ਕੰਗਨਾ ਰਣੌਤ ਨੇ ਪਹਿਲਾਂ ਕਿਹਾ, ਖੇਤੀ ਕਾਨੂੰਨ ਵਾਪਸ ਲਿਆਓ, ਹੁਣ ਬਿਆਨ ਤੋਂ ਪਲਟੇ, ਕੀ ਤਰਕ ਦਿੱਤਾ

ਤਸਵੀਰ ਸਰੋਤ, ANI
ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਖੁਦ ਪਾਰਟੀ ਨੇ ਉਸ ਬਿਆਨ ਤੋਂ ਕਿਨਾਰਾ ਕਰ ਲਿਆ।
ਕੰਗਨਾ ਰਣੌਤ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਹੈ ਤਕਰੀਬਨ ਇੱਕ ਸਾਲ ਲੰਬੇ ਚੱਲੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।
ਰਣੌਤ ਨੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪ ਇਨ੍ਹਾਂ ਕਨੂੰਨਾਂ ਨੂੰ ਵਾਪਿਸ ਲਿਆਉਣ ਦੀ ਮੰਗ ਕਰਨੀ ਚਾਹੀਦੀ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾ ਆਏ ਇਸ ਬਿਆਨ ਤੋਂ ਭਾਰਤੀ ਜਨਤਾ ਪਾਰਟੀ ਨੇ ਦੂਰੀ ਬਣਾ ਲਈ ਹੈ।
ਪਾਰਟੀ ਦਾ ਕਹਿਣਾ ਹੈ ਕਿ ਇਹ ਟਿੱਪਣੀ ਕੰਗਨਾ ਰਣੌਤ ਦਾ "ਨਿੱਜੀ ਬਿਆਨ" ਹੈ ਅਤੇ ਇਹ ਪਾਰਟੀ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦਾ ਹੈ। ਹੁਣ ਕੰਗਨਾ ਨੇ ਵੀ ਆਪਣੇ ਇਸ ਬਿਆਨ ਨੂੰ ਪਹਿਲਾਂ ਨਿੱਜੀ ਦੱਸਿਆ ਤੇ ਫਿਰ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਬਾਰੇ ਪਾਰਟੀ ਦੇ ਸਟੈਂਡ ਨਾਲ ਖੜ੍ਹੇ ਹਨ।

ਕੀ ਹੈ ਪੂਰਾ ਵਿਵਾਦ ?
ਇਹ ਵਿਵਾਦ ਮੰਗਲਵਾਰ ਨੂੰ ਸ਼ੁਰੂ ਹੋਇਆ ਸੀ, ਜਦੋਂ ਮੀਡੀਆ ਨਾਲ ਇੰਟਰਵਿਊ ਦੌਰਾਨ ਰਣੌਤ ਨੇ ਕਿਹਾ, "ਕਿਸਾਨਾਂ ਦੇ ਜੋ ਕਨੂੰਨ ਰੱਦ ਕਰ ਦਿੱਤੇ ਗਏ ਸੀ, ਉਹ ਦੁਬਾਰਾ ਲਾਗੂ ਹੋਣੇ ਚਾਹੀਦੇ ਹਨ।"
"ਮੈਂ ਜਾਣਦੀ ਹਾਂ ਕਿ ਇਹ ਬਿਆਨ ਵਿਵਾਦਪੂਰਨ ਹੋ ਸਕਦਾ ਹੈ, ਪਰ ਕਿਸਾਨ ਹਿਤੈਸ਼ੀ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਦੇਸ਼ ਦੇ ਕਿਸਾਨ ਆਪਣੀ ਭਲਾਈ ਲਈ ਇਹ ਕਨੂੰਨ ਵਾਪਸ ਮੰਗਣ।"
ਉਨ੍ਹਾਂ ਨੇ ਦਲੀਲ ਦਿੱਤੀ ਕਿ ਇਹ ਤਿੰਨੇ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਸਨ ਪਰ ਕੁਝ ਸੂਬਿਆਂ ਵਿੱਚ ਕਿਸਾਨ ਸਮੂਹਾਂ ਦੇ ਵਿਰੋਧ ਦੇ ਮੱਦੇਨਜ਼ਰ ਕੇਂਦਰ ਨੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਸੀ।
ਹੁਣ ਕੰਗਨਾ ਨੇ ਸ਼ਬਦ ਲਏ ਵਾਪਸ
ਕੰਗਨਾ ਰਣੌਤ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ, "ਮੀਡੀਆ ਨੇ ਮੈਨੂੰ ਕਿਸਾਨੀ ਕਾਨੂੰਨਾਂ 'ਤੇ ਸਵਾਲ ਕੀਤੇ ਅਤੇ ਮੈਂ ਇਹ ਸੁਝਾਅ ਦਿੱਤਾ ਕਿ ਇਹ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਮੇਰੀ ਗੱਲ ਤੋਂ ਬਹੁਰ ਸਾਰੇ ਲੋਕ ਨਾਰਾਜ਼ ਹਨ।”
