ਗੁਜਰਾਤ ਚੋਣਾਂ: ਦੰਗਿਆਂ ’ਚ 97 ਕਤਲਾਂ ਦੇ ਦੋਸ਼ੀਆਂ ਵਿੱਚੋਂ ਇੱਕ ਦੀ ਧੀ ਨੂੰ ਭਾਜਪਾ ਵੱਲੋਂ ਟਿਕਟ

ਗੁਜਰਾਤ ਚੋਣਾਂ
ਤਸਵੀਰ ਕੈਪਸ਼ਨ, ਪਾਇਲ ਕੁਕਰਾਨੀ ਪੇਸ਼ੇ ਵਜੋਂ ਡਾਕਟਰ ਹਨ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਸਾਲ 2002 ਵਿੱਚ ਗੁਜਰਾਤ ਦੰਗਿਆਂ ਸਮੇਂ ਪਾਇਲ ਕੁਕਰਾਨੀ ਅੱਠ ਸਾਲਾਂ ਦੀ ਸੀ।

ਇਹਨਾਂ ਦੰਗਿਆਂ ਵਿੱਚ ਭੂਮਿਕਾ ਨਿਭਾਉਣ ਕਾਰਨ ਸਾਲ 2012 ਵਿੱਚ ਅਦਾਲਤ ਨੇ ਪਾਇਲ ਦੇ ਪਿਤਾ ਮਨੋਜ ਕੁਕਰਾਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

28 ਫ਼ਰਵਰੀ 2002 ਨੂੰ ਆਹਿਮਦਾਬਾਦ ਦੇ ਨਰੋਦਾ ਪਾਟੀਆ ਦੀ ਮੁਸਲਮਾਨ ਬਸਤੀ ਵਿੱਚ 97 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਇਸ ਕਤਲੇਆਮ ਦੇ ਦੋਸ਼ੀਆਂ ਵਿੱਚ ਮਨੋਜ ਕੁਕਰਾਨੀ ਵੀ ਸ਼ਾਮਿਲ ਸੀ।

ਕਰੀਬ 20 ਸਾਲ ਬਾਅਦ ਇਸੇ ਨਰੋਦਾ ਪਾਟੀਆ ਵਿਧਾਨ ਸਭਾ ਸੀਟ ਤੋਂ ਭਾਜਪਾ ਨੇ ਮਨੋਜ ਕੁਕਰਾਨੀ ਦੀ ਧੀ ਪਾਇਲ ਨੂੰ ਉਮੀਦਵਾਰ ਬਣਾਇਆ ਹੈ।

ਮਨੋਜ ਕੁਕਰਾਨੀ ਹਾਲੇ ਸਿਹਤ ਕਾਰਨਾਂ ਕਾਰਨ ਜ਼ਮਾਨਤ ਉਪਰ ਹਨ। ਪਰ ਉਹ ਆਪਣੀ ਧੀ ਲਈ ਚੋਣ ਪ੍ਰਚਾਰ ਕਰ ਰਹੇ ਹਨ।

28 ਫ਼ਰਵਰੀ 2002 ਨੂੰ ਇੱਕ ਹਿੰਸਕ ਭੀੜ ਨੇ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਵਿੱਚ ਹਮਲਾ ਕਰ ਦਿੱਤਾ ਸੀ ਜਿਸ ਨੇ 97 ਲੋਕਾਂ ਦੀ ਜਾਨ ਲੈ ਲਈ ਸੀ।

