'ਲਾਪਤਾ ਲੇਡੀਜ਼' ਦੇ ਆਸਕਰ ਵਿੱਚ ਜਾਣ ਬਾਰੇ ਕਿਹੜੀ ਗੱਲੋਂ ਵਿਵਾਦ ਛਿੜਿਆ

ਤਸਵੀਰ ਸਰੋਤ, Prodip Guha/Getty Images
- ਲੇਖਕ, ਅਜੇ ਬ੍ਰਹਮਾਤਮਜ
- ਰੋਲ, ਫ਼ਿਲਮ ਪੱਤਰਕਾਰ, ਬੀਬੀਸੀ ਲਈ
ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਨੇ ਇਸ ਸਾਲ ਆਮਿਰ ਖ਼ਾਨ ਪ੍ਰੋਡਕਸ਼ਨ ਦੀ ਕਿਰਣ ਰਾਓ ਵੱਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ ਲਾਪਤਾ ਲੇਡੀਜ਼ ਨੂੰ ਭਾਰਤ ਵੱਲੋਂ ਆਸਕਰ ਵਿੱਚ ਭੇਜਣ ਦਾ ਐਲਾਨ ਕੀਤਾ ਹੈ।
ਇਸ ਐਲਾਨ ਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਇਲ ਕਪਾਡੀਆ ਦੀ ਫ਼ਿਲਮ ‘ਆਲ ਵੀ ਇਮੈਜਿਨ ਇਜ਼ ਲਾਈਟ’ ਇਸ ਤੋਂ ਜ਼ਿਆਦਾ ਬਿਹਤਰ ਹੁੰਦੀ।
ਇਸ ਸਾਲ ਭਾਰਤ ਵਿੱਚ ਬਣੀਆਂ ਵੱਖੋ-ਵੱਖ 29 ਫ਼ਿਲਮਾਂ ਉੱਤੇ ਵਿਚਾਰ ਕੀਤਾ ਗਿਆ।
ਇਨ੍ਹਾਂ ਵਿੱਚ ‘ਕਲਕੀ 2898 ਏਡੀ’, ‘ਐਨੀਮਲ’, ‘ਚੰਦੂ ਚੈਂਪੀਅਨ’, ‘ਸੈਮ ਬਹਾਦੁਰ’, ‘ਕੇਟਟੂਕਲਕੀ’, ‘ਆਰਟੀਕਲ 370’ ਵੀ ਵਿਚਾਰ ਲਈ ਲਿਆਂਦੀਆਂ ਗਈਆਂ।
ਫ਼ਿਲਮ ਫੈਡਰੇਸ਼ਨ ਦੀ 13 ਮੈਂਬਰੀ ਨਿਰਣਾਇਕ ਕਮੇਟੀ ਨੇ ਆਪਸੀ ਸਹਿਮਤੀ ਨਾਲ ਕਿਰਣ ਰਾਓ ਦੀ ਫ਼ਿਲਮ ਲਾਪਤਾ ਲੇਡੀਜ਼ ਨੂੰ ਭੇਜਣ ਦੀ ਸਿਫ਼ਾਰਿਸ਼ ਕੀਤੀ।
ਇਹ ਫ਼ਿਲਮ ਪਿਛਲੇ ਸਾਲ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ। ਲੇਕਿਨ ਭਾਰਤੀ ਦਰਸ਼ਕਾਂ ਲਈ ਇਹ ਇਸ ਸਾਲ ਪਹਿਲੀ ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ।
ਉਸ ਤੋਂ ਠੀਕ ਅੱਠ ਹਫ਼ਤੇ ਬਾਅਦ ਇਹ ਫ਼ਿਲਮ ਓਟੀਟੀ ਪਲੇਟਫਾਰਮ ਨੈਟਫਲਿਕਸ ਉੱਤੇ ਆ ਗਈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਨੈਟਫਲਿਕਸ ਉੱਤੇ ਇਹ ਸਭ ਤੋਂ ਜ਼ਿਆਦਾ ਦੇਖੀ ਗਈ ਫ਼ਿਲਮ ਬਣ ਗਈ ਹੈ।
ਭਾਰਤ ਦੀ ਲਾਪਤਾ ਲੇਡੀਜ਼ ਦੇ ਨਾਲ 50-52 ਦੇਸਾਂ ਦੀਆਂ ਫ਼ਿਲਮਾਂ ਇਸ ਵਰਗ ਵਿੱਚ ਭੇਜੀਆਂ ਗਈਆਂ ਹਨ।