“ਜਦ ਇਨਾਂ ਕਾਨੂੰਨਾਂ ਦਾ ਪ੍ਰਸਤਾਵ ਦਿੱਤਾ ਗਿਆ ਸੀ ਤਾਂ ਸਾਡੇ ਵਿੱਚੋਂ ਬਹੁਤ ਲੋਕਾਂ ਨੇ ਸਮਰਥਨ ਕੀਤਾ ਸੀ। ਪਰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਾਨੂੰਨ ਵਾਪਸ ਲਏ।”
“ਮੈਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਮੈਂ ਹੁਣ ਇੱਕ ਕਲਾਕਾਰ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੀ ਵਰਕਰ ਹਾਂ ਅਤੇ ਮੇਰੇ ਵਿਚਾਰ ਆਪਣੇ ਨਹੀਂ ਹੋਣੇ ਚਾਹੀਦੇ ਉਹ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਜੇਕਰ ਮੈਂ ਆਪਣੇ ਸ਼ਬਦਾਂ ਨਾਲ ਅਤੇ ਸੋਚ ਨਾਲ ਕਿਸੇ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਨੂੰ ਖੇਦ ਰਹੇਗਾ। ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ।"
ਵਿਰੋਧੀ ਧਿਰ ਨੇ ਘੇਰੀ ਭਾਜਪਾ
ਕੰਗਨਾ ਦੀ ਟਿੱਪਣੀ ਤੋਂ ਤੁਰੰਤ ਬਾਅਦ ਵਿਰੋਧੀ ਧਿਰ ਨੇ ਭਾਜਪਾ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਐਕਸ 'ਤੇ ਕੰਗਨਾ ਦਾ ਵੀਡੀਓ ਸਾਂਝਾ ਕਰਦੇ ਹੋਏ, ਕਾਂਗਰਸ ਨੇ ਕਿਹਾ, "ਕਿਸਾਨਾਂ 'ਤੇ ਥੋਪੇ ਗਏ 3 ਕਾਲੇ ਕਾਨੂੰਨ ਵਾਪਸ ਲਿਆਏ ਜਾਣ ਦੀ ਗੱਲ ਭਾਜਪਾ ਦੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਹੀ ਹੈ। ਦੇਸ਼ ਦੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ, ਫਿਰ ਜਾ ਕੇ ਮੋਦੀ ਸਰਕਾਰ ਜਾਗੀ ਅਤੇ ਇਹ ਕਾਲੇ ਕਾਨੂੰਨ ਵਾਪਸ ਲਏ ਗਏ।"
"ਹੁਣ ਭਾਜਪਾ ਦੇ ਸੰਸਦ ਮੈਂਬਰ ਫਿਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਯੋਜਨਾ ਬਣਾ ਰਹੇ ਹਨ। ਕਾਂਗਰਸ ਕਿਸਾਨਾਂ ਦੇ ਨਾਲ ਹੈ। ਇਨ੍ਹਾਂ ਕਾਲੇ ਕਾਨੂੰਨਾਂ ਦੀ ਵਾਪਸੀ ਕਦੇ ਨਹੀਂ ਹੋਵੇਗੀ, ਭਾਵੇਂ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਕਿੰਨੀ ਵੀ ਕੋਸ਼ਿਸ਼ ਕਰਨ।"

ਤਸਵੀਰ ਸਰੋਤ, X/INCIndia
ਇਸ ਬਿਆਨ ਦਾ ਵਿਰੋਧ ਦਰਜ਼ ਕਰਦਿਆਂ ਆਮ ਆਦਮੀ ਪਾਰਟੀ ਨੇ ਵੀ ਐਕਸ 'ਤੇ ਕੰਗਨਾ ਦਾ ਵੀਡੀਓ ਸਾਂਝਾ ਕਰਦੇ ਹੋਏ ਭਾਜਪਾ ’ਤੇ ਸਵਾਲ ਖੜ੍ਹੇ ਕੀਤੇ।
ਆਮ ਆਦਮੀ ਪਾਰਟੀ ਨੇ ਲਿਖਿਆ, "ਭਾਜਪਾ ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਖੇਤੀ ਕਾਨੂੰਨਾਂ ਦੀ ਆੜ ਵਿੱਚ ਹੋਰ ਕਿੰਨੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ?”
