You’re viewing a text-only version of this website that uses less data. View the main version of the website including all images and videos.
ਤੇਲੰਗਾਨਾ : ਪਤੀ ਬਦਲਣ ਦੀ ਸਾਜਿਸ਼ ਦੇ ਇਲਜ਼ਾਮਾਂ ਤਹਿਤ ਪਤਨੀ ਗ੍ਰਿਫ਼ਤਾਰ
ਤੇਲੰਗਾਨਾ ਵਿੱਚ ਇੱਕ ਔਰਤ 'ਤੇ ਆਪਣੇ ਪਤੀ ਦਾ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ। ਇਸਦੇ ਨਾਲ ਹੀ ਪ੍ਰੇਮੀ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਵਾ ਕੇ ਉਸ ਨੂੰ ਆਪਣੇ ਪਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਦੇ ਵੀ ਇਲਜ਼ਾਮ ਲੱਗੇ ਹਨ।
ਤੇਲੰਗਾਨਾ ਪੁਲਿਸ ਮੁਤਾਬਕ ਇਸ ਸਾਰੇ ਕਾਰੇ ਲਈ ਮਹਿਲਾ ਦੇ ਪ੍ਰੇਮੀ ਦੇ ਚਿਹਰੇ 'ਤੇ ਤੇਜ਼ਾਬ ਪਾਇਆ ਗਿਆ ਸੀ। ਮਹਿਲਾ ਦੇ ਪਤੀ ਦੇ ਮਾਪੇ ਤੇਜ਼ਾਬੀ ਹਮਲੇ ਦੀ ਕਹਾਣੀ 'ਤੇ ਯਕੀਨ ਕਰਦੇ ਰਹੇ ਤੇ ਹਸਪਤਾਲ ਦੇ ਸਾਰੇ ਬਿੱਲ ਭਰਦੇ ਰਹੇ।
ਮਟਨ ਸੂਪ ਨੇ ਫਸਾਇਆ
ਜਦੋਂ ਮਹਿਲਾ ਦੇ ਕਥਿਤ ਪਤੀ ਦਾ ਇਲਾਜ਼ ਚੱਲ ਰਿਹਾ ਸੀ ਤਾਂ ਉਸਦਾ ਭਰਾ ਹਸਪਤਾਲ ਪਹੁੰਚਿਆ। ਇੱਥੋਂ ਹੀ ਸਾਰੇ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ।
ਮਹਿਲਾ ਦਾ ਅਸਲੀ ਪਤੀ ਸੁਧਾਕਰ ਰੈੱਡੀ ਚਿਕਨ ਅਤੇ ਮਟਨ ਖਾਣ ਦਾ ਸ਼ੌਕੀਨ ਸੀ। 9 ਦਸੰਬਰ ਨੂੰ ਉਸਦੇ ਭਰਾ ਨੇ ਉਸਨੂੰ ਮਟਨ ਸੂਪ ਪੀਣ ਲਈ ਦਿੱਤਾ। ਹਸਪਤਾਲ 'ਚ ਪਏ ਸ਼ਖਸ ਨੇ ਕਿਹਾ ਕਿ ਉਸ ਨੂੰ ਮਟਨ ਸੂਪ ਪਸੰਦ ਨਹੀਂ ਹੈ। ਬੱਸ ਸ਼ੱਕ ਇੱਥੋਂ ਹੀ ਪਿਆ।
ਸੁਧਾਕਰ ਰੈੱਡੀ ਦੇ ਭਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹਸਪਤਾਲ ਵਿੱਚ ਦਾਖਲ ਸ਼ਖਸ ਦੀਆਂ ਉਂਗਲਾਂ ਦੇ ਪੁਲਿਸ ਨੇ ਨਿਸ਼ਾਨ ਲਏ ਅਤੇ ਸਾਰੇ ਮਾਮਾਲੇ ਦਾ ਪਰਦਾਫਾਸ਼ ਹੋ ਗਿਆ।
ਪੁਲਿਸ ਨੇ ਮਹਿਲਾ ਤੇ ਉਸਦੇ ਪ੍ਰੇਮੀ ਰਾਜੇਸ਼ ਅਜਾਕੋਲੂ (ਜੋ ਹਸਪਤਾਲ ਵਿੱਚ ਦਾਖਲ ਹੈ)ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪਤਨੀ ਸਵਾਤੀ ਰੈੱਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਬੀਬੀਸੀ ਤੇਲਗੂ ਨੂੰ ਦੱਸਿਆ ਕਿ ਪ੍ਰੇਮੀ ਰਾਜੇਸ਼ ਅਜਾਕੋਲੂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਲਜ਼ਾਮ ਹੈ ਕਿ ਪਤੀ ਸੁਧਾਕਰ ਰੇੱਡੀ ਨੂੰ 26 ਨਵੰਬਰ ਨੂੰ ਮਾਰਿਆ ਗਿਆ ਸੀ ਅਤੇ ਅਗਲੇ ਦਿਨ ਉਸਦੀ ਲਾਸ਼ ਨੂੰ ਟਿਕਾਣੇ ਲਾਇਆ ਗਿਆ ਸੀ। ਮ੍ਰਿਤਕ ਪਤੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ।
ਪੁਲਿਸ ਮੁਤਾਬਕ ਮੁਲਜ਼ਮ ਔਰਤ ਨੇ ਕਬੂਲ ਲਿਆ ਹੈ ਕਿ ਉਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਮੁਤਾਬਕ ਰੈੱਡੀ ਦੇ ਮਾਪਿਆਂ ਨੇ ਹੁਣ ਤੱਕ 5 ਲੱਖ ਰੁਪਏ ਇਲਾਜ 'ਤੇ ਖਰਚ ਦਿੱਤੇ ਸੀ।