ਜਦੋਂ ਸਿੱਖ ਸਟੂਡੈਂਟ ਫੈਂਡਰੇਸ਼ਨ ਵਾਲਿਆਂ ਨੇ ਨਹਿਰੂ ਤੋਂ ਵੀ ਮਾਇਕ ਖੋਹਿਆ

ਸੁਖਬੀਰ ਬਾਦਲ

ਤਸਵੀਰ ਸਰੋਤ, akali Dal

ਸ਼੍ਰੋਮਣੀ ਅਕਾਲੀ ਦਲ 102 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ।

ਇਤਿਹਾਸ ਵਿੱਚ ਇਸ ਜਥੇਬੰਦੀ ਨੇ ਅਨੇਕਾਂ ਸੰਘਰਸ਼ ਲੜੇ ਅਹਿੰਸਕ ਤਰੀਕੇ ਨਾਲ ਲੜਾਈ ਲੜਨ ਦਾ ਭਾਰਤੀ ਲੋਕਾਂ ਨੂੰ ਜਾਗ ਲਾਇਆ।

ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਵੱਡੇ ਪੰਥਕ ਆਗੂਆਂ ਦਾ ਨਾਂ ਇਸ ਪਾਰਟੀ ਦੇ ਪ੍ਰਧਾਨਾਂ ਵਿਚ ਸ਼ੁਮਾਰ ਹੈ। ਜਿਨ੍ਹਾਂ ਪੰਜਾਬ ਅਤੇ ਸਿੱਖ ਹਿੱਤਾਂ ਲ਼ਈ ਲੜਨ ਦੇ ਨਾਲ ਨਾਲ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ।

ਪਰ ਸ਼ਾਨਾਮੱਤੀ ਇਤਿਹਾਸ ਰੱਖਣ ਵਾਲਾ ਅਕਾਲੀ ਦਲ ਅਜੋਕੇ ਸਮੇਂ ਪੰਜਾਬ ਦੀਆਂ ਕੁਝ ਸੀਟਾਂ 'ਤੇ ਹੀ ਸਿਮਟ ਕੇ ਰਹਿ ਗਿਆ ਹੈ।

ਪਾਰਟੀ ਦੇ ਇਤਿਹਸ, ਵਰਤਮਾਨ ਅਤੇ ਭਵਿੱਖ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਗੱਲਬਾਤ ਕੀਤੀ।

102 ਸਾਲ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੁੰਦੀ ਹੈ ਤੇ ਫਿਰ ਅਕਾਲੀ ਦਲ ਬਣਦਾ ਹੈ। ਇਹ ਸਭ ਤੋਂ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਇਤਿਹਾਸਕ ਪਾਰਟੀ ਹੈ। ਇਹ ਪਾਰਟੀ ਬਾਕੀ ਪਾਰਟੀਆਂ ਨਾਲੋਂ ਵੱਖ ਕਿਵੇਂ ਹੈ?

ਸੀਨੀਅਰ ਪੱਤਰਕਾਰ ਜਗਤਾਰ ਸਿੰਘ

ਮੇਰੇ ਖ਼ਿਆਲ ਜੇ ਕਿਸੇ ਪਾਰਟੀ ਨੇ ਹਿੰਦੁਸਤਾਨ ਵਿੱਚ ਇੰਨਾਂ ਸ਼ਾਂਤਮਈ ਸੰਘਰਸ਼ ਅਤੇ ਲੰਬੇ ਸਮੇਂ ਤੱਕ ਲੜਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਹੈ।

ਗੁਰਦੁਆਰਾ ਸੁਧਾਰ ਲਹਿਰ ਅਤੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਤਹਿਰੀਕ , ਉਹ ਬਹੁਤ ਹੀ ਸ਼ਾਂਤਮਈ ਸੰਘਰਸ਼ ਸੀ ਜਿਸ ਨੇ ਬਹੁਤ ਜ਼ੁਲਮ ਸਹੇ।

