ਟਰੰਪ ਉੱਤੇ ਜਾਨਲੇਵਾ ਹਮਲਾ: ਅਮਰੀਕਾ ਦੀਆਂ ਅਗਾਮੀ ਰਾਸ਼ਟਰਪਤੀ ਚੋਣਾਂ ਉੱਤੇ ਇਸ ਘਟਨਾ ਦਾ ਕੀ ਅਸਰ ਹੋ ਸਕਦਾ ਹੈ

ਡੌਨਲਡ ਟਰੰਪ

ਤਸਵੀਰ ਸਰੋਤ, EPA

ਸਾਰ੍ਹਾ ਸਮਿੱਥ, ਉੱਤਰੀ ਅਮਰੀਕਾ ਸੰਪਾਦਕ ਦੀ ਕਲਮ ਤੋਂ ਵਿਸ਼ਲੇਸ਼ਣ—

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਮਲੇ ਤੋਂ ਬਾਅਦ ਮੰਚ ਤੋਂ ਹੇਠਾਂ ਲਿਜਾਇਆ ਗਿਆ, ਉਹ ਮੂੰਹ ਉੱਤੇ ਲੱਗੇ ਖੂਨ ਦੇ ਨਾਲ ਆਪਣੀ ਮੁੱਕੀ ਉਤਾਂਹ ਚੁੱਕਦੇ ਹਨ।

ਇਹ ਪਲ ਇਤਿਹਾਸਕ ਹੀ ਨਹੀਂ ਸਗੋਂ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਵੀ ਪਲਟ ਸਕਣ ਦੇ ਸਮਰੱਥ ਹੈ।

ਸਿਆਸੀ ਹਿੰਸਾ ਦੀ ਇਸ ਹੈਰਾਨੀਜਕਨ ਕਾਰਵਾਈ ਦਾ ਚੋਣ ਪ੍ਰਚਾਰ ਉੱਪਰ ਵੀ ਅਸਰ ਪੈਣਾ ਲਾਜ਼ਮੀ ਹੈ। ਅਮਰੀਕੀ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਸ਼ੱਕੀ ਨੂੰ ਮੌਕੇ ਉੱਤੇ ਹੀ ਗੋਲੀ ਮਾਰ ਦਿੱਤੀ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬੀਬੀਸੀ ਸਹਿਯੋਗੀ ਸੀਬੀਸੀ ਨੂੰ ਦੱਸਿਆ ਕਿ ਉਹ ਇਸ ਹਮਲੇ ਨੂੰ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।

ਵਹਿ ਰਹੇ ਖੂਨ ਦੇ ਨਾਲ, ਮੁੱਕੀ ਚੁੱਕੀ ਟਰੰਪ ਦੀ ਤਸਵੀਰ ਉਨ੍ਹਾਂ ਦੇ ਪੁੱਤਰ ਇਰਿਕ ਟਰੰਪ ਨੇ ਟਵੀਟ ਕੀਤੀ। ਉਨ੍ਹਾਂ ਨੇ ਤਸਵੀਰ ਦਾ ਕੈਪਸ਼ਨ ਲਿਖਿਆ, “ਅਮਰੀਕਾ ਨੂੰ ਇਸੇ ਲੜਾਕੇ ਦੀ ਲੋੜ ਹੈ।”

ਰਾਸ਼ਟਰਪਤੀ ਜੋਅ ਬਾਇਡਨ ਹਮਲੇ ਤੋਂ ਤੁਰੰਤ ਮਗਰੋਂ ਟੀਵੀ ਉੱਤੇ ਆਏ ਅਤੇ ਕਿਹਾ ਕਿ ਅਮਰੀਕਾ ਵਿੱਚ ਇਸ ਕਿਸਮ ਦੀ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਆਪਣੇ ਰਿਪਬਲਿਕਨ ਵਿਰੋਧੀ ਲਈ ਚਿੰਤਾ ਜ਼ਾਹਰ ਕੀਤੀ ਅਤੇ ਉਮੀਦ ਕੀਤੀ ਕਿ ਉਹ ਰਾਤ ਨੂੰ ਉਨ੍ਹਾਂ ਨਾਲ ਗਲ ਕਰ ਸਕਣਗੇ।

