8 ਸਾਲ ਕੋਮਾ ਵਿੱਚ ਰਹੇ ਬਟਾਲੇ ਦੇ ਫੌਜੀ ਨੇ ਜਦੋਂ ਮੌਤ ਨਾਲ ਆਪਣੇ ਬੋਲ ਪੁਗਾਏ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਅੱਠ ਸਾਲ ਕੋਮਾ ਵਿੱਚ ਰਹਿਣ ਤੋਂ ਬਾਅਦ ਇਸ ਜਹਾਨ ਤੋਂ ਰੁਖ਼ਸਤ ਹੋਣ ਵਾਲੇ ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਇਹੋ ਖ਼ਾਹਿਸ਼ ਸੀ ਕਿ ਉਨ੍ਹਾਂ ਦਾ ਸਰੀਰ ਜਦੋਂ ਵੀ ਆਵੇ ਤਾਂ ਤਿਰੰਗੇ ਵਿੱਚ ਹੀ ਆਵੇ।

ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਸਾਲ 2015 ਵਿੱਚ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੱਟੜਪੰਥੀਆਂ ਨਾਲ ਲੜਦੇ ਹੋਏ ਜ਼ਖ਼ਮੀ ਹੋਣ ਤੋਂ ਬਾਅਦ ਕੋਮਾ ਵਿੱਚ ਚਲੇ ਗਏ ਸਨ।

ਸੈਨਾ ਮੈਡਲ ਨਾਲ ਸਨਮਾਨਿਤ ਲੈਫ਼ਟੀਨੈਟ ਕਰਨਬੀਰ ਸਿੰਘ ਨੱਤ ਪੰਜਾਬ ਦੇ ਜਲੰਧਰ ਸਥਿਤ ਆਰਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।

ਲੈਫ਼ਟੀਨੈਂਟ ਕਰਨਲਹੋਣ ਦੇ ਨਾਲ-ਨਾਲ ਕਰਨਬੀਰ ਇੱਕ ਹਮਸਫ਼ਰ, ਇੱਕ ਭਰਾ, ਆਪਣੇ ਮਾਪਿਆਂ ਦਾ ਮਾਣ ਅਤੇ ਦੋ ਬੱਚਿਆਂ ਦੇ ਪਿਤਾ ਵੀ ਸਨ।

ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਇਹੀ ਆਸ ਸੀ ਕਿ ਉਹ ਇੱਕ ਦਿਨ ਪਹਿਲਾਂ ਵਾਂਗ ਹੀ ਠੀਕ ਹੋ ਜਾਣਗੇ ਪਰ 23 ਦਸੰਬਰ 2023 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਆਪਣੇ ਪੁੱਤ ਦੇ ਹੌਂਸਲੇ ਨੂੰ ਯਾਦ ਕਰਦਿਆਂ ਲੈਫ਼ਟੀਨੈਂਟ ਕਰਨਲ ਕਰਨਬੀਰ ਦੇ ਪਿਤਾ ਜਗਤਾਰ ਸਿੰਘ ਦੱਸਦੇ ਹਨ ਕਿ ਕਰਨਬੀਰ ਸਿੰਘ ਦਾ ਆਖ਼ਰੀ ਵਟਸਐਪ ਸਟੇਟਸ ਸੀ, "ਮੈਨੂੰ ਨਹੀਂ ਪਤਾ ਕਿ ਮੇਰੀ ਕਹਾਣੀ ਦਾ ਅੰਤ ਕਿਵੇਂ ਹੋਵੇਗਾ ਪਰ ਕੋਈ ਇਹ ਨਹੀਂ ਕਹਿ ਸਕੇਗਾ ਕਿ ਮੈਂ ਹਾਰ ਮੰਨ ਲਈ ਸੀ।"

