ਕਹਾਣੀ ਉਸ ਪਰਿਵਾਰ ਦੀ ਜਿਸ ਦੇ ਫੌਜੀ ਜੀਅ ਦੀ ਖੋਜ 56 ਸਾਲ ਚੱਲੀ, ਆਖਿਰ ਪਰਿਵਾਰ ਨੂੰ ਸਕੂਨ ਮਿਲਿਆ

    • ਲੇਖਕ, ਇਮਰਾਨ ਕੁਰੈਸ਼ੀ ਅਤੇ ਆਸਿਫ਼ ਅਲ
    • ਰੋਲ, ਬੇਂਗਲੂਰੂ ਅਤੇ ਦੇਹਰਾਦੂਨ ਤੋਂ ਬੀਬੀਸੀ ਲਈ

ਹੋ ਸਕਦਾ ਹੈ ਇਹ ਕਹਾਣੀ ਪੜ੍ਹਦਿਆਂ ਤੁਹਾਡੀਆਂ ਅੱਖਾਂ ਸਿੱਲ੍ਹੀਆਂ ਹੋ ਜਾਣ। ਇਹ ਕਹਾਣੀ ਇੱਕ ਦੁਖਾਂਤ ਵਿੱਚੋਂ ਜਨਮ ਲੈਂਦੀ ਹੈ ਅਤੇ ਜਿਸ ਬਾਰੇ 56 ਸਾਲਾਂ ਤੱਕ ਰਹੱਸ ਬਣਿਆ ਰਹਿੰਦਾ ਹੈ। ਲੇਕਿਨ ਜਦੋਂ ਰਹੱਸ ਤੋਂ ਪਰਦਾ ਉੱਠਦਾ ਹੈ ਤਾਂ ਇੰਤਜ਼ਾਰ ਕਰਨ ਵਾਲੇ ਹੀ ਜ਼ਿੰਦਾ ਨਹੀਂ ਬਚਦੇ ਹਨ।

ਇੰਤਜ਼ਾਰ ਤਾਂ ਕਈਆਂ ਨੂੰ ਸੀ ਲੇਕਿਨ ਬਸੰਤੀ ਦੇਵੀ ਨਹੀਂ ਰਹੀ, ਜਿਨ੍ਹਾਂ ਦਾ ਵਿਆਹ ਨਾਰਾਇਣ ਸਿੰਘ ਬਿਸ਼ਟ ਨਾਲ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਇੰਤਜ਼ਾਰ ਦੀ ਘੜੀ ਇੰਨੀ ਲੰਬੀ ਹੋਈ ਕਿ ਪਤੀ ਦੇ ਚਚੇਰੇ ਭਰਾ ਦੇ ਨਾਲ ਜ਼ਿੰਦਗੀ ਗੁਜ਼ਾਰਨੀ ਪਈ।

ਲੇਕਿਨ ਇਸ ਕਹਾਣੀ ਦੀ ਸ਼ੁਰੂਆਤ ਥਾਮਸ ਚੇਰੀਅਨ ਤੋਂ ਹੋਈ। ਇਸ ਪਰਿਵਾਰ ਨੇ 56 ਸਾਲ ਅੱਠ ਮਹੀਨੇ ਲੰਬੀ ਉਡੀਕ ਕੀਤੀ।

ਫ਼ੌਜ ਦੇ ਇੱਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿੱਚ ਮਾਰੇ ਗਏ ਕੇਰਲ ਦੇ ਇੱਕ ਫ਼ੌਜੀ ਦੇ ਭੈਣ-ਭਰਾਵਾਂ ਨੂੰ ਇਤਲਾਹ ਪਹੁੰਚੀ ਕਿ ਉਸਦੀ ਲਾਸ਼ ਮਿਲ ਗਈ ਹੈ ਤਾਂ ਲੱਗਿਆ ਕਿ ਪਰਿਵਾਰ ਨੂੰ ਜ਼ਿੰਦਗੀ ਵਿੱਚ ਸਭ ਕੁਝ ਮਿਲ ਗਿਆ ਹੈ।

ਭਾਰਤੀ ਹਵਾਈ ਫ਼ੌਜ ਦੇ ਇਸ ਸੈਨਿਕ ਦਾ ਨਾਮ ਸੀ ਥਾਮਸ ਚੇਰੀਅਨ। ਚੇਰੀਅਨ ਦੇ ਨਾਲ ਹੀ ਪਾਇਰੀਅਰਸ ਕੋਰ ਦੇ ਸੈਨਿਕ ਮਲਖਾਨ ਸਿੰਘ, ਆਰਮੀ ਮੈਡੀਕਲ ਕੋਰ ਦੇ ਨਾਰਾਇਣ ਸਿੰਘ ਅਤੇ ਹਰਿਆਣਾ ਦੇ ਰਿਵਾੜੀ ਦੇ ਸਿਪਾਹੀ ਮੁੰਸ਼ੀ ਰਾਮ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਸੱਤ ਫਰਵਰੀ 1968 ਨੂੰ ਏਐੱਨ-12-ਬੀਐੱਲ-534 ਜਹਾਜ਼ ਹਿਮਾਚਲ ਦੇ ਰੋਹਤਾਂਗ ਦੱਰੇ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿੱਚ ਇਹ 102 ਸੈਨਿਕ ਸਵਾਰ ਸਨ।

ਕੇਰਲ ਦੇ ਪਥਨਮਥਿੱਟਾ ਵਿੱਚ ਐਲਨਥੂਰ ਦੇ ਔਦਾਲਿਲ ਪਰਿਵਾਰ ਨੇ ਥਾਮਸ ਚੇਰੀਅਨ ਨੂੰ ਹਰ ਸਮੇਂ ਯਾਦ ਰੱਖਿਆ ਸੀ। ਇੱਥੋਂ ਤੱਕ ਕਿ ਪਰਿਵਾਰ ਵਿੱਚ ਕੋਈ ਖੁਸ਼ੀ ਦਾ ਪਲ ਵੀ ਆਉਂਦਾ ਤਾਂ ਇਸਦੇ ਮੈਂਬਰ ਸੋਚਦੇ, “ਕਾਸ਼! ਇਸ ਸਮੇਂ ਥਾਮਸ ਸਾਡੇ ਨਾਲ ਹੁੰਦੇ।”

