ਅਮਰੀਕਾ ਦੀਆਂ ਚੋਣਾਂ: ਬਹਿਸ ਦੌਰਾਨ ਜਦੋਂ ਕਮਲਾ ਹੈਰਿਸ ਨੇ ਡੌਨਲਡ ਟਰੰਪ ਨੂੰ ਘੇਰਿਆ, ਟਰੰਪ ਅੱਗੋਂ ਕੀ ਬੋਲੇ

ਅਮਰੀਕਾ ਦੀਆਂ ਚੋਣਾਂ

ਤਸਵੀਰ ਸਰੋਤ, Getty Images

ਅਮਰੀਕਾ ਦੀ ਰਾਸ਼ਟਰਪਤੀ ਚੋਣ ’ਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿੰਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਪ੍ਰੈਜ਼ੀਡੈਂਸ਼ੀਅਲ ਡਿਬੇਟ ’ਚ ਆਹਮੋ-ਸਾਹਮਣੇ ਹੋਏ।

ਦੋਵੇਂ ਉਮੀਦਵਾਰਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਮੁੱਖ ਮੁੱਦਿਆਂ ’ਤੇ ਪਹਿਲੀ ਵਾਰ ਬਹਿਸ ਕੀਤੀ।

“ਦਿ ਏਬੀਸੀ ਨਿਊਜ਼ ਪ੍ਰੈਜ਼ੀਡੈਂਸ਼ੀਅਲ ਡਿਬੇਟ” ਕਰੀਬ 90 ਮਿੰਟ ਤੱਕ ਚੱਲੀ।

ਇਸ ਡਿਬੇਟ ਲਈ ਕੁਝ ਨਿਯਮ ਬਣਾਏ ਗਏ ਸਨ।

ਇਨ੍ਹਾਂ ਨਿਯਮਾਂ ਮੁਤਾਬਕ ਡਿਬੇਟ ਦੌਰਾਨ ਦੋ ਬਰੇਕ ਦਿੱਤੇ ਗਏ, ਜਿਸ ਵਿੱਚ ਦੋਵੇਂ ਉਮੀਦਵਾਰ ਆਪਣੇ ਸਹਿਯੋਗੀਆਂ ਜਾਂ ਕਰਮਚਾਰੀਆਂ ਨਾਲ ਗੱਲ ਨਹੀਂ ਕਰ ਸਕਦੇ ਸੀ।

ਹਾਲਾਂਕਿ ਮੌਜੂਦਾ ਚੋਣਾਂ ਦੀ ਇਹ ਪਹਿਲੀ ਬਹਿਸ ਨਹੀਂ ਹੈ। ਇਸ ਤੋਂ ਪਹਿਲਾਂ ਟਰੰਪ ਅਤੇ ਜੋਅ ਬਾਇਡਨ ਦਾ ਸਾਹਮਣਾ ਕੀਤਾ ਸੀ। ਇਸ ਤੋਂ ਕੁਝ ਹਫ਼ਤੇ ਬਾਅਦ ਹੀ ਬਾਇਡਨ ਨੂੰ ਦੌੜ ਵਿੱਚੋਂ ਬਾਹਰ ਹੋਣਾ ਪਿਆ ਅਤੇ ਕਮਲਾ ਨੂੰ ਉਨ੍ਹਾਂ ਦੀ ਥਾਂ ਉਮੀਦਵਾਰ ਐਲਾਨਿਆ ਗਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਡਿਬੇਟ ਤੋਂ ਪਹਿਲਾਂ ਇੱਕ ਟੌਸ ਕੀਤਾ ਗਿਆ, ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਦੋਵੇਂ ਉਮੀਦਵਾਰ ਕਿੱਥੇ-ਕਿੱਥੇ ਬੈਠਣਗੇ ਅਤੇ ਆਖੀਰ ਵਿੱਚ ਕੌਣ ਬੋਲੇਗਾ।