ਇਸ ਵਿੱਚ ਰੇਪ ਅਤੇ ਅੱਗਾਂ ਲਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।

ਗੁਜਰਾਤ ਦੇ ਇਹਨਾਂ ਦੰਗਿਆਂ ਵਿੱਚ ਹੋਰ ਕਿਸੇ ਇਲਾਕੇ ਵਿੱਚ ਐਨੀਆਂ ਮੌਤਾਂ ਨਹੀਂ ਹੋਈਆਂ ਸਨ।

ਪੀੜ੍ਹਤ ਮੁਸਲਮਾਨ ਪਰਿਵਾਰ ਨਰਾਜ਼

ਪਾਇਲ ਕੁਕਰਾਨੀ ਨੂੰ ਟਿਕਟ ਮਿਲਣ ਨਾਲ ਨਰੋਦਾ ਪਾਟਿਆ ਦੇ ਕੁਝ ਮੁਸਲਮਾਨ ਪਰਿਵਾਰ ਕਾਫ਼ੀ ਨਰਾਜ਼ ਹਨ।

ਦੰਗਾਕਾਰੀਆਂ ਨੇ ਸਲੀਮ ਸ਼ੇਖ਼ ਦੀ ਭੈਣ ਦੀ ਕੁੜੀ ਅਤੇ ਉਹਨਾਂ ਦੇ ਦੋ ਬੱਚਿਆਂ ਦੀ ਜਾਨ ਲੈ ਲਈ ਸੀ।

ਸਲੀਮ ਸ਼ੇਖ਼ ਕਹਿੰਦੇ ਹਨ, “ਮੈਂ ਤਾਂ ਮਨੋਜ ਦੇ ਖ਼ਿਲਾਫ਼ ਗਵਾਹ ਵੀ ਬਣਿਆ ਸੀ। ਉਸ ਨੂੰ ਸਜ਼ਾ ਵੀ ਮਿਲੀ। ਪਰ ਹੁਣ ਉਹ ਆਪਣੀ ਧੀ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਮਨੋਜ ਕੁਕਰਾਨੀ ਇੱਕ ਦੋਸ਼ੀ ਹੈ। ਅਜਿਹੇ ਵਿੱਚ ਭਾਜਪਾ ਉਸ ਨੂੰ ਟਿਕਟ ਨਹੀਂ ਦੇ ਸਕਦੀ ਅਤੇ ਪਾਰਟੀ ਨੇ ਉਸ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ।”

ਗੁਜਰਾਤ ਚੋਣਾਂ
ਤਸਵੀਰ ਕੈਪਸ਼ਨ, ਪਾਇਲ ਕੁਕਰਾਨੀ ਦੇ ਪਿਤਾ ਵੀ ਚੋਣ ਪ੍ਰਚਾਰ ਕਰ ਰਹੇ ਹਨ

“ਮਨੋਜ ਕੁਕਰਾਨੀ 2002 ਵਿੱਚ ਗ਼ਰੀਬ ਮੁਸਲਮਾਨਾਂ ਨੂੰ ਮਾਰਨ ਵਿੱਚ ਸ਼ਾਮਲ ਸੀ। ਭਾਜਪਾ ਉਸ ਨੂੰ ਇੱਕ ਕ੍ਰਾਂਤੀਕਾਰੀ ਦੇ ਤੌਰ 'ਤੇ ਪੇਸ਼ ਕਰਦੀ ਹੈ। ਇਸ ਲਈ ਉਸ ਦੀ ਧੀ ਨੂੰ ਟਿੱਕਟ ਦਿੱਤੀ ਗਈ ਹੈ।”

ਉਹ ਅੱਗੇ ਕਹਿੰਦੇ ਹਨ, “ਭਾਜਪਾ ਵਾਲਿਆਂ ਨਾਲ ਜੇਕਰ ਤੁਹਾਡੀ ਗੱਲ ਹੋਵੇ ਤਾਂ ਪੁੱਛਣਾ ਕਿ ਦਾਉਦ ਇਬਰਾਹਿਮ ਦੀ ਧੀ ਨੂੰ ਏਥੇ ਕੋਈ ਪਾਰਟੀ ਟਿਕਟ ਦਿੰਦੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ?”

