You’re viewing a text-only version of this website that uses less data. View the main version of the website including all images and videos.
ਤਣਾਅ ਦੇ ਬਾਵਜੂਦ ਭਾਰਤ ਦੀਆਂ ਚੀਨ ਨਾਲ ਵਪਾਰ ਕਰਨ ਦੀਆਂ ਇਹ ਹਨ ਮਜਬੂਰੀਆਂ
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਬੀਤੇ ਹਫ਼ਤੇ ਦੌਰਾਨ ਭਾਰਤ ਅਤੇ ਚੀਨ ਦੀਆਂ ਸਰਹੱਦਾਂ 'ਤੇ ਇਕ ਵਾਰ ਫਿਰ ਤਣਾਅ ਵਧਿਆ ਹੈ। ਇਸ ਵਾਰ ਲੱਦਾਖ ਦੀ ਬਜਾਏ ਅਰੁਣਾਚਲ ਪ੍ਰਦੇਸ਼ ਦੀਆਂ ਸਰਹੱਦਾਂ ਤਣਾਅ ਦਾ ਕੇਂਦਰ ਵਿੱਚ ਹਨ।
ਇਸ ਦਾ ਕਾਰਨ ਹੈ ਕਿ 9 ਦਸੰਬਰ ਦੀ ਸਵੇਰ ਤਵਾਂਗ ਖੇਤਰ ਦੇ ਯਾਂਗਤਸੇ 'ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ 'ਚ ਕੁਝ ਭਾਰਤੀ ਜਵਾਨ ਜ਼ਖਮੀ ਵੀ ਹੋਏ ਹਨ।
ਇਸ ਤੋਂ ਪਹਿਲਾਂ ਗਲਵਾਨ ਦੀ ਹਿੰਸਕ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ ਪਹੁੰਚ ਗਿਆ ਸੀ।
ਗਲਵਾਨ ਤੋਂ ਪਹਿਲਾਂ ਦੋਵੇਂ ਦੇਸ਼ ਡੋਕਲਾਮ 'ਚ ਕਰੀਬ ਢਾਈ ਮਹੀਨੇ ਤੱਕ ਇਕ-ਦੂਜੇ ਦੇ ਆਹਮੋ-ਸਾਹਮਣੇ ਰਹੇ।
ਪਿਛਲੇ 7 ਸਾਲਾਂ ਵਿੱਚ ਜਿੱਥੇ ਇੱਕ ਪਾਸੇ ਚੀਨ ਅਤੇ ਭਾਰਤ ਦੇ ਵਿੱਚ ਗਤੀਰੋਧ ਵਧਿਆ ਹੈ, ਉੱਥੇ ਦੂਜੇ ਪਾਸੇ ਚੀਨ ਉੱਤੇ ਭਾਰਤ ਦੀ ਨਿਰਭਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ।
ਇਸ ਦੌਰਾਨ ਭਾਰਤ ਨੇ ਚੀਨ ਤੋਂ ਸਾਮਾਨ ਖਰੀਦਣ ਵਿੱਚ ਕਰੀਬ 60 ਫ਼ੀਸਦੀ ਦਾ ਵਾਧਾ ਕੀਤਾ ਹੈ।
ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਸਾਲ 2014 ਵਿੱਚ ਭਾਰਤ ਚੀਨ ਤੋਂ ਸਾਮਾਨ ਖਰੀਦਣ 'ਤੇ 100 ਰੁਪਏ ਖਰਚ ਕਰਦਾ ਸੀ, ਜੋ ਅੱਜ ਵਧ ਕੇ 160 ਰੁਪਏ ਹੋ ਗਿਆ ਹੈ।
ਕੂਟਨੀਤੀ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਦੇਸ਼ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ, ਉਸ 'ਤੇ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ।
ਰੂਸ-ਯੂਕਰੇਨ ਜੰਗ ਤੋਂ ਬਾਅਦ ਹਾਲ ਹੀ ਵਿੱਚ ਪੱਛਮ ਦੇ ਦੇਸ਼ਾਂ ਵੱਲੋਂ ਵੀ ਅਜਿਹੇ ਹੀ ਵਾਅਦੇ ਕੀਤੇ ਗਏ ਹਨ ਕਿ ਉਹ ਰੂਸ 'ਤੇ ਨਿਰਭਰਤਾ ਘਟਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ।
ਪਰ ਕੀ ਕਾਰਨ ਹੈ ਕਿ ਚੀਨ ਨਾਲ ਸਰਹੱਦੀ ਤਣਾਅ ਦੇ ਬਾਵਜੂਦ ਭਾਰਤ ਆਪਣੀ ਨਿਰਭਰਤਾ ਚੀਨ 'ਤੇ ਘੱਟ ਨਹੀਂ ਕਰ ਰਿਹਾ?
