ਆਈਪੀਐੱਲ-2025: ਸ਼੍ਰੇਅਸ ਅੱਈਅਰ ਸੈਂਕੜੇ ਤੋਂ ਖੁੰਝੇ ਪਰ ਸਖ਼ਤ ਟੱਕਰ 'ਚ ਪੰਜਾਬ ਕਿਵੇਂ ਗੁਜਰਾਤ ਤੋਂ ਅੱਗੇ ਨਿਕਲਿਆ

    • ਲੇਖਕ, ਬਿਮਲ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵਨ-ਡੇਅ ਮੈਚਾਂ ਜਾਂ ਫਿਰ ਟੈਸਟ ਮੈਚਾਂ 'ਚ ਵੀ ਕਾਫੀ ਦੌੜਾਂ ਦੇਖਣ ਨੂੰ ਮਿਲਦੀਆਂ ਹਨ।

ਟੀ-20 ਮੈਚਾਂ ਵਿਚ ਟੀਮਾਂ ਨੂੰ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਵਿਚ ਜ਼ਿਆਦਾ ਸਹੂਲਤ ਮਿਲਦੀ ਹੈ ਕਿਉਂਕਿ ਵਿਰੋਧੀ ਟੀਮ ਨੂੰ ਤ੍ਰੇਲ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ 11 ਦੌਰਾਂ ਨਾਲ ਹਰਾ ਦਿੱਤਾ।

ਇਹ ਅਜਿਹਾ ਮਕਾਬਲਾ ਸੀ ਜਿਸਦਾ ਫੈਸਲਾ ਦੋਵਾਂ ਪਾਰੀਆਂ ਦੇ ਆਖਰੀ ਪੰਜ ਓਵਰ ਵਿੱਚ ਦੇਖਣ ਨੂੰ ਮਿਲਿਆ।

ਸੈਂਕੜੇ ਤੋਂ ਖੁੰਝੇ ਅੱਈਅਰ

ਕਪਤਾਨ ਸ਼੍ਰੇਅਸ ਅੱਈਅਰ ਆਖਰੀ ਓਵਰ ਵਿੱਚ 97 ਦੌੜਾਂ 'ਤੇ ਖੇਡ ਰਹੇ ਸਨ ਪਰ ਸਟਰਾਇਕ ਨਾ ਮਿਲਣ ਕਾਰਨ ਸੈਂਕੜੇ ਤੋਂ ਖੁੰਝ ਗਏ। ਅੱਈਅਰ ਨੇ ਸ਼ਸ਼ਾਂਕ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੇ ਕਪਤਾਨ ਦੇ ਸੈਂਕੜੇ ਦੀ ਪਰਵਾਹ ਕੀਤੇ ਬਿਨਾ ਹਰ ਗੇਂਦ 'ਤੇ ਹਮਲਾ ਬੋਲਣਾ ਹੈ।

ਸ਼ਸ਼ਾਂਕ ਸਿੰਘ ਨੇ ਮੁਹੰਮਦ ਸਿਰਾਜ ਦੇ ਆਖਰੀ ਓਵਰ ਵਿੱਚ ਬੇਫਿਕਰ ਅੰਦਾਜ਼ ਵਿੱਚ 5 ਚੌਕੇ ਲਗਾਏ। ਮੈਚ ਤੋਂ ਬਾਅਦ ਸ਼ਸਾਂਕ ਨੇ ਦੱਸਿਆ, "ਸ਼੍ਰੇਅਸ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ 100 ਦੀ ਚਿੰਤਾ ਨਾ ਕਰਨਾ।"

ਅਈਅਰ ਭਾਵੇਂ ਹੀ ਸੈਂਕੜਾ ਬਣਾਉਣ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਦੀ 97 ਦੌੜਾਂ ਦੀ ਪਾਰੀ ਨੂੰ ਕਿਸੇ ਵੀ ਤਰੀਕੇ ਨਾਲ ਆਈਪੀਐੱਲ ਦੇ ਕਿਸੇ ਵੀ ਸੈਂਕੜੇ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ।

