ਜਗਦੀਪ ਧਨਖੜ ਨੇ ਕਿਹੜੇ ਹਾਲਾਤਾਂ ਵਿੱਚ ਅਸਤੀਫ਼ਾ ਦਿੱਤਾ ਤੇ ਹੁਣ ਅਗਲਾ ਉਪ ਰਾਸ਼ਟਰਪਤੀ ਕੌਣ ਹੋ ਸਕਦਾ ਹੈ

ਤਸਵੀਰ ਸਰੋਤ, Samir Jana/Hindustan Times via Getty Images
ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ। ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਤੇ, ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿਨ ਵੇਲੇ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕੀਤਾ।
ਪਰ 21 ਜੁਲਾਈ ਦੀ ਰਾਤ ਨੂੰ, ਭਾਰਤ ਦੇ ਉਪ ਰਾਸ਼ਟਰਪਤੀ ਦੇ ਅਧਿਕਾਰਤ ਅਕਾਊਂਟ 'ਤੇ ਉਨ੍ਹਾਂ ਦਾ ਅਸਤੀਫਾ ਆ ਗਿਆ।
ਰਾਸ਼ਟਰਪਤੀ ਨੂੰ ਲਿਖੇ ਇਸ ਅਸਤੀਫੇ ਵਿੱਚ, ਜਗਦੀਪ ਧਨਖੜ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ। ਪਰ ਵਿਰੋਧੀ ਧਿਰ ਅਤੇ ਕਈ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਸਿਰਫ਼ ਉਨ੍ਹਾਂ ਦੀ ਸਿਹਤ ਨਹੀਂ ਜਾਪਦੀ।
ਬੀਬੀਸੀ ਹਿੰਦੀ ਦੇ ਹਫਤਾਵਾਰੀ ਪ੍ਰੋਗਰਾਮ, 'ਦਿ ਲੈਂਸ' ਵਿੱਚ ਕਲੈਕਟਿਵ ਨਿਊਜ਼ਰੂਮ ਦੇ ਡਾਇਰੈਕਟਰ ਆਫ਼ ਜਰਨਲਿਜ਼ਮ ਮੁਕੇਸ਼ ਸ਼ਰਮਾ ਨੇ ਜਗਦੀਪ ਧਨਖੜ ਦੇ ਅਸਤੀਫੇ, ਇਸਦੇ ਪਿੱਛਲੇ ਸੰਭਾਵਿਤ ਕਾਰਨ ਤੋਂ ਲੈ ਕੇ ਵਿਰੋਧੀ ਧਿਰ ਦੀ ਪ੍ਰਤੀਕਿਰਿਆ ਅਤੇ ਅਗਲਾ ਉਪ ਰਾਸ਼ਟਰਪਤੀ ਕੌਣ ਹੋ ਸਕਦਾ ਹੈ, ਬਾਰੇ ਚਰਚਾ ਕੀਤੀ।
ਇਸ ਚਰਚਾ ਵਿੱਚ, ਮੁਕੇਸ਼ ਸ਼ਰਮਾ ਦੇ ਨਾਲ ਬੀਬੀਸੀ ਹਿੰਦੀ ਦੇ ਸਾਬਕਾ ਸੰਪਾਦਕ ਸੰਜੀਵ ਸ਼੍ਰੀਵਾਸਤਵ, ਸੀਨੀਅਰ ਪੱਤਰਕਾਰ ਸਬਾ ਨਕਵੀ ਅਤੇ ਦਿ ਹਿੰਦੂ ਦੇ ਸੀਨੀਅਰ ਪੱਤਰਕਾਰ ਸ਼੍ਰੀਪਰਣਾ ਚੱਕਰਵਰਤੀ ਸ਼ਾਮਲ ਹੋਏ।
ਜਗਦੀਪ ਧਨਖੜ ਨੇ ਅਸਤੀਫਾ ਕਿਉਂ ਦਿੱਤਾ?