ਸਲੀਮ ਸ਼ੇਖ਼ ਨੇ ਜਦੋਂ ਇਹ ਸਵਾਲ ਗੁਜਰਾਤ ਭਾਜਪਾ ਦੇ ਬੁਲਾਰੇ ਯਮਲ ਵਿਆਸ ਨੂੰ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ, “ਪਾਇਲ ਖ਼ੁਦ ਇੱਕ ਐੱਮਡੀ ਡਾਕਟਰ ਹੈ। ਉਹ ਨੌਜਵਾਨ ਹੈ ਅਤੇ ਪਾਰਟੀ ਵਿੱਚ ਕਾਫ਼ੀ ਮਿਹਨਤ ਕਰਦੀ ਹੈ। ਉਹ ਪਾਰਟੀ ਦੀ ਕਾਰਕੁਨ ਹੈ, ਉਹਨਾਂ ਨੂੰ ਟਿੱਕਟ ਦਿੱਤੀ ਗਈ ਹੈ। ਇਹ ਵਿਸ਼ਾ ਬਹੁਤ ਪੁਰਾਣਾ ਹੈ ਅਤੇ ਗੁਜਰਾਤ ਇਸ ਨੂੰ ਭੁੱਲ ਚੁੱਕਾ ਹੈ।''

ਗੁਜਰਾਤ ਚੋਣਾਂ
  • 2002 ਗੁਜਰਾਤ ਦੰਗਿਆਂ ਦੇ ਦੋਸ਼ੀ ਦੀ ਧੀ ਨੂੰ ਭਾਜਪਾ ਨੇ ਦਿੱਤੀ ਟਿਕਟ
  • ਉਮੀਦਵਾਰ ਪਾਇਲ ਕੁਕਰਾਨੀ ਲਈ ਪਿਤਾ ਮਨੋਜ ਕੁਕਰਾਨੀ ਕਰ ਰਹੇ ਨੇ ਚੋਣ ਪ੍ਰਚਾਰ
  • ਨਰੋਦਾ ਪਾਟੀਆ ਦੀ ਮੁਸਲਮਾਨ ਬਸਤੀ ਵਿੱਚ 97 ਲੋਕਾਂ ਦੀ ਹੋਈ ਸੀ ਹੱਤਿਆ
  • ਇਸ ਕਤਲੇਆਮ ਦੇ ਦੋਸ਼ੀਆਂ ਵਿੱਚ ਮਨੋਜ ਕੁਕਰਾਨੀ ਵੀ ਸ਼ਾਮਿਲ ਸੀ
  • ਗੁਜਰਾਤ ਵਿੱਚ ਮੁਸਲਮਾਨਾਂ ਦੀ ਗਿਣਤੀ 9.97 ਫ਼ੀਸਦੀ ਹੈ
  • ਇਸ ਵਾਰ ਵੀ ਭਾਜਪਾ ਨੇ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ
ਗੁਜਰਾਤ ਚੋਣਾਂ

ਉਹਨਾਂ ਕਿਹਾ, “ਇਸ ਗੱਲ ਨੂੰ 20 ਸਾਲ ਹੋ ਗਏ ਹਨ। ਮੈਂ ਸੋਚਦਾ ਹਾਂ ਕਿ ਪਾਇਲ ਦੇ ਉਮੀਦਵਾਰ ਬਣਨ ਨਾਲ ਕੋਈ ਦਿੱਕਤ ਨਹੀਂ ਹੈ। ਅਦਾਲਤ ਨੇ ਜੋ ਵੀ ਪ੍ਰਕਿਰਿਆ ਕਰਨੀ ਸੀ, ਉਹ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਦਿੱਤੀ। ਗੁਜਰਾਤ ਦੇ ਲੋਕ ਹੁਣ ਅੱਗੇ ਨਿੱਕਲ ਚੁੱਕੇ ਹਨ ਅਤੇ ਗੁਜਰਾਤ ਨੇ ਬਹੁਤ ਵਿਕਾਸ ਕੀਤਾ ਹੈ।”