ਆਪਣੇ ਵੀਰ ਦਾ ਹਾਲ ਪੁੱਛਣ ਲਈ ਹਰ ਦਿਨ ਫੋਨ ਕਰਨ ਵਾਲੀ ਅਮਰੀਕਾ ਰਹਿੰਦੀ ਭੈਣ ਰੁਪਿੰਦਰ ਕੌਰ ਸੇਖੋਂ ਦੱਸਦੇ ਹਨ, "ਮੈਂ ਵਾਪਸ ਜਾ ਕੇ ਮਾਪਿਆਂ ਨੂੰ ਫੋਨ ਤਾਂ ਕਰਿਆ ਕਰਾਂਗੀ ਪਰ ਹੁਣ ਵੀਰ ਜੀ ਦਾ ਹਾਲ ਨਹੀਂ ਪੁੱਛਿਆ...।

ਕਿਵੇਂ ਹੋਏ ਸਨ ਜ਼ਖ਼ਮੀ

ਪੰਜਾਬ ਦੇ ਬਟਾਲਾ ਸ਼ਹਿਰ ਨਾਲ ਸਬੰਧਤ ਕਰਨਵੀਰ ਸਿੰਘ ਨੱਤ 160 ਪ੍ਰਦੇਸ਼ਿਕ ਸੈਨਾ ਬਟਾਲੀਅਨ (ਜੇ ਕੇ ਰਾਈਫ਼ਲਜ਼) ਵਿੱਚ ਸੈਕੰਡ ਇੰਨ- ਕਮਾਂਡ ਸਨ।

ਲੈਫ਼ਟੀਨੈਂਟ ਨੱਤ ਭਾਰਤੀ ਸੈਨਾ ਵਿੱਚ ਕਰੀਬ 14 ਸਾਲ ਦੀ ਨੌਕਰੀ ਤੋਂ ਬਾਅਦ 2012 ਵਿੱਚ ਸੇਵਾ ਮੁਕਤ ਹੋ ਗਏ ਸਨ।

ਸ਼ਾਰਟ ਸਰਵਿਸ ਅਧਿਕਾਰੀ ਦੇ ਰੂਪ ਵਿੱਚ ਨੌਕਰੀ ਪੂਰੀ ਕਰਨ ਤੋਂ ਬਾਅਦ ਉਹ ਫਿਰ ਤੋਂ ਪ੍ਰਦੇਸ਼ਿਕ ਸੈਨਾ (ਟੈਰੀਟੋਰੀਅਲ ਆਰਮੀ) ਵਿੱਚ ਭਰਤੀ ਹੋ ਗਏ ਸਨ।

ਕਰੀਬ ਅੱਠ ਸਾਲ ਪਹਿਲਾਂ ਨਵੰਬਰ 2015 ਵਿੱਚ ਕਸ਼ਮੀਰ ਦੇ ਕੁਪਵਾੜਾ ਇਲਾਕੇ ਵਿੱਚ ਫ਼ੌਜ ਵੱਲੋਂ ਕੱਟੜਪੰਥੀਆਂ ਦੇ ਖ਼ਿਲਾਫ਼ ਕੀਤੇ ਗਏ ਅਪਰੇਸ਼ਨ ਦੌਰਾਨ ਲੈਫ਼ਟੀਨੈਂਟ ਨੱਤ ਜ਼ਖ਼ਮੀ ਹੋ ਗਏ ਸਨ।

ਉਨ੍ਹਾਂ ਦੇ ਜਬ੍ਹਾੜੇ ਵਿੱਚ ਗੋਲੀ ਲੱਗੀ ਸੀ।

ਇਸ ਗੋਲੀ ਕਾਰਨ ਲੈਫ਼ਟੀਨੈਂਟ ਕਰਨਬੀਰ ਸਿੰਘ ਨੱਤ ਦਾ ਅੱਧਾ ਚਿਹਰਾ ਉੱਡ ਗਿਆ ਸੀ। ਉਹ 10 ਮਹੀਨੇ ਦੇ ਕਰੀਬ ਆਈਸੀਯੂ ਵਿੱਚ ਵੀ ਰਹੇ।

ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਪਹਿਲਾਂ ਇਲਾਜ ਦਿੱਲੀ ਵਿੱਚ ਹੋਇਆ ਉਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਆਰਮੀ ਹਸਪਤਾਲ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ।

ਡਾਕਟਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਅੱਠ ਸਾਲ ਤੱਕ ਉਸ ਦੇ ਠੀਕ ਹੋਣ ਦੀ ਉਮੀਦ ਵਿੱਚ ਦੇਖਭਾਲ ਕਰਦੇ ਰਹੇ। ਪਰ ਇਹ ਉਮੀਦ 23 ਦਸੰਬਰ 2023 ਨੂੰ ਉਨ੍ਹਾਂ ਦੇ ਦੇਹਾਂਤ ਨਾਲ ਟੁੱਟ ਗਈ।

ਕਿਵੇਂ ਬਦਲੀ ਪੂਰੇ ਪਰਿਵਾਰ ਦੀ ਜ਼ਿੰਦਗੀ

ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ।

ਵੱਡੀ ਬੇਟੀ ਨੂੰ ਤਾਂ ਆਪਣੇ ਪਿਤਾ ਨਾਲ ਬਿਤਾਏ ਪਲ ਚੰਗੀ ਤਰਾਂ ਯਾਦ ਹਨ ਜਦੋਂਕਿ 2015 ਵਿੱਚ ਛੋਟੀ ਬੇਟੀ ਮਹਿਜ਼ ਡੇਢ ਸਾਲ ਦੀ ਸੀ।

ਲੈਫ਼ਟੀਨੈਂਟ ਕਰਨਲ ਨੱਤ ਦੀ ਪਤਨੀ ਨਵਪ੍ਰੀਤ ਕੌਰ ਦੱਸਦੇ ਹਨ ਕਿ ਪਿਛਲੇ ਅੱਠ ਸਾਲਾ ਵਿੱਚ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਗਈ ਹੈ।

ਪਤੀ ਦੇ ਕੋਮਾ ਵਿੱਚ ਚਲੇ ਜਾਣ ਕਾਰਨ ਪਹਿਲਾਂ ਪਰਿਵਾਰ ਨੂੰ ਦਿੱਲੀ ਅਤੇ ਫਿਰ ਜਲੰਧਰ ਸ਼ਿਫ਼ਟ ਹੋਣਾ ਪਿਆ ਸੀ।

ਨਵਪ੍ਰੀਤ ਕੌਰ ਦੱਸਦੇ ਹਨ, “ਸਵੇਰੇ ਉੱਠਣਾ ਬੱਚਿਆਂ ਨੂੰ ਸਕੂਲ ਭੇਜਣਾ, ਫਿਰ ਪਤੀ ਲਈ ਡਾਈਟ ਚਾਰਟ ਦੇ ਮੁਤਾਬਕ ਖਾਣਾ ਤਿਆਰ ਕਰਨਾ ਅਤੇ ਹਸਪਤਾਲ ਜਾਣਾ, ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਫਿਰ ਮਾਯੂਸ ਹੋ ਕੇ ਸ਼ਾਮੀ ਘਰ ਪਰਤਣਾ ਨਿੱਤ ਦਾ ਕੰਮ ਸੀ।”

ਮਾਂ ਦੇ ਨਾਲ ਨਾਲ ਪਿਤਾ ਦੀ ਭੂਮਿਕਾ ਨਿਭਾਉਂਦੇ ਹੋਏ ਨਵਪ੍ਰੀਤ ਕੌਰ ਨੇ ਦੋਵਾਂ ਬੱਚੀਆਂ ਨੂੰ ਆਮ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਲਈ ਇਹ ਕੰਮ ਸੌਖਾ ਨਹੀਂ ਸੀ ਪਰ ਉਨ੍ਹਾਂ ਨੂੰ ਇੱਕ ਉਮੀਦ ਸੀ ਕਿ ਕਰਨਬੀਰ ਇੱਕ ਦਿਨ ਠੀਕ ਹੋ ਜਾਣਗੇ, ਪਰ ਅਫ਼ਸੋਸ ਅਜਿਹਾ ਨਹੀਂ ਹੋਇਆ।

