'ਖਾਲਿਸਤਾਨ ਬਾਰੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਦਾ ਕੋਈ ਪ੍ਰੋਗਰਾਮ ਨਹੀਂ': ਬਡੂੰਗਰ
- ਲੇਖਕ, ਖ਼ੁਸ਼ਬੂ ਸੰਧੂ
- ਰੋਲ, ਬੀਬੀਸੀ ਪੰਜਾਬੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 29 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵਿਵਾਦ ਤੋਂ ਬਾਅਦ ਜੋ ਸਿੱਖ ਵਾਪਸ ਆਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਵਾਗਤ ਹੈ।
ਖਾਲਿਸਤਾਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉਦਾਰਵਾਦੀ ਸੰਸਥਾਵਾਂ ਹਨ। ਉਨ੍ਹਾਂ ਕਿਹਾ, "ਇਹ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰੋਗਰਾਮ ਹੈ ਨਾ ਸ਼੍ਰੋਮਣੀ ਕਮੇਟੀ ਦਾ।"
ਤੁਹਾਡੀ ਪ੍ਰਧਾਨਗੀ ਹੇਠ ਪਿਛਲੇ ਇੱਕ ਸਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਾਰਜ ਕੀਤੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਤਿੱਖੇ ਸਿੱਖ ਸੰਘਰਸ਼ ਵਿੱਚੋਂ ਪੈਦਾ ਹੋਈ।
ਸਾਡੀ ਨਵੀਂ ਟੀਮ ਦੀ ਚੋਣ 5 ਨਵੰਬਰ, 2016 ਨੂੰ ਹੋਈ। ਉਸ ਤੋਂ ਬਾਅਦ ਅਸੀਂ ਸੋਚਿਆ ਸੀ ਕਿ ਇਸ ਨੂੰ ਹੋਰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ।

ਤਸਵੀਰ ਸਰੋਤ, NARINDER NANU/AFP/Getty Images
ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਰਸਤਾ ਦਿਖਾਇਆ। ਉਨ੍ਹਾਂ ਦੇ ਸਮੇਂ ਦੀਆਂ ਜੋ ਸਮਾਜਿਕ ਬੁਰਾਈਆਂ ਸਨ, ਗੁਰੂ ਸਾਹਿਬ ਨੇ ਉਨ੍ਹਾਂ ਦੇ ਖਿਲਾਫ਼ ਅਵਾਜ਼ ਬੁਲੰਦ ਕੀਤੀ ।
ਭਾਵੇਂ ਭਰੂਣ ਹੱਤਿਆ ਦੀ ਸੀ ਭਾਵੇਂ ਲੜਕੀਆਂ ਨੂੰ ਬਾਅਦ ਵਿੱਚ ਮਾਰਨ ਦੀ ਸੀ, ਨਸ਼ੇ ਦੀ ਸੀ, ਭਾਵੇਂ ਜਾਤ-ਪਾਤ, ਛੂਤ-ਛਾਤ ਦੀ ਸਮੱਸਿਆ ਸੀ, ਗੁਰੂ ਨਾਨਕ ਨੇ ਉਨ੍ਹਾਂ ਖਿਲਾਫ਼ ਅਵਾਜ਼ ਬੁਲੰਦ ਕੀਤੀ। ਇਸ ਨੂੰ ਅਸੀ ਨੋਟਿਸ ਵਿੱਚ ਲਿਆ।