ਆਸਕਰ ਐਂਟਰੀ ਦੇ ਲਈ ਲਾਪਤਾ ਲੇਡੀਜ਼ ਨੂੰ ਚੁਣੇ ਜਾਣ ਤੋਂ ਬਾਅਦ ਨਿਰਦੇਸ਼ਕ ਕਿਰਣ ਰਾਓ ਨੇ ਕਿਹਾ, “ਇਹ ਪਛਾਣ ਸਾਡੀ ਪੂਰੀ ਟੀਮ ਦੇ ਅਥੱਕ ਮਿਹਨਤ ਦਾ ਸਬੂਤ ਹੈ। ਟੀਮ ਦੇ ਸਮਰਪਣ ਅਤੇ ਪੈਸ਼ਨ ਨਾਲ ਇਹ ਕਹਾਣੀ ਸਕਾਰ ਹੋਈ ਹੈ।”

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ,“ਸਿਨੇਮਾ ਹਮੇਸ਼ਾ ਤੋਂ ਦਿਲਾਂ ਨੂੰ ਜੋੜਨ, ਸਰਹੱਦਾਂ ਨੂੰ ਤੋੜਨ ਅਤੇ ਸਾਰਥਕ ਚਰਚਾ ਛੇੜਨ ਦਾ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਹ ਫ਼ਿਲਮ ਭਾਰਤੀ ਦਰਸ਼ਕਾਂ ਵਾਂਗ ਪੂਰੇ ਸੰਸਾਰ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਮੈਂ ਆਮਿਰ ਖ਼ਾਨ ਪ੍ਰੋਡਕਸ਼ਨ ਅਤੇ ਜੀਓ ਸਟੂਡੀਓ ਦੇ ਨਿਰੰਤਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਇਹ ਮੇਰੀ ਖ਼ੁਸ਼ਕਿਮਸਤੀ ਹੈ ਕਿ ਮੇਰੇ ਨਾਲ ਇੱਕ ਪ੍ਰਤਿਭਾਵਾਨ ਟੀਮ ਸੀ, ਜਿਸ ਨੇ ਇਸ ਕਹਾਣੀ ਨੂੰ ਕਹਿਣ ਵਿੱਚ ਮੇਰੀ ਦ੍ਰਿੜਤਾ ਨੂੰ ਸਾਂਝਾ ਕੀਤਾ।”
ਆਮਿਰ ਖ਼ਾਨ ਦੇ ਤਜ਼ਰਬੇ ਦਾ ਮਿਲੇਗਾ ਲਾਭ
'ਲਾਪਤਾ ਲੇਡੀਜ਼' ਦੇ ਨਿਰਮਾਤਾ ਆਮਿਰ ਖ਼ਾਨ ਹਨ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਦੀਆਂ ਫ਼ਿਲਮਾਂ 'ਲਗਾਨ' ਅਤੇ 'ਤਾਰੇ ਜ਼ਮੀਨ ਪਰ' ਪਹਿਲਾਂ ਇਸ ਵਰਗ ਵਿੱਚ ਭੇਜੀਆਂ ਜਾ ਚੁੱਕੀਆਂ ਹਨ।

ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਆਪਣੇ ਪਿਛਲੇ ਅਨੁਭਵਾਂ ਦੀ ਵਰਤੋਂ ਕਰਕੇ ਆਮਿਰ ਖ਼ਾਨ ‘ਲਾਪਤਾ ਲੇਡੀਜ਼’ ਦੀ ਆਸਕਰ ਐਂਟਰੀ ਨੂੰ ਖ਼ਾਸ ਮੁਕਾਮ ਤੱਕ ਪਹੁੰਚਾ ਸਕਣਗੇ।
ਇਸ ਵਰਗ ਲਈ ਭੇਜੀਆਂ ਗਈਆਂ ਦੁਨੀਆਂ ਭਰ ਦੀਆਂ ਫ਼ਿਲਮਾਂ ਨੂੰ ਪਰਖਣ ਲਈ ਆਸਕਰ ਦੀ ਇੱਕ ਨਿਰਣਾਇਕ ਕਮੇਟੀ ਹੁੰਦੀ ਹੈ।
ਉਨ੍ਹਾਂ ਦੇ ਧਿਆਨ ਦੇਣ ਲਈ ਭੇਜੀਆਂ ਗਈਆਂ ਫ਼ਿਲਮਾਂ ਦੇ ਨਿਰਮਾਤਿਆਂ ਨੂੰ ਬੇਹੱਦ ਪ੍ਰਚਾਰ ਅਤੇ ਅਨੇਕ ਢੰਗ-ਤਰੀਕਿਆਂ ਦੀ ਲੋੜ ਹੁੰਦੀ ਹੈ।