"ਸੰਸਦ ਮੈਂਬਰ ਕੰਗਨਾ ਰਣੌਤ ਦਾ ਇਹ ਬਿਆਨ ਭਾਜਪਾ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ, ਕੀ ਭਾਜਪਾ ਚਾਹੁੰਦੀ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ, ਤਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ ਹੜੱਪੀਆਂ ਜਾ ਸਕਣ ਅਤੇ ਸਰਕਾਰ ਨੂੰ ਮੁੜ ਉਨ੍ਹਾਂ 'ਤੇ ਗੋਲੀਆਂ, ਅੱਥਰੂ ਗੈਸ ਅਤੇ ਲਾਠੀਆਂ ਦੀ ਵਰਤੋਂ ਦਾ ਮੌਕਾ ਮਿਲ ਸਕੇ?"
ਪਾਰਟੀ ਵੱਲੋਂ ਕੀਤੀ ਗਈ ਪੋਸਟ 'ਚ ਅੱਗੇ ਕਿਹਾ ਕਿ "ਭਾਜਪਾ ਦੀ ਅਜਿਹੀ ਕਿਸਾਨ ਵਿਰੋਧੀ ਮਾਨਸਿਕਤਾ ਦਾ ਜਵਾਬ ਹਰਿਆਣਾ ਦੇ ਲੋਕ 5 ਅਕਤੂਬਰ ਨੂੰ ਦੇਣਗੇ।"

ਤਸਵੀਰ ਸਰੋਤ, X/AamAadmiParty
ਕੰਗਨਾ ਦੇ ਬਿਆਨ 'ਤੇ ਭੜਕੇ ਕਿਸਾਨ ਆਗੂ
ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਰੱਦ ਕੀਤੇ ਗਏ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੇ ਬਿਆਨ ਨੂੰ ਲੈ ਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਭਾਜਪਾ ’ਤੇ ਹਮਲਾ ਬੋਲਿਆ।
ਉਨ੍ਹਾਂ ਨੇ ਨਿਊਜ਼ ਏਜੇਂਸੀ ਪੀਟੀਆਈ ਨਾਲ ਗੱਲ ਕਰਦੇ ਕਿਹਾ, "ਹੁਣ ਅਦਾਕਾਰਾ ਵੱਲੋਂ ਦਿੱਤੇ ਗਏ ਬਿਆਨ ਤੋਂ ਭਾਜਪਾ ਦੇ ਹੋਰ ਨੇਤਾ ਕਿਨਾਰਾ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਅਸੀਂ ਇਸ ਟਿੱਪਣੀ ਨਾਲ ਸਹਿਮਤ ਨਹੀਂ ਹਾਂ। ਪਰ ਜਿਵੇਂ ਸਾਡੇ ਵਲੋਂ ਪਹਿਲਾ ਵੀ ਕਿਹਾ ਗਿਆ ਹੈ ਕਿ ਜੇਕਰ ਬੀਜੇਪੀ ਦਾ ਸੰਸਦ ਮੈਂਬਰ ਅਜਿਹੇ ਬਿਆਨ ਦਿੰਦਾ ਹੈ ਤਾਂ ਪਾਰਟੀ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।"
ਪੰਧੇਰ ਨੇ ਅੱਗੇ ਕਿਹਾ, "ਮੇਰੀ ਭੈਣ ਕੰਗਨਾ ਜਿਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ, ਮੈਨੂੰ ਲੱਗਦਾ ਕਿ ਉਨ੍ਹਾਂ ਨੂੰ ਕੋਈ ਮਾਨਸਿਕ ਸਮੱਸਿਆ ਹੈ। ਉਹ ਪਹਿਲਾ ਵੀ ਮੁੱਦੇ ਤੋਂ ਭਟਕਾਉਣ ਵਾਲੇ ਅਤੇ ਕਿਸਾਨ-ਮਜਦੂਰਾਂ ਨੂੰ ਭੜਕਾਉਣ ਵਾਲੇ ਬਿਆਨ ਦਿੰਦੀ ਰਹੀ ਹੈ। ਭਾਜਪਾ ਸਰਕਾਰ ਗਿਣ ਮਿਥ ਕੇ ਇਹ ਸਭ ਕਰ ਰਹੀ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।"
