You’re viewing a text-only version of this website that uses less data. View the main version of the website including all images and videos.
ਪੰਜਾਬ ’ਚ ਸ਼ੁਰੂ ਹੋਈ ਰੋਹਿੰਗਿਆ ਮੁਸਲਮਾਨਾਂ ਲਈ ਰਾਹਤ ਮੁਹਿੰਮ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਭਾਰਤ ਸਰਕਾਰ ਮਿਆਂਮਾਰ ਦੇ ਰੋਹਿੰਗੀਆ ਸ਼ਰਨਾਰਥੀਆਂ ਨੂੰ ਸੁਪਰੀਮ ਕੋਰਟ ਅੱਗੇ ਮੁਲਕ ਦੀ ਸੁਰੱਖਿਆ ਲਈ ਵੱਡਾ ਖਤਰਾ ਦੱਸ ਰਹੀ ਹੈ। ਦੂਜੇ ਪਾਸੇ ਪੰਜਾਬ ਵਿੱਚ ਉਨ੍ਹਾਂ ਦੀ ਮਦਦ ਲਈ ਪੈਸੇ ਤੇ ਵਸਤਾਂ ਇਕੱਠੀਆਂ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ।
ਫੰਡ ਤੇ ਜਰੂਰੀ ਵਸਤਾਂ ਇਕੱਠੀਆਂ ਕਰਨ ਲਈ ਕੈਂਪ
ਬੰਗਲਾਦੇਸ਼ ਵਿੱਚ ਸ਼ਰਨ ਲੈ ਰਹੇ ਰੋਹਿੰਗੀਆ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਲੰਗਰ ਲਗਾ ਰਹੀ ਸਿੱਖ ਸੰਸਥਾ 'ਖਾਲਸਾ ਏਡ' ਲਈ ਜਲੰਧਰ ਦੀਆਂ ਦੋ ਗੁਰਦੁਆਰਾ ਕਮੇਟੀਆਂ ਫੰਡ ਤੇ ਜਰੂਰੀ ਵਸਤਾਂ ਇਕੱਠਾ ਕਰ ਰਹੀਆਂ ਹਨ।
ਸਿੱਖ ਸੰਗਠਨ ਦੇ ਵਲੰਟੀਅਰਾਂ ਨੇ ਜਲੰਧਰ ਦੇ ਦੋ ਗੁਰੂ ਘਰਾਂ ਵਿੱਚ ਰੋਹਿੰਗੀਆ ਸ਼ਰਨਾਰਥੀਆਂ ਦੀ ਮਦਦ ਲਈ ਫਲੈਕਸ ਫੜ੍ਹਕੇ ਮਦਦ ਦੀ ਅਪੀਲ ਕੀਤੀ ਹੈ।
ਤੱਲ੍ਹਣ ਪਿੰਡ ਵਿੱਚ ਗੁਰਦੁਆਰਾ ਬਾਬਾ ਨਿਹਾਲ ਸਿੰਘ ਵਿਖੇ ਵੀ ਸਿੱਖ ਕਾਰਕੁਨਾਂ ਨੇ ਬੈਨਰ ਫੜਿਆ ਹੋਇਆ ਸੀ ਤੇ ਉਸ ਉੱਪਰ ਸਿੱਖੀ ਦੇ ਮੁੱਢਲੇ ਸਿਧਾਂਤ ਨੂੰ ਬਾਖੂਬੀ ਦਰਸਾਇਆ ਗਿਆ ਸੀ," ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।"
ਲੰਗਰ ਲਈ ਮਦਦ ਦੀ ਅਪੀਲ
ਬੈਨਰ 'ਤੇ ਲਿਖਿਆ ਹੈ, 'ਬਰਮਾ ਦੇ ਮੀਆਂਮਾਰ 'ਚੋਂ ਨਿਕਾਲੇ ਗਏ 4 ਲੱਖ ਤੋਂ ਵੱਧ ਰੋਹਿੰਗੀਆ ਮੁਸਲਿਮ ਲੋਕ ,ਜਿਨ੍ਹਾਂ ਨੇ ਹੁਣ ਬੰਗਲਾਦੇਸ਼ ਵਿੱਚ ਸ਼ਰਨ ਲਈ ਹੈ। ਇਹ ਸਾਰੇ ਲੋਕ ਉੱਥੇ ਸੜਕਾਂ ਉਪਰ ਹੀ ਬਸੇਰਾ ਕਰ ਰਹੇ ਹਨ।
ਬੈਨਰ 'ਤੇ ਇਹ ਵੀ ਲਿਖਿਆ ਹੈ, 'ਬੰਗਲਾਦੇਸ਼ ਦੇ ਸਰਹੱਦੀ ਖੇਤਰ ਵਿੱਚ ਕਈ ਕਈ ਦਿਨਾਂ ਤੋਂ ਭੁੱਖੇ ਅਤੇ ਪਿਆਸੇ ਰੋਹਿੰਗਿਆ ਮੁਸਲਿਮ ਲੋਕਾਂ ਨੂੰ ਲੰਗਰ ਛਕਾਉਣ ਲਈ ਤੁਹਾਡੇ ਭਰਪੂਰ ਸਹਿਯੋਗ ਅਤੇ ਤਨ-ਮਨ-ਧਨ ਦੀ ਲੋੜ ਹੈ।"