ਗੁਜਰਾਤ ਚੋਣਾਂ

ਯਮਲ ਵਿਆਸ ਨੇ ਕਿਹਾ ਹੈ ਗੁਜਰਾਤ ਵਿਚ ਹਰ ਭਾਈਚਾਰੇ ਦਾ ਵਿਕਾਸ ਹੋਇਆ ਹੈ।

ਪਰ ਜੇਕਰ ਤੁਸੀਂ ਨਰੋਦਾ ਪਾਟਿਆ ਦੇ ਦੰਗਾ ਪ੍ਰਭਾਵਿਤ ਮੁਸਲਮਾਨ ਇਲਾਕੇ ਵਿੱਚ ਜਾਂਦੇ ਹੋ ਤਾਂ ਦੂਰ-ਦੂਰ ਤੱਕ ਵਿਕਾਸ ਨਹੀਂ ਦਿਸਦਾ।

ਅੱਜ ਵੀ ਇਹ ਇਲਾਕਾ ਕਿਸੇ ਗੰਦੀ ਬਸਤੀ ਵਰਗਾ ਲੱਗਦਾ ਹੈ।

ਯਮਲ ਵਿਆਸ ਨੂੰ ਪੁੱਛਿਆ ਕਿ ਕਦੇ ਉਹਨਾਂ ਨੇ ਮੁਸਲਮਾਨ ਬਸਤੀ ਵਿੱਚ ਜਾ ਕੇ ਦੇਖਿਆ ਹੈ?

ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ, “ਦੇਖੋ ਇਹ ਤੁਹਾਡਾ ਵਿਚਾਰ ਹੋ ਸਕਦਾ ਹੈ ਪਰ ਗੁਜਰਾਤ ਦੇ ਲੋਕ ਜਿਸ ਤਰ੍ਹਾਂ ਸਾਨੂੰ ਆਸ਼ਿਰਵਾਦ ਦੇ ਰਹੇ ਹਨ, ਉਹ ਵਿਕਾਸ ਦੇ ਦਮ ਉਪਰ ਹੀ ਹੈ। ਪੂਰੇ ਗੁਜਰਾਤ ਦਾ ਵਿਕਾਸ ਹੋਇਆ ਹੈ। ਭਾਜਪਾ ਆਪਣੇ ਉਮੀਦਵਾਰ ਦੀ ਚੋਣ ਇੱਕ ਪ੍ਰਕਿਰਿਆ ਤਹਿਤ ਕਰਦੀ ਹੈ।”

ਗੁਜਰਾਤ ਚੋਣਾਂ

ਇਹ ਵੀ ਪੜ੍ਹੋ-

ਗੁਜਰਾਤ ਚੋਣਾਂ

‘ਇਹ ਇਨਸਾਫ਼ ਨਹੀਂ ਹੈ’

ਇਸੇ ਇਲਾਕੇ ਦੀ ਫ਼ਾਤਿਮਾ ਬੀਬੀ ਕਹਿੰਦੀ ਹੈ, “ਮੇਰੇ ਕੁੱਲ 19 ਰਿਸ਼ਤੇਦਾਰਾਂ ਦੀ ਜਾਨ ਗਈ ਸੀ। ਦੋਸ਼ੀਆਂ ਨੂੰ ਟਿਕਟ ਦਿੱਤੀ ਜਾ ਰਹੀ ਹੈ। ਇਹ ਕਿਹੋ ਜਿਹਾ ਇਨਸਾਫ਼ ਹੈ? ਜਿਸ ਨੇ ਗੁਨਾਹ ਕੀਤਾ ਹੈ, ਉਸ ਨੂੰ ਇਨਾਮ ਦਿੱਤਾ ਜਾ ਰਿਹਾ ਹੈ।”