ਬਾਇਡਨ ਦੇ ਪ੍ਰਚਾਰ ਖੇਮੇ ਨੇ ਸਾਰੀ ਸਿਆਸੀ ਬਿਆਨਬਾਜ਼ੀ ਨੂੰ ਰੋਕ ਕੇ ਟੀਵੀ ਉੱਤੇ ਇਸ਼ਤਿਹਾਰ ਹਟਾਉਣ ਲਈ ਕਾਰਵਾਈ ਸ਼ੁਰੂ ਕੀਤੀ।

ਉਨ੍ਹਾਂ ਦਾ ਮੰਨਣਾ ਸੀ ਕਿ ਇਸ ਸਮੇਂ ਡੌਨਲਡ ਟਰੰਪ ਉੱਤੇ ਹਮਲਾ ਕਰਨਾ ਸਹੀ ਨਹੀਂ ਹੋਵੇਗਾ ਸਗੋਂ ਇਹ ਸਮਾਂ ਹਮਲੇ ਦੀ ਨਿਖੇਧੀ ਕਰਨ ਦਾ ਹੈ।

ਅਮਰੀਕਾ ਦੇ ਸਮੁੱਚੇ ਸਿਆਸੀ ਖੇਤਰ ਦੀਆਂ ਹਸਤੀਆਂ ਹਮਲੇ ਦੀ ਇੱਕਜੁੱਟਤਾ ਨਾਲ ਨਿੰਦਾ ਕਰ ਰਹੀਆਂ ਹਨ। ਇਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ- ਬਰਾਕ ਓਬਾਮਾ, ਜੌਰਜ ਡਬਲਿਊ ਬੁਸ਼, ਬਿਲ ਕਲਿੰਟਨ ਅਤੇ ਜਿੰਮੀ ਕਾਰਟਰ ਸ਼ਾਮਲ ਹਨ। ਸਾਰਿਆਂ ਨੇ ਕਿਹਾ ਕਿ ਟਰੰਪ ਗੰਭੀਰ ਜ਼ਖਮੀ ਨਹੀਂ ਹਨ ਇਹ ਜਾਣ ਕੇ ਉਨ੍ਹਾਂ ਨੂੰ ਰਾਹਤ ਮਿਲੀ ਹੈ।

ਵੀਡੀਓ ਕੈਪਸ਼ਨ, ਰੈਲੀ ਦੌਰਾਨ ਹੋਏ ਜਾਨਲੇਵਾ ਹਮਲੇ ਬਾਰੇ ਕੀ ਬੋਲੇ ਟਰੰਪ
ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਲੇਕਿਨ ਟਰੰਪ ਦੇ ਕੁਝ ਸਭ ਤੋਂ ਨਜ਼ਦੀਕੀ ਲੋਕਾਂ ਨੇ ਰਾਸ਼ਟਰਪਤੀ ਬਾਇਡਨ ਉੱਤੇ ਹਿੰਸਾ ਦੇ ਇਲਜ਼ਾਮ ਲਾਉਣੇ ਸ਼ੁਰੂ ਵੀ ਕਰ ਦਿੱਤੇ ਹਨ। ਇੱਕ ਰਿਪਲੀਕਨ ਕਾਂਗਰਸਮੈਨ ਨੇ ਆਪਣੀ ਐਕਸ ਪੋਸਟ ਵਿੱਚ ਰਾਸ਼ਟਰਪਤੀ ਉੱਤੇ “ਹੱਤਿਆ ਲਈ ਉਕਸਾਉਣ” ਦਾ ਇਲਜ਼ਾਮ ਲਾਇਆ ਹੈ।

ਸੈਨੇਟਰ ਜੇਡੀ ਵੈਂਸ ਜਿਨ੍ਹਾਂ ਬਾਰੇ ਸਮਝਿਆ ਜਾ ਰਿਹਾ ਹੈ ਕਿ ਟਰੰਪ ਦੇ ਉਪ ਰਾਸ਼ਟਰਪਤੀ ਬਣਨ ਲਈ ਸ਼ੌਰਟ ਲਿਸਟ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਾਇਡਨ ਖੇਮੇ ਵੱਲੋਂ ਛੇੜਿਆ ਗਿਆ ਸੰਵਾਦ ਇਸ ਹਮਲੇ ਲਈ ਸਿੱਧਾ ਜ਼ਿੰਮੇਵਾਰ ਹੈ।

