ਫੌਜੀ ਓਮਕਾਰ ਸਿੰਘ, ‘12ਵੀਂ ਤੋਂ ਬਾਅਦ ਦਿਹਾੜੀ ਕੀਤੀ, ਭੈਣਾਂ ਦੇ ਵਿਆਹ ਕੀਤੇੇ’

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਜਵਾਨ ਓਮਕਾਰ ਸਿੰਘ ਦਾ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਨਾਜੋਵਾਲ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤੀ ਗਿਆ।

ਪਠਾਨਕੋਟ ਦੇ ਪਿੰਡ ਨਾਜੋਵਾਲ ਵਿੱਚ ਮਾਤਮ ਦਾ ਮਹੌਲ ਪਸਰਿਆ ਹੋਇਆ ਹੈ। ਪਿੰਡ ਵਾਸੀਆਂ ਦੇ ਚਿਹਰਿਆਂ ਉਪਰ ਉਦਾਸੀ ਹੈ ਅਤੇ ਲੋਕ ਫੌਜੀ ਓਮਕਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆ ਰਹੇ ਹਨ।

ਓਮਕਾਰ ਸਿੰਘ (35) ਭਾਰਤੀ ਫੌਜ ਦੇ ਉਹਨਾਂ 16 ਜਵਾਨਾਂ ਵਿੱਚੋਂ ਇੱਕ ਸੀ ਜਿੰਨ੍ਹਾਂ ਦੀ ਸੜਕ ਹਾਦਸੇ ਵਿੱਚ ਸ਼ੁਕਰਵਾਰ ਨੂੰ ਮੌਤ ਹੋ ਗਈ ਸੀ।

ਪਿੰਡ ਵਾਸੀਆਂ ਮੁਤਾਬਕ ਓਮਕਾਰ ਦੇ ਦਾਦਾ ਜੀ ਵੀ ਫੌਜ ਵਿੱਚ ਸਨ ਅਤੇ ਉਹਨਾਂ ਦੇ ਦੋ ਚਾਚੇ ਵੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ।

ਓਮਕਾਰ ਸਿੰਘ ਦੇ ਘਰ ਇਸ ਦੁੱਖ ਦੀ ਘੜੀ ਵਿੱਚ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਹਰ ਇਕ ਦੀਆਂ ਅੱਖ ਨਮ ਹਨ।

ਓਮਕਾਰ ਦੇ ਪਿਤਾ ਰਘੁਬੀਰ ਸਿੰਘ ਬਹੁਤ ਸਦਮੇ ਵਿਚ ਹਨ ਅਤੇ ਉਹਨਾਂ ਕੋਲ ਗੱਲ ਕਰਨ ਲਈ ਕੋਈ ਅਲਫ਼ਾਜ਼ ਨਹੀਂ।

ਉਹ ਕਹਿੰਦੇ ਹਨ ਕਿ ਜਦੋਂ ਖ਼ਬਰ ਦੇਖੀ ਤਾਂ ਡਰ ਲੱਗਣ ਲੱਗਾ ਕਿਉਂਕਿ ਉਹਨਾਂ ਦਾ ਪੁੱਤਰ ਵੀ ਉਸੇ ਇਲਾਕੇ ਵਿਚ ਡਿਊਟੀ ਉਪਰ ਸੀ।

ਉਨ੍ਹਾਂ ਦੱਸਿਆ ਕਿ ਸਵੇਰੇ ਸੁਨੇਹਾ ਮਿਲਿਆ ਕਿ ਉਸ ਦੀ ਮੌਤ ਹੋ ਗਈ।

ਕੋਣ ਸੀ ਓਮਕਾਰ ਸਿੰਘ ?

  • ਪਠਾਨਕੋਟ ਦੇ ਪਿੰਡ ਨਾਜੋਵਾਲ ਦਾ ਰਹਿਣ ਵਾਲਾ ਸੀ ਫੌਜੀ ਓਮਕਾਰ ਸਿੰਘ।
  • ਓਮਕਾਰ ਦੇ ਦਾਦਾ ਜੀ ਅਤੇ ਦੋ ਚਾਚੇ ਵੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ।
  • ਓਮਕਾਰ ਸਿੰਘ ਦੇ ਪਿੱਛੇ ਪਤਨੀ, ਬੱਚਾ ਅਤੇ ਮਾਂ- ਬਾਪ ਸਨ।
  • ਸਿੱਕਿਮ ਵਿੱਚ ਭਾਰਤੀ ਫੌਜ ਦੇ ਮਰਨ ਵਾਲੇ 16 ਜਵਾਨਾਂ ਵਿੱਚੋਂ ਇੱਕ ਸੀ ਓਮਕਾਰ।

