ਇਵੇਂ ਟੁੱਟਿਆ 101 ਸਾਲਾ ਮਾਨ ਕੌਰ ਦਾ ਸੁਪਨਾ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਨਿਊਜ਼ ਪੰਜਾਬੀ

ਚੀਨ ਵਿੱਚ ਹੋਣ ਵਾਲੀ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦਾ ਭਾਰਤੀ ਅਥਲੀਟ ਮਾਨ ਕੌਰ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ ।

ਇਸ ਦਾ ਕਾਰਨ ਹੈ ਚੀਨ ਵੱਲੋਂ ਮਾਨ ਕੌਰ ਨੂੰ ਵੀਜ਼ਾ ਨਾ ਦੇਣਾ, 101 ਸਾਲਾ ਮਾਨ ਕੌਰ ਨੇ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਚੀਨ ਜਾਣਾ ਸੀ।

ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕਰਦਿਆਂ ਬੇਬੇ ਮਾਨ ਕੌਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਉਸ ਨੇ ਪਿਛਲੇ ਚਾਰ ਮਹੀਨੇ ਤੋਂ ਤਿਆਰੀ ਆਰੰਭੀ ਹੋਈ ਸੀ।

ਵੀਜ਼ੇ ਤੋਂ ਇਨਕਾਰ ਹੋਣ ਕਾਰਨ ਉਹ ਇਸ ਵਿੱਚ ਹਿੱਸਾ ਲੈਣ ਤੋਂ ਵਾਂਝੀ ਰਹਿ ਗਈ ਹੈ। ਬੇਬੇ ਮਾਨ ਕੌਰ ਚੀਨੀ ਦੂਤਾਵਾਸ ਦੇ ਇਸ ਰਵੱਈਏ ਤੋਂ ਮਾਯੂਸ ਹੈ।

ਚੀਨ ਵਿੱਚ ਗੁਰਦੇਵ ਕੌਰ ਨੇ 100 , 200 ਮੀਟਰ ਅਤੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ।

ਸੱਦਾ ਪੱਤਰ ਨਾ ਮਿਲਣਾ ਬਣਿਆ ਕਾਰਨ

ਮਾਨ ਕੌਰ ਦੇ ਬੇਟੇ ਅਤੇ ਉਨ੍ਹਾਂ ਦੇ ਪ੍ਰਮੁੱਖ ਕੋਚ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਵਿੱਚ ਸਨ।

ਇੰਡੀਅਨ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਸਬੰਧੀ ਬਕਾਇਦਾ ਅਧਿਕਾਰਤ ਚਿੱਠੀ ਦਿੱਤੀ ਗਈ।

ਇਸ ਚਿੱਠੀ ਨੂੰ ਅਰਜ਼ੀ ਦੇ ਨਾਲ ਲੱਗਾ ਕੇ ਵੀਜ਼ੇ ਲਈ ਅਰਜ਼ੀ ਦਿੱਤੀ ਗਈ ਸੀ।

ਅਮਰੀਕਾ ਅਤੇ ਕੈਨੇਡਾ ਦੌਰੇ 'ਤੇ ਅਸਰ

ਗੁਰਦੇਵ ਸਿੰਘ ਨੇ ਦੱਸਿਆ, ''ਚੀਨੀ ਦੂਤਾਵਾਸ ਨੇ ਖੇਡਾਂ ਦਾ ਸੱਦਾ ਪੱਤਰ ਨਾ ਮਿਲਣ ਦਾ ਕਾਰਨ ਦੱਸ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।''

ਗੁਰਦੇਵ ਸਿੰਘ ਨੇ ਦੱਸਿਆ ਮਾਤਾ ਨੂੰ ਟੋਰਾਂਟੋ ਵਿੱਚ ਲਾਈਵ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ।

ਇਸ ਲਈ ਉਨ੍ਹਾਂ ਨੇ ਚੈਂਪੀਅਨਸ਼ਿਪ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ੰਘਾਈ ਤੋਂ ਲਾਸ ਐਂਜਲਸ ਅਤੇ ਫਿਰ ਟੋਰਾਂਟੋ ਦੀ ਫਲਾਈਟ ਬੁੱਕ ਕਰਵਾਈ ਸੀ।

