ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੋਟ ਚੋਰੀ ਦਾ ਇਲਜ਼ਾਮ ਲਗਾਇਆ, ਬਿਹਾਰ ਚੋਣਾਂ ਬਾਰੇ ਕੀਤਾ ਸ਼ੱਕ ਜ਼ਾਹਿਰ

ਤਸਵੀਰ ਸਰੋਤ, ANI
ਲੋਕ ਸਭਾ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਵੋਟ ਚੋਰੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਈਆਂ ਗਈਆਂ ਹਰ ਅੱਠ ਵੋਟਾਂ ਵਿੱਚੋਂ ਇੱਕ ਫਰਜ਼ੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ 1,24,000 ਤੋਂ ਵੱਧ ਵੋਟਰ ਹਨ ਜਿਨ੍ਹਾਂ ਦੀਆਂ ਫਰਜ਼ੀ ਫੋਟੋਆਂ ਹਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ, "ਇੱਕ ਘਰ ਵਿੱਚ 501 ਵੋਟਰ ਰਜਿਸਟਰਡ ਹਨ ਅਤੇ ਉਹ ਘਰ ਸਿਰਫ਼ ਕਾਗਜ਼ਾਂ 'ਤੇ ਹੈ।"
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪਾਈਆਂ ਗਈਆਂ ਲੱਖਾਂ ਵੋਟਾਂ "ਚੋਰੀ" ਦੀਆਂ ਸਨ।
ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਅਸਫ਼ਲਤਾ ਨੂੰ ਛੁਪਾਉਣ ਲਈ ਝੂਠੇ ਦਾਅਵੇ ਕਰ ਰਹੇ ਹਨ। ਚੋਣ ਕਮਿਸ਼ਨ ਨੇ ਪੁੱਛਿਆ ਹੈ ਕਿ ਕਾਂਗਰਸ ਨੇ ਡੁਪਲੀਕੇਟ ਵੋਟਰਾਂ ਨੂੰ ਹਟਾਉਣ ਲਈ ਸ਼ਿਕਾਇਤ ਕਿਉਂ ਦਰਜ ਨਹੀਂ ਕੀਤੀ।
ਰਾਹੁਲ ਗਾਂਧੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬਿਹਾਰ ਚੋਣਾਂ ਦੌਰਾਨ ਵੋਟ ਚੋਰੀ ਰਾਹੀਂ "ਲੋਕਤੰਤਰ ਦਾ ਕਤਲ" ਕਰਨ ਦੀ ਇੱਕ ਯੋਜਨਾਬੱਧ ਕੋਸ਼ਿਸ਼ ਕੀਤੀ ਜਾਵੇਗੀ।
ਆਪਣੀ ਪ੍ਰੈਸ ਕਾਨਫਰੰਸ ਦੌਰਾਨ, ਉਨ੍ਹਾਂ ਨੇ ਇੱਕ ਔਰਤ ਦੀ ਤਸਵੀਰ ਦਿਖਾਈ ਅਤੇ ਦਾਅਵਾ ਕੀਤਾ ਕਿ "ਇਸ ਔਰਤ ਨੇ ਹਰਿਆਣਾ ਵਿੱਚ 10 ਬੂਥਾਂ 'ਤੇ 22 ਵੋਟਾਂ ਪਾਈਆਂ।"
ਉਨ੍ਹਾਂ ਨੇ ਕਿਹਾ, "ਇਹ ਇੱਕ ਸੈਂਟਰਲਾਈਜ਼ਡ ਸਾਜ਼ਿਸ਼ ਹੈ। ਜਿਸ ਔਰਤ ਦੀ ਗੱਲ ਹੋ ਰਹੀ ਹੈ, ਉਹ ਬ੍ਰਾਜ਼ੀਲੀ ਮਾਡਲ ਹੈ। ਇਹ ਇੱਕ ਸੈਂਟਰਲਾਈਜ਼ਡ ਸਾਜ਼ਿਸ਼ ਦਾ ਸਬੂਤ ਹੈ। ਇਹ 25 ਲੱਖ ਅਜਿਹੇ ਲੋਕਾਂ ਵਿੱਚੋਂ ਇੱਕ ਉਦਾਹਰਣ ਹੈ। ਹਰਿਆਣਾ ਵੋਟਰ ਸੂਚੀ ਵਿੱਚ ਇੱਕ ਬ੍ਰਾਜ਼ੀਲੀ ਵਿਅਕਤੀ ਕਿਵੇਂ ਹੈ?"