ਪਰਿਵਾਰ ਦਾ ਸਰਵਣ ਬੱਚਾ

ਓਮਕਾਰ ਸਿੰਘ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਉਸ ਦਾ ਕਰੀਬ 5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਪਤਨੀ ਸਪਨਾ ਸਮੇਤ ਇਕ 4 ਸਾਲਾਂ ਦਾ ਬੇਟਾ ਉਸ ਨਾਲ ਸਿੱਕਿਮ ਵਿੱਚ ਹੀ ਰਹਿ ਰਹੇ ਸਨ।

ਓਮਕਾਰ ਦੀ ਮਾਂ ਅਤੇ ਭੈਣਾਂ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀਆਂ। ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਾਂ ਸਰੋਜ ਬਾਲਾ ਆਖਦੇ ਹਨ, "ਆਖਰੀ ਵਾਰ ਦੋ ਦਿਨ ਪਹਿਲਾ ਫੋਨ ’ਤੇ ਗੱਲ ਹੋਈ ਤਾਂ ਪੁੱਤਰ ਨੇ ਕਿਹਾ ਕਿ ਮੈਂ ਡਿਊਟੀ ’ਤੇ ਅਗੇ ਜਾਣਾ ਹੈ। ਮੈਂ ਕਿਹਾ ਸਫ਼ਰ ਕਿੰਨਾ ਹੈ? ਪਰ ਮੁੜ ਫੋਨ ਨਹੀਂ ਆਇਆ।”

ਛੋਟੀ ਭੈਣ ਮਮਤਾ ਆਖਦੀ ਹੈ, "ਮੇਰਾ ਭਰਾ ਬੜਾ ਕੀਮਤੀ ਸੀ। ਸਾਡੇ ਲਈ ਸਾਰੀਆਂ ਜਿੰਮੇਵਾਰੀਆਂ ਨਿਭਾਉਂਦਾ ਸੀ। ਇਕ ਮਹੀਨਾ ਪਹਿਲਾ ਪਿੰਡ ਛੁੱਟੀ ਆਇਆ ਸੀ ਤਾਂ ਮੈਨੂੰ ਸੁਹਰੇ ਘਰ ਮਿਲਣ ਆਇਆ ਸੀ। ਉਹ ਕਹਿੰਦਾ ਸੀ ਕਿ ਕੁਝ ਵੀ ਲੋੜ ਹੋਵੇ ਤਾਂ ਮੈਨੂੰ ਦੱਸਣਾ। ਉਹ ਬਹੁਤ ਹੀ ਜ਼ਿੰਮੇਵਾਰ ਇਨਸਾਨ ਸੀ।"

ਪੜਾਈ ਅਤੇ ਖੇਡਾਂ ਵਿੱਚ ਅਵੱਲ

ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨਾਜੋਵਾਲ ਨੇ ਦੱਸਿਆ ਕਿ ਓਮਕਾਰ ਸਿੰਘ ਇਕ ਸਾਧਾਰਣ ਪਰਿਵਾਰ ਚੋਂ ਸੀ।

ਸਰਪੰਚ ਮੁਤਾਬਕ ਉਹ ਸ਼ੁਰੂ ਤੋਂ ਹੀ ਪੜਾਈ ਵਿਚ ਅਵੱਲ ਸੀ ਅਤੇ ਇਥੋਂ ਤਕ ਕਿ ਉਸ ਨੇ ਐਨਡੀਏ ਦਾ ਟੈਸਟ ਵੀ ਦਿਤਾ ਸੀ।

“ਉਦੋਂ ਕੁਝ ਨੰਬਰਾਂ ਤੋਂ ਰਹਿ ਗਿਆ ਪਰ ਹਾਰ ਨਹੀਂ ਮੰਨੀ ਅਤੇ ਕਰੀਬ 17 ਸਾਲ ਪਹਿਲਾ ਫੌਜ ’ਚ ਭਰਤੀ ਹੋਇਆ। ਹੁਣ ਆਰਟਲੇਰੀ ਰੈਜੀਮੈਂਟ ਵਿੱਚ ਸਿੱਕਿਮ ’ਚ ਨੌਕਰੀ ਉਪਰ ਤੈਨਾਤ ਸੀ।”