ਇਸ ਅਭਿਆਨ ਵਿੱਚ ਬਹੁਤ ਖ਼ਰਚਾ ਹੁੰਦਾ ਹੈ। ਜੇ ਚੁਣੀ ਗਈ ਫ਼ਿਲਮ ਦੇ ਪਿੱਛੇ ਕੋਈ ਮਜ਼ਬੂਤ ਨਿਰਮਾਤਾ ਨਹੀਂ ਹੁੰਦਾ ਤਾਂ ਦੇਖਿਆ ਗਿਆ ਹੈ ਕਿ ਇਸ ਦੇ ਪ੍ਰਚਾਰ ਅਤੇ ਜ਼ਰੂਰੀ ਖ਼ਰਚੇ ਲਈ ਚੰਦਾ ਵੀ ਇਕੱਠਾ ਕੀਤਾ ਜਾਂਦਾ ਹੈ।
ਪੰਜ ਛੇ ਮਹੀਨਿਆਂ ਦਾ ਪੂਰਾ ਸਮਾਂ ਵੀ ਬੀਤ ਜਾਂਦਾ ਹੈ। ਇਸ ਤੋਂ ਬਾਅਦ ਫ਼ਿਲਮ ਦਾ ਨਾਮ ਰਜਿਸਟਰਡ ਵੀ ਨਾ ਹੋਵੇ ਤਾਂ ਦੇਸ ਦੇ ਦਰਸ਼ਕਾਂ ਅਤੇ ਫ਼ਿਲਮ ਪ੍ਰੇਮੀਆਂ ਨੂੰ ਕਾਫ਼ੀ ਨਿਰਾਸ਼ਾ ਹੁੰਦੀ ਹੈ।
ਆਸਕਰ ਪੁਰਸਕਾਰਾਂ ਦੇ ਜਾਣਕਾਰਾਂ ਦੇ ਮੁਤਾਬਕ ਫ਼ਿਲਮਾਂ ਨੂੰ ਪਰਖਣ, ਸਰਾਹੁਣ ਅਤੇ ਪੁਰਸਕਾਰ ਲਈ ਯੋਗ ਮੰਨਣ ਦਾ ਇੱਕ ਖ਼ਾਸ ਤਰੀਕਾ ਹੁੰਦਾ ਹੈ। ਇਸ ਤਰੀਕੇ ਵਿੱਚ ਭਾਰਤ ਸਮੇਤ ਕਈ ਦੇਸਾਂ ਦੀਆਂ ਫ਼ਿਲਮਾਂ ਪਿੱਛੇ ਰਹਿ ਜਾਂਦੀਆਂ ਹਨ।

ਤਸਵੀਰ ਸਰੋਤ, Getty Images
ਮੁੰਬਈ ਦੀ ਹਿੰਦੀ ਫ਼ਿਲਮ ਇੰਡਸਟਰੀ ਅਤੇ ਹੋਰ ਭਾਸ਼ਾਵਾਂ ਦੀ ਫ਼ਿਲਮ ਇੰਡਸਟਰੀ ਦੇ ਅਨੇਕ ਫਿਲਮਸਾਜ਼ ਇਸ ਸਲਾਨਾ ਆਸਕਰ ਅਭਿਆਨ ਨੂੰ ਭਾਰਤੀ ਫ਼ਿਲਮਾਂ ਲਈ ਗੈਰ-ਜ਼ਰੂਰੀ ਮੰਨਦੇ ਹਨ।
ਕੁਝ ਤਾਂ ਇਹ ਵੀ ਕਹਿੰਦੇ ਹਨ ਕਿ ਭਾਰਤੀ ਫ਼ਿਲਮਾਂ ਦੀ ਉੱਤਮਤਾ ਦੇ ਲਈ ਆਸਕਰ ਦੀ ਮੋਹਰ ਦੀ ਕੀ ਲੋੜ ਹੈ?
ਕਲਾ ਸੰਸਸ੍ਰਿਤੀ ਅਤੇ ਸਿਨੇਮਾ ਦੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀਆਂ ਫ਼ਿਲਮਾਂ ਕਿਸ ਪੱਧਰ ਉੱਤੇ ਬਣਦੀਆਂ ਹਨ।
ਲਾਪਤਾ ਲੇਡੀਜ਼ ਦੀ ਖਾਸੀਅਤ
ਕਿਰਣ ਰਾਓ ਦੀ ਲਾਪਤਾ ਲੇਡੀਜ਼ ਅੱਜ ਤੋਂ 23 ਸਾਲ ਪਹਿਲਾਂ 2001 ਦੀ ਕਹਾਣੀ ਹੈ।
ਕਿਰਣ ਰਾਓ ਨੇ ਕਿਸੇ ਵੀ ਸੰਭਾਵੀ ਵਿਵਾਦ ਅਤੇ ਇਲਜ਼ਾਮ ਤੋਂ ਬਚਣ ਲਈ ਨਿਰਮਲ ਪ੍ਰਦੇਸ਼ ਨਾਮ ਦੇ ਕਾਲਪਨਿਕ ਸੂਬੇ ਦੀ ਕਹਾਣੀ ਚੁਣੀ ਹੈ। ਇਹ ਉੱਤਰ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ ਨਹੀਂ ਹੈ।