ਹਾਲ ਹੀ 'ਚ ਟੀਮ ਇੰਡੀਆ ਦੀ ਚੈਂਪੀਅਨਸ ਟਰਾਫੀ ਦੀ ਸਫਲਤਾ 'ਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਅੱਈਅਰ ਨੇ ਆਪਣੀ ਦੁਬਈ ਵਾਲੀ ਫਾਰਮ ਨੂੰ ਅਹਿਮਦਾਬਾਦ 'ਚ ਹੋਰ ਸੁਧਾਰਿਆ ਹੈ ਅਤੇ ਸਿਰਫ 42 ਗੇਂਦਾਂ 'ਚ 5 ਚੌਕੇ ਨਹੀਂ ਬਲਕਿ 9 ਛੱਕੇ ਵੀ ਲਗਾਏ।

230 ਤੋਂ ਜ਼ਿਆਦਾ ਦੀ ਸਟਰਾਇਕ ਰੇਟ ਨਾਲ ਬਣੀ ਇਸ ਪਾਰੀ ਵਿੱਚ ਸਭ ਤੋਂ ਖਾਸ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਣਾ ਦੇ ਖਿਲਾਫ ਉਨ੍ਹਾਂ ਦਾ ਪਲਟਵਾਰ ਰਿਹਾ।

32 ਗੇਂਦਾਂ 'ਤੇ 66 ਰਨ ਬਣਾਉਣ ਵਾਲੇ ਅੱਈਅਰ ਦੇ ਖਿਲਾਫ ਜਦੋਂ ਕ੍ਰਿਸ਼ਨਾ ਆਪਣੇ ਤੀਜੇ ਓਵਰ ਦੀ ਪਹਿਲੀ ਗੇਂਦ ਨਾਲ ਉਨ੍ਹਾਂ ਦੇ ਪੰਜੇ 'ਤੇ ਸੱਟ ਮਾਰੀ ਤਾਂ ਉਸ ਤੋਂ ਬਾਅਦ ਅੱਈਅਰ ਨੇ ਗੇਂਦਬਾਜ਼ੀ ਨੂੰ ਦਰਦ ਦਿੱਤਾ।

ਇਸ ਤੋਂ ਬਾਅਦ ਅਗਲੀਆਂ 5 ਗੇਂਦਾਂ 'ਤੇ 24 ਦੌੜਾਂ ਬਣਾ ਕੇ ਅਈਅਰ ਨੇ ਦਿਖਾਇਆ ਕਿ ਉਹ ਸ਼ਾਰਟ-ਪਿੱਚ ਗੇਂਦਬਾਜ਼ੀ ਦੇ ਸਿਧਾਂਤ ਦੀਆਂ ਕਿਵੇਂ ਧੱਜੀਆਂ ਉਡਾ ਸਕਦੇ ਹਨ।

ਛੇ ਛੱਕੇ ਲਗਾਉਣ ਵਾਲੇ ਪ੍ਰਿਯਾਂਸ਼ ਦਾ ਧਮਾਕੇਦਾਰ ਡੇਬਿਊ

ਅਈਅਰ ਤੋਂ ਪਹਿਲਾਂ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰਿਆ ਨੇ ਹਮਲਾਵਰ ਸ਼ੁਰੂਆਤ ਕੀਤੀ।

ਆਰਿਆ ਨੇ 23 ਗੇਂਦਾਂ 'ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ, ਜਿਸ 'ਚ ਉਸ ਨੇ ਕਗਿਸੋ ਰਬਾਡਾ ਅਤੇ ਮੁਹੰਮਦ ਸਿਰਾਜ ਵਰਗੇ ਮਜ਼ਬੂਤ ਗੇਂਦਬਾਜ਼ਾਂ ਖਿਲਾਫ ਜ਼ਬਰਦਸਤ ਸ਼ਾਟ ਲਗਾਏ।

ਆਰਿਆ ਪਹਿਲੀ ਵਾਰ ਪਿਛਲੇ ਸਾਲ ਦਿੱਲੀ ਪ੍ਰੀਮੀਅਰ ਲੀਗ ਦੌਰਾਨ ਲਾਈਮਲਾਈਟ 'ਚ ਆਏ ਸਨ, ਜਦੋਂ ਉਨ੍ਹਾਂ ਨੇ ਇਕ ਮੈਚ 'ਚ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ।

ਇਸੇ ਕਾਰਨ ਆਈਪੀਐੱਲ ਨਿਲਾਮੀ ਦੌਰਾਨ ਪੰਜਾਬ ਨੇ ਇਸ ਅਣਕੈਪਡ ਨੌਜਵਾਨ 'ਤੇ 3.8 ਕਰੋੜ ਰੁਪਏ ਖਰਚ ਕਰਨ ਵਿੱਚ ਕੋਈ ਝਿਜਕ ਨਹੀਂ ਦਿਖਾਈ, ਜਿਸ ਦੀ ਮੂਲ ਕੀਮਤ 30 ਲੱਖ ਰੁਪਏ ਸੀ।