ਭਾਰਤ ਚੀਨ ਵਿੱਚੋਂ ਸਭ ਤੋਂ ਵੱਧ ਕਿਹੜੀਆਂ ਚੀਜ਼ਾਂ ਖਰੀਦਦਾ ਹੈ?
ਜੇਕਰ ਭਾਰਤ ਇਸੇ ਰਾਹ 'ਤੇ ਚੱਲਦਾ ਰਿਹਾ ਤਾਂ ਭਵਿੱਖ 'ਚ ਉਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ?
ਚੀਨ ਤੋਂ ਕਿੰਨੀ ਦਰਾਮਦ?
ਭਾਰਤ ਨੇ ਸਾਲ 2021-22 ਵਿੱਚ ਦੁਨੀਆ ਭਰ ਦੇ 216 ਦੇਸ਼ਾਂ ਅਤੇ ਖੇਤਰਾਂ ਤੋਂ ਸਾਮਾਨ ਖਰੀਦਿਆ। ਇਸ ਉਪਰ 61 ਹਜ਼ਾਰ 305 ਕਰੋੜ ਅਮਰੀਕੀ ਡਾਲਰ ਖਰਚ ਕੀਤੇ ਗਏ।
ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਇਸ ਖਰਚੇ ਵਿੱਚੋਂ ਸਭ ਤੋਂ ਵੱਧ ਫ਼ਾਇਦਾ ਚੀਨ ਨੂੰ ਮਿਲਿਆ। ਭਾਰਤ ਦੇ ਕੁੱਲ ਦਰਾਮਦ (ਆਯਾਤ) 'ਚ ਚੀਨ ਦੀ ਹਿੱਸੇਦਾਰੀ 15.42 ਫ਼ੀਸਦੀ ਰਹੀ।
ਸਿਖਰਲੇ 10 ਦੇਸ਼ਾਂ 'ਚ ਚੀਨ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ, ਅਮਰੀਕਾ, ਇਰਾਕ, ਸਾਊਦੀ ਅਰਬ, ਸਵਿਟਜ਼ਰਲੈਂਡ, ਹਾਂਗਕਾਂਗ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਕੋਰੀਆ ਦੇ ਨਾਂ ਸ਼ਾਮਲ ਹਨ।
ਚੀਨ ਅਤੇ ਭਾਰਤ ਦੇ ਆਰਥਿਕ ਸਬੰਧ:
- ਪਿਛਲੇ 7 ਸਾਲਾਂ ਵਿੱਚ ਚੀਨ ਉੱਤੇ ਭਾਰਤ ਦੀ ਨਿਰਭਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ।
- ਭਾਰਤ ਨੇ ਚੀਨ ਤੋਂ ਸਾਮਾਨ ਖਰੀਦਣ ਵਿੱਚ ਕਰੀਬ 60 ਫ਼ੀਸਦੀ ਦਾ ਵਾਧਾ ਕੀਤਾ ਹੈ।
- ਭਾਰਤ ਚੀਨ ਨੂੰ ਕੱਚਾ ਮਾਲ ਵੇਚਦਾ ਹੈ ਅਤੇ ਜ਼ਿਆਦਾਤਰ ਬਣਿਆ-ਬਣਾਇਆ ਸਾਮਾਨ ਖਰੀਦਦਾ ਹੈ।
- ਭਾਰਤ ਨੇ ਚੀਨੀ ਕੰਪਨੀਆਂ ਨੂੰ 5ਜੀ ਟ੍ਰਾਇਲ ਤੋਂ ਬਾਹਰ ਕੀਤਾ ਸੀ ਅਤੇ 200 ਤੋਂ ਵੱਧ ਐਪਸ 'ਤੇ ਪਾਬੰਦੀ ਲਗਾਈ ਸੀ।
ਚੀਨ ਦਾ ਉਹ ਮਾਲ, ਜਿਸ ਦੀ ਸਭ ਤੋਂ ਵੱਧ ਲੋੜ ਹੈ