ਥਾਮਸ ਚੇਰੀਅਨ ਨੂੰ 22 ਸਾਲ ਦੀ ਉਮਰ ਵਿੱਚ ਹੀ ਲੇਹ ਵਿੱਚ ਆਪਣੀ ਪਹਿਲੀ ਫੀਲਡ ਪੋਸਟਿੰਗ ਮਿਲੀ ਸੀ। ਉਹ ਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਜਹਾਜ਼ ਏਐੱਨ-12 ਵਿੱਚ ਸਵਾਰ ਸਨ, ਉਹ ਇੱਕ ਕਰਾਫਟਸਮੈਨ ਸਨ।

ਉਨ੍ਹਾਂ ਦੇ ਨਾਲ ਆਰਮੀ ਮੈਡੀਕਲ ਕੋਰ ਦੇ ਸਿਪਾਹੀ ਨਾਰਾਇਣ ਸਿੰਘ ਸਨ। ਉਹ ਉੱਤਰਾਖੰਡ ਦੇ ਚਮੇਲੀ ਦੇ ਰਹਿਣ ਵਾਲੇ ਸਨ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸਿਪਾਹੀ ਮਲਖਾਨ ਸਿੰਘ ਉਨ੍ਹਾਂ ਦੇ ਨਾਲ ਸਨ। ਹਰਿਆਣਾ ਦੇ ਰਿਵਾੜੀ ਦੇ ਸਿਪਾਹੀ ਮੁੰਸ਼ੀਰਾਮ ਵੀ ਨਾਲ ਸਨ।

ਪਿਛਲੇ ਹਫ਼ਤੇ 56 ਸਾਲ ਬਾਅਦ ਥਾਮਸ ਚੇਰੀਅਨ, ਨਾਰਾਇਣ ਸਿੰਘ, ਮਲਖਾਨ ਸਿੰਘ ਅਤੇ ਮੁੰਸ਼ੀਰਾਮ ਦੇ ਅਵਸ਼ੇਸ਼ ਇੱਕ ਪਰਬਤਾਰੋਹੀ ਦਲ ਦੇ ਅਭਿਆਨ ਦੌਰਾਨ ਮਿਲੇ।

‘ਐਦਾਂ ਲੱਗਿਆ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਮਿਲ ਗਿਆ’

ਸਾਲ 1968 ਵਿੱਚ ਜਹਾਜ਼ ਹਾਦਸਾ ਹੋਇਆ ਤਾਂ ਚੇਰੀਅਨ ਦਾ ਸਾਰਾ ਪਰਿਵਾਰ ਸੋਗ ਵਿੱਚ ਡੁੱਬ ਗਿਆ।

ਸਭ ਤੋਂ ਜ਼ਿਆਦਾ ਉਨ੍ਹਾਂ ਦੇ ਮਾਪੇ— ਓਐੱਮ ਥਾਮਸ ਅਤੇ ਏਲਿਅੱਮਾ ਨੂੰ ਸਦਮਾ ਲੱਗਿਆ। ਉਹ ਪੁੱਤਰ ਨੂੰ ਜ਼ਿੰਦਾ ਦੇਖਣ ਦਾ ਆਸ ਵਿੱਚ ਚਲੇ ਵਸੇ ਸਨ।

ਚੇਰੀਅਨ ਦੇ ਛੋਟੇ ਭਰਾ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਸਾਨੂੰ ਪਤਾ ਲੱਗਿਆ ਕਿ ਭਾਰਤੀ ਫ਼ੌਜ ਨੂੰ ਚੇਰੀਅਨ ਦੀ ਦੇਹ ਮਿਲ ਗਈ ਹੈ ਤਾਂ ਇੱਦਾਂ ਲੱਗਿਆ ਜਿਵੇਂ ਹਰ ਕਿਸੇ ਨੇ ਆਖ਼ਰਕਾਰ ਲੰਬੀ ਸਾਹ ਲਈ ਹੋਵੇ। 56 ਸਾਲ ਦੀ ਘੁਟਨ ਅਚਾਨਕ ਗਾਇਬ ਹੋ ਗਈ। ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਸਾਨੂੰ ਹੁਣ ਜ਼ਿੰਦਗੀ ਵਿੱਚ ਸਭ ਕੁਝ ਮਿਲ ਗਿਆ ਹੈ।”

ਪਿਛਲੇ ਹਫ਼ਤੇ ਭਾਰਤੀ ਫ਼ੌਜ ਦੇ ਡੋਗਰਾ ਸਕਾਊਟਸ ਅਤੇ ਤਿਰੰਗਾ ਮਾਊਂਟੇਨ ਰੈਸਕਿਊ (ਟੀਐੱਮਆਰ) ਦੇ ਮੈਂਬਰਾਂ ਦੀ ਇੱਕ ਸਾਂਝੀ ਟੀਮ ਨੇ ਢਾਕਾ ਗਲੇਸ਼ੀਅਰ ਦੇ ਕੋਲ ਸਮੁੰਦਰੀ ਤਲ ਤੋਂ ਲਗਭਗ 16,000 ਫੁੱਟ ਦੀ ਉਚਾਈ ਉੱਤੇ ਚਾਰ ਸੈਨਿਕਾਂ ਦੀਆਂ ਦੇਹਾਂ ਬਰਾਮਦ ਕੀਤੀਆਂ ਸਨ।