ਦੂਜਾ ਇਸ 'ਤੇ ਧਿਆਨ ਦਿੱਤਾ ਕਿ ਹਰ ਮਨੁੱਖ ਇੱਜ਼ਤ ਨਾਲ ਆਪਣੀ ਜ਼ਿੰਦਗੀ ਜੀਏ ਅਤੇ ਉਸ ਦੇ ਅੰਦਰ ਹੀਨ ਭਾਵਨਾ ਨਿਕਲੇ।
ਸ਼੍ਰੋਮਣੀ ਕਮੇਟੀ ਜਿੱਥੇ ਅਮਨ ਸੰਚਾਰ ਦਾ ਕਾਰਜ ਪੂਰੀ ਤੇਜ਼ੀ ਨਾਲ ਕਰ ਰਹੀ ਹੈ, ਉਸ ਦੇ ਨਾਲ ਹੀ ਅੱਜ ਸਮਾਜ ਜਿੰਨ੍ਹਾਂ ਸਮੱਸਿਆਵਾਂ ਨਾਲ ਬਹੁਤ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ, ਉਨ੍ਹਾਂ ਬਾਰੇ ਵੀ ਅਸੀਂ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ। ਅਸੀਂ ਸਵਛੱਤਾ ਮੁੰਹਿਮ ਸ਼ੁਰੂ ਕੀਤੀ ਹੋਈ ਹੈ।

ਤਸਵੀਰ ਸਰੋਤ, NARINDER NANU/AFP/Getty Images
ਅਸੀਂ ਸਿਰਫ ਰੁੱਖ ਹੀ ਨਹੀਂ ਲਾ ਰਹੇ, ਬਲਕਿ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਇਹ ਬਮਾਰੀਆਂ ਤੁਹਾਡੀ ਪੀੜ੍ਹੀ ਲਈ, ਤੁਹਾਡੇ ਬੱਚਿਆਂ ਲਈ ਨੁਕਸਾਨਦਾਇਕ ਹਨ।
ਇਹ ਸਾਡੀ ਟਰਮ ਸਭ ਤੋਂ ਵਧੀਆ ਰਹੀ ਹੈ। ਖ਼ਾਲਸਾ ਪੰਥ ਨੂੰ ਜਿਹੜੀਆਂ ਸਾਡੇ ਤੋਂ ਉਮੀਦਾਂ ਸੀ ਉਨ੍ਹਾਂ ਤੇ ਅਸੀਂ ਪੂਰਾ ਉਤਰਨ ਦਾ ਯਤਨ ਕੀਤਾ।
ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਐੱਸਜੀਪੀਸੀ ਨੇ ਕੀ ਕੀਤਾ ਹੈ?
ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ, ਪੰਥ ਨਾਲੋਂ ਅਤੇ ਗੁਰੂ ਵਿਰਾਸਤ ਨਾਲੋਂ ਟੁੱਟ ਰਹੀ ਹੈ।
ਉਨ੍ਹਾਂ ਨੂੰ ਸ਼ਾਮਲ ਕਰਨ ਲਈ ਅਸੀਂ 95 ਸਮਾਗਮ ਕਰਵਾਏ। ਅਸੀਂ ਜ਼ੋਰ ਲਾਇਆ ਕਿ ਜਿਹੜੇ ਲੋਕ 40 ਸਾਲ ਤੋਂ ਘੱਟ ਉਮਰ ਦੇ ਹਨ, ਉਹ ਜ਼ਰੂਰ ਸ਼ਾਮਲ ਹੋਣ।
ਸਾਰੇ ਜਿਹੜੇ ਕਾਰਜ ਹਨ ਜਿਵੇਂ ਕਵਿਸ਼ਰੀ, ਗੁਰਬਾਣੀ ਗਾਇਨ, ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈਣਾ ਉਹ ਅਸੀਂ ਨੌਜਵਾਨਾਂ ਤੋਂ ਕਰਵਾਇਆ।