ਭਾਜਪਾ ਨੇ ਬਿਆਨ ਤੋਂ ਕੀਤਾ ਕਿਨਾਰਾ
ਸੰਸਦ ਮੇਂਬਰ ਕੰਗਨਾ ਰਣੌਤ ਦੀ ਟਿੱਪਣੀ ਤੋਂ ਬਾਅਦ ਭੱਖੇ ਵਿਵਾਦ ਦੇ ਮੱਦੇਨਜ਼ਰ ਭਾਜਪਾ ਨੇ ਮੰਗਲਵਾਰ ਰਾਤ ਨੂੰ ਇਨ੍ਹਾਂ ਬਿਆਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਕਿਹਾ ਕਿ ਕੰਗਨਾ ਰਣੌਤ ਪਾਰਟੀ ਦੀ ਵੱਲੋਂ ਅਜਿਹੇ ਬਿਆਨ ਦੇਣ ਲਈ "ਅਧਿਕਾਰਤ ਨਹੀਂ" ਹੈ।
ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਹ ਟਿੱਪਣੀ ਕੰਗਨਾ ਰਣੌਤ ਦਾ "ਨਿੱਜੀ ਬਿਆਨ" ਹੈ ਅਤੇ ਇਨ੍ਹਾਂ ਕਾਨੂੰਨਾਂ 'ਤੇ ਪਾਰਟੀ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦਾ।
ਗੌਰਵ ਭਾਟੀਆ ਨੇ ਕਿਹਾ "ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ, ਕੇਂਦਰ ਸਰਕਾਰ ਦੁਆਰਾ ਵਾਪਿਸ ਲਏ ਗਏ ਖੇਤੀ ਕਾਨੂੰਨਾਂ 'ਤੇ ਬੀਜੇਪੀ ਸੰਸਦ ਮੈਂਬਰ ਕੰਗਨਾ ਰਣੌਤ ਦਾ ਬਿਆਨ ਵਾਇਰਲ ਹੋ ਰਿਹਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ। ਕੰਗਨਾ ਰਣੌਤ ਭਾਜਪਾ ਦੀ ਤਰਫੋਂ ਅਜਿਹਾ ਬਿਆਨ ਦੇਣ ਲਈ ਅਧਿਕਾਰਤ ਨਹੀਂ ਹਨ ਅਤੇ ਇਹ ਖੇਤੀ ਬਿੱਲਾਂ 'ਤੇ ਭਾਜਪਾ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦਾ। ਅਸੀਂ ਇਸ ਬਿਆਨ ਦਾ ਖੰਡਨ ਕਰਦੇ ਹਾਂ।"

ਤਸਵੀਰ ਸਰੋਤ, X/KanganaTeam
ਭਾਜਪਾ ਬੁਲਾਰੇ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੌਤ ਨੇ ਮੰਨਿਆ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਸੀ।
ਆਪਣੇ ਐਕਸ ਹੈਂਡਲ ’ਤੇ ਗੌਰਵ ਭਾਟੀਆ ਦੀ ਵੀਡੀਓ ਨੂੰ ਸਾਂਝੀ ਕਰਦੇ ਕੰਗਨਾ ਰਣੌਤ ਨੇ ਲਿਖਿਆ “ਬਿਲਕੁਲ, ਕਿਸਾਨ ਕਾਨੂੰਨਾਂ ਬਾਰੇ ਮੇਰੇ ਵਿਚਾਰ ਨਿੱਜੀ ਹਨ ਅਤੇ ਉਹ ਬਿੱਲਾਂ 'ਤੇ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਹਨ।”