ਚੇਰੀਅਨ ਦੇ ਪਰਿਵਾਰ ਦੀ ਕਹਾਣੀ

ਚੇਰੀਅਨ ਉਸ ਸਮੇਂ ਸਿਰਫ 18 ਸਾਲ ਦੇ ਸਨ, ਜਦੋਂ ਉਹ ਆਪਣੇ ਸਭ ਤੋਂ ਵੱਡੇ ਭਰਾ ਦੀਆਂ ਪੈੜਾਂ ਨੱਪਦੇ ਫ਼ੌਜ ਵਿੱਚ ਭਰਤੀ ਹੋਏ ਸਨ।

ਚੇਰੀਅਨ ਦੇ ਛੋਟੇ ਭਰਾ ਥਾਮਸ ਨੇ ਦੱਸਿਆ, “ਉਹ ਸਾਡੇ ਸਭ ਤੋਂ ਵੱਡੇ ਭਰਾ ਤੋਂ ਕਾਫ਼ੀ ਪ੍ਰਭਾਵਿਤ ਸਨ। ਮੈਂ ਚੇਰੀਅਨ ਤੋਂ ਤਿੰਨ ਸਾਲ ਛੋਟਾ ਸੀ। ਬਚਪਨ ਵਿੱਚ ਅਸੀਂ ਭਾਈ ਤੋਂ ਜ਼ਿਆਦਾ ਦੋਸਤ ਵਾਂਗ ਸੀ। ਅਸੀਂ ਚਾਰ ਭੈਣ-ਭਰਾ ਹਾਂ। ਫ਼ੌਜ ਵਿੱਚ ਭਰਤੀ ਹੋ ਕੇ ਉਹ ਦੋ ਵਾਰ ਘਰ ਆਏ ਸਨ। ਲੇਕਿਨ ਮੈਂ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਮੈਂ ਉਸ ਸਮੇਂ ਹਰਿਦੁਆਰ ਵਿੱਚ ਇੱਕ ਸਰਕਾਰੀ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ।”

ਥਾਮਸ ਦੱਸਦੇ ਹਨ, “ਜਦੋਂ ਜਹਾਜ਼ ਹਾਦਸਾ ਹੋਇਆ ਤਾਂ ਪਿਤਾ ਨੂੰ ਇੱਕ ਤਾਰ ਮਿਲਿਆ। ਪਿਤਾ ਜੀ ਚੇਰੀਅਨ ਬਾਰੇ ਬਹੁਤ ਫਿਕਰਮੰਦ ਸਨ ਕਿਉਂਕਿ ਉਹ ਲਾਪਤਾ ਹੋ ਗਏ ਸੀ। ਜੇ ਇਹ ਪਤਾ ਲੱਗ ਜਾਂਦਾ ਕਿ ਚੇਰੀਅਨ ਹਾਸਦੇ ਵਿੱਚ ਮਾਰੇ ਗਏ ਹਨ ਤਾਂ ਵੱਖਰੀ ਗੱਲ ਹੋਣੀ ਸੀ।”

ਚੇਰੀਅਨ ਦੇ ਭਰਾ ਨੇ ਕਿਹਾ, “ਪੁੱਤ ਦੀ ਆਸ ਦੇਖਦੇ-ਦੇਖਦੇ ਸਾਡੇ ਪਿਤਾ ਦਾ 1990 ਵਿੱਚ ਅਤੇ ਮਾਂ ਦਾ 1998 ਵਿੱਚ ਦੇਹਾਂਤ ਹੋ ਗਿਆ।”

ਸਾਲ 2003 ਵਿੱਚ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਕਿ ਚੇਰੀਅਨ ਦਾ ਨਾਮ ਲਾਪਤਾ ਦੀ ਸੂਚੀ ਵਿੱਚੋਂ ਕੱਢ ਕੇ ਮ੍ਰਿਤਕਾਂ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।

ਅਜਿਹਾ ਇਸ ਲਈ ਹੋਇਆ ਕਿਉਂਕਿ ਇੱਕ ਪਰਬਤਾਰੋਹੀ ਦਲ ਨੂੰ ਇੱਕ ਫ਼ੌਜੀ ਦੀ ਲਾਸ਼ ਮਿਲੀ ਸੀ। ਇਸ ਲਈ ਪਰਿਵਾਰ ਨੂੰ ਕੁਝ ਉਮੀਦ ਬੱਝੀ, ਲੇਕਿਨ ਕੁਝ ਨਹੀਂ ਹੋਇਆ।

ਕਈ ਰਿਪੋਰਟਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ 2003 ਵਿੱਚ ਪਹਿਲੀ ਵਾਰ ਜਿਸ ਫ਼ੌਜੀ ਦੀ ਲਾਸ਼ ਮਿਲੀ ਸੀ ਉਹ ਬੇਲੀ ਰਾਮ ਸੀ, ਇਸ ਨਾਲ ਹੋਰ ਲਾਸ਼ਾਂ ਦੇ ਮਿਲਣ ਦੀ ਉਮੀਦ ਹੋਰ ਵਧ ਗਈ।

ਚਾਰ ਸਾਲ ਬਾਅਦ, ਭਾਰਤੀ ਫ਼ੌਜ ਦੇ ਇੱਕ ਖੋਜੀ ਮਿਸ਼ਨ ਦੇ ਦੌਰਾਨ ਤਿੰਨ ਹੋਰ ਲਾਸ਼ਾਂ ਮਿਲੀਆਂ। ਮਗਰਲੇ ਤਲਾਸ਼ੀ ਅਭਿਆਨਾਂ ਵਿੱਚ ਚਾਰ ਹੋਰ ਲਾਸ਼ਾਂ ਮਿਲੀਆਂ।

ਸਾਲ 2018 ਵਿੱਚ ਇੱਕ ਪਰਬਤਾਰੋਹੀ ਟੀਮ ਨੂੰ ਢਾਕਾ ਗਲੇਸ਼ੀਅਰ ਬੇਸ ਕੈਂਪ ਵਿੱਚ ਇੱਕ ਹੋਰ ਲਾਸ਼ ਮਿਲੀ ਅਤੇ ਫਿਰ ਅਗਲੇ ਸਾਲ ਜਹਾਜ਼ ਦਾ ਮਲਬਾ ਵੀ ਮਿਲ ਗਿਆ।

ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਇਸ ਸੰਭਾਵਨਾ ਨੂੰ ਸ਼ਕਤੀ ਮਿਲੀ ਕਿ ਇਸ ਖੇਤਰ ਵਿੱਚ ਅਜੇ ਹੋਰ ਵੀ ਲਾਸ਼ਾਂ ਮਿਲ ਸਕਦੀਆਂ ਹਨ।

ਚੇਰੀਅਨ, ਨਾਰਾਇਣ ਸਿੰਘ, ਮਲਖਾਨ ਸਿੰਘ ਅਤੇ ਮੁੰਸ਼ੀਰਾਮ ਦੀਆਂ ਲਾਸ਼ਾਂ ਉਸੇ ਗਲੇਸ਼ੀਅਰ ਉੱਤੇ 16,000 ਫੁੱਟ ਦੀ ਉਚਾਈ ਉੱਤੇ ਮਿਲੇ ਸਨ।

ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਫ਼ੌਜ ਅਤੇ ਟੀਐੱਮਆਰ ਟੀਮ ਨੂੰ ਲਾਸ਼ਾਂ ਠੀਕ ਉਸੇ ਥਾਂ ਹੋਣ ਦਾ ਪਹਿਲਾਂ ਸੰਕੇਤ ਕਿਵੇਂ ਮਿਲਿਆ ਸੀ।

ਇਸ ਬਾਰੇ ਫ਼ੌਜ ਵੱਲੋਂ ਜਾਣਕਾਰੀ ਮਿਲਣ ਉੱਤੇ ਇਹ ਕਹਾਣੀ ਅਪਡੇਟ ਕਰ ਦਿੱਤੀ ਜਾਵੇਗੀ।

ਚੇਰੀਅਨ ਦੀ ਦੇਹ ਕਿਵੇਂ ਪਛਾਣੀ ਗਈ?

ਚੇਰੀਅਨ ਦੇ ਭਰਾ ਨੇ ਕਿਹਾ ਕਿ ਇਨ੍ਹਾਂ ਸਾਰੇ ਸਾਲਾਂ ਦੇ ਦੌਰਾਨ ਉਨ੍ਹਾਂ ਦੇ ਭਰਾ (ਚੇਰੀਅਨ ਦੇ ਵੱਡੇ ਭਰਾ) ਨੂੰ ਫ਼ੌਜ ਇਹ ਦੱਸਦੀ ਰਹੀ ਹੈ ਕਿ ਖੋਜ ਅਜੇ ਜਾਰੀ ਹੈ।

ਲਾਸ਼ ਮਿਲਣ ਉੱਤੇ ਇਤਲਾਹ ਦਿੱਤੀ ਜਾਵੇਗੀ। ਫ਼ੌਜ ਨੇ ਆਪਣਾ ਵਾਅਦਾ ਨਿਭਾਇਆ। ਇੰਨੇ ਸਾਲ ਤੱਕ ਇਸਦੀ ਜਾਣਕਾਰੀ ਦਿੰਦੇ ਰਹਿਣਾ ਤਾਰੀਫ਼ ਦੀ ਗੱਲ ਹੈ।

ਦੋ ਸਾਲ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਨੇ ਚੇਰੀਅਨ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੀ ਦੇਹ ਮਿਲ ਗਈ ਹੈ ਤਾਂ ਪਰਿਵਾਰ ਵਾਲਿਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਇਸ ਤੋਂ ਤੁਰੰਤ ਬਾਅਦ ਫ਼ੌਜ ਨੇ ਵੀ ਇਸਦੀ ਪੁਸ਼ਟੀ ਕਰ ਦਿੱਤੀ ਅਤੇ ਇਸ ਤਰ੍ਹਾਂ ਇਸ ਪਰਿਵਾਰ ਨੂੰ ਇੰਨੇ ਸਾਲਾਂ ਬਾਅਦ ਤਣਾਅ ਤੋਂ ਮੁਕਤੀ ਦਾ ਅਹਿਸਾਸ ਕੀਤਾ।

ਥਾਮਸ ਚੇਰੀਅਨ ਦੇ ਭਰਾ ਥਾਮਸ ਨੇ ਕਿਹਾ, “ਮੈਨੂੰ ਦੱਸਿਆ ਗਿਆ ਕਿ ਲਾਸ਼ ਦੀ ਪਛਾਣ ਉਨ੍ਹਾਂ ਦੀ ਵਰਦੀ ਉੱਤੇ ਲਿਖੇ ਥਾਮਸ ਸੀ. ਕਾਰਨ ਹੋ ਸਕੀ ਸੀ। ਸੀ. ਦਾ ਮਤਲਬ ਚੇਰੀਅਨ। ਬਾਕੀ ਦੇ ਅੱਖਰ ਗਾਇਬ ਸਨ। ਉਨ੍ਹਾਂ ਦੇ ਜੇਭ ਵਿੱਚ ਮਿਲੇ ਇੱਕ ਕਾਗਜ਼ ਤੋਂ ਵੀ ਪਛਾਣ ਵਿੱਚ ਸੌਖ ਹੋਈ।”

ਥਾਮਸ ਇਸ ਮਾਮਲੇ ਵਿੱਚ ਕਾਫ਼ੀ ਵਿਵਹਾਰਕ ਦਿਖੇ, ਉਨ੍ਹਾਂ ਨੇ ਕਿਹਾ, “ਈਮਾਨਦਾਰੀ ਨਾਲ ਕਹੀਏ ਤਾਂ ਅਸੀਂ ਉਨ੍ਹਾਂ ਤੋਂ (ਫ਼ੌਜ ਵਾਲਿਆਂ ਤੋਂ) ਇਹ ਉਮੀਦ ਨਹੀਂ ਕਰਦੇ ਕਿ ਉਹ ਤਾਬੂਤ ਖੋਲ੍ਹਣ।”