ਨੌਜਵਾਨ ਅਪਣੀ ਵਿਰਾਸਤ ਨਾਲੋਂ ਟੁੱਟ ਰਹੇ ਹਨ। ਕਿਸੇ ਨੂੰ ਪਤਾ ਨਹੀਂ ਕਿ ਭਾਈ ਮਰਦਾਨਾ ਜੀ ਕਦੋਂ ਹੋਏ, ਕਿਸੇ ਨੂੰ ਪਤਾ ਨਹੀਂ ਲੱਖੀ ਸ਼ਾਹ ਵੰਜਾਰਾ ਕੌਣ ਸੀ, ਮੋਤੀ ਲਾਲ ਮਹਿਰਾ ਕੌਣ ਸੀ, ਦਿਵਾਨ ਟੋਡਰ ਮੱਲ ਕੌਣ ਸੀ, ਗਰਜਾ ਸਿੰਘ, ਆਦਿ ਕੌਣ ਸਨ।
ਭਾਵੇਂ ਅਸੀਂ ਦੋ ਟਾਈਮ ਅਰਦਾਸ ਕਰਦੇ ਹਾਂ ਜਿਸ ਵਿੱਚ ਸਭ ਕੁਝ ਗਿਣਦੇ ਹਾਂ, ਲੋਕਾਂ ਵਿੱਚ ਇਹ ਗੱਲ ਸਪਸ਼ਟ ਨਹੀਂ ਸੀ ਕਿ ਸਾਡਾ ਇਤਿਹਾਸ ਹੈ ਕੀ।

ਤਸਵੀਰ ਸਰੋਤ, NARINDER NANU/AFP/Getty Images
ਇਸ ਲਈ ਜਿਹੜੇ 95 ਸਮਾਗਮ ਅਸੀਂ ਕਰਵਾਏ ਉਹ ਕਿਸੇ ਸ਼ਖ਼ਸੀਅਤ ਨੂੰ ਸਮਰਪਿਤ ਸਨ। ਅਸੀਂ ਉਨ੍ਹਾਂ ਦੇ ਜੀਵਨ ਤੇ, ਉਨ੍ਹਾਂ ਦੀਆਂ ਰਚਨਾਵਾਂ ਅਤੇ ਕੁਰਬਾਨੀਆਂ 'ਤੇ ਵਿਚਾਰ ਕਰਵਾਇਆ।
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਇਹ ਇੱਕ ਲਹਰ ਬਣ ਗਈ ਹੈ। ਜਿੱਥੇ ਵੀ ਅਸੀਂ ਪ੍ਰੋਗਰਾਮ ਕਰਵਾ ਰਹੇ ਹਾਂ ਉਥੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਪਹੁੰਚ ਰਹੀ ਹੈ।
ਇਸ ਦੇ ਨਾਲ ਹੀ ਅਸੀਂ ਨੌਜਵਾਨ ਟੀਚਰਾਂ ਦੀ ਕਮੇਟੀ ਬਣਾਈ ਹੈ ਤਾਂ ਜੋ ਸਿੱਖਾਂ ਦਾ ਇੰਟਲੈਕਚੁਅਲ ਵਰਗ ਵੀ ਨਾਲ ਸ਼ਾਮਲ ਹੋ ਸਕੇ।
ਸ਼੍ਰੋਮਣੀ ਕਮੇਟੀ 40 ਡਿਗਰੀ ਕਾਲਜ, 60 ਸਕੂਲ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਗੁਰੂ ਰਾਮ ਦਾਸ ਮੈਡੀਕਲ ਯੂਨਿਵਰਸਿਟੀ, ਮੈਡੀਕਲ ਕਾਲਜ, ਦੋ ਇੰਜਿਨੀਅਰਿੰਗ ਕਾਲਜ, 2 ਪਾਲੀਟੈਕਨਿਕ 3 ਹਸਪਤਾਲ ਅਤੇ 23 ਡਿਸਪੈਂਸਰੀਆਂ ਚਲਾ ਰਹੀ ਹੈ। ਸਿੱਖਿਆ ਦੇ ਕਾਰਜ ਨੂੰ ਅਸੀਂ ਚੁਸਤ-ਦਰੁਸਤ ਕੀਤਾ।
ਡੇਰਾ ਸੱਚਾ ਸੌਦਾ ਦੇ ਵਿਵਾਦ ਤੋਂ ਬਾਅਦ ਐੱਸਜੀਪੀਸੀ ਨੇ ਸਿੱਖਾਂ ਦੀ ਘਰ ਵਾਪਸੀ ਲਈ ਕੀ ਯਤਨ ਕੀਤੇ ਹਨ?
