ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਦੌੜ 'ਚੋਂ ਹਟੇ, ਕਮਲਾ ਹੈਰਿਸ ਦੇਣਗੇ ਡੌਨਲਡ ਟਰੰਪ ਨੂੰ ਟੱਕਰ

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਹਨ

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਵਾਪਸ ਲੈਂਦਿਆਂ ਕਿਹਾ ਹੈ ਕਿ ਇਹ 'ਉਨ੍ਹਾਂ ਦੀ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ' ਹੈ।

ਬਾਇਡਨ ਨੇ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਹੈ ਜਦੋਂ ਅਮਰੀਕਾ 'ਚ ਚਾਰ ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।

ਉਨ੍ਹਾਂ ਦੇ ਇਸ ਫੈਸਲੇ ਨਾਲ ਵ੍ਹਾਈਟ ਹਾਊਸ ਲਈ ਦੌੜ ਦਿਲਚਸਪ ਹੋ ਗਈ ਹੈ।

ਜੂਨ ਦੇ ਅੰਤ 'ਚ ਰਾਸ਼ਟਰਪਤੀ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਦੇ ਸਾਹਮਣੇ ਬਹਿਸ 'ਚ 'ਨਿਰਾਸ਼ਾਜਨਕ' ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਡੈਮੋਕਰੇਟ ਆਗੂ ਉਨ੍ਹਾਂ 'ਤੇ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ।

ਐਤਵਾਰ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਬਾਇਡਨ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਨਗੇ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੋਸ਼ਲ ਮੀਡੀਆ ਰਾਹੀ ਕੀਤਾ ਐਲਾਨ

ਰਾਸ਼ਟਰਪਤੀ ਨੇ ਬਾਇਡਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਬਿਆਨ ਜਾਰੀ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਟਣ ਦਾ ਐਲਾਨ ਕੀਤਾ।

ਉਨ੍ਹਾਂ ਲਿਖਿਆ, ''ਮੇਰੇ ਡੈਮੋਕਰੇਟ ਦੋਸਤੋ ਮੈਂ ਨਾਮਜ਼ਦਗੀ ਸਵਿਕਾਰ ਨਾਲ ਕਰਨ ਦਾ ਫੈਸਲਾ ਲਿਆ ਹੈ, ਅਤੇ ਆਪਣਾ ਧਿਆਨ ਮੇਰੇ ਬਾਕੀ ਬਚਦੇ ਰਾਸ਼ਟਰਪਤੀ ਕਾਰਜਕਾਲ ਦੇ ਕੰਮਾਂ ਉੱਤੇ ਧਿਆਨ ਕ੍ਰੇਂਦਿਤ ਕਰਾਂਗਾ।''

''ਮੈਂ 2020 ਦੀਆਂ ਚੋਣਾਂ ਦੌਰਾਨ ਕਮਲਾ ਹੈਰਿਸ ਨੂੰ ਆਪਣੀ ਉੱਪ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਸੀ, ਉਹ ਮੇਰਾ ਬਹੁਤ ਵਧੀਆਂ ਫੈਸਲਾ ਸੀ ਅਤੇ ਹੁਣ ਮੈਂ ਉਨ੍ਹਾਂ ਨੂੰ ਡੈਮੋਕਰੇਟ ਦੀ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਦਾ ਸਮਰਥਨ ਕਰਦਾ ਹਾਂ।''

ਚੇਤੇ ਰਹੇ ਕਿ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਵੱਲੋਂ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਚੋਣ ਮੈਦਾਨ ਵਿੱਚ ਹਨ।

ਹੁਣ ਬਾਇਡਨ ਦੇ ਚੋਣ ਮੈਦਾਨ ਵਿੱਚੋਂ ਹਟਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਚੋਣ ਲਈ ਮੁਕਾਬਲਾ ਕਮਲਾ ਹੈਰਿਸ ਅਤੇ ਡੌਨਲਡ ਟਰੰਪ ਵਿਚਾਲੇ ਹੋਵੇਗੀ।