ਫਿਰ ਵੀ ਇਹ ਤੈਅ ਹੈ ਕਿ ਪਰਦੇ ਉੱਤੇ ਆਇਆ ਇੱਕ ਕਾਲਪਨਿਕ ਸੂਬਾ ( ਸ਼ਾਇਦ ਬਿਹਾਰ ਜਾਂ ਪੂਰਬੀ ਉੱਤਰ ਪ੍ਰਦੇਸ਼) ਹਿੰਦੀ ਭਾਸ਼ੀ ਇਲਾਕਾ ਹੀ ਹੈ। ਇਸ ਨੂੰ ਸਿਆਸੀ ਲੇਖਾਂ ਅਤੇ ਅਧਿਐਨ ਵਿੱਚ ਬੀਮਾਰੂ ਪ੍ਰਦੇਸ਼ ਵੀ ਕਿਹਾ ਜਾਂਦਾ ਹੈ।
ਕਿਰਣ ਰਾਓ ਨੇ ਇਸ ਨਿਰਮਲ ਪ੍ਰਦੇਸ਼ ਦੀ ਸਮਾਜਿਕ ਧੜਕਣ ਨੂੰ ਪੇਸ਼ ਕਰਦੇ ਹੋਏ ਸਮਾਜ ਵਿੱਚ ਸਦੀਆਂ ਤੋਂ ਮੌਜੂਦ ਪਿਤਾ-ਪੁਰਖੀ ਸੋਚ ਉਜਾਗਰ ਕੀਤਾ ਹੈ।
ਫ਼ਿਲਮ ਦੇ ਲੇਖਕਾਂ ਅਤੇ ਨਿਰਦੇਸ਼ਖ ਨੇ ਤਿੱਖੀ ਨਜ਼ਰ ਨਾਲ ਸਮਾਜ ਵਿੱਚ ਫੈਲੇ ਲਿੰਗ ਭੇਦ ਅਤੇ ਰੂੜ੍ਹੀਵਾਦੀ ਰਵਾਇਤਾਂ ਦੀ ਇੱਕ ਮਾਮੂਲੀ ਕਹਾਣੀ ਨੂੰ ਇਸਤਰੀ ਕਿਰਦਾਰਾਂ ਦੇ ਰਾਹੀਂ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਹਿੰਦੀ ਪ੍ਰਦੇਸ਼ ਦੇ ਪੇਂਡੂ ਸਮਾਜ ਦੇ ਇਨ੍ਹਾਂ ਕਿਰਦਾਰਾਂ ਨੂੰ ਪੇਸ਼ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਕਾਰਨ ਹਾਸੋਹੀਣਾ ਨਹੀਂ ਹੋਣ ਦਿੱਤਾ।
ਚੰਗੀ ਗੱਲ ਤਾਂ ਇਹ ਹੈ ਕਿ ਫ਼ਿਲਮ ਵਿੱਚ ਕੋਈ ਨਾਅਰੇਬਾਜ਼ੀ ਨਹੀਂ ਹੈ ਅਤੇ ਨਾ ਹੀ ਹਮਲਾਵਰ ਇਸਤਰੀਵਾਦੀ ਸੋਚ ਦਾ ਸਹਾਰਾ ਲਿਆ ਗਿਆ ਹੈ।
ਲੇਖਕ-ਪਰਦੇਸ਼ਕ ਨੇ ਤਹਿਦਾਰ ਹਿੰਦੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਸੰਭਾਵਨਾਵਾਂ ਨੂੰ ਸੰਵੇਦਨਾਸ਼ੀਲ ਤਰੀਕੇ ਨਾਲ ਰੋਜ਼ਾਨਾ ਜ਼ਿੰਦਗੀ ਦੇ ਮਾਮਲੀ ਪ੍ਰਸੰਗਾਂ ਅਤੇ ਘਟਨਾਵਾਂ ਨਾਲ ਬੁਣਿਆ ਹੈ।
ਇਹ ਫ਼ਿਲਮ ਲਾਪਤਾ ਜ਼ਿੰਦਗੀ ਜਿਉਂ ਰਹੀਆਂ ਔਰਤਾਂ ਦੇ ਕਿਰਦਾਰ ਦੇ ਬਹਾਨੇ ਵਿਕਾਸ ਅਤੇ ਵਿਕਸਿਤ ਭਾਰਤ ਦਾ ਦਮ ਭਰਨ ਵਾਲੀ ਸੱਤਾਧਾਰੀ ਸਿਆਸਤ ਦੀ ਅਸਲੀਅਤ ਵੀ ਉਜਾਗਰ ਕਰਦੀ ਹੈ।
ਫ਼ਿਲਮ ਦੀ ਮੂਲ ਕਹਾਣੀ ਦੇ ਨਾਲ ਟਿੱਪਣੀਆਂ, ਦ੍ਰਿਸ਼ਾਂ ਦੇ ਵਰਤਮਾਨ ਸਮੇਂ ਵਿੱਚ ਮੌਜੂਦ ਅਨੇਕ ਸਮਾਜਿਕ ਕਮਜ਼ੋਰੀਆਂ ਪਰਗਟ ਹੋਈਆਂ ਹਨ।

ਤਸਵੀਰ ਸਰੋਤ, Getty Images