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਪ੍ਰਕਿਰਿਆ ਵਿੱਚ ਧੋਖਾਧੜੀ ਵੱਲ ਇਸ਼ਾਰਾ ਕਰਦਾ ਹੈ।
ਭਾਜਪਾ ਨੇ ਕਿਹਾ- ਇਲਜ਼ਾਮ ਬੇਬੁਨਿਆਦ ਹਨ

ਤਸਵੀਰ ਸਰੋਤ, ANI
ਰਾਹੁਲ ਗਾਂਧੀ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ, ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਬੇਬੁਨਿਆਦ ਹਨ।
ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ ਵੋਟਰ ਸੂਚੀ ਦੀ ਸੋਧ ਦੌਰਾਨ ਕਾਂਗਰਸ ਦੇ ਬੂਥ ਲੈਵਲ ਏਜੰਟਾਂ ਨੇ ਡੁਪਲੀਕੇਟ ਵੋਟਰਾਂ ਨੂੰ ਹਟਾਉਣ ਲਈ ਕੋਈ ਇਤਰਾਜ਼ ਕਿਉਂ ਨਹੀਂ ਦਰਜ ਕਰਵਾਇਆ।
ਇਸੇ ਤਰ੍ਹਾਂ ਭਾਜਪਾ ਨੇ ਰਾਹੁਲ ਗਾਂਧੀ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਜਵਾਬ ਦਿੰਦਿਆਂ ਕਿਹਾ, "ਧਿਆਨ ਭਟਕਾਉਣ ਲਈ ਹਰਿਆਣਾ ਦੇ ਮੁੱਦੇ ਨੂੰ ਲੈ ਕੇ ਆ ਰਹੇ ਨੇ, ਫ਼ਜ਼ੂਲ ਦੀਆਂ ਗੱਲਾਂ ਲੈ ਕੇ ਪੇਸ਼ਕਾਰੀ ਕੀਤੀ ਹੈ, ਸਭ ਕੁਝ ਫ਼ਰਜ਼ੀ ਸੀ। ਉਹ ਆਪਣੀ ਨਾਕਾਮੀ ਲੁਕਾਉਣ ਲਈ ਝੂਠੇ ਤੇ ਬੇਤਰਕ ਦਾਅਵੇ ਕਰ ਰਹੇ ਹਨ।"
ਉਨ੍ਹਾਂ ਕਿਹਾ, "ਰਾਹੁਲ ਗਾਂਧੀ ਵਿਦੇਸ਼ ਜਾਂਦੇ ਨੇ ਤੇ ਭਾਰਤ ਦੇ ਲੋਕਤੰਤਰ ਤੇ ਸੰਸਥਾਵਾਂ ਦਾ ਅਪਮਾਨ ਕਰਦੇ ਹਨ। ਭਾਰਤ-ਵਿਰੋਧੀ ਤਾਕਤਾਂ ਨਾਲ ਮਿਲ ਕੇ ਰਾਹੁਲ ਗਾਂਧੀ ਜੋ ਖੇਡਾਂ ਖੇਡ ਰਹੇ ਹਨ, ਉਹ ਕਦੇ ਕਾਮਯਾਬ ਨਹੀਂ ਹੋਣਗੀਆਂ।"
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਹੁਲ ਗਾਂਧੀ ਗੁਮਰਾਹ ਕਰ ਰਹੇ ਹਨ।
ਸੈਣੀ ਨੇ ਕਿਹਾ, "ਰਾਹੁਲ ਗਾਂਧੀ ਦੇਸ਼ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ। ਕਾਂਗਰਸ ਨੇ ਦੇਸ਼ ਨੂੰ ਲਗਾਤਾਰ ਪਿੱਛੇ ਧੱਕਣ ਦਾ ਕੰਮ ਕੀਤਾ ਹੈ। ਜਿਸ ਤਰ੍ਹਾਂ ਕਾਂਗਰਸ ਮੁੱਦਾ ਹੀਣ ਹੋ ਗਈ ਹੈ, ਉਹ ਝੂਠ ਬੋਲ ਕੇ ਦੇਸ਼ ਨੂੰ ਗੁਮਰਾਹ ਕਰ ਰਹੇ ਨੇ।"
ਇਸੇ ਵੇਲੇ, ਸਿਆਸੀ ਧਿਰਾਂ ਰਾਹੁਲ ਗਾਂਧੀ ਦੇ ਇਲਜ਼ਾਮਾਂ 'ਤੇ ਜਾਂਚ ਦੀ ਮੰਗ ਵੀ ਕਰ ਰਹੀਆਂ ਹਨ।
ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਲੈ ਕੇ ਨਿਊਜ਼ ਏਜੰਸੀ ਪੀਟੀਆਈ ਦੇ ਸਵਾਲ 'ਤੇ ਜਨ ਸੁਰਾਜ ਪਾਰਟੀ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, "ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ। ਉਨ੍ਹਾਂ ਕੋਲ ਤਾਕਤ ਹੈ, ਉਹ ਲੜਨ, ਵਿਰੋਧੀ ਧਿਰ ਦੇ ਲੋਕਾਂ ਨੂੰ ਦੱਸਣ, ਚੋਣ ਕਮਿਸ਼ਨ ਨੂੰ ਘੇਰਨ ਤੇ ਕਾਨੂੰਨੀ ਕਾਰਵਾਈ ਕਰਨ।"
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, "ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਚੋਣ ਪ੍ਰਕਿਰਿਆ 'ਤੇ ਜੋ ਸਵਾਲ ਚੁੱਕ ਰਹੇ ਹਨ, ਚੋਣ ਕਮਿਸ਼ਨ ਨੂੰ ਉਨ੍ਹਾਂ ਦਾ ਜਵਾਬ ਦੇਣਾ ਚਾਹੀਦਾ ਹੈ।"
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ 'ਚ ਇਹ ਮੁੱਦਾ ਨਹੀਂ ਹੈ, ਇੱਥੇ ਪਰਵਾਸ, ਭ੍ਰਿਸ਼ਟਾਚਾਰ, ਪੜ੍ਹਾਈ ਦਾ ਮੁੱਦਾ ਹੈ।
ਰਾਹੁਲ ਗਾਂਧੀ ਨੇ ਕੀ ਇਲਜ਼ਾਮ ਲਗਾਏ

ਤਸਵੀਰ ਸਰੋਤ, Congress
ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਵਿੱਚ ਚੋਰੀ ਕਰਨ ਲਈ ਪੰਜ ਤਰੀਕੇ ਵਰਤੇ ਗਏ, ਫਰਜ਼ੀ ਤਸਵੀਰਾਂ, ਯੂਪੀ ਦੇ ਭਾਜਪਾ ਵਰਕਰਾਂ ਨੇ ਹਰਿਆਣਾ 'ਚ ਵੋਟਿੰਗ ਕੀਤੀ, ਤਸਵੀਰਾਂ ਧੁੰਦਲੀਆਂ ਕੀਤੀਆਂ ਗਈਆਂ, ਕੁਝ ਵੋਟਰਾਂ ਨੂੰ ਸੂਚੀ ਤੋਂ ਹਟਾਇਆ ਗਿਆ ਅਤੇ ਘਰਾਂ ਦੇ ਪਤੇ ਦੀ ਥਾਂ ਨੰਬਰ ਜ਼ੀਰੋ ਦਿਖਾਇਆ ਗਿਆ।
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਚੋਣ ਕਮਿਸ਼ਨ ਨਾਲ ਮਿਲ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ।
ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ 'ਚ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ, "ਮੇਰੇ ਇਲਜ਼ਾਮ 100 ਫ਼ੀਸਦੀ ਸੱਚ ਹਨ।"