ਡਿਬੇਟ ਦੀ ਸ਼ੁਰੂਆਤ ਕਰਦੇ ਹੋਏ ਕਮਲਾ ਨੇ ਟਰੰਪ ਦੀਆਂ ਆਰਥਿਕ ਨੀਤੀਆਂ ’ਤੇ ਨਿਸ਼ਾਨੇ ਸੇਧੇ।

ਉਥੇ ਹੀ ਟਰੰਪ ਨੇ ਹੈਰਿਸ ਨੂੰ ਪੁੱਛਿਆ, “ਕੀ ਤੁਹਾਨੂੰ ਲੱਗਦਾ ਹੈ ਕਿ ਅਮਰੀਕਾ ਚਾਰ ਸਾਲ ਪਹਿਲਾਂ ਦੀ ਤੁਲਨਾ ਵਿੱਚ ਬਿਹਤਰ ਸਥਿਤੀ ਵਿੱਚ ਹੈ?”

ਇਸ ’ਤੇ ਕਮਲਾ ਹੈਰਿਸ ਨੇ ਕਿਹਾ ਕਿ ਉਹ ਇੱਕ ਮੌਕਾਪ੍ਰਸਤ ਅਰਥਵਿਸਸਥਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

ਹੈਰਿਸ ਨੇ ਕਿਹਾ, “ਟਰੰਪ ਪਿਛਲੀ ਵਾਰ ਦੀ ਤਰ੍ਹਾਂ ਹੀ ਅਰਬਪਤੀਆਂ ਅਤੇ ਵਪਾਰੀਆਂ ਨੂੰ ਟੈਕਸ ਵਿੱਚ ਛੂਟ ਦੇਣ ਦੀ ਯੋਜਨਾ ਬਣਾ ਰਹੇ ਹਨ।”

ਉਨ੍ਹਾਂ ਨੇ ਕਿਹਾ, “ਟਰੰਪ ਜੋ ਕਹਿੰਦੇ ਹਨ, ਉਸ ਦੀ ਆਲੋਚਨਾ 16 ਨੋਬਲ ਪੁਰਸਕਾਰ ਜੇਤੂ ਅਰਥਸ਼ਾਸ਼ਤਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਇਨ੍ਹਾਂ ਨੂੰ ਲਾਗੂ ਕੀਤਾ ਗਿਆ ਤਾਂ ਅਗਲੇ ਸਾਲ ਮੰਦੀ ਆ ਜਾਵੇਗੀ।”

ਹੈਰਿਸ ਨੇ ਕਿਹਾ, “ਡੌਨਲਡ ਟਰੰਪ ਸਾਨੂੰ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਬੱਦਤਰ ਦੌਰ ਬੇਰੁਜ਼ਗਾਰੀ ਵਿੱਚ ਛੱਡ ਗਏ ਸਨ। ਸਾਨੂੰ ਟਰੰਪ ਵੱਲੋਂ ਵਿਗਾੜੀ ਵਿਵਸਥਾ ਨੂੰ ਠੀਕ ਕਰਨਾ ਪਿਆ।”

ਹੈਰਿਸ ਨੇ ‘ਪ੍ਰੋਜੈਕਟ 2025’ ਨੂੰ ਖ਼ਤਰਨਾਕ ਯੋਜਨਾ ਦੱਸਿਆ ਅਤੇ ਕਿਹਾ ਕਿ ਜੇ ਟਰੰਪ ਆਉਂਦੇ ਹਨ ਤਾਂ ਉਹ ਉਸ ਨੂੰ ਲਾਗੂ ਕਰ ਦੇਣਗੇ।

ਬਹਿਸ ਦੇ ਦੌਰਾਨ ਕਮਲਾ ਨੇ ਜਦੋਂ ਟਰੰਪ ਦੇ ਅਪਰਾਧਕ ਪਿਛੋਕੜ ਦੀ ਗੱਲ ਛੇੜੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ “ਸਾਰੇ ਝੂਠੇ ਮੁਕੱਦਮੇ ਹਨ”।