ਲੰਬੇ ਸਮੇਂ ਬਾਅਦ ਕਿਸੇ ਫ਼ਿਲਮ ਵਿੱਚ ਪਿੰਡ ਦਿਖਾਈ ਦਿੱਤਾ ਹੈ। ਖੇਤ ਅਤੇ ਪਿੰਡ ਦੀਆਂ ਫਿਰਨੀਆਂ ਦੇ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਉਪਯੋਗੀ ਸਾਧਨ-ਸਹੂਲਤਾਂ ਦਾ ਦਰਸ਼ਨ ਹੋਇਆ ਹੈ। ਇਸ ਦੇ ਨਾਲ ਹੀ ਘਾਟਾਂ-ਅਸੁਵਿਧਾਵਾਂ ਵੀ ਦੇਖਣ ਨੂੰ ਮਿਲਦੀਆਂ ਹਨ।
ਸ਼ਹਿਰੀ ਦਰਸ਼ਕਾਂ ਨੂੰ ਪਤਾ ਲਗਦਾ ਹੈ ਕਿ ਭਾਰਤੀ ਪਿੰਡ ਵਿਕਾਸ ਦੀ ਦੌੜ ਵਿੱਚ ਕਿੰਨਾ ਪਿੱਛੇ ਰਹਿ ਗਏ ਹਨ।
ਖੁੱਲ੍ਹੇਪਣ ਅਤੇ ਆਧੁਨਿਕਤਾ ਦੀ ਲਹਿਰ ਅਜੇ ਉੱਥੇ ਤੱਕ ਨਹੀਂ ਪਹੁੰਚੀ ਹੈ। ਇਸ ਸਮਾਜ ਵਿੱਚ ਜ਼ਿਆਦਾਤਰ ਗਤੀਵਿਧੀਆਂ ਸ਼ਿਥਿਲ ਹਨ।
ਮੱਧਮ ਗਤੀ ਦੇ ਜੀਵਨ ਦੀ ਕਹਾਣੀ
ਹਾਲਾਂਕਿ ਮੱਧਮ ਗਤੀ ਦੇ ਜੀਵਨ ਵਿੱਚ ਕਲੇਸ਼ ਨਹੀਂ ਹੈ, ਲੇਕਿਨ ਉਨ੍ਹਾਂ ਦੇ ਪ੍ਰਸੰਗ ਅਤੇ ਜੀਵਨ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ। ਕਿ ਕਿਉਂ ਵਿਕਾਸ ਦੀ ਧਾਰਾ ਇਨ੍ਹਾਂ ਇਲਾਕਿਆਂ ਤੱਕ ਨਹੀਂ ਪਹੁੰਚੀ?
ਕਿਉਂ ਜ਼ਿੰਦਗੀ ਇੰਨੀ ਪੇਚੀਦਾ ਹੋ ਗਈ? ਫ਼ਿਲਮ ਵਿੱਚ ਨਜ਼ਰ ਆਉਂਦੇ ਮਾਹੌਲ ਉੱਤੇ ਨਿਰਦੇਸ਼ਕ ਦੀ ਬਾਜ਼ ਅੱਖ ਹੈ। ਜਦਕਿ ਉਨ੍ਹਾਂ ਨੇ ਫੂਲ ਅਤੇ ਜਯਾ ਦੇ ਕਹਾਣੀ ਕਹਿਣੀ ਹੈ। ਭਾਸ਼ਾ, ਵੇਸ਼ ਭੂਸ਼ਾ, ਸੰਵਾਦ ਅਤੇ ਮਾਹੌਲ ਵਿੱਚ ਪੇਂਡੂ ਸਹਿਜਤਾ ਹੈ।
ਕਿਸੇ ਵੀ ਪ੍ਰਕਾਰ ਦੇ ਬਣਾਉਟੀਪਨ ਦਾ ਅਹਿਸਾਸ ਨਹੀਂ ਹੁੰਦਾ। ਜਦਕਿ ਫ਼ਿਲਮ ਦੇ ਨਿਰਮਾਣ ਵਿੱਚ ਦਰਿਸ਼ਾਂ ਦੀ ਉਸਾਰੀ ਲਈ ਕਈ ਕਾਲਪਨਿਕ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ।
ਫੂਲ ਅਤੇ ਜਯਾ ਦੋ ਬਹੂਆਂ ਹਨ। ਵਿਆਹ ਤੋਂ ਬਾਅਦ ਇਹ ਰੇਲ ਨਾਲ ਸਫ਼ਰ ਕਰ ਰਹੀਆਂ ਹਨ। ਲਗਨ ਦਾ ਸਮਾਂ ਹੈ। ਰੇਲ ਦੇ ਡੱਬੇ ਵਿੱਚ ਹੋਰ ਵੀ ਲਾੜੀਆਂ ਬੈਠੀਆਂ ਹਨ।
ਸਾਰੀਆਂ ਨੇ ਨੱਕ ਤੱਕ ਘੁੰਡ ਕੱਢਿਆ ਹੋਇਆ ਹੈ। ਇਹ ਘੁੰਡ ਉਨ੍ਹਾਂ ਲਾੜੀਆਂ ਦੀ ਸਚਾਈ ਦੇ ਨਾਲੋ-ਨਾਲ ਇੱਖ ਸਮਾਜਿਕ ਰੂਪਕ ਵੀ ਹੈ। ਹੜਬੜੀ ਅਤੇ ਬੇਖਿਆਲੀ ਵਿੱਚ ਲਾੜੀਆਂ ਬਦਲ ਜਾਂਦੀਆਂ ਹਨ।