ਗੁਰੂ ਨਾਨਕ ਦੇਵ ਜੀ ਨੇ ਸਾਰੇ ਹੀ ਸੰਸਾਰ ਲਈ ਅਰਦਾਸ ਕੀਤੀ, ਜੋ ਸਿਧਾਂਤ ਦਿੱਤਾ ਉਹ ਸਾਰੀ ਮਾਨਵਤਾ ਲਈ ਸੀ।
ਉਨ੍ਹਾਂ ਦੇ ਉਪਦੇਸ਼ ਦੇ ਅਨੁਸਾਰ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਗੁਰੂ ਅਮਰ ਦਾਸ ਦੇ ਹੁਕਮ ਅਨੁਸਾਰ ਅਮ੍ਰਿਤ ਸਰੋਵਰ ਦੀ ਰਚਨਾ ਕੀਤੀ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੀ ਨੇ ਉਸ ਸਰੋਵਰ ਨੂੰ ਪੱਕਾ ਕਰ ਕੇ ਉਸ ਦੇ ਵਿਚਕਾਰ ਅਕਾਲ ਪੁਰਖ ਦਾ ਘਰ ਬਣਾਇਆ।
ਪਰਮਾਤਮਾ ਸਾਰੇ ਜੱਗ ਦਾ ਸਾਂਝਾ ਹੈ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਸਾਂਝਾ ਹੈ।
ਕੋਈ ਪੂਰਬ ਤੋਂ ਆਵੇ, ਪੱਛਮ ਤੋਂ ਆਵੇ, ਉੱਤਰ ਜਾਂ ਦੱਖਣ ਤੋਂ ਆਵੇ, ਕਿਸੇ ਜਾਤ ਦਾ, ਨਸਲ ਦਾ, ਕਿਸੇ ਧਰਮ ਦਾ ਕੇਈ ਵੀ ਆਵੇ ਹਰ ਇੱਕ ਮਾਨਵ ਲਈ ਖੁਲ੍ਹ ਹੈ।

ਤਸਵੀਰ ਸਰੋਤ, NARINDER NANU/AFP/Getty Images
ਉਹ ਅੰਦਰ ਜਾ ਸਕਦਾ ਹੈ, ਨਤਮਸਤਕ ਹੋ ਸਕਦਾ ਹੈ, ਕੀਰਤਨ ਸੁਣ ਸਕਦਾ ਹੈ, ਅਰਦਾਸ ਕਰ ਸਕਦਾ ਹੈ, ਲੰਗਰ ਛਕ ਸਕਦਾ ਹੈ।
ਜੋ ਸਿੱਖਾਂ ਨੂੰ ਸਹੂਲਤਾਂ ਹਨ ਉਹੀ ਸਹੁਲਤਾਂ ਸਾਰਿਆਂ ਨੂੰ ਹਨ ਕੋਈ ਕਿਸੇ ਵੀ ਖਿੱਤੇ ਚੋਂ ਆਵੇ।
ਸਾਡੀ ਸੇਵਾ ਸੰਭਾਲ ਉਸੇ ਤਰ੍ਹਾਂ ਚਲਦੀ ਆ ਰਹੀ ਹੈ। ਗੁਰੂ ਰਾਮ ਦਾਸ ਪਾਤਸ਼ਾਹ ਦਾ ਲੰਗਰ ਚਲਦਾ।
ਇਹ ਇਸ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਹੈ ਜਿੱਥੇ ਮੁਫ਼ਤ ਸੇਵਾ ਪੂਰੇ ਪਿਆਰ ਨਾਲ ਕੀਤੀ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਅਜਿਹਾ ਗ੍ਰੰਥ ਹੈ ਜਿਸ ਵਿੱਚ 6 