You’re viewing a text-only version of this website that uses less data. View the main version of the website including all images and videos.
ਸੈਫ਼ ਅਲੀ ਖ਼ਾਨ ਦੀ 15,000 ਕਰੋੜ ਰੁਪਏ ਦੀ ਜਾਇਦਾਦ ਕੀ ਜ਼ਬਤ ਹੋ ਜਾਵੇਗੀ? ਸੈਫ਼ ਦੀ ਦਾਦੀ ਦੇ ਪਾਕਿਸਤਾਨ ਨਾਲ ਕੀ ਸੰਬੰਧ ਸੀ?
ਸੈਫ਼ ਅਲੀ ਖ਼ਾਨ ਇਸ ਸਮੇਂ ਖ਼ਬਰਾਂ ਵਿੱਚ ਹਨ। ਚਾਕੂ ਦੇ ਹਮਲੇ ਤੋਂ ਬਚਣ ਤੋਂ ਬਾਅਦ, ਹੁਣ ਉਹ ਇੱਕ ਨਵੇਂ ਕਾਰਨ ਕਰਕੇ ਮੁੜ ਚਰਚਾ ਵਿੱਚ ਹਨ।
ਦਰਅਸਲ ਉਨ੍ਹਾਂ ਨੂੰ ਲੈ ਕੇ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਕੀ ਸਰਕਾਰ ਸੈਫ਼ ਅਲੀ ਖਾਨ ਦੀ 15,000 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਜਾ ਰਹੀ ਹੈ?
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੀ 15 ਹਜ਼ਾਰ ਕਰੋੜ ਦੀ ਜਾਇਦਾਦ ਅਸਲ ਵਿੱਚ ਕਿਹੜੀ ਹੈ? ਇਸ ਨੂੰ ਦੁਸ਼ਮਣ ਜਾਇਦਾਦ ਕਿਉਂ ਘੋਸ਼ਿਤ ਕੀਤਾ ਗਿਆ ਹੈ?
ਅਸੀਂ ਇਨ੍ਹਾਂ ਸਵਾਲਾਂ ਨੂੰ ਵਿਸਥਾਰ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ।
ਕੀ ਹੈ ਵਿਵਾਦ?
ਭੋਪਾਲ ਦੀ ਜਿਸ ਜਾਇਦਾਦ 'ਤੇ ਇਹ ਵਿਵਾਦ ਚੱਲ ਰਿਹਾ ਹੈ, ਉਹ ਪਟੌਦੀ ਪਰਿਵਾਰ ਦੀ ਵਿਰਾਸਤੀ ਜਾਇਦਾਦ ਹੈ।
ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ, ਭੋਪਾਲ ਇੱਕ ਰਿਆਸਤ ਸੀ। ਭੋਪਾਲ ਦੇ ਉਸ ਸਮੇਂ ਦੇ ਨਵਾਬ ਦੀ ਸਭ ਤੋਂ ਵੱਡੀ ਧੀ ਅਤੇ ਇੱਕ ਸਮੇਂ ਇੱਥੋਂ ਦੀ ਸ਼ਾਸਕ ਰਹੀ ਆਬਿਦਾ ਸੁਲਤਾਨਾ 1948 ਵਿੱਚ ਪਾਕਿਸਤਾਨ ਚਲੀ ਗਈ ਸੀ।
2015 ਵਿੱਚ, ਭਾਰਤ ਸਰਕਾਰ ਦੇ 'ਭਾਰਤ ਲਈ ਦੁਸ਼ਮਣ ਜਾਇਦਾਦ ਦੇ ਕਸਟੋਡੀਅਨ' ਨੇ ਇਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਘੋਸ਼ਿਤ ਕੀਤਾ। ਇਹ ਸਾਰਾ ਵਿਵਾਦ ਉੱਥੋਂ ਹੀ ਸ਼ੁਰੂ ਹੋਇਆ ਹੈ।
ਦੁਸ਼ਮਣ ਜਾਇਦਾਦ ਐਕਟ ਕੀ ਹੈ?
