ਪਾਕਿਸਤਾਨ: ਖ਼ੁਦ ਨੂੰ ਅਣਵਿਆਹੀ ਸਾਬਤ ਕਰਨ ਦੀ ਅਦਾਕਾਰਾ ਮੀਰਾ ਦੀ ਕੋਸ਼ਿਸ਼

ਮੀਰਾ

ਤਸਵੀਰ ਸਰੋਤ, AFP

ਪਾਕਿਸਤਾਨੀ ਅਦਾਕਾਰਾ 7 ਸਾਲ ਤੋਂ ਅਦਾਲਤੀ ਚੱਕਰਾਂ 'ਚ ਫਸੀ ਹੈ। ਮਾਮਲਾ ਹੈ ਕਿ ਉਹ ਵਿਆਹੀ ਹੈ ਜਾਂ ਕੁਆਰੀ?

ਇਰਤਿਜ਼ਾ ਰੁਬਾਬ, ਪਾਕਿਸਤਾਨ ਫ਼ਿਲਮ ਇੰਡਸਟਰੀ 'ਚ ਮੀਰਾ ਨਾਂ ਨਾਲ ਮਸ਼ਹੂਰ ਹੈ। ਉਨ੍ਹਾਂ ਨੇ ਕਈ ਸਫ਼ਲ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਕਈ ਸਥਾਨਕ ਐਵਾਰਡ ਵੀ ਹਾਸਿਲ ਕੀਤੇ।

ਹੁਣ ਉਨ੍ਹਾਂ ਦਾ ਨਾਂ ਸੁਰਖੀਆਂ 'ਚ ਇਸ ਕਰਕੇ ਹੈ ਕਿ ਉਸ ਦੇ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਸ਼ਖਸ ਨੇ ਉਸ 'ਤੇ ਕੇਸ ਕੀਤਾ ਹੋਇਆ ਹੈ।

ਕੌਣ ਹੈ ਮੀਰਾ ?

ਮੀਰਾ ਪਾਕਿਸਤਾਨ ਦੀ ਲਾਲੀਵੁੱਡ ਫ਼ਿਲਮ ਇੰਡਸਟਰੀ 'ਚ ਇੱਕ ਉੱਘੀ ਅਦਾਕਾਰਾ ਵਜੋਂ ਜਾਣੇ ਜਾਂਦੇ ਹਨ। ਲਾਲੀਵੁੱਡ ਮਤਲਬ ਲਹੌਰ ਫ਼ਿਲਮ ਇੰਡਸਟਰੀ।

40 ਸਾਲਾ ਮੀਰਾ ਨੇ ਪਾਕਿਸਤਾਨੀ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ਵੀ ਕੀਤੀਆਂ ਹਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸਿਆਸਤ 'ਚ ਆਉਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।

ਮੀਰਾ

ਤਸਵੀਰ ਸਰੋਤ, DIBYANGSHU SARKAR/Getty Images

ਉਹ ਸੋਸ਼ਲ ਮੀਡੀਆ ਵੀਡਿਓਜ਼ ਦੀ ਪੇਸ਼ਕਾਰੀ ਅਤੇ ਮਨੋਰੰਜਨ ਕਰਕੇ ਵੀ ਲੋਕਾਂ 'ਚ ਮਕਬੂਲ ਹੈ। ਮੀਰਾ ਆਪਣੇ ਅੰਗਰੇਜ਼ੀ ਬੋਲਣ ਦੇ ਅੰਦਾਜ਼ ਕਾਰਨ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਰਹਿੰਦੀ ਹੈ।

ਵਿਵਾਦਾਂ 'ਚ ਕਿਵੇਂ ਆਈ ?

ਸਾਲ 2009 'ਚ ਫੈਸਲਾਬਾਦ ਤੋਂ ਇੱਕ ਕਾਰੋਬਾਰੀ ਅਤੀਕ ਉਰ ਰਹਿਮਾਨ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਮੀਰਾ ਨਾਲ ਇੱਕ ਨਿੱਜੀ ਸਮਾਗਮ ਦੌਰਾਨ ਵਿਆਹ ਹੋਇਆ।

ਉਸ ਨੇ ਦੱਸਿਆ ਕਿ ਉਹ ਖੁਸ਼ ਨਹੀਂ ਸੀ ਕਿ ਕਿਉਂਕਿ ਮੀਰਾ ਉਸ ਨੂੰ ਜਨਤਕ ਤੌਰ 'ਤੇ ਆਪਣਾ ਪਤੀ ਨਹੀਂ ਦੱਸਦੀ ਸੀ ਅਤੇ ਆਪਣੇ ਆਪ ਨੂੰ ਕੁਆਰੀ ਦੱਸਦੀ ਸੀ।

