ਪਾਕ ਸਿੱਖ: ਕੈਪਟਨ ਵਲੋਂ ਸੁਸ਼ਮਾ ਨੂੰ ਦਖ਼ਲ ਦੀ ਅਪੀਲ

ਤਸਵੀਰ ਸਰੋਤ, AFP
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਸਿਤਾਨ ਵਿੱਚ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਲਈ ਕਹੇ ਜਾਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਜ਼ਰੀਏ ਬੇਨਤੀ ਕੀਤੀ ਕਿ ਉਹ ਇਸ ਮਾਮਲੇ 'ਤੇ ਪਾਕਿਸਤਾਨ ਨਾਲ ਗੱਲਬਾਤ ਕਰਨ।
ਕੈਪਟਨ ਨੇ ਕਿਹਾ ਅਸੀਂ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਹਮਲਿਆਂ ਦੇ ਪੀੜਤ ਬਣਨ ਲਈ ਨਹੀਂ ਛੱਡ ਸਕਦੇ। ਉਨ੍ਹਾਂ ਨੇ ਕਿਹਾ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਿੱਖਾਂ ਦੀ ਪਛਾਣ ਨੂੰ ਬਰਕਰਾਰ ਰੱਖੀਏ। ਇਸ ਮੁੱਦੇ ਨੂੰ ਉੱਚੇ ਪੱਧਰ 'ਤੇ ਚੁੱਕਿਆ ਜਾਣਾ ਚਾਹੀਦਾ ਹੈ।

ਤਸਵੀਰ ਸਰੋਤ, Twitter
ਕੈਪਟਨ ਵੱਲੋਂ ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ ਵੱਖ ਵੱਖ ਲੋਕਾਂ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕੈਪਟਨ ਦੇ ਟਵੀਟ ਉੱਤੇ ਟਿੱਪਣੀ ਕਰਦਿਆਂ ਸਿਧਾਰਥ ਰਾਜ ਨਾਂ ਦੇ ਵਿਅਕਤੀ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਹੋਈ ਘਟਨਾ ਬਾਰੇ ਜੋ ਕੈਪਟਨ ਨੇ ਕਿਹਾ ਹੈ ਉਹ ਸਹੀ ਹੈ।
ਸੁਸ਼ਮਾ ਜੀ ਨੂੰ ਇਸ ਉੱਤੇ ਕਦਮ ਚੁੱਕਣੇ ਚਾਹੀਦੇ ਹਨ ਪਰ ਯੋਗੀ ਜੀ ਹਿੰਦੂਆਂ ਦੀ ਗੱਲ ਨਹੀਂ ਕਰਦੇ ਉਹ ਸਨਾਤਨ ਦੀ ਗੱਲ ਕਰਦੇ ਹਨ ਅਤੇ ਸਿੱਖਾਂ ਨੂੰ ਉਨ੍ਹਾਂ ਦਾ ਹੀ ਹਿੱਸਾ ਸਮਝਦੇ ਹਨ।

ਤਸਵੀਰ ਸਰੋਤ, Twitter
ਰਾਜੇਸ਼ ਕੁਮਾਰ ਸਿੰਘ ਨਾਂ ਦੇ ਵਿਅਕਤੀ ਲਿਖਦੇ ਹਨ ਕਿ ਉਹ ਹੈਰਾਨ ਹਨ ਕਿ ਜਿਸ ਭਾਈਚਾਰੇ ਦੀ ਪਾਕਿਸਤਾਨ ਵਿੱਚ ਇਹ ਲੀਡਰ ਇੰਨੀ ਚਿੰਤਾ ਕਰਦੇ ਹਨ ਉੰਨੀ ਭਾਰਤ ਵਿੱਚ ਉਸੇ ਭਾਈਚਾਰੇ ਦੇ ਲੋਕਾਂ ਦੀ ਫ਼ਿਕਰ ਕਿਉਂ ਨਹੀਂ ਕਰਦੇ।

ਤਸਵੀਰ ਸਰੋਤ, Twitter
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਜ਼ਿਲ੍ਹੇ ਦੇ ਇੱਕ ਉੱਚ ਪੱਧਰ ਦੇ ਅਫ਼ਸਰ ਨੂੰ ਸਥਾਨਕ ਸਿੱਖ ਜਥੇਬੰਦੀ ਦੀ ਸ਼ਿਕਾਇਤ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਹੈ ਕਿ ਅਫ਼ਸਰ ਨੇ ਸਿੱਖ ਭਾਈਚਾਰੇ ਨੂੰ ਇਸਲਾਮ ਅਪਨਾਉਣ ਲਈ ਕਿਹਾ।
ਸ਼ਿਕਾਇਤ ਹੰਗੂ ਜ਼ਿਲ੍ਹੇ ਦੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਫ਼ਰੀਦ ਚੰਦ ਸਿੰਘ ਨੇ ਟਾਲ ਤਹਿਸੀਲ ਦੇ ਵਧੀਕ ਸਹਾਇਕ ਕਮਿਸ਼ਨਰ ਯਾਕੂਬ ਖਾਨ ਖਿਲਾਫ਼ ਦਰਜ ਕਰਵਾਈ।