ਬੇਂਗਲੂਰੂ ਦੇ ਵੈਦਹੀ ਇੰਸਟੀਚਿਊਟ ਆਫ਼ ਮੈਡੀਕਲ ਮੈਡੀਸਨ ਵਿਭਾਗ ਦੇ ਮੁਖੀ ਡਾ਼ ਜਗਦੀਸ਼ ਰੈਡੀ ਨੂੰ ਪੁੱਛਿਆ ਕਿ ਦੇਹ ਇਸ ਸਮੇਂ ਕਿਸ ਸਥਿਤੀ ਵਿੱਚ ਹੋਵੇਗੀ ਕਿ ਇਸ ਦੀ ਪਛਾਣ ਕੀਤੀ ਜਾ ਸਕੇ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਡੀਪ ਫਰੀਜ਼ਰ ਵਿੱਚ ਸਿਫ਼ਰ ਤੋਂ ਥੱਲੇ ਦਾ ਤਾਪਮਾਨ ਗਲੇਸ਼ੀਅਰ ਦੇ ਤਾਪਮਾਨ ਵਰਗਾ ਹੀ ਹੁੰਦਾ ਹੈ। ਮਨਫੀ 20 ਡਿਗਰੀ ਜਾਂ ਇਸ ਦੇ ਆਸਪਾਸ ਵਰਗੇ ਤਾਪਮਾਨ ਵਿੱਚ ਇੱਕ ਲਾਸ਼ ਮਹੀਨਿਆਂ ਜਾਂ ਕਈ ਸਾਲਾਂ ਤੱਕ ਰਹਿ ਸਕਦੀ ਹੈ। ਲੇਕਿਨ ਇਸਦੀ ਸਥਿਤੀ ਆਮ ਸਰੀਰ ਵਰਗੀ ਨਹੀਂ ਹੋਵੇਗੀ।”

ਡਾ਼ ਰੈਡੀ ਨੇ ਕਿਹਾ, “ਲੇਕਿਨ ਹੁਣ ਉਸ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਤੋਂ ਪਛਾਣਿਆ ਜਾ ਸਕੇ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਤਾਪਮਾਨ ਹੈ। ਮੰਨ ਲਓ ਗਰਮੀ ਦੇ ਮੌਸਮ ਵਿੱਚ ਜੇ ਤਾਪਮਾਨ ਵਧ ਜਾਵੇ ਤਾਂ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ। ਕੁਲ ਮਿਲਾ ਕੇ 56 ਸਾਲ ਮਗਰੋਂ ਕੁਝ ਚੀਜ਼ਾਂ ਹੋਣਗੀਆਂ ਜੋ ਲਾਸ਼ ਦੀ ਪਛਾਣ ਵਿੱਚ ਮਦਦ ਕਰਨ। ਲੇਕਿਨ ਪਹਿਲਾਂ ਵਰਗਾ ਹੋਵੇਗਾ, ਇਹ ਸੰਭਵ ਨਹੀਂ ਹੈ।”

ਫ਼ੌਜ ਵਿੱਚ ਭਰੋਸਾ ਕਾਇਮ

ਲੇਕਿਨ ਇਸਦੇ ਬਾਵਜੂਦ ਚੇਰੀਅਨ ਪਰਿਵਾਰ ਦਾ ਫ਼ੌਜ ਵਿੱਚ ਭਰੋਸਾ ਕਾਇਮ ਹੈ।

ਚੇਰੀਅਨ ਦੇ ਭਰਾ ਥਾਮਸ ਨੇ ਕਿਹਾ, “ਸਾਡੇ ਸਭ ਤੋਂ ਵੱਡੇ ਭਰਾ ਨੇ ਸਿਰਫ ਮਾਂ ਦੀ ਦੇਖ-ਭਾਲ ਲਈ ਫ਼ੌਜ ਛੱਡੀ। ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ। ਲੇਕਿਨ ਸਾਡੇ ਵੱਡੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਫ਼ੌਜ ਵਿੱਚ ਜਾਂ ਹਵਾਈ ਫ਼ੌਜ ਵਿੱਚ ਨੌਕਰੀਆਂ ਜਾਰੀ ਰੱਖੀਆਂ। ਹੁਣ ਤਾਂ ਸਾਡੀ ਤੀਜੀ ਪੀੜ੍ਹੀ ਵੀ ਫ਼ੌਜ ਵਿੱਚ ਕੰਮ ਕਰ ਰਹੀ ਹੈ।”

ਥਾਮਸ ਨੇ ਦੱਸਿਆ, “ਸਾਡੇ ਇੱਕ ਬਜ਼ੁਰਗ ਚਾਚਾ ਦੱਸਦੇ ਸਨ ਕਿ ਫ਼ੌਜ ਦੇਸ ਦੀ ਰਾਖੀ ਕਿਵੇਂ ਕਰ ਰਹੀ ਹੈ। ਉਹ ਸੂਬੇਦਾਰ ਮੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਲੇਕਿਨ ਉਹ ਪੂਰੇ ਪਰਿਵਾਰ ਲਈ ਫ਼ੌਜ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਣਾ ਦੇ ਸੋਮੇ ਸਨ।”

ਮੰਤਰੀਆਂ ਤੇ ਫ਼ੌਜ ਦੇ ਵੱਡੇ ਅਫ਼ਸਰਾਂ ਦੇ ਨਾਲ ਪਰਿਵਾਰ ਨੇ ਵੀਰਵਾਰ ਦੁਪਹਿਰ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਉੱਤੇ ਚੇਰੀਅਨ ਦਾ ਤਾਬੂਤ ਹਾਸਲ ਕੀਤਾ। ਉਨ੍ਹਾਂ ਵੀਰਵਾਰ ਸ਼ਾਮ ਨੂੰ ਉਨ੍ਹਾਂ ਦੇ ਪਿੰਡ ਦੇ ਚਰਚ ਵਿੱਚ ਦਫ਼ਨਾਇਆ ਗਿਆ।