ਗੁਰੂਆਂ ਦੀ ਬਾਣੀ ਹੈ, 7 ਬ੍ਰਾਹਮਣਾਂ ਦੀ ਬਾਣੀ ਹੈ, ਮੁਸਲਮਾਨਾਂ ਦੀ ਬਾਣੀ ਹੈ, ਸੂਫ਼ੀ ਫ਼ਰੀਦ ਦੀ ਬਾਣੀ ਹੈ, ਪੀਪਾ ਰਾਜਪੂਤ ਦੀ ਬਾਣੀ ਹੈ, ਧੰਨੇ ਜੱਟ ਦੀ ਬਾਣੀ ਹੈ, ਕਬੀਰ ਜੁਲਾਹੇ ਦੀ ਬਾਣੀ ਹੈ।
ਸਾਡੇ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਬਾਣੀ ਇੱਕਠੀ ਕਰ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਅਤੇ ਹਰਿਮੰਦਰ ਸਾਹਿਬ ਵਿੱਚ 1 ਸਤੰਬਰ 1604 ਨੂੰ ਉਸ ਦਾ ਪਹਿਲਾ ਪ੍ਰਕਾਸ਼ ਹੋਇਆ।
ਸਾਡਾ ਜਿਹੜਾ ਇਤਿਹਾਸ ਹੈ ਉਸ ਨੂੰ ਅਸੀਂ ਲੋਕਾਂ ਤੱਕ ਲੈ ਕੇ ਜਾਣ ਦਾ ਯਤਨ ਕਰ ਰਹੇ ਹਾਂ। ਇਸ ਲਈ ਜਿਹੜਾ ਗੁਰੂ ਦਾ ਘਰ ਹੈ ਉਹ ਸਾਰਿਆਂ ਲਈ ਖੁਲ੍ਹਾ ਹੈ।
ਜਿੱਥੋਂ ਤੱਕ ਡੇਰਾ ਦੇ ਪੈਰੋਕਾਰਾਂ ਦਾ ਸਬੰਧ ਹੈ ਉਹ ਕਿਵੇਂ ਚਲੇ ਗਏ, ਕਿਸ ਤਰ੍ਹਾਂ ਉਸ ਦੇ ਬਣ ਗਏ, ਇਸ ਵਿਵਾਦ ਵਾਲੇ ਵਿਸ਼ੇ ਦੀ ਕੋਈ ਲੋੜ ਨਹੀਂ ਸਮਝ ਆਉਂਦੀ।
ਮੈਂ ਸਮਝਦਾ ਹਾਂ ਕਿ ਗੁਰੂ ਨਾਨਕ ਦਾ ਘਰ, ਗੁਰੂ ਅਰਜਨ ਦਾ ਘਰ, ਗੁਰੂ ਦਸ਼ਮੇਸ਼ ਪਾਤਸ਼ਾਹ ਦਾ ਘਰ, ਪਰਮਾਤਮਾਂ ਦਾ ਘਰ ਸਭ ਦਾ ਸਾਂਝਾ ਘਰ ਹੈ, ਸਭ ਦਾ ਪਾਲਨ ਪੋਸ਼ਣ ਕਰਨ ਵਾਲਾ ਹੈ।
ਜਿਹੜਾ ਉੱਥੇ ਆਉਂਦਾ ਹੈ ਸਾਰੇ ਹੀ ਵੈਲਕਮ ਹਨ। ਜਿਹੜੇ ਭੁਲ ਬਕਸ਼ਾ ਰਹੇ ਉਨ੍ਹਾਂ ਦਾ ਜੀ ਆਇਆਂ ਨੂੰ।
ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਨ੍ਹਾਂ ਨੂੰ ਭੁੱਲਿਆ ਨਹੀਂ ਜਾਣਿਆ ਜਾਂਦਾ।
ਖਾਲਿਸਤਾਨ ਦੇ ਮੁੱਦੇ ਤੇ ਤੁਹਾਡਾ ਬਿਆਨ ਕਾਫ਼ੀ ਚਰਚਾ ਵਿੱਚ ਰਿਹਾ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਹੈ?