ਰਾਹੁਲ ਗਾਂਧੀ ਨੇ ਕਿਹਾ, "ਮਹਾਦੇਵਪੁਰਾ ਤੋਂ ਬਾਅਦ, ਅਣੰਦ ਤੋਂ ਬਾਅਦ ਸਾਨੂੰ ਲੱਗਾ ਕਿ ਇਹ ਵੋਟ ਚੋਰੀ ਦਾ ਮਾਮਲਾ ਕੇਂਦਰੀ ਤੌਰ ਤੇ ਚੱਲ ਰਿਹਾ ਹੈ, ਇਹ ਸਿਰਫ਼ ਕਿਸੇ ਇੱਕ ਜ਼ਿਲ੍ਹੇ ਜਾਂ ਸੂਬੇ ਤੱਕ ਸੀਮਤ ਨਹੀਂ ਹੈ, ਇਹ ਰਾਸ਼ਟਰੀ ਪੱਧਰ 'ਤੇ ਹੋ ਰਿਹਾ ਹੈ। ਅਸੀਂ ਜਾਂਚ ਸ਼ੁਰੂ ਕੀਤੀ ਇਹ ਪਤਾ ਕਰਨ ਲਈ ਕਿ ਅਸਲ 'ਚ ਹੋ ਕੀ ਰਿਹਾ ਹੈ। ਅਸੀਂ ਹਰਿਆਣਾ 'ਤੇ ਧਿਆਨ ਦਿੱਤਾ ਕਿਉਂਕਿ ਐਗਜ਼ਿਟ ਪੋਲ ਦਿਖਾ ਰਹੇ ਸਨ ਕਿ ਕਾਂਗਰਸ ਪਾਰਟੀ ਹਰਿਆਣਾ 'ਚ ਜਿੱਤ ਰਹੀ ਹੈ।"
'ਅਸੀਂ ਹਰਿਆਣਾ ਜਿੱਤ ਰਹੇ ਸੀ, ਵੋਟ ਚੋਰੀ ਨੇ ਹਰਾ ਦਿੱਤਾ'
ਰਾਹੁਲ ਗਾਂਧੀ ਨੇ ਕਿਹਾ, "ਪਹਿਲੀ ਵਾਰ ਅਜਿਹਾ ਹੋਇਆ ਕਿ ਪੋਸਟਲ ਬੈਲਟ ਅਤੇ ਰਾਜ ਵਿੱਚ ਹੋਈ ਵੋਟਿੰਗ ਦੇ ਨਤੀਜੇ ਇਕ ਦੂਜੇ ਤੋਂ ਵੱਖਰੇ ਸਨ। ਅਸੀਂ ਓਪਿਨਿਅਨ ਪੋਲਾਂ ਵਿੱਚ ਅੱਗੇ ਸੀ, ਐਗਜ਼ਿਟ ਪੋਲਾਂ ਵਿੱਚ ਵੀ ਅੱਗੇ ਸੀ, ਪਰ ਨਤੀਜਾ ਬਿਲਕੁਲ ਵੱਖਰਾ ਆਇਆ। ਅਸੀਂ ਗਹਿਰਾਈ ਤੱਕ ਗਏ ਅਤੇ ਪਤਾ ਲੱਗਾ ਕਿ ਇੱਕ ਓਪਰੇਸ਼ਨ 'ਸਰਕਾਰ ਚੋਰੀ' ਲਾਗੂ ਕੀਤਾ ਗਿਆ, ਇੱਕ ਅਜਿਹਾ ਪਲਾਨ ਜਿਸ ਵਿੱਚ ਕਾਂਗਰਸ ਦੀ ਜਿਹੜੀ ਜਿੱਤ ਹੋਣੀ ਸੀ ਉਹ ਹਾਰ ਵਿੱਚ ਬਦਲੀ ਜਾਵੇ।"
ਰਾਹੁਲ ਗਾਂਧੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਧਾਨ ਸਭਾ ਚੋਣਾਂ ਦੇ ਸਮੇਂ ਦੌਰਾਨ ਦਾ ਇੱਕ ਵੀਡੀਓ ਵੀ ਦਿਖਾਇਆ।
ਉਸ ਵੀਡੀਓ ਵਿੱਚ ਨਾਇਬ ਸਿੰਘ ਸੈਣੀ ਕਹਿ ਰਹੇ ਹਨ, "ਮੈਂ ਸ਼ੁਰੂ ਤੋਂ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਇੱਕ ਪਾਸੜ ਸਰਕਾਰ ਬਣਾ ਰਹੀ ਹੈ, ਸਾਡੇ ਕੋਲ ਸਾਰੀਆਂ ਵਿਵਸਥਾਵਾਂ ਹਨ, ਤੁਸੀਂ ਚਿੰਤਾ ਨਾ ਕਰੋ।"
ਰਾਹੁਲ ਨੇ ਕਿਹਾ, "ਕਾਂਗਰਸ ਅੱਠ ਸੀਟਾਂ 'ਤੇ ਲਗਭਗ 22 ਹਜ਼ਾਰ ਵੋਟਾਂ ਨਾਲ ਹਾਰੀ। ਹਰਿਆਣਾ ਵਿੱਚ ਕੁੱਲ ਮਿਲਾ ਕੇ ਭਾਜਪਾ ਅਤੇ ਕਾਂਗਰਸ ਵਿਚਕਾਰ ਸਿਰਫ਼ ਇੱਕ ਲੱਖ ਬਾਈ ਹਜ਼ਾਰ ਵੋਟਾਂ ਦਾ ਫਰਕ ਸੀ।"