ਤਸਵੀਰ ਸਰੋਤ, @SansadTV
ਧਨਖੜ ਦੇ ਅਸਤੀਫ਼ੇ 'ਤੇ ਅਟਕਲਾਂ ਇਸ ਲਈ ਵੀ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਅਗਸਤ 2027 ਵਿੱਚ ਸੇਵਾਮੁਕਤ ਹੋਣਗੇ।
ਉਪ ਰਾਸ਼ਟਰਪਤੀ ਸਕੱਤਰੇਤ ਨੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਆਉਣ ਵਾਲੇ ਜੈਪੁਰ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ, ਧਨਖੜ ਨੇ ਆਪਣੇ ਅਸਤੀਫ਼ੇ ਵਾਲੇ ਦਿਨ ਵੀ ਤਿੰਨ ਬੈਠਕਾਂ ਦੀ ਪ੍ਰਧਾਨਗੀ ਕੀਤੀ ਸੀ।
ਉਨ੍ਹਾਂ ਬੈਠਕਾਂ ਵਿੱਚ ਮੌਜੂਦ ਕੁਝ ਸੰਸਦ ਮੈਂਬਰਾਂ ਨੇ ਬਾਅਦ ਵਿੱਚ ਕਿਹਾ ਕਿ ਬੈਠਕਾਂ ਦੀ ਚਰਚਾ ਵਿੱਚ ਕਿਤੇ ਵੀ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਅਸਤੀਫ਼ਾ ਦੇ ਸਕਦੇ ਹਨ।
ਵਿਰੋਧੀ ਧਿਰ ਦੇ ਨਾਲ-ਨਾਲ, ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕ ਵੀ ਧਨਖੜ ਦੇ ਅਸਤੀਫ਼ੇ ਦਾ ਇੱਕੋ-ਇੱਕ ਕਾਰਨ ਸਿਹਤ ਨੂੰ ਨਹੀਂ ਮੰਨ ਰਹੇ ਹਨ।

ਬੀਬੀਸੀ ਦੇ ਸਾਬਕਾ ਸੰਪਾਦਕ ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ ਕਿ ਸਿਹਤ ਕਾਰਨ ਅੰਤਿਮ ਕਾਰਨ ਵਿੱਚੋਂ ਇੱਕ ਹੋਵੇਗਾ, ਪਰ ਅਹਿਮ ਸਵਾਲ ਇਹ ਹੈ ਕਿ ਉਸ ਦਿਨ ਧਨਖੜ ਸਾਰੇ ਕੰਮ ਸੁਚਾਰੂ ਅਤੇ ਵਧੀਆ ਢੰਗ ਨਾਲ ਕਰ ਰਹੇ ਸਨ, ਫਿਰ ਅਚਾਨਕ ਕੀ ਹੋਇਆ?
ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ, "ਜੋ ਕੁਝ ਵੀ ਹੋਇਆ ਹੈ ਉਹ ਸ਼ਾਮ 4 ਵਜੇ ਤੋਂ 8 ਵਜੇ ਦੇ ਵਿਚਕਾਰ ਉਨ੍ਹਾਂ ਚਾਰ ਘੰਟਿਆਂ ਵਿੱਚ ਹੋਇਆ ਹੈ। ਸ਼ਾਮ 4 ਵਜੇ ਉਨ੍ਹਾਂ ਨੇ ਬੀਏਸੀ (ਬਿਜ਼ਨਸ ਐਡਵਾਇਜ਼ਰੀ ਕਮੇਟੀ) ਦੀ ਆਪਣੀ ਦੂਜੀ ਮੀਟਿੰਗ ਰੱਖੀ ਸੀ, ਜਿਸ ਵਿੱਚ ਭਾਜਪਾ ਆਗੂ ਨਹੀਂ ਆਏ। ਜੇਪੀ ਨੱਡਾ, ਕਿਰਨ ਰਿਜੀਜੂ, ਅਰਜੁਨ ਰਾਮ ਮੇਘਵਾਲ ਅਤੇ ਉਸ ਤੋਂ ਬਾਅਦ ਇੱਕਦਮ ਚੀਜ਼ਾਂ ਵਧਦੀਆਂ-ਵਧਦੀਆਂ ਸ਼ਾਮ ਨੂੰ ਅਸਤੀਫ਼ੇ 'ਤੇ ਜਾ ਕੇ ਗੱਲ ਮੁੱਕੀ।"
ਸ਼੍ਰੀਪਰਣਾ ਚੱਕਰਵਰਤੀ ਵੀ ਕਹਿੰਦੇ ਹਨ ਕਿ ਉਨ੍ਹਾਂ ਚਾਰ ਘੰਟਿਆਂ ਵਿੱਚ ਕੁਝ ਤਾਂ ਹੋਇਆ, ਪਰ ਹੁਣ ਇਹ ਸਾਰੀਆਂ ਗੱਲਾਂ ਸੂਤਰਾਂ ਦੇ ਹਵਾਲਿਆਂ ਨਾਲ ਹੀ ਹਨ, ਪਰ ਜ਼ਾਹਿਰ ਹੈ ਕਿ ਸਰਕਾਰ ਅਤੇ ਉਪ ਰਾਸ਼ਟਰਪਤੀ ਵਿਚਕਾਰ ਕੁਝ ਅਸਹਿਮਤੀ ਸੀ।
ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ ਕਿ ਉਨ੍ਹਾਂ ਦੀ ਇਸ ਬਾਰੇ ਧਨਖੜ ਨਾਲ ਗੱਲ ਨਹੀਂ ਹੋਈ ਹੈ, ਪਰ ਜੋ ਜਾਣਕਾਰੀ ਮਿਲ ਰਹੀ ਹੈ, ਉਸ ਦੇ ਮੁਤਾਬਕ ਕੁਝ ਲੋਕ ਕਹਿ ਰਹੇ ਹਨ ਕਿ ਧਨਖੜ ਨੂੰ ਹਟਾਉਣ ਦੀ ਗੱਲ ਹੋ ਰਹੀ ਸੀ।
ਹਾਲਾਂਕਿ, ਸੰਜੀਵ ਸ਼੍ਰੀਵਾਸਤਵ ਇਹ ਵੀ ਕਹਿੰਦੇ ਹਨ, "ਕੋਈ ਵੀ ਸਰਕਾਰ ਆਪਣੇ ਉਪ ਰਾਸ਼ਟਰਪਤੀ ਨੂੰ ਕਿਉਂ ਹਟਾਏਗੀ? ਪਰ ਸ਼ਾਇਦ ਧਨਖੜ ਤੱਕ ਇਹ ਗੱਲ ਪਹੁੰਚੀ ਕਿ ਇਹ ਵੀ ਇੱਕ ਸੰਭਾਵਨਾ ਹੈ, ਜਿਸ 'ਤੇ ਚਰਚਾ ਚੱਲ ਰਹੀ ਹੈ ਅਤੇ ਉਹ ਪਲਾਂਟ ਹੋਈ ਖਬਰ ਸਹੀ ਜਾਂ ਗਲਤ ਸੀ, ਨਹੀਂ ਪਤਾ।"
ਸੰਜੀਵ ਸ਼੍ਰੀਵਾਸਤਵ, ਧਨਖੜ ਨੂੰ ਆਏ ਇੱਕ 'ਫੋਨ' ਦਾ ਜ਼ਿਕਰ ਕਰਦੇ ਹਨ।
ਉਹ ਦੱਸਦੇ ਹਨ, "ਧਨਖੜ ਨੂੰ ਇੱਕ ਬਹੁਤ ਹੀ ਸੀਨੀਅਰ... ਇੱਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਪ੍ਰਤੀਨਿਧੀ ਦਾ ਫ਼ੋਨ ਆਇਆ ਕਿ ਸਰਕਾਰ ਤੁਹਾਡੇ ਨਾਲ ਬਹੁਤ ਨਾਰਾਜ਼ ਹੈ। ਇਸ ਦੇ ਜਵਾਬ ਵਿੱਚ, ਧਨਖੜ ਨੇ ਕਿਹਾ ਕਿ ਨਾਰਾਜ਼ ਹਨ ਤਾਂ ਮੈਂ ਅਸਤੀਫਾ ਦੇ ਦਿੰਦਾ ਹਾਂ ਅਤੇ ਇਸਦੇ ਜਵਾਬ ਵਿੱਚ ਦੂਜੇ ਪਾਸਿਓਂ ਉਨ੍ਹਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।"
ਸਬਾ ਨਕਵੀ ਕਹਿੰਦੇ ਹਨ, "ਧਨਖੜ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਬਣਾਇਆ ਗਿਆ ਸੀ, ਉਸ ਸੂਬੇ ਦਾ ਰਾਜਪਾਲ ਜਿਸ 'ਤੇ ਭਾਜਪਾ ਦੀ ਨਜ਼ਰ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੂਰਾ ਪਰੇਸ਼ਾਨ ਕੀਤਾ। ਫਿਰ ਇਸਦਾ ਇਨਾਮ ਦਿੰਦੇ ਹੋਏ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾ ਦਿੱਤਾ ਗਿਆ। ਜਿੰਨਾ ਚਿਰ ਧਨਖੜ ਭਾਜਪਾ ਲਈ ਕੰਮ ਕਰ ਰਹੇ ਸਨ, ਪਾਰਟੀ ਲਈ ਕੋਈ ਚੁਣੌਤੀ ਨਹੀਂ ਸਨ, ਉਦੋਂ ਤੱਕ ਕੋਈ ਸਮੱਸਿਆ ਨਹੀਂ ਸੀ।"
ਸੰਜੀਵ ਸ਼੍ਰੀਵਾਸਤਵ ਸਵਾਲ ਚੁੱਕਦੇ ਹਨ, "ਜਦੋਂ ਧਨਖੜ ਨੂੰ ਉਨ੍ਹਾਂ ਦੀ ਜਗ੍ਹਾ ਮਿਲੀ, ਤਾਂ ਪਿਛਲੇ ਛੇ-ਅੱਠ ਮਹੀਨਿਆਂ ਵਿੱਚ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੇ ਇਸ ਅਹੁਦੇ ਨੂੰ ਆਪਣੇ ਹੱਥੋਂ ਜਾਣ ਦਿੱਤਾ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਕਦੇ ਅਸਤੀਫਾ ਨਹੀਂ ਦਿੰਦੇ, ਪਰ ਉਨ੍ਹਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਇਸ ਦਾ ਕੋਈ ਬਦਲ ਨਹੀਂ ਹੈ।"
ਕੀ ਕਈ ਮਹੀਨਿਆਂ ਤੋਂ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ?

ਤਸਵੀਰ ਸਰੋਤ, Getty Images
ਸੰਜੀਵ ਸ਼੍ਰੀਵਾਸਤਵ ਅਤੇ ਸ਼੍ਰੀਪਰਣਾ ਚੱਕਰਵਰਤੀ ਦੋਵੇਂ ਮੰਨਦੇ ਹਨ ਕਿ ਸਰਕਾਰ ਅਤੇ ਧਨਖੜ ਵਿਚਕਾਰ ਨਾਰਾਜ਼ਗੀ ਕਈ ਮਹੀਨਿਆਂ ਤੋਂ ਚੱਲ ਰਹੀ ਸੀ।
ਸ਼੍ਰੀਪਰਣਾ ਚੱਕਰਵਰਤੀ ਕਹਿੰਦੇ ਹਨ, "ਮੈਂ ਸੁਣਿਆ ਹੈ ਕਿ ਉਪ ਰਾਸ਼ਟਰਪਤੀ ਹੋਣ ਦੇ ਨਾਤੇ ਧਨਖੜ ਕੁਝ ਵਿਦੇਸ਼ੀ ਪਤਵੰਤਿਆਂ ਨੂੰ ਮਿਲਣਾ ਚਾਹੁੰਦੇ ਸਨ, ਜੋ ਕਿ ਤੁਸੀਂ ਜਾਣਦੇ ਹੋ, ਨਹੀਂ ਹੋ ਸਕਿਆ। ਸਰਕਾਰ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਉਹ ਇਸ ਬਾਰੇ ਬਹੁਤ ਨਾਰਾਜ਼ ਸਨ।''
''ਕਿਸਾਨਾਂ ਦੇ ਮੁੱਦਿਆਂ 'ਤੇ ਵੀ ਉਨ੍ਹਾਂ ਦੇ ਸਖ਼ਤ ਵਿਚਾਰ ਸਨ ਅਤੇ ਅਸੀਂ ਸਾਰਿਆਂ ਨੇ ਉਹ ਕਲਿੱਪ ਦੇਖੀ ਹੈ, ਜਦੋਂ ਉਹ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਕਿਸਾਨਾਂ ਪ੍ਰਤੀ ਸਰਕਾਰ ਦੀਆਂ ਵਚਨਬੱਧਤਾਵਾਂ ਬਾਰੇ ਗੱਲ ਕਰ ਰਹੇ ਸਨ।"
ਇਸ ਤੋਂ ਇਲਾਵਾ, ਧਨਖੜ ਦੇ ਨਿਆਂਪਾਲਿਕਾ ਵਿਰੁੱਧ ਬਿਆਨਾਂ ਨੂੰ ਵੀ ਮੋਦੀ ਸਰਕਾਰ ਨਾਲ ਸਬੰਧਾਂ ਦੇ ਵਿਗੜਨ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਧਨਖੜ ਨਿਆਂਪਾਲਿਕਾ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਸਨ। ਸੰਜੀਵ ਸ਼੍ਰੀਵਾਸਤਵ ਦਾ ਮੰਨਣਾ ਹੈ ਕਿ ਇਹ ਧਨਖੜ ਦੀ ਸਭ ਤੋਂ ਵੱਡੀ ਗਲਤੀ ਰਹੀ।
ਸੰਜੀਵ ਸ਼੍ਰੀਵਾਸਤਵ ਕਹਿੰਦੇ ਹਨ, "ਧਨਖੜ ਵੱਲੋਂ ਨਿਆਂਪਾਲਿਕਾ ਬਾਰੇ ਵਾਰ-ਵਾਰ ਜੋ ਜਨਤਕ ਬਿਆਨ ਦਿੱਤੇ ਗਏ, ਉਹ ਸਮਝ 'ਚ ਆਉਂਦਾ ਹੈ ਕਿਉਂਕਿ ਉਨ੍ਹਾਂ ਦੇ ਜੀਨ ਵਿੱਚ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਅਦਾਲਤਾਂ ਵਿੱਚ ਬਿਤਾਈ, ਉਹ ਇੱਕ ਵਕੀਲ ਰਹੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਆਪਣੀ ਰਾਇ ਪ੍ਰਗਟ ਕਰਨਾ ਸੁਭਾਵਿਕ ਸੀ।"
"ਸਰਕਾਰ ਨੂੰ ਲੱਗਦਾ ਸੀ ਕਿ ਧਨਖੜ ਦੇ ਨਿਆਂਪਾਲਿਕਾ ਵਿਰੁੱਧ ਬੋਲਣ ਨੂੰ ਅਜਿਹਾ ਨਾ ਸਮਝਿਆ ਜਾਵੇ ਕਿ ਉਹ ਸਰਕਾਰ ਦੇ ਇਸ਼ਾਰੇ 'ਤੇ ਨਿਆਂਪਾਲਿਕਾ ਵਿਰੁੱਧ ਬੋਲ ਰਹੇ ਹਨ।''
ਜਸਟਿਸ ਵਰਮਾ 'ਤੇ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣਾ ਪਿਆ ਭਾਰੀ?

ਧਨਖੜ ਦੇ ਅਸਤੀਫ਼ੇ ਦੇ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰਾਜ ਸਭਾ ਵਿੱਚ ਜਸਟਿਸ ਯਸ਼ਵੰਤ ਵਰਮਾ ਦੇ ਮਾਮਲੇ 'ਤੇ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ ਉਨ੍ਹਾਂ ਦੀ ਮਨਜ਼ੂਰੀ ਮਿਲੀ ਸੀ।
ਅਜਿਹਾ ਇਸ ਲਈ, ਕਿਉਂਕਿ ਮੋਦੀ ਸਰਕਾਰ ਜਸਟਿਸ ਯਸ਼ਵੰਤ ਵਰਮਾ ਦੇ ਮੁੱਦੇ ਨੂੰ ਆਪਣੇ ਢੰਗ ਨਾਲ ਨਜਿੱਠਣਾ ਚਾਹੁੰਦੀ ਸੀ।
ਸ਼੍ਰੀਪਰਣਾ ਚੱਕਰਵਰਤੀ ਕਹਿੰਦੇ ਹਨ, "ਜਸਟਿਸ ਵਰਮਾ ਮੁੱਦੇ 'ਤੇ ਸਰਕਾਰ ਇਹ ਦਿਖਾਉਣਾ ਚਾਹੁੰਦੀ ਸੀ ਕਿ ਉਹ ਵਿਰੋਧੀ ਧਿਰ ਨਾਲ ਮਿਲ ਕੇ ਇੱਕ ਸਾਂਝਾ ਪ੍ਰਸਤਾਵ ਲਿਆ ਰਹੀ ਹੈ। ਲੋਕ ਸਭਾ ਵਿੱਚ ਇਸ ਪ੍ਰਸਤਾਵ 'ਤੇ ਐਨਡੀਏ ਅਤੇ ਵਿਰੋਧੀ ਧਿਰ ਦੋਵਾਂ ਦੇ ਦਸਤਖਤ ਸਨ।''
''ਦੂਜੇ ਪਾਸੇ, ਰਾਜ ਸਭਾ ਵਿੱਚ ਜਸਟਿਸ ਵਰਮਾ 'ਤੇ ਜੋ ਪ੍ਰਸਤਾਵ ਲਿਆਂਦਾ ਗਿਆ, ਉਸ ਵਿੱਚ ਸਿਰਫ ਵਿਰੋਧੀ ਧਿਰ ਦੇ ਦਸਤਖਤ ਸਨ ਅਤੇ ਧਨਖੜ ਨੇ ਰਾਜ ਸਭਾ ਵਿੱਚ ਐਲਾਨ ਕੀਤਾ ਕਿ 50 ਦਸਤਖਤ ਚਾਹੀਦੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਵਿਰੋਧੀ ਧਿਰ ਦਾ ਪ੍ਰਸਤਾਵ ਆ ਗਿਆ ਹੈ।"
ਸ਼੍ਰੀਪਰਣਾ ਚੱਕਰਵਰਤੀ ਦਾ ਇਹ ਵੀ ਕਹਿਣਾ ਹੈ ਕਿ ਐਨਡੀਏ ਨੂੰ ਦੱਸਿਆ ਵੀ ਨਹੀਂ ਗਿਆ ਸੀ ਕਿ ਇਹ ਪ੍ਰਸਤਾਵ ਆ ਰਿਹਾ ਹੈ।
ਸੰਜੀਵ ਸ਼੍ਰੀਵਾਸਤਵ ਵੀ ਕਹਿੰਦੇ ਹਨ, "ਉਸ ਦਿਨ ਪਾਣੀ ਸਿਰ ਤੋਂ ਉੱਪਰ ਚਲਾ ਗਿਆ। ਮੈਨੂੰ ਨਹੀਂ ਲੱਗਦਾ ਕਿ ਉਸ ਦਿਨ ਦੁਪਹਿਰ ਤੋਂ ਪਹਿਲਾਂ ਸਰਕਾਰ ਵਿੱਚ ਕਿਸੇ ਨੇ ਸੋਚਿਆ ਹੋਵੇਗਾ ਕਿ ਧਨਖੜ ਨੂੰ ਹਟਾਇਆ ਜਾਵੇਗਾ, ਨਾ ਹੀ ਧਨਖੜ ਨੇ ਸੋਚਿਆ ਹੋਵੇਗਾ ਕਿ ਉਹ ਅਸਤੀਫਾ ਦੇਣਗੇ। ਬਸ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਪਾਣੀ ਉਸ ਦਿਨ ਖ਼ਤਰੇ ਦੇ ਪੱਧਰ ਤੋਂ ਉੱਪਰ ਚਲਾ ਗਿਆ ਅਤੇ ਹੜ੍ਹ ਆ ਗਿਆ।"
ਵਿਰੋਧੀ ਧਿਰ ਨੂੰ ਵੀ ਅੰਦਾਜ਼ਾ ਨਹੀਂ ਸੀ?

ਤਸਵੀਰ ਸਰੋਤ, Getty Images
ਧਨਖੜ ਦੇ ਅਸਤੀਫ਼ੇ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਜੋ ਬਿਆਨ ਸਾਹਮਣੇ ਆਏ, ਉਨ੍ਹਾਂ ਨਾਲ ਲੱਗਦਾ ਹੈ ਕਿ ਵਿਰੋਧੀ ਧਿਰ ਨੂੰ ਵੀ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਸੀ।
ਦਸੰਬਰ 2024 ਵਿੱਚ, ਵਿਰੋਧੀ ਧਿਰ ਧਨਖੜ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਇਆ ਸੀ। ਕਈ ਵਿਰੋਧੀ ਆਗੂਆਂ ਨੇ ਧਨਖੜ ਦੇ ਅਚਾਨਕ ਅਸਤੀਫ਼ੇ 'ਤੇ ਸਵਾਲ ਚੁੱਕੇ ਹਨ।
ਸਬਾ ਨਕਵੀ ਕਹਿੰਦੇ ਹਨ ਕਿ ਧਨਖੜ ਨੇ ਰਾਜ ਸਭਾ ਵਿੱਚ ਬਹੁਤ ਵਾਰ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਅਤੇ ਹੁਣ ਵਿਰੋਧੀ ਧਿਰ ਧਨਖੜ ਲਈ ਆਵਾਜ਼ ਚੁੱਕ ਰਹੀ ਹੈ।
ਹਾਲਾਂਕਿ, ਉਹ ਵਿਰੋਧੀ ਧਿਰ ਦੇ ਇਸ ਰਵੱਈਏ ਨੂੰ ਜਾਇਜ਼ ਠਹਿਰਾਉਂਦੇ ਹੋਏ ਕਹਿੰਦੇ ਹਨ ਕਿ "ਵਿਰੋਧੀ ਧਿਰ ਸਵਾਲ ਕਿਉਂ ਨਾ ਚੁੱਕੇ ਕਿਉਂਕਿ ਇਹ ਤਰੀਕਾ ਵੀ ਗਲਤ ਹੈ ਕਿ ਤੁਸੀਂ ਖੁਦ ਇੱਕ ਵਿਅਕਤੀ ਨੂੰ ਚੁਣਿਆ ਅਤੇ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਹਟਾ ਦਿੱਤਾ। ਧਨਖੜ ਭਾਜਪਾ ਲਈ ਕੰਮ ਕਰ ਰਹੇ ਸਨ, ਪਰ ਵਿਚਕਾਰ ਉਨ੍ਹਾਂ ਨੇ ਵਿਰੋਧੀ ਧਿਰ ਨਾਲ ਥੋੜ੍ਹਾ ਮੇਲ-ਜੋਲ ਵਧਾ ਦਿੱਤਾ, ਤਾਂ ਭਾਜਪਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ।"
ਅਗਲਾ ਉਪ ਰਾਸ਼ਟਰਪਤੀ ਕੌਣ ਹੋਵੇਗਾ?

