈ।












