ਪ੍ਰੇਮਿਕਾ ਨੂੰ ਮਾਰਕੇ ਫਰੀਜ਼ਰ ਵਿੱਚ ਲਾ ਦਿੱਤਾ ਤੇ ਅਗਲੇ ਦਿਨ ਵਿਆਹ ਹੋਰ ਕੁੜੀ ਨਾਲ ਕਰਵਾ ਲਿਆ

ਕ੍ਰਾਈਮ ਪੁਲਿਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਦੀ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ

ਦਿੱਲੀ ਵਿੱਚ ਇੱਕ ਆਦਮੀ ਵੱਲੋਂ ਆਪਣੀ ਲਿਵ-ਇਨ ਪਾਰਟਨਰ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ।

ਪੁਲਿਸ ਮੁਤਾਬਕ, ਮੁਲਜ਼ਮ ਨੇ ਕਤਲ ਤੋਂ ਬਾਅਦ ਲਾਸ਼ ਨੂੰ ਢਾਬੇ ਦੇ ਫਰਿੱਜ ਵਿੱਚ ਰੱਖਿਆ ਅਤੇ ਉਸੇ ਦਿਨ ਕਿਸੇ ਹੋਰ ਕੁੜੀ ਨਾਲ ਵਿਆਹ ਵੀ ਕਰਵਾਇਆ। ਘਟਨਾ 9-10 ਫ਼ਰਵਰੀ ਦੀ ਰਾਤ ਨੂੰ ਵਾਪਰੀ।

ਦਿੱਲੀ ਦੀ ਕਰਾਈਮ ਬ੍ਰਾਂਚ ਯੂਨਿਟ ਮੁਤਾਬਕ ਮੁਲਜ਼ਮ ਦੀ ਪਛਾਣ 24 ਸਾਲਾ ਸਾਹਿਲ ਗਹਿਲੋਤ ਅਤੇ ਮ੍ਰਿਤਕਾ ਦੀ ਪਛਾਣ ਹਰਿਆਣਾ ਦੇ ਝੱਜਰ ਨਾਲ ਸੰਬੰਧ ਰੱਖਦੀ ਨਿੱਕੀ ਯਾਦਵ ਵਜੋਂ ਹੋਈ ਹੈ।

bbc

ਕੀ ਹੈ ਮਾਮਲਾ

  • ਸਾਹਿਲ ਅਤੇ ਨਿੱਕੀ ਪਿਛਲੇ ਕੁਝ ਸਾਲਾਂ ਤੋਂ ਰਿਸ਼ਤੇ ਵਿੱਚ ਸਨ
  • ਦੋਹੇਂ ਗਰੇਟਰ ਨੋਇਡਾ ਵਿੱਚ ਇੱਕ ਕਿਰਾਏ ਦਾ ਮਕਾਨ ਲੈ ਕੇ ਇਕੱਠੇ ਰਹਿਣ ਲੱਗ ਗਏ।
  • ਦਸੰਬਰ 2022 ਵਿੱਚ, ਸਾਹਿਲ ਦਾ ਇੱਕ ਕੁੜੀ ਨਾਲ ਵਿਆਹ ਪੱਕਾ ਕਰ ਦਿੱਤਾ ਗਿਆ।
  • ਕਿਸੇ ਤਰ੍ਹਾਂ ਨਿੱਕੀ ਨੂੰ ਇਸ ਦਾ ਪਤਾ ਲੱਗ ਗਿਆ
  • ਮੁਲਜ਼ਮ ਨੇ ਕਾਰ ਵਿੱਚ ਰੱਖੀ ਮੋਬਾਈਲ ਫ਼ੋਨ ਦੀ ਡਾਟਾ ਕੇਬਲ (ਤਾਰ) ਨਾਲ ਕਾਰ ਦੇ ਅੰਦਰ ਹੀ ਨਿੱਕੀ ਦਾ ਗਲਾ ਘੋਟ ਦਿੱਤਾ
  • ਮ੍ਰਿਤਕਾ ਦੀ ਪਛਾਣ ਹਰਿਆਣਾ ਦੇ ਝੱਜਰ ਨਾਲ ਸੰਬੰਧ ਰੱਖਦੀ ਨਿੱਕੀ ਯਾਦਵ ਵਜੋਂ ਹੋਈ ਹੈ
bbc

ਪਿਆਰ ਤੋਂ ਕਤਲ ਤੱਕ ਦੀ ਕਹਾਣੀ

ਖ਼ਬਰ ਏਜੰਸੀ ਏਆਨਆਈ ਮੁਤਾਬਕ ਜਾਂਚ ਦੌਰਾਨ ਪਤਾ ਲੱਗਿਆ ਕਿ ਸਾਹਿਲ ਅਤੇ ਨਿੱਕੀ ਪਿਛਲੇ ਕੁਝ ਸਾਲਾਂ ਤੋਂ ਰਿਸ਼ਤੇ ਵਿੱਚ ਸਨ।