ਨਵਪ੍ਰੀਤ ਦੱਸਦੇ ਹਨ ਕਿ “ਮੈਨੂੰ ਲੱਗਦਾ ਹੈ ਮੇਰੀ ਦੋ ਜ਼ਿੰਦਗੀਆਂ ਹਨ, ਇੱਕ 2015 ਤੋਂ ਪਹਿਲਾਂ ਵਾਲੀ ਅਤੇ ਦੂਜੀ ਇਸ ਤੋਂ ਬਾਅਦ ਵਾਲੀ, ਜਿਸ ਵਿੱਚ ਮੇਰੇ ਕੋਲ ਆਪਣੇ ਲਈ ਇੱਕ ਵੀ ਪਲ ਨਹੀਂ ਸੀ”

ਫ਼ੌਜ ਲਈ ਕਰਨਬੀਰ ਸਿੰਘ ਨੱਤ ਦਾ ਜਨੂੰਨ

ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੇ ਪਿਤਾ ਜਗਤਾਰ ਸਿੰਘ ਨੱਤ ਵੀ ਭਾਰਤੀ ਸੈਨਾ ਵਿਚੋਂ ਲੈਫ਼ਟੀਨੈਂਟ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਲੈਫ਼ਟੀਨੈਂਟ ਕਰਨਲ (ਸੇਵਾ ਮੁਕਤ) ਜਗਤਾਰ ਸਿੰਘ ਨੇ ਦੱਸਿਆ ਕਿ ਕਰਨਬੀਰ ਦਾ ਬਚਪਨ ਫੌਜ ਦੇ ਮਾਹੌਲ ਵਿੱਚ ਹੀ ਬਤੀਤ ਹੋਇਆ ਹੈ।

“ਪੜਾਈ ਪੂਰੀ ਕਰਨ ਤੋਂ ਬਾਅਦ ਕਰਨਬੀਰ ਨੇ ਆਰਮੀ ਦੀ ਪ੍ਰੀਖਿਆ ਦਿੱਤੀ ਅਤੇ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਉਹ ਅਫ਼ਸਰ ਭਰਤੀ ਹੋ ਗਏ। ਕਰੀਬ 14 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਕਰਨਬੀਰ ਸਿੰਘ ਫਿਰ ਤੋਂ ਟੈਰੀਟੋਰੀਅਲ ਆਰਮੀ ਰਾਹੀਂ ਫੌਜ ਵਿੱਚ ਭਰਤੀ ਹੋ ਗਿਆ। "

ਜਗਤਾਰ ਸਿੰਘ ਦੱਸਦੇ ਹਨ ਕਿ ਫ਼ੌਜ ਉਨ੍ਹਾਂ ਦਾ ਜਨੂੰਨ ਸੀ।

ਉਨ੍ਹਾਂ ਦੱਸਿਆ ਕਿ ਕੁਪਵਾੜਾ ਦੇ ਅਪਰੇਸ਼ਨ ਤੋਂ ਬਾਅਦ ਕਰਨਬੀਰ ਦਾ ਫ਼ੋਨ ਉਸ ਦੇ ਸਾਥੀਆਂ ਨੇ ਜਦੋਂ ਮੈਨੂੰ ਦਿੱਤਾ ਤਾਂ ਉਸ ਦੇ ਸਟੇਟਸ ਉੱਤੇ ਲਿਖਿਆ ਹੋਇਆ ਸੀ “ਮੈਨੂੰ ਨਹੀਂ ਪਤਾ ਮੇਰੀ ਸਟੋਰੀ ਦਾ ਅੰਤ ਕੀ ਹੋਵੇਗਾ ਪਰ ਕੋਈ ਇਹ ਨਹੀਂ ਆਖੇਗਾ ਕਿ ਮੈ ਆਪਣੇ ਕੰਮ ਵਿੱਚ ਕੋਈ ਕਸਰ ਬਾਕੀ ਛੱਡੀ ਹੈ।