“ਉਹਨਾਂ ਨੂੰ ਸਿਰਫ਼ ਗੁਨਾਹ ਕਰਨ ਵਾਲੇ ਦੀ ਧੀ ਹੀ ਦਿੱਸਦੀ ਹੈ। ਜਿਨ੍ਹਾਂ ਉਪਰ ਜ਼ੁਲਮ ਹੋਇਆ ਹੈ, ਉਹਨਾਂ ਦੇ ਪਰਿਵਾਰ ਨਹੀਂ ਦਿੱਸਦੇ। ਇਹ ਕਿਹੜਾ ਅੰਨ੍ਹਾ ਕਾਨੂੰਨ ਹੈ? ਇਹ ਸਾਡੇ ਜ਼ਖਮਾਂ ਉਪਰ ਲੂਣ ਛਿੜਕ ਰਹੇ ਹਨ।”

ਗੁਜਰਾਤ ਚੋਣਾਂ

ਫ਼ਾਤਿਮਾ ਇਹ ਸਾਰੀਆਂ ਗੱਲਾਂ ਕਰਦੇ ਹੋਏ ਰੋਣ ਲੱਗਦੀ ਹੈ।

ਉਹ ਰੋਂਦੀ- ਰੋਂਦੀ ਕਹਿੰਦੀ ਹੈ, “ਲੋਕ ਜਾਨਵਰਾਂ ਨੂੰ ਮਾਰਨ ਵੇਲੇ ਵੀ ਇੱਕ ਵਾਰ ਸੋਚਦੇ ਹਨ ਪਰ ਉਹਨਾਂ ਨੇ ਇਨਸਾਨਾਂ ਨੂੰ ਮਾਰਿਆ ਹੈ। ਬੱਚਿਆਂ ਨੂੰ ਉਹਨਾਂ ਨੇ ਜਿਉਂਦੇ ਜੀਅ ਸਾੜ ਦਿੱਤਾ। ਸਾਨੂੰ ਹੁਣ ਵੀ ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ। ਕਿੱਥੇ ਗੋਧਰਾ ਅਤੇ ਕਿੱਥੇ ਪਾਟੀਆ। ਅਸੀਂ ਤਾਂ ਅੱਜ ਤੱਕ ਗੋਧਰਾ ਗਏ ਵੀ ਨਹੀਂ। ਇਹ ਵੀ ਨਹੀਂ ਪਤਾ ਕਿ ਕਿਸ ਇਲਾਕੇ ਵਿੱਚ ਹੈ।”

ਇਸੇ ਇਲਾਕੇ ਵਿੱਚ ਰਹਿਣ ਵਾਲੀ ਜ਼ੂਮੇਲਾ ਬਾਨੋ ਕਹਿੰਦੀ ਹੈ, “ਅਸੀਂ ਮਦਦ ਲਈ ਬਹੁਤ ਗੁਹਾਰ ਲਾਈ ਸੀ ਪਰ ਜਿਸ ਨੂੰ ਟਿਕਟ ਦਿੱਤੀ ਗਈ ਹੈ, ਅਸੀਂ ਉਸ ਦੇ ਪਿਤਾ ਨੂੰ ਦੰਗਿਆਂ ਵਿੱਚ ਆਪਣੀਆਂ ਅੱਖਾਂ ਨਾਲ ਦੇਖਿਆ ਹੈ।”

“ਇਹ ਲੋਕ ਕਹਿੰਦੇ ਹਨ ਕਿ ਪਾਕਿਸਤਾਨ ਚਲੇ ਜਾਵੋ, ਕੀ ਅਸੀਂ ਹਿੰਦੋਸਤਾਨ ਦੀਆਂ ਔਰਤਾਂ ਨਹੀਂ ਹਾਂ? ਹਿੰਦੋਸਤਾਨ ਨੂੰ ਆਜ਼ਾਦੀ ਦਵਾਉਣ ਲਈ ਕੀ ਅਸੀਂ ਘੱਟ ਕੁਰਬਾਨੀਆਂ ਦਿੱਤੀਆਂ ਹਨ ?”