ਅਰਥ ਸ਼ਾਸਤਰੀ ਸੰਤੋਸ਼ ਮਹਿਰੋਤਰਾ ਚੀਨ 'ਤੇ ਭਾਰਤ ਦੀ ਨਿਰਭਰਤਾ ਪਿੱਛੇ ਉਦਯੋਗਿਕ ਨੀਤੀ ਦੀ ਘਾਟ ਨੂੰ ਵੱਡਾ ਕਾਰਨ ਮੰਨਦੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਪਿਛਲੀ ਸਰਕਾਰ ਨੇ 2011 ਵਿੱਚ ਇੱਕ ਨਵੀਂ ਨਿਰਮਾਣ (ਮੈਨੂਫੈਕਚਰਿੰਗ) ਰਣਨੀਤੀ ਬਣਾਈ ਸੀ, ਉਹ ਇਸ ਨੂੰ ਲਾਗੂ ਨਹੀਂ ਕਰ ਸਕੀ।''
ਸਾਲ 1992 ਤੋਂ 2014 ਤੱਕ ਭਾਰਤ ਦੀ ਜੀਡੀਪੀ ਵਿੱਚ ਨਿਰਮਾਣ ਦਾ ਅਨੁਪਾਤ 17 ਪ੍ਰਤੀਸ਼ਤ ਬਣਿਆ ਰਿਹਾ, ਪਰ 2014 ਤੋਂ ਬਾਅਦ ਇਸ ਵਿੱਚ 2 ਤੋਂ 3 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।
ਸੌਖੇ ਸ਼ਬਦਾਂ ਵਿਚ, ਭਾਰਤ 100 ਰੁਪਏ ਵਿਚ ਇਕੱਲੇ ਚੀਨ ਤੋਂ 15 ਰੁਪਏ ਦਾ ਸਾਮਾਨ ਖਰੀਦਦਾ ਹੈ।
ਸਵਾਲ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਸ ਲਈ ਭਾਰਤ ਚੀਨ ਵੱਲ ਦੇਖਣ ਲਈ ਮਜਬੂਰ ਹੈ।
ਸਾਲ 2021-22 'ਚ ਭਾਰਤ ਨੇ ਚੀਨ ਤੋਂ ਲਗਭਗ 3 ਹਜ਼ਾਰ ਕਰੋੜ ਅਮਰੀਕੀ ਡਾਲਰ ਦਾ ਇਲੈਕਟ੍ਰਾਨਿਕ ਸਾਮਾਨ ਖਰੀਦਿਆ ਹੈ।
ਇਸ ਵਿੱਚ ਬਿਜਲੀ ਦੀ ਮਸ਼ੀਨਰੀ, ਸਾਜ਼ੋ-ਸਾਮਾਨ, ਸਪੇਅਰ ਪਾਰਟਸ, ਸਾਊਂਡ ਰਿਕਾਰਡਰ, ਟੈਲੀਵਿਜ਼ਨ ਅਤੇ ਹੋਰ ਕਈ ਹੋਰ ਚੀਜ਼ਾਂ ਸ਼ਮਲ ਹਨ।
ਟਾਪ ਦੀਆਂ ਦਸ ਚੀਜ਼ਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਇਲੈਕਟ੍ਰਾਨਿਕ ਵਸਤਾਂ ਤੋਂ ਬਾਅਦ ਪਰਮਾਣੂ ਰਿਐਕਟਰ, ਬਾਇਲਰ, ਆਰਗੈਨਿਕ ਕੈਮੀਕਲ, ਪਲਾਸਟਿਕ ਦਾ ਸਾਮਾਨ, ਖਾਦਾਂ, ਵਾਹਨਾਂ ਨਾਲ ਸਬੰਧਤ ਸਮਾਨ, ਰਸਾਇਣਕ ਉਤਪਾਦ, ਲੋਹਾ ਅਤੇ ਸਟੀਲ, ਲੋਹਾ ਅਤੇ ਸਟੀਲ ਦਾ ਸਮਾਨ ਅਤੇ ਐਲੂਮੀਨੀਅਮ ਸ਼ਾਮਲ ਹਨ।
ਭਾਰਤ ਚੀਨ ਨੂੰ ਕੀ ਦਿੰਦਾ ਹੈ?