ਇਸ ਬੈਨਰ 'ਤੇ ਰੋਹਿੰਗੀਆ ਸ਼ਰਨਾਰਥੀਆਂ ਦੀ ਦਰਦ ਭਰੀ ਕਹਾਣੀ ਪੇਸ਼ ਕਰਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ ਕਿ ਕਿਵੇਂ ਉਹ ਖਾਣੇ ਲਈ ਆਪਣੇ ਹੱਥ ਅੱਗੇ ਵਧਾ ਰਹੇ ਹਨ।
ਜਲੰਧਰ ਤੋਂ ਆਗੂ ਤੇਜਿੰਦਰਪਾਲ ਸਿੰਘ ਪਿ੍ੰਸ ਨੇ ਦੱਸਿਆ, 'ਜਲੰਧਰ ਸ਼ਹਿਰ ਵਿੱਚ ਸਾਡੇ 30 ਦੇ ਕਰੀਬ ਵਲੰਟਰੀਅਰ ਹਨ। ਹੁਣ ਇੰਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਹੋ ਰਹੀਆਂ ਹਨ।
ਤੱਲਣ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਉਨ੍ਹਾਂ ਦੀ ਟੀਮ ਨੇ ਗੁਰਦੁਆਰਾ ਪਾਤਿਸ਼ਾਹੀ ਨੌਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਵੀ ਸੰਗਤਾਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਅਪੀਲ ਕੀਤੀ ਹੈ
ਜਗਜੀਤ ਸਿੰਘ ਗਾਬਾ ਨੇ ਕਿਹਾ, 'ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਰਾਹਤ ਮੁਹਿੰਮ ਵਾਲਿਆਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਸਰਦਾਰ ਗਾਬਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਕਿ ਰੋਹਿੰਗੀਆ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ।
ਬੰਗਲਾ ਦੇਸ ਜਾਣ ਦੀ ਤਿਆਰੀ
ਤੇਜਿੰਦਰਪਾਲ ਸਿੰਘ ਪ੍ਰਿੰਸ ਨੇ ਦੱਸਿਆ ਕਿ ਸ਼ਹਿਰ ਦੇ ਹੋਰ ਗੁਰੂ ਘਰਾਂ ਤੱਕ ਵੀ ਪਹੁੰਚ ਕਰਕੇ ਇਸ ਸੇਵਾ ਦਾ ਦਾਇਰਾ ਹੋਰ ਵਧਾਉਣਗੇ।
ਰੋਹਿੰਗਿਆ ਸ਼ਰਨਾਰਥੀਆਂ ਲਈ ਜਲੰਧਰ ਤੋਂ ਚਾਵਲ ,ਦਾਲਾਂ ਅਤੇ ਹੋਰ ਜਰੂਰੀ ਸਮਾਨ ਭੇਜਿਆ ਜਾ ਰਿਹਾ ਹੈ। ਪ੍ਰਿੰਸ ਨੇ ਦੱਸਿਆ ਕਿ ਜਦੋਂ ਬੰਗਲਾਦੇਸ਼ ਤੋਂ ਸੁਨੇਹਾ ਆਵੇਗਾ ਤੇ ਉਹ ਸਮਾਨ ਤੇ ਵਲੰਟੀਅਰ ਲੈ ਕੇ ਜਾਣਗੇ।
ਉਹ ਹੁਣ ਤੱਕ ਸੀਰੀਆ, ਇਰਾਕ, ਨਿਪਾਲ,ਉਤਰਾਖੰਡ,ਅਸਾਮ ਵਿੱਚ ਸੇਵਾ ਨਿਭਾਅ ਚੁੱਕੇ ਹਨ ਤੇ ਹੁਣ ਬੰਗਲਾਦੇਸ਼ ਵਿੱਚ ਫਸੇ ਸ਼ਰਨਾਰਥੀਆਂ ਦੀ ਸੇਵਾ ਲਈ ਜਾ ਰਹੇ ਹਨ
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)