ਮੈਂ ਸਿਰਫ਼ ਇੱਕ ਉਦਾਹਰਣ ਦਿਆਂਗਾ ਕਿ ਗੁਰੂ ਕਾ ਬਾਗ਼ ਮੋਰਚਾ, ਅਕਾਲੀਆਂ ਦੇ ਜਥੇ ਜਾਂਦੇ ਹੁੰਦੇ ਸਨ ਅਤੇ ਅੱਗੇ ਪੁਲਿਸ ਖੜ੍ਹੀ ਹੁੰਦੀ ਸੀ, ਉਹ ਡਾਂਗਾਂ ਮਾਰ ਕੇ ਸਾਰਿਆਂ ਲੰਮੇ ਪਾ ਦਿੰਦੇ ਹੁੰਦੇ ਸਨ।

ਅਗਲੇ ਦਿਨ ਫਿਰ ਇੱਕ ਜਥਾ ਚਲਾ ਜਾਂਦਾ ਸੀ। ਇਹ ਵਰਤਾਰਾ ਲਗਾਤਾਰ ਚੱਲਦਾ ਰਿਹਾ ਅਤੇ ਸਾਰੀ ਦੁਨੀਆਂ ਦੀ ਪ੍ਰੈੱਸ ਉੱਥੇ ਵਰਚੂਅਲੀ ਇਕੱਠੀ ਹੋ ਗਈ ਸੀ।

ਇਹ ਆਪਣੇ ਆਪ ਵਿੱਚ ਦੁਨੀਆਂ ਦੇ ਜਿਹੜੇ ਸੰਘਰਸ਼ਮਈ ਇਤਿਹਾਸ ਹਨ, ਉਨ੍ਹਾਂ ਵਿੱਚ ਕਮਾਲ ਦੀ ਮਿਸਾਲ ਹੈ। ਇਹ ਇਸ ਪਾਰਟੀ ਦਾ ਪਿਛੋਕੜ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 15 ਨਵੰਬਰ 1920 ਨੂੰ ਅਤੇ ਉਸ ਕਮੇਟੀ ਦੀ ਅਕਾਲੀ ਦਲ, ਹਰਿਆਵਲ ਦਸਤਾ ਗੁਰਦੁਆਰਾ ਆਜ਼ਾਦੀ ਤਹਿਰੀਕ ਲੜਨ ਲਈ ਸੀ।

ਸ਼੍ਰੋਮਣੀ ਅਕਾਲੀ ਦਲ

ਹੌਲੀ-ਹੌਲੀ 1930-32 ਤੱਕ ਆ ਕੇ ਫਿਰ ਉਸ ਨੇ ਸਿੱਖਾਂ ਦੇ ਮੁੱਦਿਆਂ ਦੀ ਤਰਜ਼ਮਾਨੀ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਸੈਂਟਰਲ ਸਿੱਖ ਲੀਗ ਨਾ ਰਹੀ ਤਾਂ ਉਸ ਤੋਂ ਬਾਅਦ ਅਕਾਲੀ ਦਲ ਸਿਆਸੀ ਖੇਤਰ ਵਿੱਚ ਵਾਧਾ ਹੁੰਦਾ ਹੈ ਅਤੇ 1928 ਤੋਂ ਬਾਅਦ ਇਸ ਦੀਆਂ ਸਿਆਸੀ ਗਤੀਵਿਧੀਆਂ ਸ਼ੁਰੂ ਹੋ ਗਈਆਂ।

ਇਨ੍ਹਾਂ ਦਾ ਵੰਡ ਤੋਂ ਪਹਿਲਾਂ ਦਾ ਇੱਕ ਲੰਬਾ ਇਤਿਹਾਸ ਹੈ। ਮਾਰਚ 1940 ਵਿੱਚ ਪਾਕਿਸਤਾਨ ਦਾ ਮੁਸਲਿਮ ਲੀਗ ਸੰਕਲਪ ਵਿੱਚ ਜਿਹੜੀ ਤਕੜੀ ਮੁਖ਼ਾਲਫ਼ਤ ਹੈ, ਉਹ ਪੰਜਾਬ ਵਿੱਚੋਂ ਹੀ ਹੋਈ ਸੀ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ।