ਪੰਜਾਬ ਦੇ ਕੋਚ ਰਿਕੀ ਪੋਂਟਿੰਗ ਨੌਜਵਾਨ ਖਿਡਾਰੀਆਂ ਦੀ ਜਨਤਕ ਤੌਰ 'ਤੇ ਆਸਾਨੀ ਨਾਲ ਤਾਰੀਫ ਨਹੀਂ ਕਰਦੇ ਅਤੇ ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਖਿਡਾਰੀ ਹਾਰਦਿਕ ਪਾਂਡਿਯਾ ਜਾਂ ਰਿਸ਼ਭ ਪੰਤ ਬਣ ਕੇ ਉਭਰਦਾ ਹਨ।

ਸਾਬਕਾ ਆਸਟਰੇਲੀਆਈ ਕਪਤਾਨ ਨੇ ਇਸ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਰਿਆ ਨੂੰ ਭਵਿੱਖ ਦੇ ਸ਼ਾਨਦਾਰ ਬੱਲੇਬਾਜ਼ਾਂ ਦੇ ਤੌਰ 'ਤੇ ਦੇਖਣ ਦੀ ਗੱਲ ਕਹੀ ਸੀ।

ਆਪਣੇ ਪਹਿਲੇ ਹੀ ਮੈਚ ਵਿੱਚ ਆਰਿਆ ਨੇ ਦਿਖਾਇਆ ਕਿ ਪੋਂਟਿੰਗ ਦੀ ਰਾਇ ਨੂੰ ਉਹ ਸਹੀ ਸਾਬਿਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਉਠਾ ਚੁੱਕੇ ਹਨ।

ਸ਼ਸ਼ਾਂਕ ਦੀ ਚਮਕ

ਜੇ ਆਰਿਆ ਦਾ ਸਟ੍ਰਾਈਕ ਰੇਟ 204 ਅਤੇ ਅੱਈਅਰ ਦਾ 230 ਰਿਹਾ ਤਾਂ ਸ਼ਸ਼ਾਂਕ ਸਿੰਘ ਨੇ 275 ਦੇ ਸਟ੍ਰਾਈਕ ਰੇਟ ਨਾਲ ਤੂਫਾਨੀ ਪਾਰੀ ਖੇਡ ਕੇ ਗੁਜਰਾਤ ਦੇ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੱਤਾ।

ਪਿਛਲੇ ਸੀਜ਼ਨ 'ਚ ਆਪਣੀ ਖੇਡ ਨਾਲ ਧਮਾਲ ਮਚਾਉਣ ਵਾਲੇ ਸ਼ਸ਼ਾਂਕ ਨੇ ਜਿਸ ਤਰ੍ਹਾਂ ਰਾਸ਼ਿਦ ਖਾਨ ਵਰਗੇ ਦਿੱਗਜ ਨੂੰ ਧੋਇਆ, ਉਹ ਹੈਰਾਨ ਕਰਨ ਵਾਲਾ ਸੀ।

ਜੇ ਪੰਜਾਬ ਦੀ ਟੀਮ ਆਖਰੀ 4 ਓਵਰਾਂ ਵਿੱਚ 77 ਦੌੜਾਂ ਜੋੜ ਪਾਈ ਤਾਂ ਇਸ ਦੇ ਲਈ ਸ਼ਸ਼ਾਂਕ ਦੇ 25 ਗੇਂਦਾਂ 'ਤੇ 44 ਦੌੜਾਂ ਦੀ ਭੂਮਿਕਾ ਬੇਹੱਦ ਫੈਸਲਕੁੰਨ ਰਹੀ।

ਇਸ ਵਿੱਚ ਸਭ ਤੋਂ ਅਹਿਮ ਗੱਲ ਰਹੀ ਮੁਹੰਮਦ ਸਿਰਾਜ ਵਰਗੇ ਗੇਂਦਬਾਜ਼ ਨੂੰ 5 ਚੌਕੇ ਇਕ ਹੀ ਓਵਰ ਵਿੱਚ ਜੜਨਾ।