ਭਾਰਤ ਅਤੇ ਪਾਕਿਸਤਾਨ ਵਿਚਕਾਰ 1965 ਦੀ ਜੰਗ ਤੋਂ ਬਾਅਦ, ਸੰਸਦ ਦੁਆਰਾ 'ਦੁਸ਼ਮਣ ਜਾਇਦਾਦ ਐਕਟ' (ਐਨਿਮੀ ਪ੍ਰਾਪਰਟੀ ਐਕਟ) ਪਾਸ ਕੀਤਾ ਗਿਆ ਸੀ।
ਇਸ ਕਾਨੂੰਨ ਦੇ ਅਨੁਸਾਰ, ਭਾਰਤ ਛੱਡ ਕੇ ਪਾਕਿਸਤਾਨ ਜਾਣ ਵਾਲਿਆਂ ਦੁਆਰਾ ਛੱਡੀ ਗਈ ਜਾਇਦਾਦ ਦਾ ਕੀ ਕਰਨਾ ਹੈ, ਇਸ ਬਾਰੇ ਫੈਸਲੇ ਲਏ ਜਾਂਦੇ ਹਨ।
2017 ਵਿੱਚ ਇਸ ਕਾਨੂੰਨ ਵਿੱਚ ਕੁਝ ਬਦਲਾਅ ਕੀਤੇ ਗਏ ਸਨ।
ਹੁਣ ਸੈਫ਼ ਅਲੀ ਖਾਨ ਨਾਲ ਜੁੜੇ ਵਿਵਾਦ ਵੱਲ ਵਾਪਸ ਚਲਦੇ ਹਾਂ...
ਸੈਫ਼ ਅਲੀ ਖਾਨ ਦੇ ਦਾਦੀ ਕੌਣ ਸੀ, ਜੋ ਪਾਕਿਸਤਾਨ ਚਲੇ ਗਏ?
ਆਬਿਦਾ ਸੁਲਤਾਨ, ਭੋਪਾਲ ਦੇ ਨਵਾਬ ਹਮੀਦੁੱਲਾ ਖਾਨ ਦੀ ਸਭ ਤੋਂ ਵੱਡੇ ਧੀ ਸੀ। ਉਨ੍ਹਾਂ ਦਾ ਵਿਆਹ ਕੋਰਵਾਈ ਦੇ ਨਵਾਬ ਸਰਵਰ ਅਲੀ ਖਾਨ ਨਾਲ ਹੋਇਆ ਸੀ।
ਉਸ ਸਮੇਂ ਆਬਿਦਾ ਸਿਰਫ਼ 17 ਸਾਲ ਦੇ ਸਨ। ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਬਹੁਤ ਸਾਰੀਆਂ ਦਿੱਕਤਾਂ ਸਨ। ਅੱਗੇ ਚੱਲ ਕੇ ਆਬਿਦਾ ਦੇ ਪੁੱਤਰ ਸ਼ਹਿਰਯਾਰ ਖਾਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਬਣੇ ਸਨ।
ਨਵਾਬ ਹਮੀਦੁੱਲਾ ਖਾਨ ਆਪਣੀ ਧੀ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਤਿਆਰੀ ਕਰ ਰਹੇ ਸਨ। ਪਰ ਇਸ ਪਿਓ-ਧੀ ਦੇ ਰਿਸ਼ਤੇ ਵਿੱਚ ਕੁੜੱਤਣ ਪੈਦਾ ਹੋ ਗਈ। ਕਿਉਂਕਿ 1945 ਵਿੱਚ, ਹਮੀਦੁੱਲਾ ਨੇ ਦੁਬਾਰਾ ਵਿਆਹ ਕਰਵਾ ਲਿਆ ਅਤੇ ਆਬਿਦ ਦੀ ਮਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ।
ਜਦੋਂ ਭਾਰਤ ਆਜ਼ਾਦ ਹੋਇਆ ਤਾਂ ਆਬਿਦਾ ਲੰਡਨ ਵਿੱਚ ਸਨ। ਫਿਰ ਉਹ ਮੁਹੰਮਦ ਅਲੀ ਜਿਨਾਹ ਦੇ ਸੰਪਰਕ ਵਿੱਚ ਆਏ ਅਤੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ।
1948 ਵਿੱਚ, ਉਨ੍ਹਾਂ ਨੇ ਜਿਨਾਹ ਨੂੰ ਫ਼ੋਨ ਕੀਤਾ ਅਤੇ ਆਪਣੇ ਫੈਸਲੇ ਬਾਰੇ ਦੱਸਿਆ।