ਉਹਨਾਂ ਕਿਹਾ ਕਿ ਓਮਕਾਰ ਸ਼ਹੀਦ ਹੋਇਆ ਹੈ ਅਤੇ ਉਹ ਮੰਗ ਕਰਦੇ ਹਨ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਉਸਦੇ ਨਾਂਅ ਉਪਰ ਰੱਖਿਆ ਜਾਵੇ।

ਨੌਕਰੀ ਅਤੇ ਤਰੱਕੀ

ਓਮਕਾਰ ਦੇ ਗੁਆਂਢੀ ਰਮਨ ਕੁਮਾਰ ਨੇ ਦੱਸਿਆ ਕਿ ਉਹ 12ਵੀਂ ਕਲਾਸ ਪਾਸ ਕਰ ਨੌਕਰੀ ਕਰਨ ਚਲਾ ਗਿਆ ਸੀ।

“ਡਿਊਟੀ ’ਤੇ ਰਹਿੰਦੇ ਅੱਗੇ ਦੀ ਪੜਾਈ ਕੀਤੀ ਅਤੇ ਅਫ਼ਸਰ ਬਣਿਆ। ਉਸ ਨੇ ਆਪਣੀਆਂ ਤਿੰਨਾਂ ਭੈਣਾਂ ਦੇ ਵਿਆਹ ਕੀਤੇ। ਉਹਨਾਂ ਦਾ ਪਰਿਵਾਰ ਗਰੀਬ ਸੀ ਅਤੇ ਘਰ ਵਿਚ ਇਸ ਪੁੱਤ ਨੇ ਕਮਾਈ ਕਰ ਹਾਲਾਤ ਬਦਲੇ ਸਨ। ਅੱਜ ਉਹ ਨਹੀਂ ਰਿਹਾ ਤਾਂ ਪਰਿਵਾਰ ਹੀ ਨਹੀਂ, ਪੂਰਾ ਇਲਾਕਾ ਸ਼ੋਕ ’ਚ ਹੈ।”

ਓਮਕਾਰ ਸਿੰਘ ਦੇ ਦੋਸਤ ਪ੍ਰਵੀਤ ਸਿੰਘ ਲਾਡੀ ਨੇ ਕਿਹਾ ਕਿ ਓਮਕਾਰ ਕੋਲ ਪੁਰੀਆ ਕਿਤਾਬਾਂ ਨਹੀਂ ਹੁੰਦੀਆਂ ਸਨ ਪਰ ਇਸ ਦੇ ਬਾਵਜੂਦ ਉਹ ਅਵਲ ਰਹਿੰਦਾ ਸੀ।

“ਉਸ ਦੀ ਹਮੇਸ਼ਾ ਜ਼ਿੱਦ ਸੀ ਕਿ ਫੌਜ ਵਿੱਚ ਜਾਣਾ ਹੈ ਕਿਉਂਕਿ ਦੋ ਚਾਚੇ ਅਤੇ ਦਾਦਾ ਜੀ ਵੀ ਫੌਜ ਵਿਚ ਨੌਕਰੀ ਕਰਦੇ ਸਨ। ਫੌਜ ਵਿਚ ਭਰਤੀ ਹੋਣ ਲਈ ਖੇਡਾਂ ਅਤੇ ਦੌੜ ਲਾਉਣ ਦਾ ਸ਼ੌਕ ਹੀ ਨਹੀਂ ਬਲਕਿ ਉਸ ਅੰਦਰ ਇੱਕ ਚੰਗਾ ਖਿਡਾਰੀ ਵੀ ਸੀ। ਹੁਣ ਵੀ ਜਦੋਂ ਛੁੱਟੀ ਆਉਂਦਾ ਤਾਂ ਹਮੇਸ਼ਾ ਕਹਿੰਦਾ ਸੀ ਕਿ ਵੱਡਾ ਅਫ਼ਸਰ ਹਾਲੇ ਬਨਣਾ ਹੈ। ਮੇਹਨਤ ਕਰ ਰਿਹਾ ਹਾਂ ਅਤੇ ਇਲਾਕੇ ਵਿਚ ਪਰਿਵਾਰ ਦਾ ਨਾਂਅ ਰੌਸ਼ਨ ਕਰਨਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)