ਜਿੱਤ ਦੇ ਲਈ 244 ਦੌੜਾਂ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਨੂੰ ਲਗਾਤਾਰ ਮੁਕਾਬਲੇ ਵਿੱਚ ਬਣਾਏ ਰੱਖਣ ਦੇ ਲਈ ਸਾਈ ਸੁਦਰਸ਼ਨ ਅਤੇ ਜੋਸ਼ ਬਟਲਰ ਦੇ ਅਰਧ ਸੈਂਕੜਿਆਂ ਦੇ ਇਲਾਵਾ ਕਪਤਾਨ ਸ਼ੁਭਮਨ ਗਿੱਲ ਅਤੇ ਰਦਰਫੋਰਡ ਦੀ ਪਾਰੀ ਨੇ ਵੀ ਅਹਿਮ ਯੋਗਦਾਨ ਪਾਇਆ।

ਵੈਸ਼ਾਖ ਦਾ ਇਮਪੈਕਟ

ਹੁਣ ਨਾਟਕੀ ਅੰਦਾਜ਼ ਵਿੱਚ ਐਂਟਰੀ ਹੁੰਦੀ ਹੈ ਕਰਨਾਟਕ ਦੇ ਤੇਜ਼ ਗੇਂਦਬਾਜ਼ ਅਤੇ ਪੰਜਾਬ ਦੇ ਲਈ ਇਸ ਮੈਚ ਵਿੱਚ ਇਮਪੈਕਟ ਗੇਂਦਬਾਜ਼ ਦੇ ਤੌਰ 'ਤੇ ਵਿਜੈਕੁਮਾਰ ਵੈਸ਼ਾਖ ਦੀ।

ਜਦੋਂ ਉਹ ਗੇਂਦਬਾਜ਼ੀ ਕਰਨ ਆਏ ਤਾਂ ਗੁਜਰਾਤ ਨੂੰ ਆਖਰੀ 6 ਓਵਰਾਂ ਵਿੱਚ 74 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ 8 ਵਿਕਟਾਂ ਬਾਕੀ ਸਨ।

ਇਸ ਸਮੀਕਰਨ ਨਾਲ ਟੀਚਾ ਬਿਲਕੁਲ ਵੀ ਔਖਾ ਨਹੀਂ ਲੱਗਦਾ ਸੀ।

ਪਰ ਇਸ ਖਿਡਾਰੀ ਨੇ ਆਪਣੇ 15ਵੇਂ ਅਤੇ 17ਵੇਂ ਓਵਰਾਂ ਵਿੱਚ ਯਾਰਕਰ 'ਤੇ ਯਾਰਕਰ ਪਾ ਕੇ ਸਮਾਂ ਬੰਨ੍ਹ ਦਿੱਤਾ ਅਤੇ ਸਿਰਫ 2 ਓਵਰਾਂ ਵਿੱਚ 10 ਦੌੜਾਂ ਦਿੱਤੀਆਂ।

ਭਾਵੇਂ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ ਪਰ ਉਸ ਨੇ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਮੁਸ਼ਕਲ ਵਿਚ ਪਾ ਦਿੱਤਾ।

ਵੈਸ਼ਾਖ ਦੇ ਉਨ੍ਹਾਂ ਦੋ ਓਵਰਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਪੰਜਾਬ ਦੇ 4 ਓਵਰਾਂ ਵਿੱਚ 17,17,14 ਅਤੇ 17 ਰਨ ਪਏ ਸਨ।

ਮੈਚ ਪੂਰੀ ਤਰ੍ਹਾਂ ਨਾਲ ਗੁਜਰਾਤ ਦੀ ਪਕੜ ਵਿੱਚ ਨਜ਼ਰ ਆ ਰਿਹਾ ਸੀ।

ਵੈਸ਼ਾਖ ਦੇ ਇਨ੍ਹਾਂ ਦੋ ਬਿਹਤਰੀਨ ਓਵਰਾਂ ਵਿਚਾਲੇ ਮਾਰਕੋ ਯਾਨਸੇਨ ਨੇ ਵੀ ਡੈੱਥ ਓਵਰਜ਼ ਦੇ ਦੌਰਾਨ ਪਾਰੀ ਦੇ 16ਵੇਂ ਓਵਰ ਵਿੱਚ ਸਿਰਫ 8 ਦੌੜਾਂ ਦਿੱਤੀਆਂ ਅਤੇ ਦਬਾਅ ਪੂਰੀ ਤਰ੍ਹਾਂ ਨਾਲ ਗਿੱਲ ਦੀ ਟੀਮ ਉਪਰ ਆ ਗਿਆ