ਰਾਹੁਲ ਗਾਂਧੀ ਨੇ ਇੱਕ ਤਸਵੀਰ ਦਿਖਾਈ ਅਤੇ ਕਿਹਾ ਕਿ ਇਹ ਅਸਲ ਵਿੱਚ ਬ੍ਰਾਜ਼ੀਲ ਦੀ ਇੱਕ ਮਾਡਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਦੀ ਵੋਟਰ ਸੂਚੀ ਵਿੱਚ ਇਸ ਔਰਤ ਦੀ ਤਸਵੀਰ ਦਾ 10 ਬੂਥਾਂ 'ਤੇ 22 ਵਾਰ ਇਸਤੇਮਾਲ ਕੀਤਾ ਗਿਆ।
ਰਾਹੁਲ ਨੇ ਕਿਹਾ, "ਇਹ ਕਿਸੇ ਬੂਥ ਲੈਵਲ ਅਫ਼ਸਰ (ਬੀਐੱਲਓ) ਦਾ ਕੰਮ ਨਹੀਂ ਹੈ, ਇਹ ਸੈਂਟਰਲਾਈਜ਼ਡ ਤਰੀਕੇ ਨਾਲ ਕੀਤਾ ਗਿਆ ਹੈ।"
ਉਨ੍ਹਾਂ ਨੇ ਹੋਰ ਕਈ ਵੋਟਰਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਮ ਵੀ ਵੋਟਰ ਸੂਚੀ ਵਿੱਚ ਕਈ ਵਾਰ ਆਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਈ ਭਾਜਪਾ ਨਾਲ ਜੁੜੇ ਲੋਕਾਂ ਦੇ ਨਾਮ ਵੀ ਹਰਿਆਣਾ ਦੀ ਵੋਟਰ ਸੂਚੀ ਵਿੱਚ ਸ਼ਾਮਲ ਹਨ।

ਤਸਵੀਰ ਸਰੋਤ, Getty Images
ਰਾਹੁਲ ਗਾਂਧੀ ਨੇ ਸਕ੍ਰੀਨ 'ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਇੱਕ ਬਿਆਨ ਵੀ ਚਲਾਇਆ ਜਿਸ 'ਚ ਉਹ ਕਹਿ ਰਹੇ ਹਨ, ''ਕਈ ਅਜਿਹੇ ਵੋਟਰ ਹਨ ਜਿਨ੍ਹਾਂ ਕੋਲ ਘਰ ਨਹੀਂ ਹੁੰਦਾ ਪਰ ਉਨ੍ਹਾਂ ਦਾ ਨਾਂ ਵੋਟਰ ਲਿਸਟ 'ਚ ਹੁੰਦਾ ਹੈ। ਉਨ੍ਹਾਂ ਦਾ ਪਤਾ ਉਹ ਜਗ੍ਹਾ ਦਰਜ ਕੀਤਾ ਜਾਂਦਾ ਹੈ ਜਿੱਥੇ ਉਹ ਵਿਅਕਤੀ ਰਾਤ ਨੂੰ ਸੌਣ ਆਉਂਦਾ ਹੈ। ਕਈ ਵਾਰ ਸੜਕ ਦੇ ਕੰਢੇ, ਕਈ ਵਾਰ ਪੁਲ ਦੇ ਹੇਠਾਂ ਜਾਂ ਕਈ ਵਾਰ ਲੈਂਪ ਪੋਸਟ ਦੇ ਕੰਢੇ।"
ਰਾਹੁਲ ਗਾਂਧੀ ਨੇ ਅਜਿਹੇ ਕਈ ਵੋਟਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੇ ਪਤੇ 'ਤੇ ਘਰ ਦਾ ਨੰਬਰ ਜ਼ੀਰੋ ਦਰਜ ਸੀ।
ਉਨ੍ਹਾਂ ਨੇ ਕਿਹਾ, "ਅਜਿਹੇ ਵੋਟਰਾਂ ਦੀ ਜਾਂਚ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਪਤਾ ਸਹੀ ਨਹੀਂ ਹੁੰਦਾ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰ ਦੀ ਪਛਾਣ ਨਾ ਹੋ ਸਕੇ। ਹਰਿਆਣਾ 'ਚ ਅਜਿਹੇ 19 ਲੱਖ ਵੋਟਰ ਹਨ ਜਿਨ੍ਹਾਂ ਦੇ ਪਤੇ ਦਰਜ ਨਹੀਂ ਹਨ।"
ਰਾਹੁਲ ਨੇ ਅਜਿਹੇ ਕਈ ਪਤੇ ਵੀ ਵਿਖਾਏ ਜਿੱਥੇ 50 ਤੋਂ ਵੱਧ ਵੋਟਾਂ ਦਰਜ ਹੋਣ ਦਾ ਦਾਅਵਾ ਕੀਤਾ। ਇੱਕ ਪਤੇ 'ਤੇ ਉਨ੍ਹਾਂ ਨੇ 500 ਤੋਂ ਵੱਧ ਵੋਟਾਂ ਦਰਜ ਹੋਣ ਦਾ ਦਾਅਵਾ ਵੀ ਕੀਤਾ।
