ਦਿੱਲੀ: ਦਿਆਲ ਸਿੰਘ ਕਾਲਜ ਦਾ ਨਾਂ ਬਦਲੇ ਜਾਣ ਦਾ ਵਿਵਾਦ ਭਖਿਆ

ਤਸਵੀਰ ਸਰੋਤ, http://dsc.du.ac.in
ਦਿੱਲੀ ਵਿਖੇ ਚੱਲ ਰਹੇ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ ਵੰਦੇ ਮਾਤਰਮ ਕਾਲਜ ਰੱਖੇ ਜਾਣ ਦਾ ਮੁੱਦਾ ਭੱਖਦਾ ਜਾ ਰਿਹਾ ਹੈ।
ਦਿੱਲੀ ਵਿੱਚ ਘੱਟ ਗਿਣਤੀ ਸਿੱਖਾਂ ਦੀ ਨੁਮਾਇੰਦਗਦੀ ਕਰ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਂ ਬਦਲਣ ਦੀ ਤਜਵੀਜ਼ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।
ਮੀਡੀਆਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕੌਮੀ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਾਲਜ ਗਵਰਨਿੰਗ ਬਾਡੀ ਨੂੰ ਆਪਣੀ ਇਸ ਤਜਵੀਜ਼ 'ਤੇ ਮੁੜ ਵਿਚਾਰ ਕਰਨ ਅਤੇ ਇਸ ਨੂੰ ਵਾਪਸ ਲੈਣ ਲਈ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ।

ਤਸਵੀਰ ਸਰੋਤ, DSGMC
ਉਨ੍ਹਾਂ ਦੀ ਕਹਿਣਾ ਹੈ ਕਿ ਦਿਆਲ ਸਿੰਘ ਐਜੂਕੇਸ਼ਨ ਟਰੱਸਟ ਸੁਸਾਇਟੀ ਨੇ ਕਾਲਜ ਦੀ ਜ਼ਮੀਨ ਖ਼ੁਦ ਖਰੀਦੀ ਸੀ ਤੇ ਸਰਕਾਰ ਤੋਂ ਇਸਨੂੰ ਕੋਈ ਮਦਦ ਨਹੀਂ ਮਿਲੀ ਸੀ।
ਉਨ੍ਹਾਂ ਦਾ ਕਹਿਣਾ ਹੀ ਕਿ ਟਰੱਸਟ ਦੀ ਗਵਰਨਿੰਗ ਬਾਡੀ ਇਸ ਕਾਲਜ ਨੂੰ ਚਲਾ ਰਹੀ ਹੈ ਅਤੇ ਇਸ ਵੱਲੋਂ ਕਾਲਜ ਦਾ ਨਾਮ ਵੰਦੇ ਮਾਤਰਮ ਵਿਦਿਆਲਿਆ ਰੱਖ ਕੇ ਜ਼ਮੀਨ ਤੇ ਜਾਇਦਾਦ ਹੜੱਪਣ ਦੀ ਸਾਜ਼ਿਸ਼ ਹੈ।
ਕੀ ਹੈ ਮਾਮਲਾ ?