ਟਰੰਪ ਨੇ ਕੈਪਿਟਲ ਹਿਲ ਦੰਗਿਆਂ ’ਤੇ ਕੀ ਜਵਾਬ ਦਿੱਤਾ

ਅਮਰੀਕਾ ਦੀਆਂ ਚੋਣਾਂ

ਤਸਵੀਰ ਸਰੋਤ, Getty Images

ਦਿ ਏਬੀਸੀ ਨਿਊਜ਼ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਕੈਪਿਟਲ ਹਿਲ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਸਵਾਲ-ਜਵਾਬ ਹੋਏ।

ਇਨ੍ਹਾਂ ਦੰਗਿਆਂ ਵਿੱਚ ਟਰੰਪ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਹਮਲੇ ਤੋਂ ਪਹਿਲਾਂ ਵਾਈਟ ਹਾਊਸ ’ਚ ਆਪਣੇ ਭਾਸ਼ਣ ’ਚ ਆਪਣੇ ਸਮਰਥਕਾਂ ਨੂੰ ਕੈਪਿਟਲ ਤੱਕ ਮਾਰਚ ਕਰਨ ਲਈ ਕਿਹਾ ਅਤੇ ਟੀਵੀ ’ਤੇ ਹਮਲੇ ਨੂੰ ਦੇਖਿਆ।

ਇਸ ’ਤੇ ਟਰੰਪ ਨੇ ਕਿਹਾ,“ਮੇਰੇ ਭਾਸ਼ਣ ਵਿੱਚ ਹਿੰਸਾ ਭੜਕਾਉਣ ਬਾਰੇ ਕੁਝ ਨਹੀਂ ਕਿਹਾ ਗਿਆ ਸੀ।”

ਇਸ ’ਤੇ ਬਹਿਸ ਦੇ ਮੇਜ਼ਬਾਨ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਜੋ ਉਸ ਦਿਨ ਕੀਤਾ, ਉਸ ਲਈ ਕੀ ਤੁਹਾਨੂੰ ਪਛਤਾਵਾ ਹੈ?

ਟਰੰਪ ਨੇ ਪਲਟਵਾਰ ਕਰਦੇ ਹੋਏ ਕਿਹਾ, “ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਬਸ ਇਹੀ ਹੈ ਕਿ ਉਨ੍ਹਾਂ ਨੇ ਮੈਨੂੰ ਭਾਸ਼ਣ ਦੇਣ ਲਈ ਕਿਹਾ ਸੀ।”

ਉਨ੍ਹਾਂ ਨੇ ਇਸ ਲਈ ਸੁਰੱਖਿਆ ਪ੍ਰਬੰਧਾਂ ’ਚ ਹੋਈ ਅਣਦੇਖੀ ਲਈ ਡੈਮੋਕਰੇਟਿਕ ਪਾਰਟੀ ਦੀ ਲੀਡਰ ਨੈਂਸੀ ਪੇਲੋਸੀ ਨੂੰ ਜ਼ਿੰਮੇਵਾਰ ਠਹਿਰਾਇਆ।

6 ਜਨਵਰੀ 2021 ਨੂੰ ਡੌਨਲਡ ਟਰੰਪ ਦੇ ਸਮਰਥਕਾਂ ਨੇ ਯੂਐੱਸ ਕੈਪਿਟਲ ’ਤੇ ਧਾਵਾ ਬੋਲ ਦਿੱਤਾ ਸੀ।

ਟਰੰਪ ’ਤੇ ਕੈਪਿਟਲ ’ਚ ਦੰਗੇ ਭੜਕਾਉਣ ਦਾ ਇਲਜ਼ਾਮ ਹੈ ਪਰ ਇਹ ਮਾਮਲਾ ਹਾਲੇ ਲੰਬਿਤ ਹੈ। ਇਸ ਮਾਮਲੇ ਵਿੱਚ 1,200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੈਂਕੜੇ ਲੋਕਾਂ ਨੇ ਆਪਣਾ ਅਪਰਾਧ ਮੰਨਿਆ।

 ਡੌਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 6 ਜਨਵਰੀ 2021 ਨੂੰ ਡੌਨਲਡ ਟਰੰਪ ਦੇ ਸਮਰਥਕਾਂ ਨੇ ਯੂਐੱਸ ਕੈਪਿਟਲ ’ਤੇ ਧਾਵਾ ਬੋਲ ਦਿੱਤਾ ਸੀ

ਦੇਖਿਆ ਗਿਆ ਕਿ ਕਮਲਾ ਬਹਿਸ ਦਾ ਜ਼ਿਆਦਾਤਰ ਸਮਾਂ ਟਰੰਪ ਦੀਆਂ ਅੱਖਾਂ ਵਿੱਚ ਸਿੱਧਾ ਦੇਖ ਰਹੇ ਸਨ। ਉਹ ਇਸ਼ਾਰਿਆਂ ਨਾਲ ਹੀ ਟਰੰਪ ਦੇ ਦਾਅਵਿਆਂ ਨੂੰ ਬੇਬੁਨਿਆਦ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਦੂਜੇ ਪਾਸੇ ਟਰੰਪ ਕਮਲਾ ਤੋਂ ਅੱਖ ਬਚਾ ਕੇ ਗੱਲ ਕਰ ਰਹੇ ਸਨ। ਉਹ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕਮਲਾ ਵੱਲ ਉਂਗਲ ਚੁੱਕ ਕੇ ਆਪਣੀ ਗੱਲ ਕਰ ਰਹੇ ਸਨ।

ਇਜ਼ਰਾਈਲ ਦੇ ਮੁੱਦੇ ਉੱਤੇ ਸ਼ਬਦੀ ਹਮਲੇ

ਅਮਰੀਕਾ ਦੀਆਂ ਚੋਣਾਂ

ਤਸਵੀਰ ਸਰੋਤ, Getty Images

ਟਰੰਪ ਨੂੰ ਪੁੱਛਿਆ ਗਿਆ ਕਿ ਉਹ ਗਾਜ਼ਾ ਵਿੱਚ ਜੰਗਬੰਦੀ ਕਰਕੇ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਨੂੰ ਕਿਵੇਂ ਰਿਹਾ ਕਰਵਾਉਣਗੇ।

ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਹੁੰਦੇ ਤਾਂ ਤਣਾਅ ਸ਼ੁਰੂ ਹੀ ਨਹੀਂ ਸੀ ਹੋਣਾ।

“ਉਹ (ਕਮਲਾ) ਇਜ਼ਰਾਈਲ ਨੂੰ ਨਫ਼ਰਤ ਕਰਦੇ ਹਨ। ਜੇ ਉਹ ਰਾਸ਼ਟਰਪਤੀ ਬਣੇ ਤਾਂ ਮੇਰਾ ਮੰਨਣਾ ਹੈ ਇਜ਼ਰਾਈਲ ਦੋ ਸਾਲ ਵੀ ਨਹੀਂ ਬਚੇਗਾ।”

ਟਰੰਪ ਨੇ ਦਾਅਵਾ ਕੀਤਾ ਕਿ ਉਹ ਅਰਬਾਂ ਨੂੰ ਵੀ ਨਫ਼ਰਤ ਕਰਦੇ ਹਨ ਅਤੇ “ਇਸੇ ਕਰਕੇ ਸਾਰੇ ਖਿੱਤੇ ਵਿੱਚ ਬੰਬ ਚੱਲ ਰਹੇ ਹਨ”।

ਹੈਰਿਸ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਅਤੇ ਕਿਹਾ, “ਟਰੰਪ ਪਾੜਨ ਅਤੇ ਸਚਾਈ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ”