ਚੀਨ ਤੋਂ ਦਰਾਮਦ ਬਾਰੇ ਸਮਝਾਉਂਦਿਆਂ, ਅਰਥ ਸ਼ਾਸਤਰੀ ਸੰਤੋਸ਼ ਮਹਿਰੋਤਰਾ ਕਹਿੰਦੇ ਹਨ ਕਿ ਭਾਰਤ ਚੀਨ ਨੂੰ ਕੱਚਾ ਮਾਲ ਵੇਚਣ ਦਾ ਕੰਮ ਕਰਦਾ ਹੈ, ਜਦਕਿ ਦਰਾਮਦ ਵਿੱਚ ਭਾਰਤ ਜ਼ਿਆਦਾਤਰ ਬਣਿਆ-ਬਣਾਇਆ ਸਾਮਾਨ ਖਰੀਦਦਾ ਹੈ।
ਉਹ ਕਹਿੰਦੇ ਹਨ, "ਭਾਰਤ ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਤੋਂ ਇਲਾਵਾ ਚੀਨ ਤੋਂ ਕਈ ਤਰ੍ਹਾਂ ਦੇ ਰਸਾਇਣ ਖਰੀਦਦਾ ਹੈ। ਇਹ ਕੈਮੀਕਲ ਭਾਰਤ ਦੀ ਫਾਰਮਾ ਇੰਡਸਟਰੀ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਨਾਲ ਸਾਡੇ ਦੇਸ਼ ਵਿੱਚ ਦਵਾਈਆਂ ਬਣਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਅਸਲੀ ਸਮੱਗਰੀ ਚੀਨ ਤੋਂ ਹੀ ਆਉਂਦੀ ਹੈ।"
ਇਸ ਦੇ ਨਾਲ ਹੀ ਭਾਰਤ ਚੀਨ ਨੂੰ ਕਪਾਹ, ਲੋਹਾ ਅਤੇ ਸਟੀਲ, ਨਕਲੀ ਫੁੱਲ, ਧਾਤੂ, ਸਲੈਗ, ਸੁਆਹ ਅਤੇ ਜੈਵਿਕ ਰਸਾਇਣਾਂ ਨੂੰ ਵੱਡੇ ਪੱਧਰ 'ਤੇ ਵੇਚਦਾ ਹੈ।
ਗਲਵਾਨ ਤੋਂ ਬਾਅਦ ਚੀਨ ਨਾਲ ਵਪਾਰ
ਭਾਰਤ ਅਤੇ ਚੀਨ ਦਰਮਿਆਨ ਸਾਲ 2020 ਵਿੱਚ ਪੂਰਬੀ ਲੱਦਾਖ ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਸੀ।
ਅਪ੍ਰੈਲ 2020 ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਸ਼ੁਰੂ ਹੋਏ ਫੌਜੀ ਗਤੀਰੋਧ ਤੋਂ ਬਾਅਦ, ਭਾਰਤ ਨੇ ਚੀਨ ਨੂੰ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਸਰਹੱਦ 'ਤੇ ਤਣਾਅ ਨਾਲ ਬਾਕੀ ਸਬੰਧ ਆਮ ਵਾਂਗ ਨਹੀਂ ਰਹਿ ਸਕਦੇ।