ਆਪਣੀ ਧੀ ਦੇ ਫੈਸਲੇ ਬਾਰੇ ਜਾਣਨ ਤੋਂ ਬਾਅਦ, ਨਵਾਬ ਹਮੀਦੁੱਲਾ ਉਨ੍ਹਾਂ ਨੂੰ ਮਨਾਉਣ ਲਈ ਲੰਡਨ ਗਏ। ਉਸੇ ਦੌਰਾਨ ਨਵਾਬ ਨੇ ਆਬਿਦਾ ਨੂੰ ਪ੍ਰਸਤਾਵ ਦਿੱਤਾ ਕਿ 'ਮੈਂ ਪਾਕਿਸਤਾਨ ਜਾਵਾਂਗਾ ਅਤੇ ਤੂੰ ਭੋਪਾਲ ਰਿਆਸਤ ਦੀ ਦੇਖਭਾਲ ਕਰੇਂਗੀ।'
ਪਰ ਭਾਰਤ ਵਿੱਚ, ਰਿਆਸਤਾਂ ਨੂੰ ਮਿਲਾ ਦਿੱਤਾ ਗਿਆ ਅਤੇ ਨਵਾਬ ਦਾ ਅਹੁਦਾ ਸਿਰਫ਼ ਨਾਮ ਦਾ ਹੀ ਰਹਿ ਗਿਆ। ਇਸੇ ਦੌਰਾਨ, ਜਿਨਾਹ ਦਾ ਵੀ ਦੇਹਾਂਤ ਹੋ ਗਿਆ।
ਪਰ ਉਦੋਂ ਤੱਕ ਆਬਿਦਾ ਸੁਲਤਾਨਾ ਪਾਕਿਸਤਾਨ ਪਹੁੰਚ ਚੁੱਕੇ ਸਨ। ਉਸ ਤੋਂ ਬਾਅਦ, ਉਹ ਪਾਕਿਸਤਾਨੀ ਸਿਆਸਤ ਵਿੱਚ ਵੀ ਸਰਗਰਮ ਰਹੇ।
ਆਬਿਦਾ ਦਾ ਸੈਫ਼ ਅਲੀ ਖਾਨ ਦੀ ਦੌਲਤ ਨਾਲ ਕੀ ਸਬੰਧ ਹੈ?
ਜਦੋਂ ਨਵਾਬ ਹਮੀਦੁੱਲਾ ਅਲੀ ਖਾਨ ਦਾ 4 ਫਰਵਰੀ 1960 ਨੂੰ ਦੇਹਾਂਤ ਹੋ ਗਿਆ, ਆਬਿਦਾ ਅਜੇ ਵੀ ਭੋਪਾਲ ਵਿੱਚ ਹੀ ਸਨ। ਉਨ੍ਹਾਂ ਨੂੰ ਆਪਣੀ ਪਾਕਿਸਤਾਨੀ ਨਾਗਰਿਕਤਾ ਛੱਡਣ ਅਤੇ ਭਾਰਤ ਵਾਪਸ ਜਾਣ ਦਾ ਮੌਕਾ ਪੇਸ਼ ਕੀਤਾ ਗਿਆ ਸੀ।
ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਭੋਪਾਲ ਦਾ ਨਵਾਬ ਐਲਾਨਿਆ ਜਾਵੇਗਾ। ਬੇਸ਼ੱਕ, ਉਦੋਂ ਤੱਕ ਰਿਆਸਤ ਖ਼ਤਮ ਹੀ ਹੋ ਚੁੱਕੀ ਸੀ।
ਪਾਕਿਸਤਾਨ ਦੇ ਰਾਸ਼ਟਰਪਤੀ ਵੀ ਇਸ ਲਈ ਸਹਿਮਤ ਹੋ ਗਏ ਸਨ, ਪਰ ਆਬਿਦਾ ਸੁਲਤਾਨਾ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਇਹ ਸਭ ਆਪਣੀ ਛੋਟੀ ਭੈਣ ਸਾਜਿਦਾ ਸੁਲਤਾਨ ਲਈ ਛੱਡ ਦਿੱਤਾ।
ਸਾਜਿਦਾ ਦਾ ਵਿਆਹ ਪਟੌਦੀ ਦੇ ਨਵਾਬ ਇਫ਼ਤਿਖਾਰ ਅਲੀ ਖਾਨ ਨਾਲ ਹੋਇਆ ਸੀ।
ਇਫ਼ਤਿਖਾਰ ਅਲੀ ਖਾਨ ਪਟੌਦੀ ਪ੍ਰਸਿੱਧ ਕ੍ਰਿਕਟਰ ਅਤੇ ਸਾਬਕਾ ਭਾਰਤੀ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦੇ ਪਿਤਾ ਅਤੇ ਸੈਫ਼ ਅਲੀ ਖਾਨ ਦੇ ਦਾਦਾ ਜੀ ਹਨ।
ਸੈਫ਼ ਅਲੀ ਖਾਨ ਦਾ ਭੋਪਾਲ ਦੀ ਜਾਇਦਾਦ 'ਤੇ ਕੀ ਹੱਕ ਹੈ?