ਲੇਕਿਨ ਉਸ ਤੋਂ ਪਹਿਲਾਂ ਤੱਕ ਕੌਮੀ ਝੰਡੇ ਨਾਲ ਕੱਜਿਆ ਤਾਬੂਤ ਸੀਲ ਬੰਦ ਹੀ ਰਿਹਾ।

ਨਾਰਾਇਣ ਸਿੰਘ ਦੀ ਪਤਨੀ ਨੇ ਕੀਤੀ ਕਈ ਸਾਲ ਉਡੀਕ

ਦੂਜੇ ਪਾਸੇ ਇਨ੍ਹਾਂ ਚਾਰ ਫ਼ੌਜੀਆਂ ਵਿੱਚੋਂ ਇੱਕ ਨਾਰਾਇਣ ਸਿੰਘ ਦੀ ਲਾਸ਼ ਵੀ ਉਨ੍ਹਾਂ ਦੇ ਉੱਤਰਾਖੰਡ ਵਿੱਚ ਸਥਿਤ ਚਮੇਲੀ ਜ਼ਿਲ੍ਹੇ ਦੇ ਥਰਾਲੀ ਬਲਾਕ ਦੇ ਕੋਲਪੂੜੀ ਪਿੰਡ ਪਹੁੰਚ ਗਿਆ।

ਤਿੰਨ ਅਕਤੂਬਰ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।

ਉਨ੍ਹਾਂ ਦਾ ਪਰਿਵਾਰ ਵੀ ਇਸੇ ਪਿੰਡ ਵਿੱਚ ਰਹਿੰਦਾ ਹੈ। ਪਿੰਡ ਦੇ ਮੁਖੀਆ ਜੈਵੀਰ ਸਿੰਘ ਉਨ੍ਹਾਂ ਦੇ ਭਤੀਜੇ ਹਨ।

ਜੈਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ, “ਤਾਊ ਸ਼ਹੀਦ ਨਾਰਾਇਣ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਉਨ੍ਹਾਂ ਦਾ ਵਿਆਹ ਸਾਲ 1962 ਵਿੱਚ ਬਸੰਤੀ ਦੇਵੀ ਨਾਲ ਹੋਇਆ ਸੀ, ਜੋ ਉਸ ਸਮੇਂ 15 ਸਾਲ ਦੀ ਸੀ। ਸਾਲ 1968 ਵਿੱਚ ਨਾਰਾਇਣ ਸਿੰਘ ਜਹਾਜ਼ ਹਾਦਸੇ ਤੋਂ ਬਾਅਦ ਲਾਪਤਾ ਹੋ ਗਏ।”

ਜੈਵੀਰ ਸਿੰਘ ਨੇ ਦੱਸਿਆ, “ਬਸੰਤੀ ਦੇਵੀ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪਤੀ ਜ਼ਰੂਰ ਵਾਪਸ ਆਉਣਗੇ ਲੇਕਿਨ ਸਮੇਂ ਦੇ ਬੀਤਣ ਨਾਲ ਉਮੀਦ ਵੀ ਖ਼ਤਮ ਹੁੰਦੀ ਗਈ।”

“ਲਗਭਗ ਅੱਠ ਸਾਲ ਉਡੀਕ ਕਰਨ ਤੋਂ ਬਾਅਦ ਨਾਰਾਇਣ ਸਿੰਘ ਦੇ ਵਾਪਸ ਆਉਣ ਦੀ ਉਮੀਦ ਛੱਡ ਚੁੱਕੇ ਪਰਿਵਾਰ ਵਾਲਿਆਂ ਨੇ ਨਾਰਾਇਣ ਸਿੰਘ ਦੇ ਚਚੇਰੇ ਭਰਾ ਭਵਾਨ ਸਿੰਘ ਨੂੰ ਧਰਮ ਪੁੱਤਰ ਮੰਨਦੇ ਹੋਏ ਨਾਰਾਇਣ ਸਿੰਘ ਦੇ ਘਰ ਵਿੱਚ ਹੀ ਉਨ੍ਹਾਂ ਦੀ ਪਤਨੀ ਬਸੰਤੀ ਦੇਵੀ ਦੇ ਨਾਲ ਰਹਿਣ ਦੀ (ਬਿਨਾਂ ਵਿਆਹ ਤੋਂ) ਆਗਿਆ ਦੇ ਦਿੱਤੀ।”

ਜੈਵੀਰ ਦੱਸਦੇ ਹਨ, “ਇਸ ਤੋਂ ਬਾਅਦ ਬਸੰਤੀ ਦੇਵੀ ਅਤੇ ਭਵਾਨ ਸਿੰਘ ਦੇ ਦੋ ਬੇਟੇ ਤੇ ਪੰਜ ਧੀਆਂ ਪੈਦਾ ਹੋਈਆਂ।”

ਬਸੰਤੀ ਦੇਵੀ ਅਤੇ ਭਵਾਨ ਸਿੰਘ ਦੀ ਸੰਤਾਨ ਵਿੱਚੋਂ ਹੀ ਜੈਵੀਰ ਸਿੰਘ ਵੀ ਇੱਕ ਹਨ।

ਜੈਵੀਰ ਸਿੰਘ ਨੇ ਦੱਸਿਆ, “ਜੇ ਨਾਰਾਇਣ ਸਿੰਘ ਜ਼ਿੰਦਾ ਹੁੰਦੇ ਤਾਂ ਉਹ ਉਨ੍ਹਾਂ ਦੇ ਪਿਤਾ ਹੁੰਦੇ। ਹੁਣ ਕਿਉਂਕਿ ਉਹ ਇਸ ਦੁਨੀਆਂ ਵਿੱਚ ਨਹੀਂ ਹਨ ਤਾਂ ਨਾਰਾਇਣ ਸਿੰਘ ਉਨ੍ਹਾਂ ਦੇ ਤਾਇਆ ਲੱਗੇ।”