ਫੇਰਬਦਲ ਦੇ ਇਸ ਸੰਜੋਗ ਉੱਤੇ ਸਾਨੂੰ ਹਾਸੀ ਆਉਂਦੀ ਹੈ ਪਰ ਕਿਰਦਾਰਾਂ ਨਾਲ ਕਹਾਣੀ ਵਿੱਚ ਅੱਗੇ ਵਧਣ ਨਾਲ ਸਾਨੂੰ ਇਸਦੀ ਪੇਚੀਦਗੀ ਸਮਝ ਆਉਂਦੀ ਹੈ।
ਦਰਸ਼ਕ ਵਜੋਂ ਸਾਨੂੰ ਵੀ ਫ਼ਿਕਰ ਹੋ ਜਾਂਦੀ ਹੈ ਕਿ ਫੂਲ ਅਤੇ ਜਯਾ ਕਿਵੇਂ ਸਹੀ ਟਿਕਾਣਿਆਂ ਉੱਤੇ ਪਹੁੰਚਣਗੀਆਂ।
ਕਿਤੇ ਉਨ੍ਹਾਂ ਦੇ ਨਾਲ ਕੁਝ ਅਣਸੁਖਾਵਾਂ ਨਾਲ ਵਾਪਰ ਜਾਵੇ। ਫੂਲ ਅਤੇ ਜਯਾ ਦੇ ਹਾਲਾਤ ਵੱਖ-ਵੱਖ ਹੋਣ ਦੇ ਬਾਵਜੂਦ ਇੱਕੋ ਜਿਹੇ ਹਨ। ਦੋਵਾਂ ਦਾ ਵਰਤਮਾਨ ਅਨਿਸ਼ਚਿਤਤਾ ਦੇ ਘੇਰੇ ਵਿੱਚ ਹੈ।

ਤਸਵੀਰ ਸਰੋਤ, Getty Images
ਫੂਲ ਆਪਣੀ ਸਾਦਗੀ ਅਤੇ ਜਯਾ ਆਪਣੀ ਹੁਸ਼ਿਆਰੀ ਦੇ ਬਾਵਜੂਦ ਪੁਰਸ਼ ਪ੍ਰਧਾਨ ਸਮਾਜ ਦੇ ਜਾਲ ਵਿੱਚ ਫਸ ਚੁੱਕੀਆਂ ਹਨ।
ਦੋਵਾਂ ਦੇ ਪਤੀ ਸੁਭਾਅ ਵਿੱਚ ਵੱਖ-ਵੱਖ ਹਨ। ਦੀਪਕ ਆਪਣੀ ਸੋਚ ਵਿੱਚ ਅਗਾਂਹਵਧੂ ਹੈ। ਜਦਕਿ ਪ੍ਰਦੀਪ ਰੂੜ੍ਹੀਵਾਦੀ ਅਤੇ ਪੁਰਸ਼ਵਾਦੀ ਸਮਝ ਦਾ ਮਾਲਕ ਹੈ।
ਫੂਲ, ਜਯਾ, ਦੀਪਕ ਅਤੇ ਪ੍ਰਦੀਪ ਇਨ੍ਹਾਂ ਚਾਰਾਂ ਕਿਰਦਾਰਾਂ ਦੇ ਤਾਣੇ-ਬਾਣੇ ਵਿੱਚ ਔਰਤਾਂ ਦੇ ਮਾਣ, ਪਛਾਣ ਅਤੇ ਸਨਮਾਨ ਦੇ ਸਵਾਲ ਚੁੱਕੇ ਗਏ ਹਨ। ਕਿਰਣ ਰਾਓ ਨੇ ਬਹੁਤ ਸਾਦਗੀ ਨਾਲ ਇਨ੍ਹਾਂ ਸਵਾਲਾਂ ਨੂੰ ਪੇਸ਼ ਕਰਕੇ ਕੁਝ ਅਹਿਮ ਗੱਲਾਂ ਕਹਿ ਦਿੱਤੀਆਂ ਹਨ।
ਕਲਾਕਾਰਾਂ ਨੇ ਦਿਖਾਇਆ ਦਮ
ਬਿਪਲਵ ਗੋਸਵਾਮੀ, ਸਨੇਹਾ ਦੇਸਾਈ ਅਤੇ ਦਿਵਿਆ ਨਿਧੀ ਸ਼ਰਮਾ ਦੀ ਲੇਖਣੀ ਵਿੱਚ ਨਵੀਨਤਾ ਹੈ। ਉੱਪਰੋਂ ਉਨ੍ਹਾਂ ਵੱਲੋਂ ਘੜੇ ਗਏ ਕਿਰਦਾਰਾਂ ਵਿੱਚ ਆਏ ਨਵੇਂ ਕਲਾਕਾਰ ਤੋਂ ਦਰਸ਼ਕ ਦੀ ਕੋਈ ਪੂਰਬ ਧਾਰਣਾ ਨਹੀਂ ਬਣਦੀ।
ਉਨ੍ਹਾਂ ਦੇ ਆਪਣੇ ਅਤੇ ਵਿਵਹਾਰ ਵਿੱਚ ਨਵਾਂਪਣ ਹੈ। ਜਾਣੇ-ਪਛਾਣੇ ਕਲਾਕਾਰ ਨਵੇਂ ਕਿਰਦਾਰਾਂ ਵਿੱਚ ਵੀ ਘਿਸੇ-ਪਿਟੇ ਅਤੇ ਨੀਰਸ ਲੱਗਣ ਲਗਦੇ ਹਨ। ਕਿਉਂਕਿ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਾ ਪਹਿਲਾਂ ਤੋਂ ਅਨੁਮਾਨ ਹੋ ਜਾਂਦਾ ਹੈ।