ਦੋਵੇਂ ਦਿੱਲੀ ਦੇ ਉੱਤਮ ਨਗਰ ਵਿੱਚ ਆਪੋ-ਆਪਣੇ ਕੋਚਿੰਗ ਸੈਂਟਰਾਂ ਨੂੰ ਜਾਂਦਿਆਂ ਇੱਕ ਦੂਜੇ ਨੂੰ ਮਿਲਦੇ ਸੀ, ਇੱਥੋਂ ਹੀ ਦੋਸਤੀ ਸ਼ੁਰੂ ਹੋਈ ਅਤੇ ਪਿਆਰ ਵਿੱਚ ਬਦਲ ਗਈ।

ਫ਼ਰਵਰੀ 2018 ਵਿੱਚ ਸਾਹਿਲ ਨੇ ਗਰੇਟਰ ਨੋਇਡਾ ਦੇ ਗਲਗੋਟੀਆ ਕਾਲਜ ਵਿੱਚ ਡੀ.ਫਾਰਮਾ ਦੀ ਪੜ੍ਹਾਈ ਵਿੱਚ ਦਾਖ਼ਲਾ ਲੈ ਲਿਆ ਅਤੇ ਨਿੱਕੀ ਨੇ ਵੀ ਉਸੇ ਕਾਲਜ ਵਿੱਚ ਬੀ.ਏ.(ਆਨਰਜ਼) ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ।

ਫਿਰ ਉਹ ਦੋਵੇਂ ਗਰੇਟਰ ਨੋਇਡਾ ਵਿੱਚ ਇੱਕ ਕਿਰਾਏ ਦਾ ਮਕਾਨ ਲੈ ਕੇ ਇਕੱਠੇ ਰਹਿਣ ਲੱਗ ਗਏ।

ਪੁਲਿਸ ਮੁਤਾਬਕ, ਇਸ ਦੌਰਾਨ ਉਨ੍ਹਾਂ ਦਰਮਿਆਨ ਕਾਫ਼ੀ ਨੇੜਤਾ ਵਧ ਗਈ ਅਤੇ ਦੋਵੇਂ ਮਨਾਲੀ, ਰਿਸ਼ੀਕੇਸ਼, ਹਰਿਦੁਆਰ ਅਤੇ ਦੇਹਰਾਦੂਨ ਜਿਹੀਆਂ ਥਾਂਵਾਂ ‘ਤੇ ਇਕੱਠੇ ਘੁੰਮਣ ਵੀ ਗਏ।

ਕਾਰ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਪੁਲਿਸ ਨੇ ਕਾਰ ਵੀ ਬਰਾਮਦ ਕਰ ਲਈ ਹੈ

ਫਿਰ ਕੋਵਿਡ ਮਹਾਂਮਾਰੀ ਕਾਰਨ ਜਦੋਂ ਲੌਕਡਾਊਨ ਲੱਗ ਗਿਆ, ਤਾਂ ਦੋਵੇਂ ਆਪੋ-ਆਪਣੇ ਘਰਾਂ ਨੂੰ ਪਰਤੇ ਅਤੇ ਲੌਕਡਾਊਨ ਖ਼ਤਮ ਹੋਣ ਬਾਅਦ ਫਿਰ ਦਿੱਲੀ ਦੇ ਦਵਾਰਕਾ ਵਿੱਚ ਇਕੱਠੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ।

ਸਾਹਿਲ ਨੇ ਆਪਣੇ ਨਿੱਕੀ ਨਾਲ ਰਿਸ਼ਤੇ ਅਤੇ ਲਿਵ-ਇਨ ਵਿੱਚ ਰਹਿੰਦੇ ਹੋਣ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ। ਉਸ ਦਾ ਪਰਿਵਾਰ ਸਾਹਿਲ ਨੂੰ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ।

ਫਿਰ ਦਸੰਬਰ 2022 ਵਿੱਚ, ਸਾਹਿਲ ਦਾ ਇੱਕ ਕੁੜੀ ਨਾਲ ਵਿਆਹ ਪੱਕਾ ਕਰ ਦਿੱਤਾ ਗਿਆ। ਇਸ ਸਾਲ ਯਾਨੀ 2023 ਦੀ 9 ਫ਼ਰਵਰੀ ਨੂੰ ਮੰਗਣੀ ਅਤੇ 10 ਫ਼ਰਵਰੀ ਨੂੰ ਵਿਆਹ ਹੋਣਾ ਸੀ।