ਜੈਵੀਰ ਸਿੰਘ ਦੱਸਦੇ ਹਨ, “ਮਾਂ ਬਸੰਤੀ ਦੇਵੀ ਨੇ ਦੱਸਿਆ ਸੀ ਕਿ ਪਤੀ ਨਾਰਾਇਣ ਸਿੰਘ ਫ਼ੌਜ ਵਿੱਚ ਤੈਨਾਤ ਸਨ। ਉਹ ਸਾਲ ਵਿੱਚ ਇੱਕ ਵਾਰ ਘਰ ਆਉਂਦੇ ਸਨ। ਅਕਸਰ ਚਿੱਠੀਆਂ ਵਿੱਚੋਂ ਹੀ ਹਾਲਚਾਲ ਪਤਾ ਲਗਦਾ ਸੀ। ਇੱਕ ਵਾਰ ਫ਼ੌਜ ਵੱਲੋਂ ਅੰਗਰੇਜ਼ੀ ਵਿੱਚ ਇੱਕ ਤਾਰ ਆਈ, ਜਿਸ ਵਿੱਚ ਜਹਾਜ਼ ਹਾਦਸੇ ਵਿੱਚ ਨਾਰਾਇਣ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਸੀ।”

ਜੈਵੀਰ ਸਿੰਘ ਦੱਸਦੇ ਹਨ, “ਫ਼ੌਜ ਵੱਲੋਂ ਬਸੰਤੀ ਦੇਵੀ ਨੂੰ ਕੋਈ ਸਹੂਲਤ ਨਹੀਂ ਮਿਲੀ ਹੈ।”

ਉਨ੍ਹਾਂ ਨੇ ਕਿਹਾ, “ਸਾਲ 2011 ਵਿੱਚ ਉਨ੍ਹਾਂ ਦੀ ਮਾਂ ਬਸੰਤੀ ਦੇਵੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਭਵਾਨ ਸਿੰਘ ਦੀ ਵੀ 2018 ਵਿੱਚ ਮੌਤ ਹੋ ਗਈ।”

ਜੈਵੀਰ ਸਿੰਘ ਦੱਸਦੇ ਹਨ, “ਮੇਰੇ ਕੋਲ ਤਾਊ ਦੀ ਯਾਦਗਾਰ ਵਜੋਂ ਨਾਰਾਇਣ ਸਿੰਘ ਦੀ ਕੋਈ ਤਸਵੀਰ ਵੀ ਨਹੀਂ ਹੈ।”

ਜੈਵੀਰ ਸਿੰਘ ਦੇ ਮੁਤਾਬਕ,“ਨਾਰਾਇਣ ਸਿੰਘ ਦੀ ਦੇਹ ਵੀਰਵਾਰ ਨੂੰ ਪਿੰਡ ਪਹੁੰਚੀ, ਜਿਸ ਤੋਂ ਮਗਰੋਂ ਫ਼ੌਜੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।”

ਕੀ ਹੈ ਜਹਾਜ਼ ਹਾਦਸੇ ਦੀ ਪੂਰੀ ਕਹਾਣੀ?

ਸੱਤ ਫਰਵਰੀ 1968 ਨੂੰ ਭਾਰਤੀ ਹਵਾਈ ਫ਼ੌਜ ਦਾ ਏਐੱਨ-12-ਬੀਐੱਲ-543 ਜਹਾਜ਼ ਚੰਡੀਗੜ੍ਹ ਤੋਂ ਲੇਹ ਲਈ ਉੱਡਿਆ ਸੀ।

ਜਹਾਜ਼ ਵਿੱਚ ਭਾਰਤੀ ਫ਼ੌਜ ਦੇ ਜਵਾਨ ਸਵਾਰ ਸਨ। ਲੇਕਿਨ ਰਾਹ ਵਿੱਚ ਹੀ ਰੋਹਤਾਂਗ ਦੱਰੇ ਕੋਲ ਇਸ ਨਾਲ ਹਾਦਸ ਹੋ ਗਿਆ ਸੀ। ਇਸ ਵਿੱਚ ਸਵਾਰ ਸਾਰੇ 102 ਜਵਾਨਾਂ ਦੀ ਮੌਤ ਹੋ ਗਈ ਸੀ।

ਪੀਆਰਓ ਡਿਫ਼ੇਂਸ ਦੇਹਰਾਦੂਨ ਦੇ ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਦੱਸਿਆ, “ਉਸ ਜਹਾਜ਼ ਵਿੱਚ ਸਵਾਰ ਕੁੱਲ 102 ਜਣਿਆਂ ਵਿੱਚੋਂ 98 ਫ਼ੌਜੀ ਅਤੇ ਚਾਰ ਕਰੂ ਮੈਂਬਰ ਸਨ। ਉਸ ਜਹਾਜ਼ ਨੇ ਲੇਹ ਵਿੱਚ ਉੱਤਰਨਾ ਸੀ ਪਰ ਉੱਥੇ ਮੌਸਮ ਖ਼ਰਾਬ ਹੋਣ ਕਾਰਨ ਜਹਾਜ਼ ਉੱਥੇ ਉੱਤਰ ਨਹੀਂ ਸਕਿਆ। ਇਸ ਦੇ ਮੱਦੇ ਨਜ਼ਰ ਜਹਾਜ਼ ਨੂੰ ਚੰਡੀਗੜ੍ਹ ਵਾਪਸ ਲਿਜਾਇਆ ਜਾ ਰਿਹਾ ਸੀ।”