ਉਨ੍ਹਾਂ ਨੇ ਕਿਹਾ, “ਇਹ ਸਾਰਿਆਂ ਨੂੰ ਪਤਾ ਹੈ ਕਿ ਉਹ ਤਾਨਾਸ਼ਾਹਾਂ ਨੂੰ ਪਸੰਦ ਕਰਦੇ ਹਨ” ਅਤੇ “ਖ਼ੁਦ ਵੀ ਉਨ੍ਹਾਂ ਵਿੱਚੋਂ ਇੱਕ ਬਣਨਾ ਚਾਹੁੰਦੇ ਹਨ”।

ਬਿਨਾਂ ਸ਼ੱਕ ਇਹ ਦੋਵਾਂ ਆਗੂਆਂ ਦਰਮਿਆਨ ਭਖਵੀਂ ਬਹਿਸ ਸੀ।

ਕਮਲਾ ਨੇ ਇਸ ਸਵਾਲ ਬਾਰੇ ਜਵਾਬ ਦਿੰਦਿਆਂ ਆਪਣੀਆਂ ਕੁਝ ਪੁਰਾਣੀਆਂ ਟਿੱਪਣੀਆਂ ਦੁਹਰਾਈਆਂ।

ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਨੂੰ ਸਵੈ ਰੱਖਿਆ ਦਾ ਹੱਕ ਹੈ ਲੇਕਿਨ ਅਹਿਮ ਇਹ ਹੈ ਕਿ ਉਹ ਅਜਿਹਾ ਕਿਵੇਂ ਕਰਦਾ ਹੈ।

ਉਨ੍ਹਾਂ ਨੇ ਕਿਹਾ, “ਜੰਗ ਬੰਦ ਹੋਣੀ ਚਾਹੀਦੀ ਹੈ। ਇਹ ਤੁਰੰਤ ਬੰਦ ਹੋਣੀ ਚਾਹੀਦੀ ਹੈ।”

ਉਨ੍ਹਾਂ ਨੇ “ਗਾਜ਼ਾ ਦੇ ਪੁਨਰ-ਨਿਰਮਾਣ” ਲਈ ਦੋ-ਸਟੇਟ ਹੱਲ ਦਾ ਸੱਦਾ ਦਿੱਤਾ।

ਟਰੰਪ ਨੇ ਪਰਵਾਸੀਆਂ ’ਤੇ ‘ਕੁੱਤੇ’ ਖਾਣ ਦੇ ਦੋਸ਼ ਲਾਏ, ਕਮਲਾ ਨੇ ਕੀ ਜਵਾਬ ਦਿੱਤਾ

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਕਿਹਾ ਕਿ ਪਰਵਾਸੀ ਲੋਕ ਸਪਰਿੰਗਫੀਲਡ, ਓਹੀਓ ਵਿੱਚ ਪਾਲਤੂ ਕੁੱਤੇ ਖਾਂਦੇ ਹਨ

ਟਰੰਪ ਨੇ ਪਰਵਾਸੀਆਂ ਨੂੰ ਲੈ ਕੇ ਬਹਿਸ ਦੌਰਾਨ ਬੇਬੁਨਿਆਦ ਦਾਅਵਾ ਕੀਤਾ। ਟਰੰਪ ਨੇ ਕਿਹਾ ਕਿ ਪਰਵਾਸੀ ਲੋਕ ਸਪਰਿੰਗਫੀਲਡ, ਓਹੀਓ ਵਿੱਚ ਪਾਲਤੂ ਕੁੱਤੇ ਖਾਂਦੇ ਹਨ।

ਉਨ੍ਹਾਂ ਨੇ ਕਿਹਾ, “ਉਹ ਕੁੱਤਿਆਂ ਨੂੰ ਖਾਂਦੇ ਹਨ। ਉਹ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਖਾਂਦੇ ਹਨ।”

ਦਿ ਏਬੀਸੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਮੇਜ਼ਬਾਨ ਡੇਵਿਡ ਮੁਇਰ ਨੇ ਕਿਹਾ ਕਿ ਸਪਰਿੰਗਫੀਲਡ ਦੇ ਸਿਟੀ ਮੈਨੇਜਰ ਨੇ ਕਿਹਾ ਕਿ ਇਸ ਬਾਰੇ ਕੋਈ ਸਬੂਤ ਨਹੀਂ ਹਨ।

ਟਰੰਪ ਨੇ ਕਿਹਾ, “ਮੈਂ ਟੀਵੀ ’ਤੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਮੇਰੇ ਕੁੱਤੇ ਨੂੰ ਚੋਰੀ ਕਰ ਲਿਆ ਗਿਆ ਤੇ ਖਾ ਲਿਆ ਗਿਆ।”

ਹੈਰਿਸ ਨੇ ਇਸ ਦੇ ਜਵਾਬ ਵਿੱਚ ਕਿਹਾ, “ਉਹ ਬਹੁਤ ਵਧਾ ਚੜ੍ਹਾ ਕੇ ਗੱਲਾਂ ਕਰਦੇ ਹਨ।”

ਸਪਰਿੰਗਫੀਲਡ ਦੇ ਅਧਿਕਾਰੀਆਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਇਸ ਮਾਮਲੇ ਬਾਰੇ ਅਜਿਹੀ ਕੋਈ ਵੀ ਰਿਪੋਰਟ ਨਹੀਂ ਹੈ ਕਿ ਅਜਿਹੀ ਕੋਈ ਘਟਨਾ ਵਾਪਰੀ ਹੋਵੇ।

ਦੋਵਾਂ ਉਮੀਦਵਾਰਾਂ ਨੇ ਰੂਸ-ਯੂਕਰੇਨ ਜੰਗ ’ਤੇ ਕੀ ਕਿਹਾ

ਟਰੰਪ

ਤਸਵੀਰ ਸਰੋਤ, Reuters

ਇਸ ਦੌਰਾਨ ਰੂਸ-ਯੂਕਰੇਨ ਦੀ ਜੰਗ ਨੂੰ ਲੈ ਕੇ ਵੀ ਬਹਿਸ ਹੋਈ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਯੂਕਰੇਨ ਜੰਗ ਜਿੱਤੇ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ, “ਮੈਂ ਚਾਹੁੰਦਾ ਹਾਂ ਜੰਗ ਰੁਕ ਜਾਵੇ।”

ਰੂਸ-ਯੂਕਰੇਨ ਯੁੱਧ ਕਾਰਨ ਅਮਰੀਕਾ ’ਤੇ ਪੈਣ ਵਾਲੇ ਅਸਰ ਬਾਰੇ ਟਰੰਪ ਨੇ ਦਾਅਵਾ ਕੀਤਾ ਕਿ ਯੂਰਪ ਨੂੰ ਅਮਰੀਕਾ ਦੇ ਮੁਕਾਬਲੇ ਇਸ ਜੰਗ ਦੀ ਬਹੁਤ ਘੱਟ ਕੀਮਤ ਚੁਕਾਉਣੀ ਪੈ ਰਹੀ ਹੈ।

ਯੂਕਰੇਨ ਯੁੱਧ ਦੇ ਸਵਾਲ ’ਤੇ ਕਮਲਾ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਹਨ।

ਉਨ੍ਹਾਂ ਨੇ ਟਰੰਪ ਨੂੰ ਕਿਹਾ, “ਸਾਡੇ ਨਾਟੋ ਸਹਿਯੋਗੀ ਬਹੁਤ ਸ਼ੁਕਰਗੁਜ਼ਾਰ ਹਨ ਕਿ ਤੁਸੀਂ ਹੁਣ ਰਾਸ਼ਟਰਪਤੀ ਨਹੀਂ ਹੋ। ਨਹੀਂ ਤਾਂ ਪੁਤਿਨ ਕੀਵ ਵਿੱਚ ਬੈਠੇ ਹੁੰਦੇ ਅਤੇ ਯੂਰਪ ਦੇ ਬਾਕੀ ਹਿੱਸਿਆਂ ’ਤੇ ਉਨ੍ਹਾਂ ਦੀ ਨਜ਼ਰ ਹੁੰਦੀ।”