ਸਾਲ 1958 ਤੋਂ ਦਿਆਲ ਸਿੰਘ ਕਾਲਜ ਮਾਰਨਿੰਗ ਅਤੇ ਈਵਨਿੰਗ ਹੋਂਦ 'ਚ ਆਏ। ਦਿਆਲ ਸਿੰਘ ਕਾਲਜ ਈਵਨਿੰਗ ਦਿੱਲੀ ਯੂਨੀਵਰਸਿਟੀ ਦਾ ਪਹਿਲਾਂ ਈਵਨਿੰਗ ਕਾਲਜ ਵੀ ਹੈ।
17 ਨਵੰਬਰ 2017 ਨੂੰ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਕਾਲਜ ਦਾ ਨਾਂ ਬਦਲਣ ਦਾ ਫ਼ੈਸਲਾ ਲੈਂਦਿਆਂ ਹੀ ਵਿਦਿਆਰਥੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।
ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ-ਪਾਕਿਤਸਤਾਨ ਦੀ ਵੰਢ ਪਿੱਛੋਂ ਦਿਆਲ ਸਿੰਘ ਟਰੱਸਟ ਭਾਰਤ ਆਇਆ।
ਉਨ੍ਹਾਂ ਅੱਗੇ ਕਿਹਾ, "ਉਸ ਵੇਲੇ ਦੀ ਸਰਕਾਰ ਨੇ ਇਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਮੁਫ਼ਤ ਜ਼ਮੀਨ ਮੁਹੱਈਆ ਕਰਵਾਈ ਸੀ। ਇਸ ਤੋਂ ਬਾਅਦ ਇੱਥੇ ਦੋ ਕਾਲਜ ਦਿਆਲ ਸਿੰਘ ਮਾਰਨਿੰਗ ਅਤੇ ਈਵਨਿੰਗ ਸ਼ੁਰੂ ਹੋਏ।
ਇਸ ਤੋਂ ਇਲਾਵਾ ਸਿਨਹਾ ਨੇ ਕਿਹਾ ਕਿ ਮਾਰਨਿੰਗ ਅਤੇ ਈਵਨਿੰਗ ਹੋਣ ਕਾਰਨ ਵਿਦਿਆਰਥੀਆਂ 'ਚ ਇੱਕ ਧਾਰਨਾ ਬਣੀ ਹੋਈ ਸੀ ਕਿ ਈਵਨਿੰਗ ਵਾਲੇ ਵਿਦਿਆਰਥੀ ਆਪਣੇ ਆਪ ਨੂੰ ਦੂਜੇ ਦਰਜੇ ਦੇ ਸਮਝਦੇ ਸਨ।
ਉਨ੍ਹਾਂ ਅੱਗੇ ਕਿਹਾ, "ਇੱਕ ਕੈਂਪਸ ਵਿੱਚ ਇੱਕੋਂ ਹੀ ਨਾਂ ਨਾਲ ਦੋ ਕਾਲਜ ਚੱਲ ਰਹੇ ਹਨ ਅਤੇ ਇਸ ਨਾਲ ਵਿਦਿਆਰਥੀਆਂ 'ਚ ਉਲਝਣ ਦਾ ਮਾਹੌਲ ਬਣਿਆ ਹੋਇਆ ਹੈ।''
ਸਿਨਹਾ ਨੇ ਕਿਹਾ, "ਗਵਰਨਿੰਗ ਦੀ ਬੈਠਕ 'ਚ ਬਹੁਤ ਸਾਰੇ ਨਾਂ ਆਏ ਸਨ। ਮਹਾ ਪੁਰਸ਼ਾਂ ਦੇ ਨਾਂ ਵੀ ਆਏ ਸਨ। ਪਰ ਵੰਦੇ ਮਾਤਰਮ ਨਾਂ ਇਸ ਲਈ ਚੁਣਿਆ ਗਿਆ ਕਿ ਇਸ ਨਾਲ ਚਾਹੇ ਅੰਬੇ ਮਾਂ, ਦੁਰਗਾ ਮਾਂ, ਭਾਰਤ ਮਾਂ ਅਤੇ ਇੱਥੋ ਤੱਕ ਕਿ ਦਿਆਲ ਸਿੰਘ ਮਜੀਠੀਆਂ ਦੀ ਮਾਂ ਨੂੰ ਵੀ ਪ੍ਰਣਾਮ ਹੋਏਗਾ।"
ਕੌਣ ਸਨ ਦਿਆਲ ਸਿੰਘ?
ਦਿਆਲ ਸਿੰਘ ਮਜੀਠੀਆ ਇੱਕ ਉੱਘੇ ਵਪਾਰੀ ਅਤੇ ਇੱਕ ਸਰਗਰਮ ਸਮਾਜ ਸੁਧਾਰਕ ਸਨ।
ਉਨ੍ਹਾਂ ਨੇ 1881 'ਚ ਲਾਹੌਰ 'ਚ 'ਦਾ ਟ੍ਰਿਬਿਊਨ' ਦੀ ਸਥਾਪਨਾ ਕੀਤੀ ਅਤੇ 1894 'ਚ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਕਰਕੇ ਉਸ ਦੇ ਚੇਅਰਮੈਨ ਰਹੇ।
ਉਨ੍ਹਾਂ ਨੇ ਦਿਆਲ ਸਿੰਘ ਟਰੱਸਟ ਵੀ ਬਣਾਇਆ ਸੀ।