ਚੀਨ ਤੋਂ ਨਿਵੇਸ਼ ਵਿੱਚ ਕਮੀ ਆਈ ਕਿਉਂਕਿ ਮੋਦੀ ਸਰਕਾਰ ਨੇ ਕਈ ਪਾਬੰਦੀਆਂ ਲਗਾਈਆਂ ਸਨ।
ਭਾਰਤ ਨੇ ਚੀਨੀ ਕੰਪਨੀਆਂ ਨੂੰ 5ਜੀ ਟ੍ਰਾਇਲ ਤੋਂ ਬਾਹਰ ਕੀਤਾ ਅਤੇ 200 ਤੋਂ ਵੱਧ ਐਪਸ 'ਤੇ ਪਾਬੰਦੀ ਲਗਾ ਦਿੱਤੀ।
ਦੂਜੇ ਪਾਸੇ ਜੇਕਰ ਅਸੀਂ ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਗਲਵਾਨ ਤੋਂ ਬਾਅਦ ਵੀ ਚੀਨ ਤੋਂ ਦਰਾਮਦ ਵਧਦਾ ਰਿਹਾ ਹੈ।
ਸਾਲ 2019-20 ਵਿੱਚ, ਭਾਰਤ ਨੇ ਚੀਨ ਨਾਲ ਕੁੱਲ 86 ਬਿਲੀਅਨ ਡਾਲਰ ਦਾ ਵਪਾਰ ਕੀਤਾ ਸੀ, ਜਿਸ ਵਿੱਚ ਲਗਭਗ 65 ਅਰਬ ਡਾਲਰ ਦਾ ਦਰਾਮਦ ਅਤੇ 16 ਅਰਬ ਡਾਲਰ ਦਾ ਬਰਾਮਦ ਸ਼ਾਮਲ ਸੀ।
ਸਾਲ 2021-22 ਵਿਚ ਇਹ ਵਧ ਕੇ 115 ਅਰਬ ਡਾਲਰ ਹੋ ਗਿਆ ਹੈ, ਜਿਸ ਵਿਚ ਦਰਾਮਦ ਲਗਭਗ 94 ਅਰਬ ਡਾਲਰ ਅਤੇ ਬਰਾਮਦ ਲਗਭਗ 21 ਅਰਬ ਡਾਲਰ ਰਿਹਾ।
ਇਸ ਸਾਲ ਅਪ੍ਰੈਲ ਤੋਂ ਅਕਤੂਬਰ ਦੀ ਗੱਲ ਕਰੀਏ ਤਾਂ ਭਾਰਤ ਨੇ ਚੀਨ ਦੇ ਨਾਲ ਕਰੀਬ 69 ਅਰਬ ਡਾਲਰ ਦਾ ਵਪਾਰ ਕੀਤਾ ਹੈ, ਜਿਸ ਵਿੱਚ ਸਿਰਫ 8 ਬਿਲੀਅਨ ਡਾਲਰ ਦਾ ਬਰਾਮਦ ਸ਼ਾਮਲ ਹੈ।
ਜੇਕਰ ਚੀਨ ਨਾਲ ਵਪਾਰ ਘਾਟੇ ਦੀ ਗੱਲ ਕਰੀਏ ਤਾਂ ਸਾਲ 2014-15 'ਚ ਇਹ ਲਗਭਗ 48 ਅਰਬ ਡਾਲਰ ਸੀ, ਜੋ ਸਾਲ 2021-22 'ਚ ਵਧ ਕੇ ਕਰੀਬ 73 ਅਰਬ ਡਾਲਰ ਹੋ ਗਿਆ।
ਚੀਨ ਸਸਤੇ ਮਾਲ ਨੂੰ ਡੰਪ ਕਰਦਾ ਹੈ
ਆਤਮ-ਨਿਰਭਰ ਰਾਸ਼ਟਰ ਨਿਰਮਾਣ ਦੇ ਸੱਦੇ ਤੋਂ ਬਾਅਦ ਵੀ ਭਾਰਤ ਦਾ ਵਪਾਰ ਘਾਟਾ ਚੀਨ ਨਾਲ ਘੱਟ ਨਹੀਂ ਹੋਇਆ ਹੈ।
ਚੀਨ ਵੱਡੇ ਪੱਧਰ 'ਤੇ ਦੁਨੀਆਂ ਵਿੱਚ ਸਾਮਾਨ ਬਰਾਮਦ ਕਰਦਾ ਹੈ।
ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਮੁੱਖ ਅਰਥ ਸ਼ਾਸਤਰੀ ਐਸਪੀ ਸ਼ਰਮਾ ਦਾ ਕਹਿਣਾ ਹੈ ਕਿ ਚੀਨ ਦਾ ਫ਼ਲਸਫਾ ਡੰਪ ਕਰਨਾ ਹੈ। ਜਿਸ ਕਾਰਨ ਨਾ ਸਿਰਫ਼ ਭਾਰਤ ਦਾ ਚੀਨ ਨਾਲ ਵਪਾਰਕ ਘਾਟਾ ਵਧ ਰਿਹਾ ਹੈ ਸਗੋਂ ਉਦਯੋਗ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਉਹ ਕਹਿੰਦੇ ਹਨ, "'ਚੀਨ ਸਸਤਾ ਸਾਮਾਨ ਬਣਾ ਕੇ ਭਾਰਤ ਵਿੱਚ ਡੰਪ ਕਰਦਾ ਹੈ। ਸਰਕਾਰ ਨੂੰ ਚੀਨੀ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਇਸ ਸਮੇਂ ਲੇਵਲ ਪਲੇਇੰਗ ਫ਼ੀਲਡ ਦੀ ਲੋੜ ਹੈ, ਜਿਸ ਲਈ ਐਂਟੀ ਡੰਪਿੰਗ ਡਿਊਟੀ ਨੂੰ ਵੀ ਕੁਝ ਸਮੇਂ ਲਈ ਵਧਾਇਆ ਜਾ ਸਕਦਾ ਹੈ।''
ਐੱਸਪੀ ਸ਼ਰਮਾ ਕਹਿੰਦੇ ਹਨ ਕਿ ਭਾਰਤ 'ਚ ਚੀਨੀ ਖਿਡੌਣਿਆਂ ਦਾ ਵੱਡਾ ਬਾਜ਼ਾਰ ਹੈ, ਅਜਿਹੀ ਸਥਿਤੀ 'ਚ ਭਾਰਤ ਚੀਨ 'ਤੇ ਨਿਰਭਰਤਾ ਘੱਟ ਕਰਨ ਲਈ ਵੱਖ-ਵੱਖ ਯੋਜਨਾਵਾਂ ਲਿਆ ਰਿਹਾ ਹੈ।
ਮੇਕ ਇਨ ਇੰਡੀਆ ਤੋਂ ਬਾਅਦ ਈਜ਼ ਆਫ਼ ਡੂਇੰਗ ਦਾ ਰੁਝਾਨ ਵਧਿਆ ਹੈ, ਸਿੰਗਲ ਵਿੰਡੋ ਸਿਸਟਮ ਨਾਲ ਨਿਰਮਾਣ ਖੇਤਰ ਨੂੰ ਵੀ ਮਜ਼ਬੂਤੀ ਮਿਲੇਗੀ।
ਦੂਜੇ ਪਾਸੇ ਅਰਥ ਸ਼ਾਸਤਰੀ ਸੰਤੋਸ਼ ਮਹਿਰੋਤਰਾ ਨੇ ਮੇਕ ਇਨ ਇੰਡੀਆ 'ਤੇ ਸਵਾਲ ਚੁਕਦਿਆਂ ਕਿਹਾ, 'ਮੇਕ ਇਨ ਇੰਡੀਆ ਨਾਲ ਬਾਜ਼ਾਰ ਖੋਲ੍ਹਣ ਦੀ ਗੱਲ ਹੋ ਰਹੀ ਹੈ, ਪਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਨਿਰਮਾਣ ਖੇਤਰ ਦੀ ਥਾਂ ਐੱਫਡੀਆਈ ਜ਼ਿਆਦਾਤਰ ਸਰਵਿਸ ਸੈਕਟਰ 'ਚ ਆ ਰਿਹਾ ਹੈ।''