ਅਮਰੀਕਾ ਅਤੇ ਕੈਨੇਡਾ ਦੇ ਵੀਜ਼ੇ ਪਹਿਲਾਂ ਹੀ ਮਾਨ ਕੌਰ ਅਤੇ ਗੁਰਦੇਵ ਸਿੰਘ ਕੋਲ ਸਨ। ਪਰ ਚੀਨ ਨੇ ਵੀਜ਼ੇ ਤੋਂ ਇਨਕਾਰ ਕਰ ਕੇ ਉਨ੍ਹਾਂ ਦੇ ਸਾਰੇ ਦੌਰੇ ਉੱਤੇ ਪਾਣੀ ਫੇਰ ਦਿੱਤਾ ਹੈ।

ਕਦੇ ਵੀ ਚੀਨ ਨਹੀਂ ਜਾਵੇਗੀ

ਮਾਨ ਕੌਰ ਨੇ ਐਲਾਨ ਕੀਤਾ ਹੈ ਚੀਨ ਦੇ ਇਸ ਰਵੱਈਏ ਤੋਂ ਬਾਅਦ ਉਹ ਭਵਿੱਖ ਵਿੱਚ ਕਦੇ ਵੀ ਚੀਨ ਦਾ ਦੌਰਾ ਨਹੀਂ ਕਰਨਗੇ ਅਤੇ ਨਾ ਹੀ ਉਹ ਚੀਨ ਦੀ ਕਿਸੇ ਏਅਰ ਲਾਈਨਜ਼ ਵਿੱਚ ਉਡਾਣ ਭਰਨਗੇ।

ਮਾਨ ਕੌਰ ਦਾ ਅਗਲਾ ਨਿਸ਼ਾਨਾ ਹੁਣ ਸਾਲ 2018 ਵਿੱਚ ਸਪੇਨ ਵਿੱਚ ਹੋਣ ਵਾਲੀਆਂ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਨੂੰ ਦੱਸਦੀ ਹੈ ।

ਕੌਣ ਹੈ ਮਾਨ ਕੌਰ

ਪਟਿਆਲਾ ਦੀ ਰਹਿਣ ਵਾਲੀ ਮਾਨ ਕੌਰ ਦੀ ਉਮਰ 101 ਸਾਲ ਦੀ ਹੈ ਅਤੇ ਉਹ 100 +ਦੇ ਉਮਰ ਵਰਗ ਦੀ ਚੈਂਪੀਅਨ ਹੈ।

ਮਾਨ ਕੌਰ ਨੇ ਇਸ ਸਾਲ ਨਿਊਜ਼ੀਲੈਂਡ ਵਿੱਚ ਹੋਈਆਂ ਵਿਸ਼ਵ ਮਾਸਟਰਜ਼ ਖੇਡਾਂ ਦੌਰਾਨ ਮੁਕਾਬਲੇ ਵਿੱਚ 100 ਮੀਟਰ ਦੀ ਦੌੜ ਵਿੱਚ 1 ਮਿੰਟ 14 ਸੈਕੰਡ ਦਾ ਸਮਾਂ ਕੱਢ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ।

ਮਾਨ ਕੌਰ ਮੁਤਾਬਿਕ ਬੇਟੇ ਗੁਰਦੇਵ ਸਿੰਘ ਦੀ ਪ੍ਰੇਰਨਾ ਕਰ ਕੇ ਉਸ ਨੇ ਐਥਲੈਟਿਕਸ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ।

ਡਾਕਟਰੀ ਜਾਂਚ ਮਗਰੋਂ ਉਸ ਨੂੰ ਦੌੜਨ ਦੀ ਪ੍ਰਵਾਨਗੀ ਮਿਲ ਗਈ।

ਮਾਂ ਅਤੇ ਬੇਟਾ ਦੋਵੇਂ ਹੀ ਵਿਸ਼ਵ ਭਰ ਵਿੱਚ ਇੱਕ ਦਰਜਨ ਮਾਸਟਰਜ਼ ਐਥਲੈਟਿਕਸ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)