ਮੈਚ ਹਾਰਨ ਤੋਂ ਬਾਅਦ ਕਪਤਾਨ ਗਿੱਲ ਨੇ ਖੁਦ ਮੰਨਿਆ ਕਿ ਉਨ੍ਹਾਂ ਦੇ ਬੱਲੇਬਾਜ਼ਾਂ ਦਾ ਉਨ੍ਹਾਂ ਤਿੰਨ ਓਵਰਾਂ ਦੇ ਦੌਰਾਨ ਸਿਰਫ 18 ਰਨ ਬਣਾਉਣਾ ਉਨ੍ਹਾਂ ਦੀ ਟੀਮ ਦੀ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਰਹੀ।

ਆਖਰੀ ਪੰਜ ਓਵਰ ਬਣੇ ਫੈਸਲਾਕੁੰਨ

ਸਹੀ ਮਾਅਨਿਆਂ ਵਿੱਚ ਦੇਖਿਆ ਜਾਵੇ ਤਾਂ ਬੱਲੇਬਾਜ਼ਾਂ ਦੇ ਦਬਦਬੇ ਵਾਲੇ ਮੁਕਾਬਲੇ ਵਿੱਚ ਆਖਰੀ ਪੰਜ ਓਵਰ ਦੀ ਖੇਡ ਨੇ ਦੋਵਾਂ ਟੀਮਾਂ ਦੇ ਨਤੀਜੇ ਨੂੰ ਬਦਲਣ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਸਰ ਪਾਇਆ।

ਜੇ ਪੰਜਾਬ ਨੇ ਆਖਰੀ 5 ਓਵਰ ਵਿੱਚ 77 ਦੌੜਾਂ ਬਣਾਈਆਂ ਤਾਂ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਆਖਰੀ ਪੰਜ ਓਵਰ ਵਿੱਚ ਸਿਰਫ 50 ਦੌੜਾਂ ਦਿੱਤੀਆਂ।

ਟੀ20 ਕ੍ਰਿਕਟ ਅਤੇ ਖਾਸ ਤੌਰ 'ਤੇ ਆਈਪੀਐੱਲ ਵਿੱਚ ਡੈੱਥ ਓਵਰਜ਼ ਵਿੱਚ ਇੰਨੀ ਸੁਸਤੀ ਦਿਖਾਉਣ ਤੋਂ ਬਾਅਦ ਬਹੁਤ ਘੱਟ ਮੌਕਿਆਂ 'ਤੇ ਟੀਮਾਂ ਮੈਚ ਜਿੱਤ ਪਾਉਂਦੀਆਂ ਹਨ ਅਤੇ ਗੁਜਰਾਤ ਨਾਲ ਵੀ ਅਜਿਹਾ ਹੀ ਹੋਇਆ।

ਕੌਲਕੱਤਾ ਨਾਈਟ ਰਾਈਡਰਜ਼ ਨੂੰ ਪਿਛਲੇ ਸਾਲ ਚੈਂਪੀਅਨ ਬਣਾਉਣ ਵਾਲੇ ਕਪਤਾਨ ਅੱਈਅਰ ਨੇ ਨਵੇਂ ਸੀਜ਼ਨ ਦੀ ਸ਼ੁਰੂਆਤ ਇੱਕ ਨਵੀਂ ਟੀਮ ਨਾਲ ਕੀਤੀ ਹੈ, ਜਿਸ ਨੇ 18 ਸਾਲ ਦੀ ਆਈਪੀਐੱਲ ਯਾਤਰਾ ਵਿੱਚ ਕਦੇ ਵੀ ਟਰਾਫੀ ਨਹੀਂ ਜਿੱਤੀ ਹੈ।

ਜੇ ਅੱਈਅਰ ਅਤੇ ਉਨਾਂ ਦੇ ਸਾਥੀ ਇਸ ਜਿੱਤ ਦੇ ਨਾਲ ਅੱਗੇ ਨਿਰੰਤਰਤਾ ਦਿਖਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਸ਼ਾਇਦ ਉਹ ਵੀ ਸੁਪਨੇ ਦੇਖਣ ਦੀ ਹਿੰਮਤ ਕਰ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)