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਚੀਨ ਦੇ ਖਿਲਾਫ ਵਪਾਰ ਯੁੱਧ ਛੇੜਿਆ ਸੀ, ਬਾਵਜੂਦ ਇਸ ਦੇ 2021 ਵਿੱਚ ਦੋਵਾਂ ਦੇਸ਼ਾਂ ਦਾ ਦੁਵੱਲਾ ਵਪਾਰ 755.6 ਅਰਬ ਡਾਲਰ ਦਾ ਰਿਹਾ।
ਸਾਲ 2021 'ਚ ਦੋਵਾਂ ਦੇਸ਼ਾਂ ਦੇ ਵਪਾਰ 'ਚ 28.7 ਫ਼ੀਸਦੀ ਦਾ ਵਾਧਾ ਹੋਇਆ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਚੀਨ ਦਾ ਮੁਕਾਬਲਾ ਕਾਰਨਾ ਜਿੰਨਾ ਔਖਾ ਹੈ ਉਸ ਤੋਂ ਜ਼ਿਆਦਾ ਔਖਾ ਹੈ ਘਰੇਲੂ ਬਾਜ਼ਾਰ 'ਚ ਚੀਨੀ ਸਾਮਾਨ ਨਾਲ ਲੜਾਈ।
ਕੇਜਰੀਵਾਲ ਵੱਲੋਂ ਚੀਨ ਦੇ ਮਾਲ ਦਾ ਬਾਈਕਾਟ ਕਰਨ ਦੀ ਅਪੀਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 18 ਦਸੰਬਰ ਨੂੰ ਹੋਈ ਪਾਰਟੀ ਨੈਸ਼ਨਲ ਕੌਂਸਲ ਮੀਟਿੰਗ ਦੌਰਾਨ ਭਾਰਤ ਦੇ ਲੋਕਾਂ ਨੂੰ ਚੀਨ ਦੇ ਮਾਲ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਨੇ ਕਿਹਾ, "ਚੀਨ ਸਾਨੂੰ ਜਿਸ ਤਰ੍ਹਾਂ ਅੱਖਾਂ ਦਿਖਾ ਰਿਹਾ ਹੈ, ਚੀਨ ਜਿਸ ਤਰ੍ਹਾਂ ਸਾਡੇ ਉੱਤੇ ਕਦੇ ਵੀ ਛੋਟੇ-ਵੱਡੇ ਹਮਲੇ ਕਰ ਦਿੰਦਾ ਹਾਂ ਹੈ। ਸਾਡੇ ਦੇਸ਼ ਦੇ ਜਵਾਨ ਸਰਹੱਦ 'ਤੇ ਚੀਨ ਦਾ ਡਟ ਕੇ ਸਾਹਮਣਾ ਕਰ ਰਹੇ ਹਨ, ਕਈ ਜਵਾਨਾਂ ਨੇ ਆਪਣੀ ਜਾਨ ਤੱਕ ਦੇ ਦਿੱਤੀ।"
"ਫਿਰ ਵੀ ਸੁਣਨ ਨੂੰ ਮਿਲਦਾ ਹੈ ਕਿ ਚੀਨ ਨੇ ਇੰਨੇ ਕਿਲੋਮੀਟਰ ਅੰਦਰ ਵੜ੍ਹ ਗਿਆ ਹੈ ਅਤੇ ਕੇਂਦਰ ਸਰਕਾਰ ਕਹਿੰਦੀ ਹੈ ਕਿ 'ਨਹੀਂ, ਨਹੀਂ ਸਭ ਠੀਕ ਹੈ'।"
ਉਨ੍ਹਾਂ ਨੇ ਅੱਗੇ ਕਿਹਾ, "ਪਤਾ ਨਹੀਂ ਸਾਡੀ ਕੇਂਦਰ ਸਰਕਾਰ ਨੂੰ ਕੀ ਹੋ ਗਿਆ, ਉਹ ਚੀਨ ਨੂੰ ਜਵਾਬ ਦੇਣ ਦੀ ਬਜਾਇ ਉਸ ਕੋਲੋਂ ਸਾਮਾਨ ਖਰੀਦ ਰਹੀ ਹੈ।"