ਪਾਟੀਆ ਦੇ ਬਾਬੂ ਸੈਯਦ ਕਹਿੰਦੇ ਹਨ, “ਦੰਗਿਆਂ ਸਮੇਂ ਮੈਂ 20 ਵਰਿਆਂ ਦਾ ਸੀ। ਮੇਰਾ ਛੋਟਾ ਭਾਈ ਅਪਾਹਜ ਸੀ ਅਤੇ ਸਕੂਲ ਵਿੱਚ ਪੜਦਾ ਸੀ। ਦੰਗਾਕਾਰੀਆਂ ਨੇ ਉਸ ਉਪਰ ਵੀ ਰਹਿਮ ਨਹੀਂ ਕੀਤਾ। ਦੇਖੋ ਮਨੋਜ ਕੁਕਰਾਨੀ ਵਰਗੇ ਲੋਕ ਭਾਜਪਾ ਦੇ ਸੈਨਿਕ ਹਨ। ਭਾਵੇਂ ਉਹ ਦੂਜਿਆਂ ਲਈ ਬੁਰੇ ਹੋਣ ਪਰ ਉਹਨਾਂ ਨੇ ਭਾਜਪਾ ਲਈ ਚੰਗਾ ਕੰਮ ਕੀਤਾ ਹੈ। ਅਜਿਹੇ ਵਿੱਚ ਉਹਨਾਂ ਨੂੰ ਇਨਾਮ ਤਾਂ ਮਿਲੇਗਾ ਹੀ।”

ਨਰੋਦਾ ਪਾਟੀਆ ਕਤਲੇਆਮ ਵਿੱਚ 32 ਲੋਕਾਂ ਨੂੰ ਅਹਿਮਦਾਬਾਦ ਦੀ ਵਿਸੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।

ਇਹਨਾਂ ਵਿੱਚ ਸੂਬੇ ਦੀ ਨਰਿੰਦਰ ਮੋਦੀ ਸਰਕਾਰ ਦੀ ਮੰਤਰੀ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਨੇਤਾ ਬਾਬੂ ਬਜਰੰਗੀ ਵੀ ਸ਼ਾਮਿਲ ਸਨ।

ਭਾਜਪਾ ਮੁਸਲਮਾਨਾਂ ਨੂੰ ਕੀ ਸੰਦੇਸ਼ ਦੇਣਾ ਚਹੁੰਦੀ ਹੈ

ਪਿਛਲੇ ਹਫ਼ਤੇ ਜਦੋਂ ਕਾਂਗਰਸ ਨੇ ਸਿੱਖਾਂ ਖ਼ਿਲਾਫ਼ 1984 ਦੇ ਦੰਗਿਆਂ ਵਿੱਚ ਮੁਲਜ਼ਮ ਰਹੇ ਜਗਦੀਸ਼ ਟਾਇਟਲਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰਾਂ ਬਾਰੇ ਫ਼ੈਸਲਾ ਕਰਨ ਵਾਲੀ ਕਮੇਟੀ ਵਿੱਚ ਰੱਖਿਆ ਤਾਂ ਭਾਜਪਾ ਨੇ ਇਸ ਨੂੰ ਸਿੱਖਾਂ ਦੇ ਜ਼ਖਮਾਂ ਉਪਰ ਲੂਣ ਭੁੱਕਣਾ ਕਰਾਰ ਦਿੱਤਾ।

ਪਰ ਹੁਣ ਭਾਜਪਾ ਮਨੋਜ ਕੁਕਰਾਨੀ ਦੀ ਧੀ ਨੂੰ ਟਿਕਟ ਦੇਣ ਦੇ ਫ਼ੈਸਲੇ ਨੂੰ ਸਹੀ ਕਰਾਰ ਦੇ ਰਹੀ ਹੈ।

ਕੁਕਰਾਨੀ ਦੀ ਧੀ ਨੂੰ ਟਿਕਟ ਦੇ ਕੇ ਭਾਜਪਾ ਕੀ ਸੰਦੇਸ਼ ਦੇਣਾ ਚਹੁੰਦੀ ਹੈ?