ਰਿਪਬਲਿਕਨ ਪਾਰਟੀ ਨਾਲ ਜੁੜੇ ਹੋਰ ਸਿਆਸਤਦਾਨ ਵੀ ਅਜਿਹੀਆਂ ਹੀ ਗੱਲਾਂ ਕਰ ਰਹੇ ਹਨ। ਪੂਰੀ ਸੰਭਾਵਨਾ ਹੈ ਕਿ ਇਨ੍ਹਾਂ ਬਿਆਨਾਂ ਦਾ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਜਵਾਬ ਦਿੱਤਾ ਜਾਵੇਗਾ ਕਿ ਅਮਰੀਕੀ ਸਿਆਸਤ ਦੇ ਖਤਰਨਾਕ ਸਮੇਂ ਦੌਰਾਨ ਅਜਿਹੇ ਬਿਆਨ ਅੱਗ ਲਾਉਣ ਵਾਲੇ ਹਨ।

ਅਸੀਂ ਦੇਖ ਸਕਦੇ ਹਾਂ ਕਿ ਜੰਗ ਦਾ ਮੈਦਾਨ ਤਿਆਰ ਹੋ ਚੁੱਕਿਆ ਹੈ ਜੋ ਸ਼ਾਇਦ ਇਸ ਇਸ ਹੈਰਾਨੀਜਨਕ ਘਟਨਾ ਉੱਪਰ ਗੰਦੀ ਲੜਾਈ ਬਣ ਜਾਵੇਗਾ। ਜੋ ਅਗਾਮੀ ਰਾਸ਼ਟਰਪਤੀ ਚੋਣਾਂ ਦੇ ਚੋਣ ਪ੍ਰਚਾਰ ਨੂੰ ਵੀ ਪ੍ਰਭਾਵਿਤ ਕਰੇਗਾ।

ਅਮਰੀਕੀ ਸਿਆਸਤ ਦਾ ਇੱਕ ਖ਼ਤਰਨਾਕ ਮੋੜ

ਡੌਨਲਡ ਟਰੰਪ

ਤਸਵੀਰ ਸਰੋਤ, AP

ਐਂਥਨੀ ਜ਼ਰਚਰ, ਉੱਤਰੀ ਅਮਰੀਕਾ ਪੱਤਰਕਾਰ ਦੀ ਕਲਮ ਤੋਂ ਵਿਸ਼ਲੇਸ਼ਣ—

ਇਸ ਹਮਲੇ ਨੇ ਅਮਰੀਕੀ ਸਿਆਸਤ ਵਿੱਚ ਸੁਰੱਖਿਆ ਦੇ ਭਰਮ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ- ਜੋ ਕਈ ਦਹਾਕਿਆਂ ਵਿੱਚ ਬਣਾਇਆ ਗਿਆ ਸੀ।

ਗੋਲੀ ਟਰੰਪ ਦੇ ਕੰਨ ਨੂੰ ਛੂਹ ਕੇ ਲੰਘ ਗਈ ਪਰ ਇਹ ਨਜ਼ਦੀਕੀ ਮਾਮਲਾ ਸੀ। ਨਿਊ ਯਾਰਕ ਟਾਈਮਜ਼ ਦੇ ਪੱਤਰਕਾਰ ਡੋਅ ਮਿਲਸ ਦੀ ਤਸਵੀਰ ਵਿੱਚ ਗੋਲੀ ਸਾਬਕਾ ਰਾਸ਼ਟਰਪਤੀ ਦੇ ਸਿਰ ਦੇ ਕੋਲੋਂ ਹਵਾ ਨੂੰ ਚੀਰਦੀ ਦੇਖੀ ਜਾ ਸਕਦੀ ਹੈ।

ਸੰਨ 1981 ਵਿੱਚ ਤਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਹੱਤਿਆ ਤੋਂ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਉੱਪਰ ਇਸ ਤਰ੍ਹਾਂ ਦਾ ਹਮਲਾ ਨਹੀਂ ਹੋਇਆ।

ਉਸ ਤੋਂ ਲਗਭਗ ਅੱਧੀ ਸਦੀ ਪਹਿਲਾਂ ਕੈਨੇਡੀ ਭਰਾ- ਇੱਕ ਰਾਸ਼ਟਰਪਤੀ ਅਤੇ ਇੱਕ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ- ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।

ਇਸੇ ਤਰ੍ਹਾਂ ਅਮਰੀਕੀ ਇਤਿਹਾਸ ਵਿੱਚ ਮੈਜਰ ਐਵਰਸ, ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮੈਲਕਮ ਐਕਸ ਸਾਰੇ ਹੀ ਸਿਆਸੀ ਹਿੰਸਾ ਦੀ ਭੇਂਟ ਚੜ੍ਹੇ ਹਨ।