ਹੈਰਿਸ ਨੇ ਕਿਹਾ, “ਪੁਤਿਨ ਇੱਕ ਤਾਨਾਸ਼ਾਹ ਹਨ।”

ਇਸ ’ਤੇ ਟਰੰਪ ਨੇ ਕਮਲਾ ਹੈਰਿਸ ਨੂੰ ਹੁਣ ਤੱਕ ਦੀ ਸਭ ਤੋਂ ਮਾੜੀ ਉਪ-ਰਾਸ਼ਟਰਪਤੀ ਕਿਹਾ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਹਮਲੇ ਤੋਂ ਪਹਿਲਾਂ ਯੂਕਰੇਨ ਤੇ ਰੂਸ ਵਿਚਾਲੇ ਗੱਲਬਾਤ ਕਰ ਕੇ ਜੰਗ ਰੋਕਣ ਵਿੱਚ ਅਸਫਲ ਰਹੇ ਹਨ।

ਕਮਲਾ ਤੇ ਟਰੰਪ ਨੇ ਆਪਣੇ ਸਮਾਪਤੀ ਭਾਸ਼ਣ ’ਚ ਕੀ ਕਿਹਾ

ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਦਾ ਅਤੇ ਟਰੰਪ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ।

‘ਦਿ ਪ੍ਰੈਜ਼ੀਡੈਂਸ਼ੀਅਲ ਡਿਬੇਟ’ ਦੇ ਅੰਤ ਵਿੱਚ ਦੋਵੇਂ ਉਮੀਦਵਾਰਾਂ ਨੇ ਇਕ-ਦੂਜੇ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

ਹੈਰਿਸ ਨੇ ਕਿਹਾ ਕਿ ਅਮਰੀਕਾ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਦਾ ਅਤੇ ਟਰੰਪ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਵਿੱਖ ’ਤੇ ਕੇਂਦਰਿਤ ਹਨ ਅਤੇ ਟਰੰਪ ਹਾਲੇ ਵੀ ਅਤੀਤ ’ਤੇ ਅਟਕੇ ਹੋਏ ਹਨ।

ਉਨ੍ਹਾਂ ਕਿਹਾ, “ਅਸੀਂ ਪਿੱਛੇ ਨਹੀਂ ਜਾ ਰਹੇ। ਅਸੀਂ ਭਵਿੱਖ ਲਈ ਨਵਾਂ ਰਾਹ ਬਣਾਉਣਾ ਹੈ।”

ਟਰੰਪ ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਕਿ ਹੈਰਿਸ ਦੀਆਂ ਨੀਤੀਆਂ ਦੀ ਕੋਈ ਤੁੱਕ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸੱਤਾ ਵਿੱਚ ਰਹਿ ਕੇ ਚਾਰ ਸਾਲਾਂ ਵਿੱਚ ਕੁਝ ਹਾਸਲ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ।

ਉਨ੍ਹਾਂ ਕਿਹਾ, “ਸਾਡਾ ਦੇਸ਼ ਬਰਬਾਦੀ ਵੱਲ ਜਾ ਰਿਹਾ ਹੈ ਤੇ ਸਾਰੀ ਦੁਨੀਆਂ ਸਾਡੇ ’ਤੇ ਹੱਸ ਰਹੀ ਹੈ।”

ਟਰੰਪ ਨੇ ਦਾਅਵਾ ਕੀਤਾ ਕਿ ਜੇ ਨਵੰਬਰ ਵਿੱਚ ਹੈਰਿਸ ਚੋਣ ਜਿੱਤਦੀ ਹੈ ਤਾਂ ਤੀਜਾ ਵਿਸ਼ਵ ਯੁੱਧ ਹੋਣਾ ਤੈਅ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)