ਗੁਜਰਾਤ ਚੋਣਾਂ

ਚਿਮਨਭਾਈ ਪਟੇਲ ਸੰਸਥਾ ਦੇ ਨਿਰਦੇਸ਼ਕ ਡਾਕਟਰ ਹਰੀ ਦੇਸਾਈ ਕਹਿੰਦੇ ਹਨ, “ਸਰਦਾਰ ਪਟੇਲ ਕਹਿੰਦੇ ਸਨ ਕਿ ਹਿੰਦੂ ਰਾਸ਼ਟਰ ਦਾ ਵਿਚਾਰ ਪਾਗਲਾਂ ਦਾ ਹੈ। ਪਾਇਲ ਕੁਕਰਾਨੀ ਨੂੰ ਟਿਕਟ ਦੇ ਕੇ ਭਾਜਪਾ ਸਪੱਸ਼ਟ ਸੰਦੇਸ਼ ਦੇ ਰਹੀ ਹੈ ਕਿ ਇਹ ਕਿਸੇ ਵੀ ਹੱਦ ਤੱਕ ਜਾ ਸਕਦੀ। ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਛੱਡਣ ਦੀ ਹਿਮਾਇਤ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਹੈ।”

ਭਾਜਪਾ ਪਿਛਲੀਆਂ ਕਈ ਵਿਧਾਨ ਸਭਾ ਚੋਣਾਂ ਤੋਂ ਮੁਸਲਮਾਨਾਂ ਨੂੰ ਟਿਕਟ ਨਹੀਂ ਦੇ ਰਹੀ।

ਭਾਜਪਾ ਨੇ 1980 ਤੋਂ 1998 ਵਿੱਚ ਹੁਣ ਤੱਕ ਸਿਰਫ਼ ਇੱਕ ਮੁਸਲਮਾਨ ਉਮੀਦਵਾਰ ਨੂੰ ਟਿਕਟ ਦਿੱਤੀ ਹੈ।

ਗੁਜਰਾਤ ਵਿੱਚ ਮੁਸਲਮਾਨਾਂ ਦੀ ਗਿਣਤੀ 9.97 ਫ਼ੀਸਦੀ ਹੈ।

ਜੇਕਰ ਵਸੋਂ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਘੱਟੋਂ ਘੱਟ 18 ਮੁਸਲਮਾਨ ਵਿਧਾਇਕ ਹੋਣੇ ਚਾਹੀਦੇ ਹਨ।

1980 ਵਿੱਚ ਸਭ ਤੋਂ ਵੱਧ 12 ਮੁਸਲਮਾਨ ਵਿਧਾਇਕ ਚੁਣੇ ਗਏ ਸਨ।

ਗੁਜਰਾਤ ਦੀ 182 ਸੀਟਾਂ ਵਾਲੀ ਵਿਧਾਨ ਸਭਾ ਵਿੱਚ 25 ਅਜਿਹੇ ਖੇਤਰ ਹਨ ਜਿੱਥੇ ਮੁਸਲਮਾਨਾਂ ਦੀ ਵੱਡੀ ਗਿਣਤੀ ਹੈ।

ਗੁਜਰਾਤ ਵਿੱਚ ਮੋਦੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਮੁਸਲਮਾਨਾਂ ਨੂੰ ਘੱਟ ਗਿਣਤੀ ਦੇ ਰੂਪ ਵਿੱਚ ਨਹੀਂ ਦੇਖਿਆ ਗਿਆ

ਮੋਦੀ ਨੇ ਸੂਬੇ ਵਿੱਚ ਘੱਟ ਗਿਣਤੀ ਵਿਭਾਗ ਹੀ ਨਹੀਂ ਬਣਾਇਆ।

ਇਸ ਵਾਰ ਵੀ ਭਾਜਪਾ ਨੇ ਕਿਸੇ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ।