ਮਾਲਦੀਵ: ਦੁਨੀਆਂ ਦਾ ਸਭ ਤੋਂ ਛੋਟਾ ਮੁਸਲਿਮ ਦੇਸ਼ ਭਾਰਤ ਲਈ ਇਨ੍ਹਾਂ ਚਾਰ ਕਾਰਨਾਂ ਕਰਕੇ ਬਹੁਤ ਅਹਿਮ ਹੈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ

ਤਸਵੀਰ ਸਰੋਤ, @MEA

ਤਸਵੀਰ ਕੈਪਸ਼ਨ, 26 ਜੁਲਾਈ ਨੂੰ ਮਾਲਦੀਵ ਆਪਣਾ 60ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਮਾਲਦੀਵ 1200 ਟਾਪੂਆਂ ਦਾ ਸਮੂਹ ਹੈ। ਭੂਗੋਲਿਕ ਤੌਰ 'ਤੇ, ਮਾਲਦੀਵ ਨੂੰ ਦੁਨੀਆਂ ਦਾ ਸਭ ਤੋਂ ਵੱਧ ਖਿੰਡਿਆ ਹੋਇਆ ਦੇਸ਼ ਕਿਹਾ ਜਾਂਦਾ ਹੈ।

ਇੱਕ ਟਾਪੂ ਤੋਂ ਦੂਜੇ ਟਾਪੂ 'ਤੇ ਜਾਣ ਲਈ ਇੱਥੇ ਇੱਕ ਫੈਰੀ ਦੀ ਵਰਤੋਂ ਕਰਨੀ ਪੈਂਦੀ ਹੈ। ਮਾਲਦੀਵ ਦੀ ਆਬਾਦੀ ਸਿਰਫ਼ 5.21 ਲੱਖ ਹੈ।

ਮਾਲਦੀਵ 1965 ਵਿੱਚ ਬ੍ਰਿਟੇਨ ਤੋਂ ਰਾਜਨੀਤਿਕ ਤੌਰ 'ਤੇ ਸੁਤੰਤਰ ਹੋ ਗਿਆ ਸੀ। ਆਜ਼ਾਦੀ ਤੋਂ ਤਿੰਨ ਸਾਲ ਬਾਅਦ ਮਾਲਦੀਵ ਇੱਕ ਸੰਵਿਧਾਨਕ ਇਸਲਾਮਿਕ ਗਣਰਾਜ ਬਣ ਗਿਆ ਸੀ। ਆਜ਼ਾਦੀ ਤੋਂ ਬਾਅਦ ਤੋਂ ਹੀ ਮਾਲਦੀਵ ਦੀ ਸਿਆਸਤ ਅਤੇ ਲੋਕਾਂ ਦੇ ਜੀਵਨ ਵਿੱਚ ਇਸਲਾਮ ਦਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ।

ਸਾਲ 2008 ਵਿੱਚ, ਮਾਲਦੀਵ ਵਿੱਚ ਇਸਲਾਮ ਰਾਜ ਧਰਮ ਬਣ ਗਿਆ ਸੀ। ਮਾਲਦੀਵ ਦੁਨੀਆਂ ਦਾ ਸਭ ਤੋਂ ਛੋਟਾ ਇਸਲਾਮਿਕ ਦੇਸ਼ ਹੈ।

26 ਜੁਲਾਈ ਨੂੰ ਮਾਲਦੀਵ ਆਪਣਾ 60ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦਾ ਮਾਲਦੀਵ ਦਾ ਤੀਜਾ ਦੌਰਾ ਹੈ।

ਸਾਲ 2023 ਵਿੱਚ ਮੁਹੰਮਦ ਮੁਈਜ਼ੂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਮਾਲਦੀਵ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਆਗੂ ਹਨ। ਮਾਲਦੀਵ ਵਿੱਚ ਮੁਈਜ਼ੂ ਦੇ ਸੱਤਾ ਵਿੱਚ ਆਉਣ ਵਿੱਚ ਭਾਰਤ ਵਿਰੋਧੀ ਮੁਹਿੰਮ ਨੇ ਵੀ ਭੂਮਿਕਾ ਨਿਭਾਈ ਸੀ।

ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਲਦੀਵ ਵਿੱਚ ਮੁਈਜ਼ੂ ਦੇ ਸੱਤਾ ਵਿੱਚ ਆਉਣ ਵਿੱਚ ਭਾਰਤ ਵਿਰੋਧੀ ਮੁਹਿੰਮ ਨੇ ਵੀ ਭੂਮਿਕਾ ਨਿਭਾਈ ਸੀ

ਇਸ ਤੋਂ ਪਹਿਲਾਂ ਦੀ ਮਾਲਦੀਵ ਸਰਕਾਰ 'ਇੰਡੀਆ ਫਸਟ' ਦੀ ਨੀਤੀ 'ਤੇ ਚੱਲ ਰਹੀ ਸੀ ਪਰ ਮੁਈਜ਼ੂ ਨੇ ਇਸ ਨੀਤੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਮੁਈਜ਼ੂ ਨੇ ਚੀਨ ਨਾਲ ਸਬੰਧ ਹੋਰ ਡੂੰਘੇ ਕੀਤੇ ਸਨ।

ਖਬਰ ਏਜੰਸੀ ਰਾਇਟਰਜ਼ ਨੇ ਲਿਖਿਆ ਹੈ ਕਿ ਜਦੋਂ ਭਾਰਤ ਨੇ 7.5 ਅਰਬ ਡਾਲਰ ਦੀ ਅਰਥਵਿਵਸਥਾ ਵਾਲੇ ਮਾਲਦੀਵ ਨੂੰ ਡਿਫਾਲਟ ਹੋਣ ਤੋਂ ਬਚਾਇਆ, ਤਾਂ ਮੁਈਜ਼ੂ ਨੇ ਭਾਰਤ ਪ੍ਰਤੀ ਆਪਣਾ ਰੁਖ਼ ਬਦਲ ਲਿਆ।

ਰਾਸ਼ਟਰਪਤੀ ਬਣਨ ਤੋਂ ਬਾਅਦ ਮੁਈਜ਼ੂ ਨੇ ਪਹਿਲਾਂ ਤੁਰਕੀ, ਯੂਏਈ ਅਤੇ ਚੀਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਮੁਈਜ਼ੂ ਨੇ ਭਾਰਤ ਨਾਲ ਵੀ ਕੁੜੱਤਣ ਦੂਰ ਕਰਨ ਦੀ ਪਹਿਲ ਸ਼ੁਰੂ ਕੀਤੀ।

ਜਦੋਂ ਭਾਰਤ ਬਾਰੇ ਮਾਲਦੀਵ ਸਰਕਾਰ ਵੱਲੋਂ ਬਹੁਤ ਹਮਲਾਵਰ ਬਿਆਨ ਆ ਰਹੇ ਸਨ, ਤਾਂ ਭਾਰਤ ਦੇ ਅਧਿਕਾਰਤ ਬਿਆਨ ਵਿੱਚ ਸਬਰ ਅਤੇ ਸੰਜਮ ਦੇਖਣ ਨੂੰ ਮਿਲਦਾ ਸੀ।

ਅਜਿਹੀ ਸਥਿਤੀ ਵਿੱਚ, ਸਵਾਲ ਉੱਠਦਾ ਹੈ ਕਿ ਭਾਰਤ ਨੇ ਇੱਕ ਛੋਟੇ ਜਿਹੇ ਦੇਸ਼, ਜਿਸਦੀ ਆਰਥਿਕਤਾ ਸਿਰਫ ਸਾਢੇ ਸੱਤ ਅਰਬ ਡਾਲਰ ਹੈ, ਪ੍ਰਤੀ ਇੰਨਾ ਸੰਜਮ ਕਿਉਂ ਦਿਖਾਇਆ?

1. ਮਾਲਦੀਵ ਦੀ ਲੋਕੇਸ਼ਨ

ਮਾਲਦੀਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਲਦੀਵ 1200 ਟਾਪੂਆਂ ਦਾ ਸਮੂਹ ਹੈ। ਭੂਗੋਲਿਕ ਤੌਰ 'ਤੇ, ਮਾਲਦੀਵ ਨੂੰ ਦੁਨੀਆਂ ਦਾ ਸਭ ਤੋਂ ਵੱਧ ਖਿੰਡਿਆ ਹੋਇਆ ਦੇਸ਼ ਕਿਹਾ ਜਾਂਦਾ ਹੈ

ਮਾਲਦੀਵ ਜਿੱਥੇ ਸਥਿਤ ਹੈ, ਉਹੀ ਸਥਿਤੀ ਇਸਨੂੰ ਵਿਸ਼ੇਸ਼ ਬਣਾਉਂਦੀ ਹੈ। ਮਾਲਦੀਵ, ਹਿੰਦ ਮਹਾਸਾਗਰ ਦੇ ਮੁੱਖ ਸਮੁੰਦਰੀ ਮਾਰਗਾਂ ਦੇ ਨੇੜੇ ਸਥਿਤ ਹੈ।

ਹਿੰਦ ਮਹਾਸਾਗਰ ਵਿੱਚ ਇਨ੍ਹਾਂ ਮਾਰਗਾਂ ਰਾਹੀਂ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ। ਇਸੇ ਰਸਤੇ ਰਾਹੀਂ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਊਰਜਾ ਸਪਲਾਈ ਮਿਲਦੀ ਹੈ। ਅਜਿਹੀ ਸਥਿਤੀ ਵਿੱਚ, ਮਾਲਦੀਵ ਨਾਲ ਭਾਰਤ ਦੇ ਵਿਗੜਦੇ ਸਬੰਧਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਚੰਗਾ ਨਹੀਂ ਮੰਨਿਆ ਜਾ ਰਿਹਾ ਹੈ।

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਵੀਨਾ ਸੀਕਰੀ ਕਹਿੰਦੇ ਹਨ ਕਿ ਮਾਲਦੀਵ ਇੱਕ ਮਹੱਤਵਪੂਰਨ ਮੈਰੀਟਾਇਮ ਰੂਮ ਹੈ ਅਤੇ ਵਿਸ਼ਵ ਵਪਾਰ ਵਿੱਚ ਇਸਦੀ ਵਿਸ਼ੇਸ਼ ਭੂਮਿਕਾ ਹੈ।

ਸੀਕਰੀ ਕਹਿੰਦੇ ਹਨ, "ਭਾਰਤ ਦੇ ਆਰਥਿਕ ਅਤੇ ਰਣਨੀਤਕ ਹਿੱਤਾਂ ਲਈ ਇਸ ਰੂਟ ਬਹੁਤ ਮਹੱਤਵਪੂਰਨ ਹੈ। ਖਾਸ ਕਰਕੇ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਊਰਜਾ ਦੀ ਦਰਾਮਦ ਇਸੇ ਰਸਤੇ ਰਾਹੀਂ ਹੁੰਦੀ ਹੈ। ਮਾਲਦੀਵ ਨਾਲ ਸਬੰਧ ਚੰਗੇ ਹੋਣਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦਾ ਹੈ। ਭਾਰਤ ਦੇ ਮੈਰੀਟਾਇਮ ਸਰਵੀਲਾਂਸ ਵਿੱਚ ਮਾਲਦੀਵ ਦਾ ਸਹਿਯੋਗ ਅਹਿਮ ਹੈ।''

ਥਿੰਕ ਟੈਂਕ ਓਆਰਐਫ ਦੇ ਸੀਨੀਅਰ ਫੈਲੋ ਮਨੋਜ ਜੋਸ਼ੀ ਕਹਿੰਦੇ ਹਨ ਕਿ "ਜਿੱਥੇ ਮਾਲਦੀਵ ਸਥਿਤ ਹੈ, ਉੱਥੇ ਮਹੱਤਵਪੂਰਨ ਸਮੁੰਦਰੀ ਲੇਨ ਹਨ। ਇਹ ਲੇਨ ਪਰਸ਼ੀਅਨ ਗਲਫ਼ ਤੋਂ ਪੂਰਬੀ ਏਸ਼ੀਆ ਵੱਲ ਜਾਂਦੇ ਹਨ। ਭਾਰਤ ਵੀ ਵਪਾਰ ਲਈ ਇਸ ਲੇਨ ਦੀ ਵਰਤੋਂ ਕਰਦਾ ਹੈ।"

ਇਹ ਵੀ ਪੜ੍ਹੋ-

2. ਭਾਰਤ ਨਾਲ ਭੂਗੋਲਿਕ ਨੇੜਤਾ

ਮਾਲਦੀਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਲਕਸ਼ਦੀਪ ਤੋਂ ਮਾਲਦੀਵ ਲਗਭਗ 700 ਕਿਲੋਮੀਟਰ ਦੂਰ ਹੈ ਅਤੇ ਭਾਰਤ ਦੀ ਮੁੱਖ ਭੂਮੀ ਤੋਂ 1200 ਕਿਲੋਮੀਟਰ ਦੂਰ ਹੈ

ਮਾਲਦੀਵ ਭਾਰਤ ਦੇ ਬਹੁਤ ਨੇੜੇ ਹੈ। ਭਾਰਤ ਦੇ ਲਕਸ਼ਦੀਪ ਤੋਂ ਮਾਲਦੀਵ ਲਗਭਗ 700 ਕਿਲੋਮੀਟਰ ਦੂਰ ਹੈ ਅਤੇ ਭਾਰਤ ਦੀ ਮੁੱਖ ਭੂਮੀ ਤੋਂ 1200 ਕਿਲੋਮੀਟਰ ਦੂਰ ਹੈ।

ਮਨੋਜ ਜੋਸ਼ੀ ਕਹਿੰਦੇ ਹਨ, "ਜੇਕਰ ਚੀਨ ਮਾਲਦੀਵ ਵਿੱਚ ਇੱਕ ਜਲ ਸੈਨਾ ਬੇਸ ਬਣਾਉਂਦਾ ਹੈ, ਤਾਂ ਇਹ ਭਾਰਤ ਲਈ ਇੱਕ ਸੁਰੱਖਿਆ ਚੁਣੌਤੀ ਪੈਦਾ ਕਰੇਗਾ। ਜੇਕਰ ਚੀਨ ਮਾਲਦੀਵ ਵਿੱਚ ਮਜ਼ਬੂਤ ਹੋ ਜਾਂਦਾ ਹੈ, ਤਾਂ ਯੁੱਧ ਵਰਗੀ ਸਥਿਤੀ ਵਿੱਚ ਭਾਰਤ ਤੱਕ ਪਹੁੰਚਣਾ ਉਸਦੇ ਲਈ ਬਹੁਤ ਆਸਾਨ ਹੋ ਜਾਵੇਗਾ। ਚੀਨ ਦੇ ਮਾਲਦੀਵ ਵਿੱਚ ਬਹੁਤ ਸਾਰੇ ਪ੍ਰੋਜੈਕਟ ਹਨ। ਚੀਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾਲਦੀਵ ਵਿੱਚ ਇੱਕ ਜਲ ਸੈਨਾ ਬੇਸ ਬਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਲਈ ਸੁਚੇਤ ਰਹਿਣਾ ਲਾਜ਼ਮੀ ਹੈ।''

ਮਨੋਜ ਜੋਸ਼ੀ ਕਹਿੰਦੇ ਹਨ, "ਮਾਲਦੀਵ ਅਜੇ ਵੀ ਭਾਰਤ ਲਈ ਇੱਕ ਚੁਣੌਤੀ ਹੈ। ਭਾਵੇਂ ਮਾਲਦੀਵ ਨੇ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ਪਰ ਰਾਸ਼ਟਰਪਤੀ ਮੁਈਜ਼ੂ ਨੇ ਆਰਥਿਕ ਮਜਬੂਰੀ ਕਾਰਨ ਅਜਿਹਾ ਕੀਤਾ ਹੈ। ਮਾਲਦੀਵ ਦਾ ਜਨਮਤ ਅਜੇ ਵੀ ਭਾਰਤ ਦੇ ਖ਼ਿਲਾਫ਼ ਹੈ ਅਤੇ ਮੁਈਜ਼ੂ ਇਸੇ ਗੱਲ ਦਾ ਫਾਇਦਾ ਉਠਾ ਕੇ ਜਿੱਤੇ ਸਨ। ਮੁਈਜ਼ੂ ਨੇ ਮਜਬੂਰੀ ਵਿੱਚ ਭਾਰਤ ਨਾਲ ਸਬੰਧ ਸੁਧਾਰੇ ਹਨ, ਨਾ ਕਿ ਇਸ ਲਈ ਕਿਉਂਕਿ ਉਹ ਅਜਿਹਾ ਕਰਨਾ ਚਾਹੁੰਦੇ ਸਨ।''

3. ਚੀਨ ਦੀ ਵਧਦੀ ਮੌਜੂਦਗੀ

ਮਾਲਦੀਵ

ਮਾਲਦੀਵ ਨੇ ਚੀਨ ਨਾਲ ਇੱਕ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਹਨ। ਮਾਲਦੀਵ ਵੀ ਚੀਨ ਲਈ ਵਿਸ਼ੇਸ ਮਹੱਤਤਾ ਰੱਖਦੀ ਯੋਜਨਾ ਬੈਲਟ ਐਂਡ ਰੋਡ ਦਾ ਖੁੱਲ੍ਹ ਕੇ ਸਮਰਥਨ ਕਰ ਰਿਹਾ ਹੈ ਅਤੇ ਇਸਦਾ ਇੱਕ ਹਿੱਸਾ ਵੀ ਹੈ।

ਹਿੰਦ ਮਹਾਸਾਗਰ ਵਿੱਚ ਚੀਨ ਦੀ ਵਧਦੀ ਮੌਜੂਦਗੀ ਨੂੰ ਰੋਕਣ ਵਿੱਚ ਵੀ ਮਾਲਦੀਵ ਨੂੰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਰਤ ਨੇ ਮਾਲਦੀਵ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਹੈ। ਇਨ੍ਹਾਂ ਵਿੱਚੋਂ, ਗ੍ਰੇਟਰ ਮਾਲੇ ਕਨੈਕਟੀਵਿਟੀ ਪ੍ਰੋਜੈਕਟ ਨੂੰ ਚੀਨ ਦਾ ਮੁਕਾਬਲਾ ਕਰਨ ਦੇ ਰੂਪ 'ਚ ਦੇਖਿਆ ਜਾਂਦਾ ਹੈ।

ਪਿਛਲੇ ਸਾਲ ਮਾਰਚ ਵਿੱਚ ਮਾਲਦੀਵ ਨੇ ਕਿਹਾ ਸੀ ਕਿ ਚੀਨ ਉਸਨੂੰ ਰੱਖਿਆ ਮੋਰਚੇ 'ਤੇ ਮਦਦ ਕਰੇਗਾ। ਉਸ ਵੇਲੇ ਮਾਲਦੀਵ ਦੇ ਰੱਖਿਆ ਮੰਤਰਾਲੇ ਨੇ ਐਕਸ 'ਤੇ ਲਿਖਿਆ ਸੀ, "ਅਸੀਂ ਚੀਨ ਨਾਲ ਜਿਸ ਸਮਝੌਤੇ 'ਤੇ ਦਸਤਖਤ ਕੀਤੇ ਹਨ, ਉਸ ਨਾਲ ਰੱਖਿਆ 'ਚ ਮਦਦ ਮਿਲੇਗੀ। ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਮਜ਼ਬੂਤ ਹੋਣਗੇ।"

ਚੀਨ ਮਾਲਦੀਵ ਵਿੱਚ 20 ਕਰੋੜ ਡਾਲਰ ਦਾ ਚਾਈਨਾ-ਮਾਲਦੀਵ ਫ੍ਰੈਂਡਸ਼ਿਪ ਪੁਲ ਬਣਾ ਰਿਹਾ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਾਲਦੀਵ ਵਿੱਚ ਚੀਨ ਦੀ ਵਧਦੀ ਮੌਜੂਦਗੀ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਹੈ। ਪਿਛਲੇ ਸਾਲ ਜਨਵਰੀ ਵਿੱਚ, ਮੁਈਜ਼ੂ ਨੇ ਚੀਨ ਦਾ ਦੌਰਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਨੇ 20 ਸਮਝੌਤਿਆਂ 'ਤੇ ਦਸਤਖਤ ਕੀਤੇ ਸਨ।

ਇੰਡੀਆ ਨੈਸ਼ਨਲ ਸਿਕਿਓਰਿਟੀ ਐਨੁਅਲ ਰੀਵਿਊ 2018 ਦੇ ਅਨੁਸਾਰ, 27 ਦਸੰਬਰ, 2016 ਨੂੰ ਮਾਲਦੀਵ ਨੇ ਮਾਲੇ ਹਵਾਈ ਅੱਡੇ ਦੇ ਨਾਲ ਲੱਗਦੇ ਇੱਕ ਟਾਪੂ ਨੂੰ ਚੀਨ ਨੂੰ 50 ਸਾਲਾਂ ਲਈ 40 ਲੱਖ ਡਾਲਰ ਵਿੱਚ ਲੀਜ਼ 'ਤੇ ਦੇ ਦਿੱਤਾ ਸੀ। ਫੇਯਧੂ ਫਿਨੋਲਹੂ ਰਾਜਧਾਨੀ ਦੇ ਨੇੜੇ ਇੱਕ ਗੈਰ-ਰਿਹਾਇਸ਼ੀ ਟਾਪੂ ਹੈ ਅਤੇ ਇਸਨੂੰ ਹੀ ਚੀਨ ਨੂੰ ਲੀਜ਼ 'ਤੇ ਦਿੱਤਾ ਗਿਆ ਸੀ। ਹਿੰਦ ਮਹਾਸਾਗਰ ਵਿੱਚ ਚੀਨ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਆਪਣੀ ਮੌਜੂਦਗੀ ਵਧਾ ਰਿਹਾ ਹੈ ਅਤੇ ਇਸਦੇ ਲਈ ਉਹ ਮਾਲਦੀਵ ਵਿੱਚ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ।

ਮਾਲਦੀਵ ਨੇ ਜੁਲਾਈ 2016 ਵਿੱਚ ਇੱਕ ਕਾਨੂੰਨ ਬਣਾਇਆ ਸੀ, ਜਿਸ ਵਿੱਚ ਨਵੇਂ ਪ੍ਰੋਜੈਕਟਾਂ ਨੂੰ ਨਿਲਾਮੀ ਪ੍ਰਕਿਰਿਆ ਤੋਂ ਛੋਟ ਦਿੱਤੀ ਗਈ ਸੀ ਅਤੇ ਇਸਨੂੰ ਚੀਨ ਦੀ ਮਦਦ ਕਰਨ ਵਜੋਂ ਦੇਖਿਆ ਗਿਆ ਸੀ।

ਮਨੋਜ ਜੋਸ਼ੀ ਕਹਿੰਦੇ ਹਨ, "ਅਰਬ ਸਾਗਰ ਵਿੱਚ ਚੀਨ ਫੌਜੀ ਮੌਜੂਦਗੀ ਚਾਹੁੰਦਾ ਹੈ ਤਾਂ ਜੋ ਪਰਸ਼ੀਅਨ ਗਲਫ਼ ਤੋਂ ਆਉਣ ਵਾਲਾ ਤੇਲ ਸੁਰੱਖਿਅਤ ਢੰਗ ਨਾਲ ਆਉਂਦਾ ਰਹੇ। ਦੂਜੇ ਪਾਸੇ, ਭਾਰਤ ਚਾਹੁੰਦਾ ਹੈ ਕਿ ਮਾਲਦੀਵ ਚੀਨ ਲਈ ਇੱਕ ਆਸਾਨ ਟਿਕਾਣਾ ਨਾ ਬਣੇ।"

4. ਰਾਸ਼ਟਰਪਤੀ ਮੁਈਜ਼ੂ ਦਾ ਭਾਰਤ ਪ੍ਰਤੀ ਰਵੱਈਆ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਬਰ ਏਜੰਸੀ ਰਾਇਟਰਜ਼ ਮੁਤਾਬਕ, ਭਾਰਤ ਵੱਲੋਂ ਮਾਲਦੀਵ ਨੂੰ ਡਿਫਾਲਟ ਹੋਣ ਤੋਂ ਬਚਾਉਣ ਮਗਰੋਂ ਮੁਈਜ਼ੂ ਨੇ ਭਾਰਤ ਪ੍ਰਤੀ ਆਪਣਾ ਰੁਖ਼ ਬਦਲ ਲਿਆ

ਮੁਈਜ਼ੂ ਨੇ ਪਿਛਲੇ ਸਾਲ ਮਾਰਚ ਵਿੱਚ ਕਿਹਾ ਸੀ, "10 ਮਈ ਤੋਂ ਬਾਅਦ ਮਾਲਦੀਵ ਵਿੱਚ ਕਿਸੇ ਵੀ ਰੂਪ ਵਿੱਚ ਭਾਰਤੀ ਫੌਜੀਆਂ ਦੀ ਮੌਜੂਦਗੀ ਨਹੀਂ ਹੋਵੇਗੀ। ਭਾਰਤੀ ਫੌਜੀ ਭਾਵੇਂ ਉਹ ਵਰਦੀ ਵਿੱਚ ਹੋਣ ਜਾਂ ਸਿਵਲੀਅਨ ਪਹਿਰਾਵੇ ਵਿੱਚ, ਹੁਣ ਮਾਲਦੀਵ ਵਿੱਚ ਨਹੀਂ ਰਹਿਣਗੇ। ਮੈਂ ਇਹ ਪੂਰੇ ਆਤਮ-ਵਿਸ਼ਵਾਸ ਨਾਲ ਕਹਿ ਰਿਹਾ ਹਾਂ।"

ਮੁਈਜ਼ੂ ਨੇ ਪਿਛਲੇ ਸਾਲ 13 ਜਨਵਰੀ ਨੂੰ ਚੀਨ ਦਾ ਦੌਰਾ ਕੀਤਾ ਸੀ ਅਤੇ ਇਸ ਦੌਰੇ ਤੋਂ ਬਾਅਦ ਭਾਰਤ ਦਾ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ ਸੀ।

ਭਾਰਤ ਦਾ ਨਾਮ ਲਏ ਬਿਨਾਂ ਮੁਈਜ਼ੂ ਨੇ ਕਿਹਾ ਸੀ, "ਮਾਲਦੀਵ ਭਾਵੇਂ ਛੋਟਾ ਦੇਸ਼ ਹੈ ਪਰ ਇਸ ਨਾਲ ਕਿਸੇ ਨੂੰ ਸਾਨੂੰ ਧਮਕਾਉਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ।"

ਇਸ ਦੇ ਜਵਾਬ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਧਮਕੀ ਦੇਣ ਵਾਲਾ ਦੇਸ਼ 4.5 ਅਰਬ ਡਾਲਰ ਦੀ ਮਦਦ ਨਹੀਂ ਕਰਦਾ ਹੈ।

ਥਿੰਕ ਟੈਂਕ ਅਨੰਤਾ ਸੈਂਟਰ ਦੀ ਸੀਈਓ ਇੰਦਰਾਣੀ ਬਾਗਚੀ ਕਹਿੰਦੇ ਹਨ ਕਿ ਮਾਲਦੀਵ ਇਸ ਲਈ ਵੀ ਭਾਰਤ ਲਈ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਉੱਥੇ ਭਾਰਤ ਵਿਰੋਧੀ ਭਾਵਨਾ ਅਜੇ ਵੀ ਹੈ। ਬਾਗਚੀ ਕਹਿੰਦੇ ਹਨ, "ਮਾਲਦੀਵ ਭਾਰਤ ਨੂੰ ਪਿਆਰ ਨਹੀਂ ਕਰੇਗਾ ਪਰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੁਰੱਖਿਆ ਚੁਣੌਤੀ ਨਾ ਬਣੇ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)