ਮੀਰਾ

ਤਸਵੀਰ ਸਰੋਤ, TEKEE TANWAR/Getty Images

ਅਤੀਕ ਨੇ 'ਸਬੂਤ' ਵਜੋਂ ਵਿਆਹ ਦਾ ਸਰਟੀਫਿਕੇਟ ਵੀ ਦਿਖਾਇਆ ਅਤੇ ਕਿਹਾ ਕਿ ਉਸ ਨੇ ਕਈ ਵੱਖ-ਵੱਖ ਅਦਾਲਤਾਂ 'ਚ ਮੀਰਾ ਖ਼ਿਲਾਫ਼ ਅਪੀਲਾਂ ਕੀਤੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਅਤੀਕ ਨੇ ਆਪਣੀ ਅਰਜ਼ੀ ਵਿੱਚ ਮੀਰਾ ਦਾ ਮੈਡੀਕਲ ਕਰਾਉਣ ਲਈ ਕਿਹਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਅਦਾਕਾਰਾ ਦੇ ਵਿਆਹੇ ਜਾਂ ਕੁਆਰੇ ਹੋਣ ਦਾ ਪਤਾ ਲਾਇਆ ਜਾ ਸਕੇ ਪਰ ਇਸ ਅਰਜ਼ੀ ਨੂੰ ਲਾਹੌਰ ਅਦਾਲਤ ਨੇ ਖਾਰਜ ਕਰ ਦਿੱਤਾ।

ਉਸ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਅਤੀਕ ਨੇ ਕਿਹਾ ਕਿ ਉਸ ਨੂੰ ਉਸ ਘਰ ਦਾ ਮਾਲਕਾਨਾ ਹੱਕ ਵੀ ਮਿਲਣਾ ਚਾਹੀਦਾ ਹੈ, ਜਿੱਥੇ ਉਹ ਰਹਿੰਦੀ ਹੈ ਅਤੇ ਮੀਰਾ ਦੇ ਦੇਸ ਤੋਂ ਬਾਹਰ ਜਾਣ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ।

ਮੀਰਾ

ਤਸਵੀਰ ਸਰੋਤ, ARIF ALI/Getty

ਬੀਬੀਸੀ ਨਾਲ ਗੱਲ ਕਰਦਿਆਂ ਮੀਰਾ ਦੇ ਵਕੀਲ ਬਲਖ ਸ਼ੇਰ ਖੋਸਾ ਨੇ ਕਿਹਾ, ''ਮੀਰਾ ਦੇ 'ਵਰਜੀਨਿਟੀ ਟੈਸਟ' ਲਈ ਅਤੀਕ ਰਹਿਮਾਨ ਵੱਲੋਂ ਅਰਜ਼ੀ ਪਾਈ ਗਈ ਹੈ। ਇਸ ਦੀ ਇਜਾਜ਼ਤ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਔਰਤ ਦੀ ਰਜ਼ਾਮੰਦੀ ਹੋਵੇ। ਅਤੀਕ ਦਾ ਦਾਅਵਾ ਬੇਬੁਨਿਆਦੀ ਹੈ, ਇਸ ਲਈ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ।''

ਹਾਲਾਂਕਿ, ਮੀਰਾ ਨੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਮੀਰਾ ਵੀ ਸਾਲ 2010 'ਚ ਅਤੀਕ ਦੇ ਮਾਮਲੇ ਦੇ ਖ਼ਿਲਾਫ ਅਦਾਲਤ ਗਈ ਸੀ।

ਕੌਣ ਸੱਚਾ?

ਪਾਕਿਸਤਾਨ ਵਿੱਚ ਇਹ ਕੇਸ ਜਦੋਂ ਪਹਿਲੀ ਵਾਰ ਸੁਰਖੀਆਂ 'ਚ ਆਇਆ ਸੀ ਤਾਂ ਲੋਕਾਂ ਦੀ ਇਸ ਬਾਰੇ ਵੱਖੋ-ਵੱਖ ਰਾਵਾਂ ਸਨ।

ਮੀਰਾ ਨੇ ਅਤੀਕ ਦੇ ਇਲਜ਼ਾਮਾਂ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਉਹ "ਪਰੇਸ਼ਾਨ ਅਤੇ ਪ੍ਰਸਿੱਧੀ ਲਈ ਭੁੱਖਾ" ਹੈ।

ਮੀਰਾ

ਤਸਵੀਰ ਸਰੋਤ, STRDEL/GETTY

ਉਨ੍ਹਾਂ ਨੇ ਬੀਬੀਸੀ ਨੂੰ ਰਹਿਮਾਨ ਬਾਰੇ ਦੱਸਿਆ ਕਿ ਰਹਿਮਾਨ ਇੱਕ ਪ੍ਰਮੋਟਰ ਸਨ। ਉਨ੍ਹਾਂ ਦੀ ਮੁਲਾਕਾਤ ਇੱਕ ਦੋਸਤ ਰਾਹੀਂ ਹੋਈ ਸੀ। ਉਨ੍ਹਾਂ ਨੇ ਕੁਝ ਕੌਨਸਰਟਸ ਤੇ ਈਵੇਂਟ 'ਤੇ ਇੱਕਠਿਆਂ ਕੰਮ ਕੀਤਾ ਸੀ।