ਉਨ੍ਹਾਂ ਦੱਸਿਆ ਕਿ ਕਰਨਬੀਰ ਸਿੰਘ ਸ਼ਾਕਾਹਾਰੀ ਸੀ ਅਤੇ ਰੋਜ਼ਾਨਾ ਪਾਠ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਉੱਤੇ ਮਾਣ ਹੈ।

ਇਹੀ ਉਮੀਦ ਸੀ ਕਿ ਉਹ ਇੱਕ ਦਿਨ ਠੀਕ ਹੋ ਜਾਣਗੇ

ਅਮਰੀਕਾ ਵਿੱਚ ਰਹਿਣ ਵਾਲੀ ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਛੋਟੀ ਭੈਣ ਰੁਪਿੰਦਰ ਕੌਰ ਸੇਖੋਂ ਦੱਸਦੇ ਹਨ ਕਿ 2015 ਤੋਂ ਹਰ ਸਾਲ ਆਪਣੇ ਭਰਾ ਨੂੰ ਮਿਲਣ ਲਈ ਭਾਰਤ ਆਉਂਦੀ ਸੀ ਇਸ ਉਮੀਦ ਨਾਲ ਕਿ ਉਹ ਇੱਕ ਦਿਨ ਠੀਕ ਹੋ ਜਾਣਗੇ।

ਉਨ੍ਹਾਂ ਦੱਸਿਆ ਕਿ ਜਦੋਂ ਕਰਨਬੀਰ ਕੁਪਵਾੜਾ ਵਿੱਚ ਡਿਊਟੀ ਕਰਦੇ ਸਨ ਤਾਂ ਉਦੋਂ ਉਹ ਰੋਜ਼ ਉਨ੍ਹਾਂ ਨਾਲ ਫੋਨ ਉੱਤੇ ਗੱਲ ਕਰਦੇ ਸਨ।

ਉਨ੍ਹਾਂ ਆਖਿਆ ਕਿ ਅਮਰੀਕਾ ਤੋਂ ਵੀ ਉਹ ਰੋਜ਼ਾਨਾ ਫ਼ੋਨ ਰਾਹੀਂ ਕਰਨਬੀਰ ਦਾ ਹਾਲ ਚਾਲ ਜਾਣਦੀ ਰਹਿੰਦੀ ਪਰ ਹੁਣ ਸਭ ਕੁਝ ਖ਼ਤਮ ਹੋ ਗਿਆ ਪਤਾ ਨਹੀਂ ਅੱਗੇ ਕੀ ਹੋਵੇਗਾ।

ਲੈਫ਼ਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੇ ਘਰ ਕਈ ਸਕੈੱਚ ਦੀਵਾਰਾਂ ਉੱਤੇ ਲੱਗੇ ਹੋਏ ਹਨ ਇਹਨਾਂ ਵਾਲਾ ਇਸ਼ਾਰਾ ਕਰ ਕੇ ਰੁਪਿੰਦਰ ਦੱਸਦੀ ਹੈ ਕਿ “ਇਹ ਵੀਰ ਜੀ ਨੇ ਬਣਾਏ ਸਨ, ਇਸ ਦਾ ਉਨ੍ਹਾਂ ਨੂੰ ਬਹੁਤ ਸ਼ੌਕ ਸੀ, ਬੱਸ ਹੁਣ ਉਨ੍ਹਾਂ ਦੀਆਂ ਤਸਵੀਰਾਂ ਅਤੇ ਇਹ ਚੀਜ਼ਾਂ ਹੀ ਸਾਡੇ ਕੋਲ ਰਹਿ ਗਈਆਂ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)