Joe Biden

ਤਸਵੀਰ ਸਰੋਤ, Joe Biden/X

ਤਸਵੀਰ ਕੈਪਸ਼ਨ, ਬਾਇਡਨ ਨੇ ਕਿਹਾ ਕਿ 2020 'ਚ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਬਣਨ ਤੋਂ ਬਾਅਦ ਮੇਰਾ ਪਹਿਲਾ ਫ਼ੈਸਲਾ ਕਮਲਾ ਹੈਰਿਸ ਨੂੰ ਉਪ ਪ੍ਰਧਾਨ ਚੁਣਨਾ ਸੀ ਅਤੇ ਇਹ ਸਭ ਤੋਂ ਚੰਗਾ ਫ਼ੈਸਲਾ ਸੀ

ਬਾਇਡਨ ਨੇ ਕੀ ਕਿਹਾ

ਜੂਨ ਵਿੱਚ ਟਰੰਪ ਨਾਲ ਬਹਿਸ ਵਿੱਚ ਪਛੜਣ ਤੋਂ ਬਾਅਦ ਡੈਮੋਕਰੇਟ ਆਗੂਆਂ ਵੱਲੋਂ ਬਾਇਡਨ 'ਤੇ ਉਨ੍ਹਾਂ ਦੀ ਉਮੀਦਵਾਰੀ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ।

ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਫੈਸਲਾ ਦੇਸ਼ ਅਤੇ ਉਨ੍ਹਾਂ ਦੀ ਪਾਰਟੀ ਦੇ ਹਿੱਤ ਵਿੱਚ ਹੈ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਵਜੋਂ ਸੇਵਾ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ। ਹਾਲਾਂਕਿ ਮੇਰਾ ਇਰਾਦਾ ਦੁਬਾਰਾ ਚੋਣ ਲੜਨ ਦਾ ਸੀ, ਪਰ ਮੇਰਾ ਮੰਨਣਾ ਹੈ ਕਿ ਇਹ ਮੇਰੀ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਹੈ ਕਿ ਮੈਂ ਆਪਣੀ ਉਮੀਦਵਾਰੀ ਵਾਪਸ ਲਵਾਂ ਅਤੇ ਆਪਣੇ ਕਾਰਜਕਾਲ ਦੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ 'ਤੇ ਪੂਰਾ ਧਿਆਨ ਦੇਵਾਂ।''

ਬਾਇਡਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਬਾਇਡਨ ਨੇ ਕਿਹਾ ਕਿ 2020 'ਚ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਬਣਨ ਤੋਂ ਬਾਅਦ ਮੇਰਾ ਪਹਿਲਾ ਫ਼ੈਸਲਾ ਕਮਲਾ ਹੈਰਿਸ ਨੂੰ ਉਪ ਪ੍ਰਧਾਨ ਚੁਣਨਾ ਸੀ ਅਤੇ ਇਹ ਸਭ ਤੋਂ ਚੰਗਾ ਫ਼ੈਸਲਾ ਸੀ।

ਜੋਅ ਬਾਇਡਨ, ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਇਡਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ (ਇਹ ਤਸਵੀਰ 4 ਜੁਲਾਈ ਦੀ ਹੈ)

ਆਪਣੇ ਫ਼ੈਸਲੇ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਨੇ ਆਪਣੀ ਸਹਿਯੋਗੀ ਕਮਲਾ ਹੈਰਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ 'ਅਸਾਧਾਰਨ ਸਾਥੀ' ਹੈ।

ਪਿਛਲੇ ਹਫ਼ਤੇ ਹੀ, ਬਾਇਡਨ ਕੋਵਿਡ ਨਾਲ ਲਾਗ ਹੋਣ ਤੋਂ ਬਾਅਦ ਆਪਣੇ ਗ੍ਰਹਿ ਰਾਜ ਡੇਲਾਵੇਅਰ ਵਾਪਸ ਚਲੇ ਗਏ ਸਨ।

ਕੋਵਿਡ ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਗਲੇ ਹਫ਼ਤੇ ਆਪਣੀ ਚੋਣ ਮੁਹਿੰਮ ਵਿੱਚ ਵਾਪਸ ਪਰਤਣਗੇ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਬਾਇਡਨ ਨੇ ਕਿਹਾ ਸੀ ਕਿ ਸਿਰਫ਼ ਭਗਵਾਨ ਹੀ ਉਨ੍ਹਾਂ ਦੀ ਉਮੀਦਵਾਰੀ ਵਾਪਸ ਕਰਵਾ ਸਕਦੇ ਹਨ।

ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਿਹਤ ਸਮੱਸਿਆ ਹੋਈ, ਤਾਂ ਉਹ ਆਪਣੀ ਉਮੀਦਵਾਰੀ ਵਾਪਸ ਲੈਣ ਬਾਰੇ ਵਿਚਾਰ ਕਰ ਸਕਦੇ ਹਨ।

ਫੈਸਲੇ 'ਤੇ ਟਰੰਪ ਨੇ ਕੀ ਕਿਹਾ?

ਡੌਲਨਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਕਿਹਾ ਕਿ ਬਾਇਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਫਿਟ ਨਹੀਂ ਸਨ

ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਜੋ ਬਾਇਡਨ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਟਰੰਪ ਨੇ ਕਿਹਾ ਕਿ ਬਾਇਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਫਿਟ ਨਹੀਂ ਸਨ ਅਤੇ ਨਿਸ਼ਚਿਤ ਤੌਰ 'ਤੇ ਰਾਸ਼ਟਰਪਤੀ ਅਹੁਦੇ ਲਈ ਫਿੱਟ ਨਹੀਂ ਹਨ, ਨਾ ਹੀ ਉਹ ਕਦੇ ਵੀ ਸਨ।

ਟਰੰਪ ਨੇ ਬਾਇਡਨ ਨੂੰ 'ਪਖੰਡੀ' ਕਿਹਾ ਹੈ।

ਟਰੰਪ ਨੇ ਕਿਹਾ, "ਉਹ ਝੂਠ ਅਤੇ ਫਰਜ਼ੀ ਖ਼ਬਰਾਂ ਦੇ ਆਧਾਰ 'ਤੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ, ਉਹ ਤਾਂ ਆਪਣੇ ਬੇਸਮੈਂਟ ਤੋਂ ਬਾਹਰ ਵੀ ਨਹੀਂ ਨਿਕਲੇ।"

“ਉਨ੍ਹਾਂ ਦੇ ਆਲੇ-ਦੁਆਲੇ ਸਾਰੇ ਲੋਕ ਜਿਵੇਂ ਡਾਕਟਰਾਂ ਅਤੇ ਮੀਡੀਆ ਸ਼ਾਮਲ ਹਨਸ ਜਾਣਦੇ ਹਨ ਕਿ ਉਹ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ, ਅਤੇ ਨਾ ਹੀ ਸੀ।”

“ਹੁਣ ਦੇਖੋ, ਉਨ੍ਹਾਂ ਨੇ ਸਾਡੇ ਦੇਸ਼ ਨਾਲ ਕੀ ਕਰ ਦਿੱਤਾ ਹੈ, ਲੱਖਾਂ ਲੋਕ ਸਾਡੀ ਸਰਹੱਦ ਪਾਰ ਕਰ ਰਹੇ ਹਨ, ਜਿਨ੍ਹਾਂ ਦੀ ਨਾ ਤਾਂ ਜਾਂਚ ਹੋ ਰਹੀ ਹੈ ਅਤੇ ਨਾ ਹੀ ਪਰਖ। ਕਈ ਜੇਲ੍ਹਾਂ ਅਤੇ ਮਾਨਸਿਕ ਸਿਹਤ ਸੰਸਥਾਵਾਂ ਤੋਂ ਆ ਰਹੇ ਹਨ।"

"ਅੱਤਵਾਦੀ ਰਿਕਾਰਡ ਗਿਣਤੀ ਵਿੱਚ ਆ ਰਹੇ ਹਨ। ਉਨ੍ਹਾਂ ਦੇ ਰਾਸ਼ਟਰਪਤੀ ਬਣਨ ਕਾਰਨ ਸਾਨੂੰ ਬਹੁਤ ਨੁਕਸਾਨ ਹੋਵੇਗਾ, ਪਰ ਜੋ ਉਨ੍ਹਾਂ ਨੇ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਅਸੀਂ ਬਹੁਤ ਛੇਤੀ ਠੀਕ ਕਰ ਦਿਆਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)