ਉਨ੍ਹਾਂ ਨੇ ਦੱਸਿਆ,“ਚੰਡੀਗੜ੍ਹ ਪਰਤਦੇ ਸਮੇਂ ਵੀ ਮੌਸਮ ਖ਼ਰਾਬ ਸੀ। ਇਸ ਕਾਰਨ ਜਹਾਜ਼ ਰੋਹਤਾਂਗ ਦੇ ਆਸ-ਪਾਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਇਹ ਜਹਾਜ਼ ਲਾਪਤਾ ਹੋਇਆ ਸੀ ਤਾਂ ਕੁਝ ਸਮੇਂ ਬਾਅਦ ਕੁਝ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਹੋਈਆਂ ਕਿ ਕਿਤੇ ਜਹਾਜ਼ “ਦੁਸ਼ਮਣ ਦੇਸ’ ਦੀ ਸਰਹੱਦ ਵਿੱਚ ਤਾਂ ਨਹੀਂ ਲੈਂਡ ਹੋ ਗਿਆ।”

ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਦੱਸਿਆ, “ਸਾਲ 2003 ਵਿੱਚ ਅਟਲ ਮਾਊਂਟੇਨਿਅਰਿੰਗ ਇੰਸਟੀਚਿਊਟ ਵੱਲੋਂ ਜਹਾਜ਼ ਦਾ ਮਲਬਾ ਲੱਭਿਆ ਗਿਆ। ਦਰਅਸਲ ਚੰਦਰਭਾਗਾ 13 ਉੱਤੇ ਪਰਬਤਾ-ਰੋਹਣ ਕਰ ਰਹੇ ਇੱਕ ਦਲ ਨੇ ਅਚਾਨਕ ਜਹਾਜ਼ ਦਾ ਮਲਬਾ ਢਾਕਾ ਗਲੇਸ਼ੀਅਰ ਦੇ ਕੋਲ ਦੇਖਿਆ।”

ਉਨ੍ਹਾਂ ਨੇ ਦੱਸਿਆ, “ਉਸੇ ਥਾਂ ਉੱਤੇ ਪਰਬਤਾ-ਰੋਹੀਆਂ ਨੂੰ ਇੱਕ ਪਛਾਣ ਪੱਤਰ ਵੀ ਮਿਲਿਆ। ਇਹ ਦਲ ਅਟਲ ਬਿਹਾਰੀ ਮਾਊਂਟੇਨਿਅਰਿੰਗ ਇੰਸਟੀਚਿਊਟ ਦਾ ਸੀ। ਜਿਸ ਤੋਂ ਬਾਅਦ ਇਹ ਮੰਨਿਆ ਗਿਆ ਕਿ ਇਹ ਮਲਬਾ ਏਐੱਨ-12-ਬੀਐੱਲ-534 ਜਹਾਜ਼ ਦਾ ਹੀ ਹੈ।”

ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਦੱਸਿਆ, “ਉਦੋਂ ਤੋਂ ਹੀ ਉੱਥੋਂ ਜਵਾਨਾਂ ਨੂੰ ਕੱਢਣ ਲਈ ਗੜਵਾਲ ਸਾਊਂਟਿੰਗ ਦੀ ਅਗਵਾਈ ਵਿੱਚ ਫ਼ੌਜ ਵੱਲੋਂ ਕਈ ਮਿਸ਼ਨ ਚਲਾਏ ਗਏ। ਇਸ ਤੋਂ ਬਾਅਦ 2005, 2006, 2013 ਅਤੇ 2019 ਵਿੱਚ ਵੀ ਖੋਜ ਅਭਿਆਨ ਚਲਾਇਆ ਗਿਆ।”

ਉਨ੍ਹਾਂ ਨੇ ਦੱਸਿਆ,“ਸਾਲ 2019 ਵਿੱਚ ਵੀ ਪੰਜ ਜਵਾਨਾਂ ਦੀਆਂ ਦੇਹਾਂ ਮਿਲੀਆਂ ਸਨ। ਇਸ ਤੋਂ ਮਗਰੋਂ ਜਵਾਨਾਂ ਨੂੰ ਲੱਭਣ ਲਈ ਡੋਗਰਾ ਸਕਾਊਟਸ ਦੀ ਬਟਾਲੀਅਨ ਵੱਲੋਂ ਲਗਾਤਾਰ ਅਭਿਆਨ ਚਲਾਇਆ ਜਾਂਦਾ ਰਿਹਾ ਹੈ। ਇਸੇ ਸਾਲ 29 ਸਤੰਬਰ ਨੂੰ ਚਾਰ ਜਵਾਨਾਂ ਦੀਆਂ ਦੇਹਾਂ ਮਿਲੀਆਂ ਹਨ।”

“ਇਨ੍ਹਾਂ ਚਾਰਾਂ ਵਿੱਚ ਨਾਰਾਇਣ ਸਿੰਘ (ਚਮੇਲੀ, ਉੱਤਰਾਖੰਡ), ਮਲਖਾਨ ਸਿੰਘ (ਦੇਵਬੰਦ, ਸਹਾਰਨਪੁਰ, ਯੂਪੀ), ਮੁੰਸ਼ੀਰਾਮ (ਰੇਵਾੜੀ, ਹਰਿਆਣਾ) ਅਤੇ ਥਾਮਸ ਚੇਰੀਅਨ (ਕੌਲੱਮ, ਕੇਰਲਾ) ਹਨ।”

ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਦੱਸਦੇ ਹਨ, “ਸਾਡੀ ਫ਼ੌਜ ਦਾ ਅਸੂਲ ਹੈ, ਅਸੀਂ ਕਦੇ ਵੀ ਆਪਣੇ ਸਾਥੀ ਨੂੰ ਨਾ ਹੀ ਭੁੱਲਦੇ ਹਾਂ ਅਤੇ ਨਾ ਹੀ ਪਿੱਛੇ ਛੱਡਦੇ ਹਾਂ।”

“ਇਸ ਤੋਂ ਇਲਾਵਾ ਜੋ ਸਾਥੀ ਹੁਣ ਵੀ ਰਹਿ ਗਏ ਹਨ। ਉਨ੍ਹਾਂ ਨੂੰ ਵੀ ਵਾਪਸ ਲਿਆਉਣ ਲਈ ਡੋਗਰਾ ਸਕਾਊਟ ਦੀ ਭਰਭੂਰ ਕੋਸ਼ਿਸ਼ ਜਾਰੀ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)