ਡੌਨਲਡ ਟਰੰਪ

ਤਸਵੀਰ ਸਰੋਤ, AP

ਅੱਜ ਵਾਂਗ 1960ਵਿਆਂ ਵਿੱਚ ਵੀ ਅਮਰੀਕੀ ਸਿਆਸਤ ਦਾ ਬਹੁਤ ਜ਼ਿਆਦਾ ਧਰੁਵੀਕਰਨ ਹੋ ਚੁੱਕਿਆ ਸੀ, ਜਦੋਂ ਇੱਕ ਹਥਿਆਰ ਅਤੇ ਇੱਕ ਉਸ ਨੂੰ ਵਰਤਣ ਲਈ ਤਿਆਰ ਕੋਈ ਵਿਅਕਤੀ ਇਤਿਹਾਸ ਦੀ ਦਿਸ਼ਾ ਬਦਲ ਸਕਦਾ ਸੀ।

ਸ਼ਨਿੱਚਰਵਾਰ ਦੀ ਘਟਨਾ ਦਾ ਅਮਰੀਕਾ ਉੱਤੇ ਕੀ ਅਸਰ ਪਵੇਗਾ, ਇਸ ਬਾਰੇ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਲੇਕਿਨ ਇਸ ਸਾਰੇ ਦੌਰਾਨ ਕੌਮੀ ਏਕਤਾ ਦਾ ਸੱਦਾ ਦਿੱਤਾ ਜਾਣਾ ਸ਼ੁਰੂ ਹੋ ਗਿਆ ਹੈ।

ਘਟਨਾ ਤੋਂ ਤੁਰੰਤ ਮਗਰੋਂ ਰਾਸ਼ਟਰਪਤੀ ਬਾਇਡਨ ਨੇ ਇਸਦੀ ਨਿੰਦਾ ਕੀਤੀ ਅਤੇ ਸਾਰਾ ਪ੍ਰਚਾਰ ਰੋਕ ਦਿੱਤਾ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਟਰੰਪ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਸਮੁੰਦਰ ਦੇ ਕਿਨਾਰੇ ਆਪਣੀਆਂ ਹਫਤੇ ਦੇ ਅੰਤ ਦੀਆਂ ਛੁੱਟੀਆਂ ਵਿੱਚੇ ਖਤਮ ਕਰਕੇ ਵ੍ਹਾਈਟ ਹਾਊਸ ਵਾਪਸ ਆ ਗਏ ਹਨ।

ਲੇਕਿਨ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਕੁਝ ਰਿਪਬਲਿਕਨ ਆਗੂਆਂ ਨੇ ਹਮਲੇ ਲਈ ਡੈਮੋਕਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਕਹਿ ਰਹੇ ਸਨ ਕਿ ਟਰੰਪ ਅਮਰੀਕੀ ਲੋਕਤੰਤਰ ਲਈ ਖ਼ਤਰਾ ਹਨ।

ਟਰੰਪ ਦੇ ਚੋਣ ਪ੍ਰਚਾਰ ਦੀ ਪ੍ਰਬੰਧਕ ਕ੍ਰਿਸ ਲਾਸਿਵਿਟਾ ਨੇ ਕਿਹਾ ਹੈ ਕਿ ਖੱਬੇ ਪੱਖੀ ਕਾਰਕੁਨ, ਡੈਮੋਕਰੇਟ ਦਾਨੀ ਅਤੇ ਇੱਥੋਂ ਤੱਕ ਕਿ ਜੋਅ ਬਾਇਡਨ ਨੂੰ ਨਵੰਬਰ ਦੀਆਂ ਚੋਣਾਂ ਵਿੱਚ ਉਨ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੇ ਨਤੀਜੇ ਵਜੋਂ ਸ਼ਨੀਵਾਰ ਦਾ ਹਮਲਾ ਹੋਇਆ ਹੈ।

ਡੌਨਲਡ ਟਰੰਪ

ਤਸਵੀਰ ਸਰੋਤ, AP

ਡੈਮੋਕਰੇਟ ਇਸ ਉੱਤੇ ਇਤਰਾਜ਼ ਕਰ ਸਕਦੇ ਹਨ ਪਰ ਜਦੋਂ 2011 ਵਿੱਚ ਕਾਂਗਰਸਵੂਮੈਨ ਗੈਬੀ ਜਿਫਰਡਸ ਉੱਤੇ ਹਮਲਾ ਹੋਇਆ ਸੀ ਤਾਂ ਉਨ੍ਹਾਂ ਨੇ ਵੀ ਅਜਿਹਾ ਹੀ ਕੀਤਾ ਸੀ।

