ਪਦਮਾਵਤੀ ਵਿਵਾਦ: ਕਿਸਨੇ ਕੀ ਕਿਹਾ?

ਤਸਵੀਰ ਸਰੋਤ, Getty Images
ਫ਼ਿਲਮ ਪਦਮਾਵਤੀ 'ਤੇ ਚੱਲਦੇ ਵਿਵਾਦ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਫ਼ਿਲਮੀ ਹਸਤੀਆਂ ਆਪਣੇ ਪ੍ਰਤੀਕਰਮ ਦੇ ਰਹੀਆਂ ਹਨ।
ਇਸ ਮੁੱਦੇ 'ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਹੱਕ ਨਹੀਂ ਹੈ। ਜੋ ਲੋਕ ਵੀ ਇਸ ਨਾਲ ਦੁਖੀ ਹੋਏ ਹਨ, ਉਨ੍ਹਾਂ ਨੂੰ ਮੁਜ਼ਾਹਰਾ ਕਰਨ ਦਾ ਜਮਹੂਰੀ ਹੱਕ ਹੈ।
ਨਿਊਜ਼ ਏਜੈਂਸੀ ਪੀਟੀਆਈ ਦੇ ਮੁਤਾਬਿਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਤਿਹਾਸ ਨੂੰ ਗਲਤ ਪੇਸ਼ ਲਈ ਫ਼ਿਲਮ ਦੀ ਖ਼ਿਲਾਫਤ ਕੀਤੀ ਹੈ। ਉਨ੍ਹਾਂ ਸਾਫ਼ ਕਿਹਾ ਹੈ ਕਿ ਫਿਲਮ ਪਦਮਾਵਤੀ ਨੂੰ ਮੱਧ ਪ੍ਰਦੇਸ਼ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।

ਤਸਵੀਰ ਸਰੋਤ, AFP/GETTY IMAGES
ਵਾਇਕਾਮ18 ਪਿਕਚਰਸ ਵੱਲੋਂ ਬਣਾਈ ਜਾ ਰਹੀ ਫਿਲਮ ਪਦਮਾਵਤੀ ਰਿਲੀਜ਼ ਤੋਂ ਪਹਿਲਾਂ ਵਿਵਾਦਾਂ ਵਿੱਚ ਹੈ। ਕਈ ਰਾਜਪੂਤ ਜੱਥੇਬੰਦੀਆਂ ਵੱਲੋਂ ਫਿਲਮ 'ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਾਏ ਗਏ ਹਨ।
ਉਨ੍ਹਾਂ ਵੱਲੋਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਗਈ ਹੈ।
ਉੱਧਰ ਹਰਿਆਣਾ ਤੋਂ ਭਾਜਪਾ ਆਗੂ ਸੂਰਜ ਅਮੂ ਦੇ ਵਿਵਾਦਤ ਬਿਆਨ ਤੋਂ ਭਾਜਪਾ ਨੇ ਖੁਦ ਨੂੰ ਵੱਖ ਕਰ ਲਿਆ ਹੈ।
ਭਾਜਪਾ ਨੇ ਸੂਰਜ ਅਮੂ ਤੋਂ ਉਨ੍ਹਾਂ ਦੇ ਬਿਆਨ 'ਤੇ ਸਫ਼ਾਈ ਮੰਗੀ ਹੈ। ਪਾਰਟੀ ਆਗੂ ਅਨਿਲ ਜੈਨ ਨੇ ਕਿਹਾ ਹੈ ਕਿ ਪਾਰਟੀ ਦੇ ਮੈਂਬਰਾਂ ਵੱਲੋਂ ਕਿਸੇ ਤਰੀਕੇ ਦੀ ਹਿੰਸਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ, "ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਨਿਰਦੇਸ਼ਕ ਭਾਰਤ ਦੇ ਇਤਿਹਾਸ ਦਾ ਸਤਿਕਾਰ ਕਰੇ।''

ਤਸਵੀਰ ਸਰੋਤ, Twitter
ਪੀਟੀਆਈ ਮੁਤਾਬਿਕ ਹਰਿਆਣਾ ਭਾਜਪਾ ਦੇ ਮੁੱਖ ਮੀਡੀਆ ਕੋਆਰਡੀਨੇਟਰ ਸੂਰਜ ਪਾਲ ਅਮੂ ਨੇ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਰ 'ਤੇ 10 ਕਰੋੜ ਰੁਪਏ ਇਨਾਮ ਦੀ ਪੇਸ਼ਕਸ਼ ਕੀਤੀ ਸੀ
ਕੌਮੀ ਮਹਿਲਾ ਕਮਿਸ਼ਨ ਵੱਲੋਂ ਸੁਰਜ ਪਾਲ ਅਮੂ ਦੇ ਵਿਵਾਦਤ ਬਿਆਨ ਬਾਰੇ ਜਾਂਚ ਕਰਨ ਦੇ ਲਈ ਹਰਿਆਣਾ ਦੇ ਡੀਜੀਪੀ ਨੂੰ ਹਦਾਇਤ ਦਿੱਤੀ ਗਈ ਹੈ।
ਰਾਇਟਰਸ ਮੁਤਾਬਿਕ ਮਸ਼ਹੂਰ ਬਾਲੀਵੁੱਡ ਅਦਾਕਾਰਾ, ਸ਼ਬਾਨਾ ਆਜ਼ਮੀ ਨੇ ਫਿਲਮ ਪਦਮਾਵਤੀ ਦੇ ਨਿਰਮਾਤਾ ਅਤੇ ਅਦਾਕਾਰਾ ਨੂੰ ਧਮਕਾਉਣ ਦੀ ਨਿਖੇਧੀ ਕੀਤੀ ਹੈ।

ਤਸਵੀਰ ਸਰੋਤ, Twitter
ਉਨ੍ਹਾਂ ਫਿਲਮ ਉਦਯੋਗ ਨੂੰ ਰੋਸ ਵਜੋਂ ਗੋਆ ਵਿਚ ਪ੍ਰਬੰਧਿਤ ਹੋਣ ਵਾਲੇ ਭਾਰਤ ਦੇ ਕੌਮਾਂਤਰੀ ਫਿਲਮ ਫੈਸਟੀਵਲ ਦਾ ਬਾਈਕਾਟ ਕਰਨ ਲਈ ਕਿਹਾ ਹੈ।
ਪੀਟੀਆਈ ਮੁਤਾਬਕ ਫ਼ਿਲਮ ਸਰਟੀਫਿਕੇਟ ਬੋਰਡ ਮੁਖੀ ਪ੍ਰਸੂਨ ਜੋਸ਼ੀ ਕੋਈ ਸੰਤੁਲਿਤ ਰਸਤਾ ਲੱਭਣ ਦੀ ਕੋਸ਼ਿਸ਼ ਵਿਚ ਹਨ. ਪਰ ਉਨ੍ਹਾਂ ਨੂੰ ਢੁਕਵੇਂ ਸਮੇਂ ਦੀ ਲੋੜ ਹੈ।