ਇਹ ਸਾਰੀਆਂ ਜਾਇਦਾਦਾਂ ਆਬਿਦਾ ਦੀ ਭੈਣ ਸਾਜਿਦਾ ਦੇ ਪਤੀ ਅਤੇ ਸੈਫ਼ ਅਲੀ ਖਾਨ ਦੇ ਦਾਦਾ ਦੀਆਂ ਹਨ।
ਫਰਵਰੀ 2015 ਵਿੱਚ, ਭਾਰਤ ਸਰਕਾਰ ਦੇ ਦੁਸ਼ਮਣ ਜਾਇਦਾਦ ਦੇ ਕਸਟੋਡੀਅਨ ਸਿਸਟਮ ਨੇ ਇਨ੍ਹਾਂ ਜਾਇਦਾਦਾਂ ਨੂੰ ਦੁਸ਼ਮਣ ਜਾਇਦਾਦ ਘੋਸ਼ਿਤ ਕਰ ਦਿੱਤਾ।
ਇਸ ਦੇ ਖ਼ਿਲਾਫ਼ ਸ਼ਰਮੀਲਾ ਟੈਗੋਰ ਅਤੇ ਸੈਫ਼ ਅਲੀ ਖਾਨ, ਜੋ ਕਿ ਮਨਸੂਰ ਅਲੀ ਖਾਨ ਪਟੌਦੀ ਦੀ ਪਤਨੀ ਅਤੇ ਪੁੱਤਰ ਹਨ, ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਮੱਧ ਪ੍ਰਦੇਸ਼ ਹਾਈ ਕੋਰਟ ਨੇ ਦਸੰਬਰ 2024 ਵਿੱਚ ਹੁਕਮ ਦਿੱਤਾ ਕਿ ਦੁਸ਼ਮਣ ਜਾਇਦਾਦ ਐਕਟ ਦੇ ਤਹਿਤ ਅਪੀਲ ਕਰਨ ਲਈ ਵਿਧੀ ਨਾਲ ਇੱਕ ਅਰਜ਼ੀ ਦਾਇਰ ਕੀਤੀ ਜਾਣੀ ਚਾਹੀਦੀ ਹੈ।
ਇਸ ਪ੍ਰਣਾਲੀ ਨੇ ਭੋਪਾਲ ਦੇ ਨਵਾਬ ਦੀ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਘੋਸ਼ਿਤ ਕਰਨ ਦਾ ਹੁਕਮ ਜਾਰੀ ਕੀਤਾ ਸੀ ਕਿਉਂਕਿ ਆਬਿਦਾ ਸੁਲਤਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ।
ਪਰ ਸੈਫ਼ ਦੇ ਵਕੀਲਾਂ ਦਾ ਤਰਕ ਹੈ ਕਿ ਇਹ ਜਾਇਦਾਦਾਂ ਸਾਜਿਦਾ ਸੁਲਤਾਨ ਦੀਆਂ ਸਨ ਅਤੇ ਉਨ੍ਹਾਂ ਦੇ ਵਾਰਸ ਪਹਿਲਾਂ ਮਨਸੂਰ ਅਲੀ ਖਾਨ ਪਟੌਦੀ ਅਤੇ ਫਿਰ ਸੈਫ਼ ਅਲੀ ਖਾਨ ਹਨ।
ਕਿਉਂਕਿ ਸਾਜਿਦਾ ਭਾਰਤ ਵਿੱਚ ਹਨ, ਇਸ ਲਈ ਇਸ ਜਾਇਦਾਦ ਨੂੰ ਦੁਸ਼ਮਣ ਜਾਇਦਾਦ ਨਹੀਂ ਐਲਾਨਿਆ ਜਾ ਸਕਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