ਬਡੂੰਗਰ ਦੇ ਖਾਲਿਸਤਾਨੀ ਬਿਆਨ 'ਤੇ ਬਾਦਲ ਦਲ ਨੂੰ ਭਾਜਪਾ ਤੇ ਵਿਰੋਧੀਆਂ ਨੇ ਘੇਰਿਆ

ਤਸਵੀਰ ਸਰੋਤ, Getty Images
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਬਿਆਨ ਦਾ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹਵਾਲੇ ਨਾਲ ਜੋ ਕਿਹਾ ਗਿਆ ਹੈ ਕਿ ਖਾਲਸਿਤਾਨ ਦੀ ਮੰਗ ਕਰਨਾ ਕੋਈ ਅਪਰਾਧ ਨਹੀਂ ਹੈ, ਕਾਂਗਰਸ ਇਸ ਦਾ ਤਿੱਖਾ ਵਿਰੋਧ ਕਰਦੀ ਹੈ।
ਕਾਂਗਰਸ ਵੱਲੋਂ ਵਿਰੋਧ
ਸੁਨੀਲ ਜਾਖੜ ਨੇ ਕਿਹਾ, "ਹੈਰਾਨੀ ਇਸ ਗੱਲ 'ਤੇ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੋਵੇਂ ਪਾਸੇ ਰੱਖਣਾ ਚਾਹੁੰਦੀ ਹੈ।
ਸੁਖਬੀਰ ਬਾਦਲ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਦੇ ਖਾਲਿਸਤਾਨੀ ਹੋਣ ਦੀ ਨਿੰਦਾ ਕਰਦੇ ਹਨ, ਪਰ ਦੂਜੇ ਪਾਸੇ ਆਪਣੇ ਕੰਟਰੋਲ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਅਜਿਹੀ ਬਿਆਨਬਾਜ਼ੀ ਕਰਵਾ ਰਹੇ ਹਨ।"

ਤਸਵੀਰ ਸਰੋਤ, AFP/Getty Images
ਉਨ੍ਹਾਂ ਅੱਗੇ ਕਿਹਾ, "ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਹੈ ਉਸ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬੰਡੂਗਰ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਬਡੂੰਗਰ ਸਾਹਿਬ ਨੇ ਤਾਂ ਇਸ ਵੱਖਵਾਦੀ ਮੁੱਦੇ ਨੂੰ ਮਸਾਲਾ ਲਾ ਕੇ ਤੜਕਾ ਲਾ ਦਿੱਤਾ ਹੈ।"
'ਬਾਦਲਾਂ ਦੀ ਮਰਜ਼ੀਂ ਬਿਨਾਂ ਬਿਆਨ ਅਸੰਭਵ'
ਸੀ.ਪੀ.ਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਡਾ. ਜੋਗਿੰਦਰ ਦਿਆਲ ਨੇ ਕਿਹਾ ਪ੍ਰੋ. ਬਡੂੰਗਰ ਨੇ ਇਹ ਬਿਆਨ ਬਾਦਲਾਂ ਦੀ ਮਰਜ਼ੀ ਤੋਂ ਬਿਨ੍ਹਾਂ ਨਹੀਂ ਦਿੱਤਾ।
ਉਨ੍ਹਾਂ ਦਾ ਕਹਿਣਾ ਹੈ, "ਜਦੋਂ ਪ੍ਰਧਾਨ ਲਿਫਾਫਿਆਂ ਵਿੱਚੋਂ ਨਿਕਲਦੇ ਹਨ ਤਾਂ ਫਿਰ ਉਹ ਇੰਨਾ ਵੱਡਾ ਬਿਆਨ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕਿਵੇਂ ਦੇ ਸਕਦੇ ਹਨ।
ਬਾਦਲ ਦੀ ਮਰਜ਼ੀ ਤੋਂ ਬਿਨਾਂ ਨਹੀਂ ਇਹ ਬਿਆਨ ਆ ਸਕਦਾ ਜੇ ਅਜਿਹਾ ਨਹੀਂ ਹੋਇਆ ਤਾਂ ਬਾਦਲ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।"
'ਖਾਲਿਸਤਾਨ ਦੀ ਮੰਗ ਦਾ ਮਤਲਬ ਦੇਸ਼ ਦੇ ਟੁਕੜੇ ਕਰਨਾ'
ਭਾਜਪਾ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਮੰਗ ਗੈਰ ਸੰਵਿਧਾਨਕ ਹੈ ਤੇ ਹਮੇਸ਼ਾ ਰਹੇਗੀ।
ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਪਾਰਟੀ ਦਾ ਪੱਖ ਸਪਸ਼ਟ ਕਰਦਿਆਂ ਕਿਹਾ, "ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਪੜ੍ਹ ਲੈਣਾ ਚਾਹੀਦਾ ਹੈ, ਫਿਰ ਉਸ 'ਤੇ ਬੋਲਣਾ ਚਾਹੀਦਾ ਸੀ।

ਤਸਵੀਰ ਸਰੋਤ, RAVINDER SINGH ROBIN
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਤਿਹਾਸਕ ਸੰਸਥਾ ਹੈ। ਇਸ ਦੇ ਪ੍ਰਧਾਨ ਦੇ ਮੂੰਹ ਵਿੱਚੋਂ ਨਿਕਲਿਆ ਇੱਕ-ਇੱਕ ਸ਼ਬਦ ਬਹੁਤ ਮਹੱਤਵਪੂਰਨ ਹੁੰਦਾ ਹੈ।"
ਭਾਜਪਾ ਲੀਡਰਸ਼ਿਪ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਮੰਗ ਕਰਨ ਦਾ ਮਤਲਬ ਦੇਸ਼ ਦੇ ਟੁਕੜੇ ਕਰਨਾ ਹੈ। ਇਸ ਲਈ ਇਹ ਗੈਰ ਸੰਵਿਧਾਨਕ ਹੈ ਅਤੇ ਰਹੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਕਿਵੇਂ ਦਿੱਤਾ ਸਪਸ਼ਟੀਕਰਨ?
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਕਦੇ ਵੀ ਖਾਲਿਸਤਾਨ ਦੀ ਹਮਾਇਤ ਨਹੀਂ ਕੀਤੀ। ਨਾ ਹੀ ਸ਼੍ਰੋਮਣੀ ਕਮੇਟੀ ਨੇ ਇਸ ਦੀ ਹਮਾਇਤ ਕੀਤੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਖਾਲਿਸਤਾਨ ਦਾ ਵਿਰੋਧ ਕੀਤਾ ਹੈ। ਪ੍ਰੋ. ਬਡੂੰਗਰ ਨੇ ਤਾਂ ਪੁੱਛੇ ਗਏ ਸਵਾਲ ਦੇ ਸਬੰਧ ਵਿੱਚ ਅਦਾਲਤ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ ਨਾ ਕਿ ਇਸ ਦੀ ਮੰਗ ਜਾਂ ਸਮਰੱਥਨ ਕੀਤਾ ਹੈ।"