ਇਸ ਘਟਨਾ ਦਾ ਸੋਮਵਾਰ ਨੂੰ ਹੋਣ ਜਾ ਰਹੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਸੁਰੱਖਿਆ ਹੋਰ ਕਰੜੀ ਕਰ ਦਿੱਤੀ ਜਾਵੇਗੀ— ਵਿਖਾਵੇ ਅਤੇ ਪ੍ਰਤੀ-ਵਿਖਾਵੇ ਦੇਖੇ ਜਾ ਸਕਦੇ ਹਨ।

ਬਿਨਾਂ ਸ਼ੱਕ ਲਹੂ-ਲੁਹਾਨ ਸਾਬਕਾ ਰਾਸ਼ਟਰਪਤੀ ਦੀ ਘਸੁੰਨ ਵੱਟਦੇ ਦੀ ਤਸਵੀਰ ਪੂਰੀਆਂ ਚੋਣਾਂ ਦਾ ਕੇਂਦਰੀ ਥੀਮ ਬਣ ਕੇ ਉੱਭਰੇਗੀ। ਰਿਪਬਲਿਕਨ ਪਾਰਟੀ ਪਹਿਲਾ ਹੀ ਤਾਕਤ ਅਤੇ ਮਰਦਾਵੇਂਪਣ ਨੂੰ ਕੇਂਦਰੀ ਥੀਮ ਬਣਾਉਣ ਦਾ ਐਲਾਨ ਕਰ ਚੁੱਕੀ ਹੈ ਇਹ ਤਸਵੀਰ ਉਸ ਨੂੰ ਹੋਰ ਬਲ ਦੇਵੇਗੀ।

ਟਰੰਪ ਦੇ ਪੁੱਤਰ ਨੇ ਆਪਣੇ ਟਵੀਟ ਵਿੱਚ ਕਿਹਾ ਹੈ, “ਇਹੀ ਲੜਾਕਾ ਹੈ ਜੋ ਅਮਰੀਕਾ ਨੂੰ ਚਾਹੀਦਾ ਹੈ!”

ਅਮਰੀਕਾ ਦੀ ਸੀਕਰੇਟ ਸਰਵਿਸ ਵੀ ਘੇਰੇ ਵਿੱਚ ਆਵੇਗੀ। ਉਨ੍ਹਾਂ ਨੇ ਟਰੰਪ ਦੀ ਰੈਲੀ ਮੌਕੇ ਕਿਸ ਤਰ੍ਹਾਂ ਦਾ ਬੰਦੋਬਸਤ ਕੀਤਾ ਸੀ ਕਿ ਇੱਕ ਵਿਅਕਤੀ ਉੱਚ ਸ਼ਕਤੀ ਬੰਦੂਕ ਦੇ ਨਾਲ ਰਾਸ਼ਟਰਪਤੀ ਦੇ ਅਹੁਦੇ ਦੇ ਇੱਕ ਪ੍ਰਮੁੱਖ ਉਮੀਦਵਾਰ ਦੇ ਇੰਨਾ ਨੇੜੇ ਆ ਗਿਆ ਕਿ ਉਨ੍ਹਾਂ ਨੂੰ ਬੰਦੂਕ ਦੀ ਜ਼ਦ ਵਿੱਚ ਲਿਆ ਸਕੇ।

ਸਦਨ ਦੇ ਸਪੀਕਰ ਨੇ ਮਾਈਕ ਜੋਹਨਸਨ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦਾ ਦਫ਼ਤਰ ਇਸਦੀ ਮੁਕੰਮਲ ਜਾਂਚ ਕਰੇਗਾ। ਇਨ੍ਹਾਂ ਜਾਂਚਾਂ ਵਿੱਚ ਤਾਂ ਅਜੇ ਸਮਾਂ ਲੱਗੇਗਾ।

ਲੇਕਿਨ ਫਿਲਹਾਲ ਤਾਂ, ਇੱਕ ਗੱਲ ਸਾਫ ਹੈ ਕਿ ਚੋਣਾਂ ਦੇ ਸਾਲ ਵਿੱਚ, ਅਮਰੀਕੀ ਸਿਆਸਤ ਨੇ ਇੱਕ ਖ਼ਤਰਨਾਕ ਮੋੜ ਜ਼ਰੂਰ ਲੈ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)