ਮੀਰਾ ਨੇ ਕਿਹਾ, "ਇੱਕ ਦਿਨ ਉਸ ਨੇ ਕੁਝ ਨਕਲੀ ਤਸਵੀਰਾਂ ਪੇਸ਼ ਕਰਕੇ ਦਾਅਵਾ ਕੀਤਾ ਕਿ ਅਸੀਂ ਸ਼ਾਦੀਸ਼ੁਦਾ ਹਾਂ... ਐਵੇਂ ਕਿਵੇਂ ਉਹ ਮੈਨੂੰ ਆਪਣੀ ਪਤਨੀ ਕਹਿ ਸਕਦਾ ਹੈ?"

ਮੀਰਾ ਦਾ ਕਹਿਣਾ ਹੈ ਕਿ ਉਹ ਕਦੀ ਵੀ ਇੱਕ ਨਿੱਜੀ ਸਮਾਗਮ 'ਚ ਵਿਆਹ ਨਹੀਂ ਕਰਵਾ ਸਕਦੀ। ਉਨ੍ਹਾਂ ਮੁਤਾਬਕ, "ਮੈਂ ਇੱਕ ਪ੍ਰਸਿੱਧ ਅਦਾਕਾਰਾ ਹਾਂ ਅਤੇ ਕਿਵੇਂ ਇੱਕ ਬੰਦ ਕਮਰੇ ਵਿੱਚ ਸਾਧਾਰਨ ਢੰਗ ਨਾਲ ਵਿਆਹ ਕਰਾਵਾਂਗੀ?"

ਮੀਰਾ

ਤਸਵੀਰ ਸਰੋਤ, STRDEL/GETTY IMAGES

ਉੱਥੇ ਦੀ ਅਤੀਕ ਰਹਿਮਾਨ ਦੇ ਵਕੀਲ ਅਲੀ ਬੋਖ਼ਾਰੀ ਨੇ ਬੀਬੀਸੀ ਨੂੰ ਦੱਸਿਆ, "ਦੋਹਾਂ ਦੇ ਵਿਆਹ ਦੇ ਗਵਾਹ ਮੀਰਾ ਦੀ ਮਾਂ ਅਤੇ ਉਸਦੇ ਚਾਚਾ ਸਨ। ਮੀਰਾ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਹ ਅਤੀਕ ਦੀ ਪਤਨੀ ਹੈ।''

ਅਦਾਲਤ ਵੱਲੋਂ ਡੈੱਡਲਾਈਨ

ਪਾਕਿਸਤਾਨ ਦੀਆਂ ਫੈਮਲੀ ਅਦਾਲਤਾਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਪ੍ਰਸਿੱਧ ਹਸਤੀ ਨਾਲ ਸਬੰਧਤ ਇਹ ਅਜਿਹਾ ਪਹਿਲਾਂ ਕੇਸ ਹੈ।

ਮੀਰਾ ਨੂੰ ਬਿਨਾਂ ਤਲਾਕ ਤੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਰੋਕਿਆ ਜਾਵੇ ਅਤੀਕ ਦੀ ਇਸ ਅਰਜ਼ੀ ਨੂੰ ਅਦਾਲਤ ਵੱਲੋਂ ਖਾਰਿਜ਼ ਕਰ ਦਿੱਤਾ ਗਿਆ ਹੈ। ਜੱਜ ਬਾਬਰ ਨਦੀਮ ਵੱਲੋਂ ਦੋਹਾਂ ਪੱਖਾਂ ਦੇ ਵਕੀਲਾਂ ਨੂੰ ਦਲੀਲਾਂ ਜਲਦ ਤੋਂ ਜਲਦ ਖ਼ਤਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਫ਼ੈਸਲਾ 30 ਦਸੰਬਰ 2017 ਤੋਂ ਪਹਿਲਾਂ ਸੁਣਾਇਆ ਜਾ ਸਕੇ।

ਹਾਲਾਂਕਿ, ਅਤੀਕ ਦੀ ਅਰਜ਼ੀ ਖ਼ਾਰਿਜ਼ ਹੋਣ ਦਾ ਜਸ਼ਨ ਮਨਾਉਂਦੀ ਮੀਰਾ ਨੇ ਕਿਹਾ, ''ਆਖ਼ਿਰਕਾਰ ਨਿਆਂ ਮਿਲ ਹੀ ਗਿਆ''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)