ਸਾਹਿਲ ਨੇ ਆਪਣੇ ਵਿਆਹ ਬਾਰੇ ਨਿੱਕੀ ਨੂੰ ਨਹੀਂ ਦੱਸਿਆ ਸੀ ਪਰ ਕਿਸੇ ਤਰ੍ਹਾਂ ਨਿੱਕੀ ਨੂੰ ਪਤਾ ਲੱਗ ਗਿਆ। ਇਸੇ ਗੱਲੋਂ ਦੋਵਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ।

ਪੁਲਿਸ ਮੁਤਾਬਕ, “ਮੁਲਜ਼ਮ ਨੇ ਕਾਰ ਵਿੱਚ ਰੱਖੀ ਮੋਬਾਈਲ ਫ਼ੋਨ ਦੀ ਡਾਟਾ ਕੇਬਲ (ਤਾਰ) ਨਾਲ ਕਾਰ ਦੇ ਅੰਦਰ ਹੀ ਨਿੱਕੀ ਦਾ ਗਲਾ ਘੁੱਟ ਦਿੱਤਾ। ਦਿੱਲੀ ਦੇ ਮਿਤਰਾਓਂ ਸਥਿਤ ਆਪਣੇ ਢਾਬੇ ਦੇ ਫਰਿੱਜ ਵਿੱਚ ਉਸ ਦੀ ਲਾਸ਼ ਰੱਖ ਦਿੱਤੀ।”

ਫਿਰ ਸਾਹਿਲ ਨੇ ਆਪਣੇ ਪਰਿਵਾਰ ਵੱਲੋਂ ਲੱਭੀ ਕੁੜੀ ਨਾਲ ਵਿਆਹ ਕਰਵਾ ਲਿਆ।

ਨਿੱਕੀ ਦੇ ਪਿਤਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਿੱਕੀ ਦੇ ਪਿਤਾ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ

ਕਤਲ ਬਾਰੇ ਕਿਵੇਂ ਪਤਾ ਲੱਗਿਆ ?

ਪੁਲਿਸ ਮੁਤਾਬਕ 10 ਫ਼ਰਵਰੀ ਨੂੰ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਦੀਆਂ ਟੀਮਾਂ ਨੇ ਕੈਰ ਪਿੰਡ ਤੋਂ ਮੁਲਜ਼ਮ ਸਾਹਿਲ ਨੂੰ ਗ੍ਰਿਫ਼ਤਾਰ ਲਿਆ।

ਪਹਿਲਾਂ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਪੁੱਛਗਿੱਛ ਤੋਂ ਬਾਅਦ ਨਿੱਕੀ ਦੇ ਕਤਲ ਦਾ ਕਬੂਲ ਕੀਤਾ ਅਤੇ ਸਾਰੀ ਕਹਾਣੀ ਦੱਸੀ।

ਪੁਲਿਸ ਮੁਲਜ਼ਮ ਵੱਲੋਂ ਕਬੂਲ ਕੀਤੀ ਇਸ ਕਹਾਣੀ ਨੂੰ ਤਸਦੀਕ ਕਰਨ ਵਿੱਚ ਜੁਟੀ ਹੋਈ ਹੈ।

ਪੁਲਿਸ ਨੇ ਉਹ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ਅੰਦਰ ਸਾਹਿਲ ਨੇ ਕਥਿਤ ਤੌਰ ਤੇ ਨਿੱਕੀ ਦਾ ਕਤਲ ਕੀਤਾ।

ਇਸੇ ਕਾਰ ਨੂੰ ਹੀ ਨਿੱਕੀ ਦੀ ਲਾਸ਼ ਢਾਬੇ ਤੱਕ ਲੈ ਕੇ ਜਾਣ ਲਈ ਵਰਤੇ ਜਾਣ ਦੇ ਇਲਜ਼ਾਮ ਹਨ।

ਉਧਰ ਨਿੱਕੀ ਯਾਦਵ ਦੇ ਪਿਤਾ ਸੁਨੀਲ ਯਾਦਵ ਨੇ ਮੁਲਜ਼ਮ ਲਈ ਮੌਤ ਦੀ ਸਜ਼ਾ ਹੋਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਨਿੱਕੀ ਡੇਢ ਮਹੀਨਾ ਪਹਿਲਾਂ ਘਰ ਆ ਕੇ ਗਈ ਸੀ ਅਤੇ ਹੁਣ ਕੱਲ੍ਹ ਯਾਨੀ ਮੰਗਲਵਾਰ ਨੂੰ ਹੀ ਉਨ੍ਹਾਂ ਨੂੰ ਉਸ ਦੇ ਕਤਲ ਬਾਰੇ ਪਤਾ ਲੱਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)