ਕੰਗਨਾ ਰਣੌਤ ਨਾਲ ਸੰਬਧਿਤ ਹਾਲ ਹੀ ਵਿੱਚ ਹੋਏ ਵਿਵਾਦ
ਜ਼ਿਕਰਯੋਗ ਹੈ ਕਿ, ਇਹ ਪਹਿਲੀ ਵਾਰ ਨਹੀਂ ਹੈ, ਭਾਜਪਾ ਨੇ ਕੰਗਨਾ ਰਣੌਤ ਦੀਆਂ ਟਿੱਪਣੀਆਂ ਤੋਂ ਆਪਣੇ ਆਪ ਨੂੰ ਦੂਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪਾਰਟੀ ਦੀ ਤਰਫੋਂ ਅਜਿਹੇ ਬਿਆਨ ਦੇਣ ਲਈ “ਅਧਿਕਾਰਤ ਨਹੀਂ” ਹੈ।
ਪਿਛਲੇ ਮਹੀਨੇ, ਭਾਜਪਾ ਨੇ ਕਿਸਾਨ ਅੰਦੋਲਨ ਬਾਰੇ ਮੰਡੀ ਦੇ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ।
ਅਦਾਕਾਰਾ ਨੇ ਪਿਛਲੇ ਮਹੀਨੇ ਆਪਣੇ ਬਿਆਨ 'ਚ ਦਾਅਵਾ ਕੀਤਾ ਸੀ, “ਕਿਸਾਨ ਵੱਲੋਂ ਕੀਤੇ ਪ੍ਰਦਰਸ਼ਨਾਂ ਨੇ ਭਾਰਤ ਵਿੱਚ "ਬੰਗਲਾਦੇਸ਼ ਵਰਗੀ ਸਥਿਤੀ" ਪੈਦਾ ਕੀਤੀ ਸੀ ਅਤੇ ਪ੍ਰਦਰਸ਼ਨ ਸਥਾਨਾਂ ਤੋਂ ਕਈ ਕਤਲਾਂ ਅਤੇ ਬਲਾਤਕਾਰਾਂ ਦੀ ਰਿਪੋਰਟ ਵੀ ਆਈ ਸੀ।”
ਜਿਸਦੇ ਮਗਰੋਂ ਭਾਜਪਾ ਨੇ ਇੱਕ ਰਿਲੀਜ਼ ਵਿੱਚ ਕਿਹਾ "ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਬੀਜੇਪੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੁਆਰਾ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟ ਕਰਦੀ ਹੈ। ਪਾਰਟੀ ਦੀ ਤਰਫੋਂ ਕੰਗਨਾ ਰਣੌਤ ਨੂੰ ਨਾ ਤਾਂ ਇਜਾਜ਼ਤ ਹੈ ਅਤੇ ਨਾ ਹੀ ਉਹ ਅਧਿਕਾਰਤ ਹਨ ਕਿ ਪਾਰਟੀ ਨੀਤੀਗਤ ਮੁੱਦਿਆਂ 'ਤੇ ਬਿਆਨ ਦੇਣ ਸਕਣ”
ਇਸ ਰਿਲੀਜ਼ ਵਿੱਚ ਪਾਰਟੀ ਨੇ ਅੱਗੇ ਕਿਹਾ "ਭਾਰਤੀ ਜਨਤਾ ਪਾਰਟੀ ਦੀ ਤਰਫੋਂ, ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਰਤੀ ਜਨਤਾ ਪਾਰਟੀ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ' ਅਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ 'ਤੇ ਚੱਲਣ ਲਈ ਵਚਨਬੱਧ ਹੈ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