ਲਾਪਤਾ ਲੇਡੀਜ਼ ਵਿੱਚ ਕਿਰਣ ਰਾਓ ਨੇ ਇੱਕ ਰਵੀ ਕਿਸ਼ਨ ਤੋਂ ਇਲਾਵਾ ਕਿਸੇ ਮਸ਼ਹੂਰ ਅਦਾਕਾਰ ਨੂੰ ਨਹੀਂ ਚੁਣਿਆ ਹੈ।
ਰਵੀ ਕਿਸ਼ਨ ਵੀ ਆਪਣੇ ਅਕਸ ਤੋਂ ਉਲਟ ਇੱਕ ਮਾਮੂਲੀ ਕਿਰਦਾਰ ਨਿਭਾ ਰਹੇ ਹਨ। ਉਹ ਆਪਣੇ ਅਨੋਖੇ ਅੰਦਾਜ਼, ਅਦਾਕਾਰੀ ਅਤੇ ਭਾਵ-ਭੰਗਿਮਾ ਨਾਲ ਮਿਲੇ ਕਿਰਦਾਰ ਨੂੰ ਮਾਰਮਿਕ ਬਣਾ ਦਿੰਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਕਿਰਦਾਰਾਂ ਵਿੱਚ ਜੋ ਟਵਿਸਟ ਅਤੇ ਸ਼ਿਫਟ ਆਉਂਦਾ ਹੈ, ਉਹ ਉਨ੍ਹਾਂ ਨੂੰ ਦਰਸ਼ਕਾਂ ਵਿੱਚ ਵੀ ਪਿਆਰਾ ਬਣਾ ਦਿੰਦਾ ਹੈ।
ਲਾਪਤਾ ਲੇਡੀਜ਼ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਦਹਾਕਿਆਂ ਤੋਂ ਕੌਮਾਂਤਰੀ ਮੰਚਾਂ ਉੱਤੇ ਗ਼ਰੀਬੀ, ਦੁਰਦਸ਼ਾ ਅਤੇ ਕਮੀਆਂ ਉੱਤੇ ਕੇਂਦਰਿਤ ਫ਼ਿਲਮਾਂ ਭੇਜਦੇ ਰਹੇ ਹਾਂ।
ਲਾਪਤਾ ਲੇਡੀਜ਼ ਨਵੀਂ ਕੋਸ਼ਿਸ਼ ਹੈ। ਫ਼ਿਲਮ ਫੈਡਰੇਸ਼ਨ ਕਿਉਂਕਿ ਮੁੰਬਈ ਵਿੱਚ ਸਥਿਤ ਹੈ। ਇਸ ਲਈ ਬਹੁ ਭਾਸ਼ੀ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਹਰ ਸਾਲ ਫ਼ਿਲਮਾਂ ਦੀ ਚੋਣ ਨੂੰ ਲੈ ਕੇ ਵਿਵਾਦ ਪੈਦਾ ਹੁੰਦਾ ਹੈ।
ਕੀ ਹਨ ਸਵਾਲ?
ਸਭ ਤੋਂ ਜ਼ਿਆਦਾ ਹਿੰਦੀ ਫ਼ਿਲਮਾਂ ਵਿਚਾਰ ਲਈ ਆਉਂਦੀਆਂ ਹਨ। ਫੈਸਲਾ ਕਰਨ ਵਾਲੀ ਕਮੇਟੀ ਵਿੱਚ ਵੀ ਹਿੰਦੀ ਫ਼ਿਲਮ ਇੰਡਸਟਰੀ ਦੇ ਨੁਮਾਇੰਦੇ ਰਹਿੰਦੇ ਹਨ। ਇਸ ਲਈ ਅਜਿਹਾ ਲਗਦਾ ਹੈ ਕਿ ਹਿੰਦੀ ਫ਼ਿਲਮਾਂ ਹੀ ਮੋਟੇ ਤੌਰ ਉੱਤੇ ਚੁਣੀਆਂ ਜਾਂਦੀਆਂ ਹਨ।
ਇਸ ਸਾਲ ਵੀ ਵਿਚਾਰ ਲਈ ਆਈਆਂ 29 ਫ਼ਿਲਮਾਂ ਵਿੱਚੋਂ 14 ਫ਼ਿਲਮਾਂ ਹਿੰਦੀ ਦੀਆਂ ਸਨ।
ਸਵਾਲ ਤਾਂ ਫੈਸਲਾ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਦੀ ਯੋਗਤਾ ਉੱਤੇ ਵੀ ਉੱਠਦੇ ਹਨ। ਇੱਕ ਸੁਝਾਅ ਵੀ ਆਇਆ ਸੀ ਕਿ ਜਿਸ ਫ਼ਿਲਮ ਨੂੰ ਕੌਮੀ ਪੁਰਸਕਾਰ ਲਈ ਚੁਣਿਆ ਜਾਵੇ ਉਸੇ ਨੂੰ ਆਸਕਰ ਲਈ ਭੇਜਿਆ ਜਾਵੇ।