ਐੱਸਜੀਪੀਸੀ, ਸ਼੍ਰੋਮਣੀ ਅਕਾਲੀ ਦਲ ਬਹੁਤ ਮੌਡਰੇਟ ਹਨ। ਮੇਰਾ ਖਿਆਲ ਹੈ ਖ਼ਾਲਸਾ ਪੰਥ, ਸਿੱਖਾਂ ਤੋਂ ਵੱਧ ਦੇਸ ਭਗਤ ਕੌਮ ਕੋਈ ਹੋ ਹੀ ਨਹੀਂ ਸਕਦੀ।
ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਬਰ ਦੇ ਖਿਲਾਫ਼ ਸੰਘਰਸ਼ ਛੇੜਿਆ ਉਹ ਇਸ ਦੇਸ ਵਾਸਤੇ ਛੇੜਿਆ। ਸਾਰੇ ਗੁਰੂ ਸਾਹਿਬਾਨ ਨੇ ਜੋ ਸੰਘਰਸ਼ ਕੀਤਾ ਆਪਣੇ ਦੇਸ ਲਈ ਕੀਤਾ।

ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਤੇ ਬੈਠ ਗਏ, ਗੁਰੂ ਤੇਗ ਬਹਾਦੁਰ ਪਾਤਸ਼ਾਹ ਸ਼ਹੀਦੀ ਪਾ ਗਏ ਹਿੰਦੂ ਧਰਮ ਦੀ ਰੱਖਿਆ ਵਾਸਤੇ।
ਦੱਸਵੇਂ ਪਾਤਸ਼ਾਹ ਸਰਬੰਸ ਦਾਅ 'ਤੇ ਲਾ ਦਿੱਤਾ, ਕੁਰਬਾਨ ਕਰ ਦਿੱਤਾ।
ਉਸ ਤੋਂ ਬਾਅਦ ਦਾ ਪੂਰਾ ਇਤੇਹਾਸ ਇਸ ਦੇਸ ਦੀ ਰੱਖਿਆ ਲਈ, ਦੇਸ ਦੀ ਹੋਂਦ ਤੇ ਸਭਿਆਚਾਰ ਨੂੰ ਬਚਾਉਣ ਵਾਸਤੇ ਹੈ।
ਦੇਸ ਦੀ ਅਜ਼ਾਦੀ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ। ਦੇਸ ਦੀ ਅਜ਼ਾਦੀ ਤੋਂ ਬਾਅਦ ਵੀ ਜਿੰਨੀਆਂ ਜੰਗਾ ਹੋਈਆਂ ਇਨ੍ਹਾਂ ਵਿੱਚ ਖ਼ਾਲਸਾ ਪੰਥ ਦਾ ਵੱਡਾ ਰੋਲ ਰਿਹਾ।
ਇਸ ਤੋਂ ਵੱਧ ਕੋਈ ਦੇਸ ਭਗਤ ਨਹੀਂ। ਮੈਂ ਤੇ ਇਹ ਸੁਪਰੀਮ ਕੋਰਟ ਨੇ ਜਿਹੜਾ ਫ਼ੈਸਲਾ ਕੀਤਾ ਉਸ ਕੌਨਟੈਕਸਟ ਵਿੱਚ ਕਿਹਾ ਸੀ।
ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੇਈ ਪ੍ਰੋਗਰਾਮ ਹੈ ਨਾ ਐੱਸਜੀਪੀਸੀ ਦਾ। ਮੀਡੀਆ ਨੇ ਉਸ ਨੂੰ ਬਹੁਤ ਜ਼ਿਆਦਾ ਐਕਸਪਲੌਇਟ ਕਰ ਲਿਆ।
ਐੱਸਜੀਪੀਸੀ ਦਾ ਨਵੇਂ ਮਿਊਜ਼ਿਅਮ ਬਣਾਉਣ ਦੀ ਕੀ ਯੋਜਨਾ ਹੈ?