ਰਾਹੁਲ ਗਾਂਧੀ ਨੇ ਕਿਹਾ, "ਚੋਣ ਕਮਿਸ਼ਨ ਦਾ ਨਿਯਮ ਹੈ ਕਿ ਜੇਕਰ ਕਿਸੇ ਘਰ 'ਚ 10 ਤੋਂ ਵੱਧ ਲੋਕ ਰਹਿੰਦੇ ਹਨ ਤਾਂ ਉੱਥੇ ਜ਼ਮੀਨੀ ਪੱਧਰ 'ਤੇ ਜਾ ਕੇ ਜਾਂਚ ਕਰਨਾ ਲਾਜ਼ਮੀ ਹੁੰਦਾ ਹੈ। ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਜਾ ਰਿਹਾ।"
ਰਾਹੁਲ ਨੇ ਅਜਿਹੇ ਕਈ ਵੋਟਰਾਂ ਦੀ ਉਦਾਹਰਣ ਵੀ ਦਿੱਤੀ ਜਿਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਵੋਟ ਪਾਈ ਸੀ ਪਰ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਦੇ ਨਾਂ ਸੂਚੀ 'ਚ ਨਹੀਂ ਸਨ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਵੋਟਰ ਲਿਸਟ 'ਚੋਂ ਨਾਂ ਹਟਾ ਕੇ ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ।
ਬਿਹਾਰ ਨੂੰ ਲੈ ਕੇ ਪ੍ਰਗਟਾਈਆਂ ਗਈਆਂ ਚਿੰਤਾਵਾਂ

ਤਸਵੀਰ ਸਰੋਤ, ANI
ਰਾਹੁਲ ਗਾਂਧੀ ਨੇ ਬਿਹਾਰ ਵਿੱਚ ਵੀ ਇਸੇ ਤਰ੍ਹਾਂ ਦੀ ਚੋਣ ਹੇਰਾਫੇਰੀ ਬਾਰੇ ਚਿੰਤਾ ਪ੍ਰਗਟਾਈ ਹੈ।
ਰਾਹੁਲ ਗਾਂਧੀ ਨੇ ਕਿਹਾ, "ਇਹ ਉਨ੍ਹਾਂ ਦਾ ਸਿਸਟਮ ਹੈ, ਉਨ੍ਹਾਂ ਨੇ ਇਸ ਸਿਸਟਮ ਦੀ ਵਰਤੋਂ ਹਰਿਆਣਾ ਚੋਣ ਚੋਰੀ ਕਰਨ ਲਈ ਕੀਤੀ। ਹਰਿਆਣਾ ਦਾ ਮੁੱਖ ਮੰਤਰੀ ਇੱਕ ਚੋਰੀ ਕੀਤਾ ਮੁੱਖ ਮੰਤਰੀ ਹੈ। ਕਾਂਗਰਸ ਨੇ ਉਹ ਚੋਣ ਜਿੱਤੀ, ਅਤੇ ਭਾਜਪਾ ਹਾਰ ਗਈ।"
ਉਨ੍ਹਾਂ ਅੱਗੇ ਕਿਹਾ, "ਇਹ ਭਾਰਤ ਦੇ ਸੰਵਿਧਾਨ 'ਤੇ ਹਮਲਾ ਹੈ। ਹੁਣ, ਉਹੀ ਸਿਸਟਮ ਜੋ ਹਰਿਆਣਾ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਲਾਗੂ ਹੋਇਆ ਅਤੇ ਬਿਹਾਰ ਵਿੱਚ ਲਾਗੂ ਕੀਤਾ ਜਾਵੇਗਾ।"
ਰਾਹੁਲ ਗਾਂਧੀ ਪਹਿਲਾਂ ਵੋਟ ਚੋਰੀ ਦੇ ਇਲਜ਼ਾਮ ਲਗਾ ਚੁੱਕੇ ਹਨ। ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਵੋਟ ਚੋਰੀ ਦੇ ਪਿਛਲੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