ਪਿਛਲੇ ਸਾਲਾਂ ਤੋਂ ਵਿਚਾਰ ਲਈ ਭੇਜੀਆਂ ਜਾਣ ਵਾਲੀਆਂ ਫ਼ਿਲਮਾਂ ਦੇ ਨਾਲ ਭਰੀ ਜਾਣ ਵਾਲੀ ਮੋਟੀ ਫ਼ੀਸ ਦੀ ਵੀ ਆਲੋਚਨਾ ਹੋਈ ਹੈ।
ਅਨੇਕ ਫ਼ਿਲਮਕਾਰ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਫ਼ਿਲਮ ਫ਼ੈਡਰੇਸ਼ਨ ਆਫ਼ ਇੰਡੀਆ ਦੀ ਇਸ ਸਰਗਰਮੀ ਦੀ ਜਾਣਕਾਰੀ ਸਮੇਂ ਸਿਰ ਨਹੀਂ ਮਿਲਦੀ।
ਇਸ ਤੋਂ ਇਲਾਵਾ ਅਨੇਕ ਨਿਰਮਾਤਾ ਆਪਣੀਆਂ ਫ਼ਿਲਮਾਂ ਨੂੰ ਵਿਚਾਰ ਲਈ ਭੇਜਦੇ ਵੀ ਨਹੀਂ ਹਨ। ਉੱਥੇ ਹੀ ਦੂਜੇ ਪਾਸੇ ਕਈ ਨਿਰਮਾਤਾ ਆਪਣੀਆਂ ਸਧਾਰਣ ਫ਼ਿਲਮਾਂ ਵੀ ਭੇਜ ਦਿੰਦੇ ਹਨ।
ਆਸਕਰ ਦੇ ਸਰਬਉੱਤਮ ਫ਼ਿਲਮ ਦੀ ਸ਼੍ਰੇਣੀ ਵਿੱਚ ਭੇਜੀਆਂ ਜਾਣ ਵਾਲੀਆਂ ਫ਼ਿਲਮਾਂ ਦੇ ਨਾਲ ਇੱਕ ਜਿਗਿਆਸਾ ਬਣਦੀ ਹੀ ਹੈ ਕਿ ਆਖਰ ਸਾਡੀਆਂ ਫ਼ਿਲਮਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ। ਛਣ ਕੇ ਆਈਆਂ ਕੁਝ ਖ਼ਬਰਾਂ ਅਤੇ ਤਸਵੀਰਾਂ ਨਾਲ ਅਸੀਂ ਖ਼ੁਸ਼ ਰਹਿੰਦੇ ਹਾਂ।
ਖੈਰ, ਹਰ ਸਾਲ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਸਤੰਬਰ ਤੋਂ ਫ਼ਰਵਰੀ ਦੇ ਦੌਰਾਨ ਆਸਕਰ ਅਭਿਆਨ ਚਲਦਾ ਹੈ।
ਇਸ ਅਭਿਆਨ ਦੀ ਸਟਾਈ ਤੋਂ ਵੀ ਅਸੀਂ ਜਾਣੂ ਹਾਂ। ਸਾਲ 2002 ਵਿੱਚ ਆਮਿਰ ਖ਼ਾਨ ਪ੍ਰੋਡਕਸ਼ਨ ਦੀ ਆਸ਼ੂਤੋਸ਼ ਗੋਵਾਰੀਕਰ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ‘ਲਗਾਨ’ ਨਾਮਾਂਕਣ ਸੂਚੀ ਤੱਕ ਪਹੁੰਚ ਸਕੀ ਸੀ।
ਉਸ ਤੋਂ ਪਹਿਲਾਂ ਅਤੇ ਬਾਅਦ ਹਰ ਸਾਲ ਇੱਕ ਫ਼ਿਲਮ ਭੇਜੀ ਜਾਂਦੀ ਹੈ। ਲੇਕਿਨ ਅਜੇ ਤੱਕ ਸਿਰਫ਼ ਤਿੰਨ ਭਾਰਤੀ ਫ਼ਿਲਮਾਂ ਨੂੰ ਨਾਮਾਂਕਣ ਮਿਲ ਸਕਿਆ ਹੈ।
ਰਿਕਾਰਡ ਦੇ ਮੁਤਾਬਕ 1957 ਤੋਂ ਹਰ ਸਾਲ ਇੱਕ ਭਾਰਤੀ ਫ਼ਿਲਮ ਇਸ ਵਰਗ ਵਿੱਚ ਭੇਜੀ ਜਾਂਦੀ ਹੈ। ਲੇਕਿਨ ਅਜੇ ਤੱਕ ਸਿਰਫ਼ ‘ਮਦਰ ਇੰਡੀਆ’ (1957), ‘ਸਲਾਮ ਬੰਬੇ’ (1988) ਅਤੇ ‘ਲਗਾਨ’ (2001) ਨਾਮਾਂਕਣ ਤੱਕ ਪਹੁੰਚ ਸਕੀਆਂ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