12 ਸਤੰਬਰ 1847 ਨੂੰ ਸਾਰਾਗੜ੍ਹੀ ਦੀ ਲੜਾਈ ਹੋਈ ਸੀ ਜਿਸ ਦਾ ਦੁਨੀਆਂ ਦੇ ਵਿੱਚ ਵੱਡਾ ਸਥਾਨ ਹੈ।
ਫਰਾਂਸ ਵਿੱਚ ਇਸ ਦੇ ਬਾਰੇ ਬੱਚਿਆਂ ਨੂੰ ਪੜ੍ਹਾਇਆ ਵੀ ਜਾ ਰਿਹਾ ਹੈ। ਅਸੀਂ ਜਿਹੜੇ 21 ਫ਼ੌਜੀ ਸੀ ਉਨ੍ਹਾਂ ਦੀਆਂ ਫੋਟੋਆਂ ਲੈ ਕੇ ਮਿਊਜ਼ਿਇਮ ਬਣਾਇਆ।
ਇਸ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਚੱਲੇ ਕਿ ਸਿੱਖ ਫ਼ੌਜੀ ਜਿਸ ਪਲਟਨ ਵਿੱਚ ਹੈ, ਜਿਸ ਦੇਸ ਵਿੱਚ ਹੈ ਉਸ ਦੇ ਲਈ ਮਰ ਮਿਟ ਸਕਦਾ ਹੈ।
ਸਿੱਖ ਰੈਫਰੰਸ ਲਾਈਬਰਰੀ ਇੱਕ ਬੜਾ ਵੱਡਾ ਧਰੋਹਰ ਸੀ ਖ਼ਾਲਸਾ ਪੰਥ ਦਾ।
ਜਦੋਂ 1984 ਵਿੱਚ ਜਦੋਂ ਦਰਬਾਰ ਸਾਹਿਬ ਵਿੱਚ ਗੋਲੀਆਂ ਚਲਾਈਆਂ ਗਈਆਂ, ਅਕਾਲ ਤਖ਼ਤ ਢਾਇਆ ਗਿਆ, ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਮਾਰੀਆਂ ਗਈਆਂ ਉਦੋਂ ਸਾਡੀ ਸਿੱਖ ਰੈਫਰੰਸ ਲਾਈਬਰਰੀ ਵੀ ਬਰਬਾਦ ਕਰ ਦਿੱਤੀ ਗਈ ਸੀ। ਅਸੀਂ ਅੰਮ੍ਰਿਤਸਰ ਇਹ ਲਾਈਬਰਰੀ ਨਵੇਂ ਸਿਰੇ ਤੋਂ ਬਣਾ ਰਹੇ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਦੁਨੀਆਂ ਦਾ ਲਸਾਨੀ, ਯੂਨੀਕ ਜਰਨੈਲ ਹੋਇਆ। ਉਨ੍ਹਾਂ ਦਾ ਜਨਮ ਦਿਨ, ਫ਼ਤਿਹ ਦਿਵਸ ਅਸੀਂ ਹਰ ਸਾਲ ਮਣਾਉਂਦੇ ਹਾਂ।
ਫਤਿਹਗੜ੍ਹ ਸਾਹਿਬ ਵਿੱਚ ਅਸੀਂ ਉਨ੍ਹਾਂ ਦਾ ਮਿਊਜ਼ਿਅਮ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਸਿੱਖਾਂ ਦੇ ਮਹਾਨ ਜਰਨੈਲਾਂ ਬਾਰੇ ਪਤਾ ਚੱਲੇ।
ਔਰਤਾਂ ਦੀ ਬਹਿਤਰੀ ਲਈ ਐੱਸਜੀਪੀਸੀ ਨੇ ਕੀ ਕਦਮ ਚੁੱਕੇ ਹਨ?
ਦੁਨੀਆਂ ਦਾ ਇੱਕੋ ਧਰਮ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤਿੰਨ ਸਾਲ ਬੀਬੀ ਜਗੀਰ ਕੌਰ ਰਹੀ।
30 ਤੋਂ ਵੱਧ ਔਰਤਾਂ ਸਾਡੀਆਂ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਬਹੁਤ ਲੀਡਰ ਔਰਤਾਂ ਹਨ, ਸਾਡੇ ਐੱਮਪੀ ਹਨ, ਸਾਡੀਆਂ ਵਜ਼ੀਰ ਨੇ।
ਬੀਬੀ ਹਰਸਿਮਰਤ ਕੌਰ ਕੇਂਦਰ ਵਿੱਚ ਵਜ਼ੀਰ ਹਨ। ਜੋ ਗੁਰੂ ਨਾਨਕ ਨੇ ਇਸਤਰੀ ਅਤੇ ਮਰਦ ਨੂੰ ਬਰਾਬਰੀ ਦਾ ਸਥਾਨ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਪੂਰਾ ਮਾਣ ਦੇ ਰਹੇ ਹਨ।