ਤਸਵੀਰ ਸਰੋਤ, Getty Images
ਸੰਜੀਵ ਸ਼੍ਰੀਵਾਸਤਵ ਦੇ ਅਨੁਸਾਰ, ਅਗਲਾ ਉਪ ਰਾਸ਼ਟਰਪਤੀ ਕੋਈ ਵੀ ਹੋ ਸਕਦਾ ਹੈ।
ਉਹ ਕਹਿੰਦੇ ਹਨ, "ਵਿਸ਼ਲੇਸ਼ਣ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਜਿਸ ਤਰ੍ਹਾਂ ਇਸ ਸਰਕਾਰ ਵਿੱਚ ਹੁਣ ਤੱਕ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਚੁਣੇ ਗਏ ਹਨ ਜਾਂ ਜਿਸ ਤਰ੍ਹਾਂ ਮੰਤਰੀ ਅਹੁਦੇ ਦਿੱਤੇ ਜਾਂਦੇ ਹਨ। ਜੇਕਰ ਕਿਸੇ ਦਾ ਨਾਮ ਬਹੁਤ ਚਰਚਾ ਵਿੱਚ ਆ ਗਿਆ ਤਾਂ ਉਹ ਪੱਕਾ ਨਹੀਂ ਬਣੇਗਾ।"
"ਇਸ ਸਰਕਾਰ ਦੀ ਕਮਜ਼ੋਰੀ ਜੋ ਮੈਨੂੰ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਮੌਜੂਦਾ ਸਰਕਾਰ ਹਮੇਸ਼ਾ ਸਰਪ੍ਰਾਈਜ਼ ਦੇਣਾ ਚਾਹੁੰਦੀ ਹੈ। ਜੇਕਰ ਉਨ੍ਹਾਂ ਦੇ ਫੈਸਲੇ ਤੋਂ ਸਰਪ੍ਰਾਈਜ਼ ਫੈਕਟਰ ਚਲਾ ਜਾਂਦਾ ਹੈ, ਤਾਂ ਉਨ੍ਹਾਂ ਦਾ ਮਨ ਵੈਸੇ ਹੀ ਖੱਟਾ ਪੈ ਜਾਵੇਗਾ ਅਤੇ ਉਹ ਕੋਈ ਹੋਰ ਫੈਸਲਾ ਲੈ ਲੈਣਗੇ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਦੇ ਨਾਮ ਚੱਲ ਰਹੇ ਹਨ, ਉਨ੍ਹਾਂ ਦੇ ਉਪ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਮੈਨੂੰ ਨਹੀਂ ਦਿਖਾਈ ਦਿੰਦੀ ਕਿਉਂਕਿ ਉਨ੍ਹਾਂ ਦੇ ਨਾਮ ਪਹਿਲਾਂ ਹੀ ਚਰਚਾ ਵਿੱਚ ਆ ਚੁੱਕੇ ਹਨ।"
ਸੰਜੀਵ ਸ਼੍ਰੀਵਾਸਤਵ ਨਿਤੀਸ਼ ਕੁਮਾਰ ਨੂੰ ਵੀ ਉਪ ਰਾਸ਼ਟਰਪਤੀ ਬਣਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹਨ।
ਉਹ ਕਹਿੰਦੇ ਹਨ, "ਬਿਹਾਰ ਚੋਣਾਂ ਤੋਂ ਪਹਿਲਾਂ ਨਿਤੀਸ਼ ਨੂੰ ਹਟਾਉਣਾ ਭਾਜਪਾ ਅਤੇ ਨਿਤੀਸ਼ ਕੁਮਾਰ ਦੋਵਾਂ ਲਈ ਘਾਟੇ ਦਾ ਸੌਦਾ ਸਾਬਤ ਹੋਵੇਗਾ।"
ਸ਼੍ਰੀਪਰਣਾ ਕਹਿੰਦੇ ਹਨ ਕਿ ਵਿਰੋਧੀ ਧਿਰ ਵੀ ਇਸ 'ਤੇ ਆਪਣੀ ਰਣਨੀਤੀ ਬਣਾ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਤੋਂ ਜੋ ਵੀ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਹੋਵੇਗਾ, ਉਸ ਨੂੰ ਪੂਰੇ ਇੰਡੀਆ ਬਲਾਕ ਦਾ ਸਮਰਥਨ ਪ੍ਰਾਪਤ ਹੋਵੇਗਾ।
ਸਬਾ ਨਕਵੀ ਕਹਿੰਦੇ ਹਨ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵਿੱਚ ਇੱਕ ਜਾਂ ਦੋ ਲੋਕ ਹਨ, ਜੋ ਇਹ ਫੈਸਲਾ ਲੈਣਗੇ, ਪਰ ਉਨ੍ਹਾਂ ਮੁਤਾਬਕ ਭਾਜਪਾ ਇਸ ਲਈ ਆਰਐਸਐਸ ਦੀ ਰਾਇ ਵੀ ਲਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