ਇਸੇ ਤਰ੍ਹਾਂ ਹੀ ਵੰਡ ਤੋਂ ਬਾਅਦ ਵੀ ਇਹ ਲਗਾਤਾਰ ਪੰਜਾਬ ਦੇ ਹਿੱਤਾਂ ਲਈ ਲੜਾਈ ਲੜਦੇ ਰਹੇ ਪਰ ਉਹ ਇਤਿਹਾਸ 1996 ਵਿੱਚ ਆ ਕੇ ਖ਼ਤਮ ਹੋ ਜਾਂਦਾ ਹੈ।

ਜੇਕਰ ਕੋਈ ਸਿਆਸੀ ਆਗੂ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਗ੍ਰਿਫ਼ਾਤਰ ਹੋਇਆ ਤਾਂ ਉਹ ਮਾਸਟਰ ਤਾਰਾ ਸਿੰਘ ਸੀ। ਉਹ ਵੱਡੇ ਕੱਦੇ ਦੇ ਸਿਆਸੀ ਲੀਡਰ ਸਨ।

ਇਹ ਲੜਾਈ ਇੱਥੋਂ ਸ਼ੁਰੂ ਹੁੰਦੀ ਹੈ। 1953 ਵਿੱਚ ਜੇ ਕਿਸੇ ਨੇ ਪੰਡਿਤ ਜਵਾਹਰ ਲਾਲ ਨਹਿਰੂ ਕੋਲੋਂ ਮਾਈਕ ਖੋਹਿਆ ਤਾਂ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਤੇ ਉਹ ਅਕਾਲੀ ਦਲ ਦਾ ਵਿੰਗ ਸੀ।

ਲਾਈਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ

  • ਖੜਕ ਸਿੰਘ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਅਜ਼ਾਦ ਕਰਾਉਣ ਲਈ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ।
  • ਮਾਸਟਰ ਤਾਰਾ ਸਿੰਘ ਨੇ 1947 ਵਿਚ ਹਿੰਦੋਸਤਾਨ ਦੀ ਵੰਡ ਦਾ ਵਿਰੋਧ ਕੀਤਾ।
  • ਫਤਹਿ ਸਿੰਘ ਨੇ ਤਖ਼ਤ ਦਮਦਮਾ ਸਾਹਿਬ ਨੂੰ ਚੌਥੇ ਤਖ਼ਤ ਵਜੋਂ 1962 ਵਿਚ ਮਾਨਤਾ ਦੁਆਈ।
  • ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ 1957 ਵਿੱਚ ਕਮਿਊਨਿਸਟ ਪਾਰਟੀ ਦੇ ਖ਼ੁਸ਼ ਹੈਸੀਅਤ ਟੈਕਸਾਂ ਖ਼ਿਲਾਫ਼ ਮੋਰਚੇ ਸਣੇ ਅਕਾਲੀ ਦਲ ਦੇ ਹਰ ਸੰਘਰਸ਼ ਵਿਚ ਅੱਗੇ ਹੋਕੇ ਸੇਵਾਵਾਂ ਨਿਭਾਈਆਂ। 
  • ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਨੇ 1980ਵਿਆਂ ਦੇ ਸੰਕਟ ਤੋਂ ਬਾਅਦ ਅਕਾਲੀ ਦਲ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।
ਲਾਈਨ

ਪੁਰਾਣੇ ਸਮਿਆਂ ਵਿੱਚ ਇਸ ਦਲ ਦੇ ਪ੍ਰਧਾਨ ਚੁਣਨ ਦਾ ਵਿਧਾਨ ਕੀ ਸੀ? ਕੀ ਇਹ ਆਮ ਲੋਕਾਂ ਵਿੱਚ ਚੁਣ ਕੇ ਆਏ ਸਨ?

ਪੁਰਾਣੇ ਸਮੇਂ ਵਿੱਚ ਇਹ ਲੋਕ ਸਾਧਾਰਣ ਪਰਿਵਾਰਾਂ ਵਿੱਚੋਂ ਉੱਠ ਕੇ ਆਏ ਸਨ। ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਸੰਤ ਫਤਹਿ ਸਿੰਘ ਆਦਿ। ਇਸ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਸਨ, ਉਹ ਅਮ੍ਰਿਤਸਰ ਦੇ ਸਾਧਾਰਣ ਲੀਡਰ ਸਨ।

ਇਸ ਤਰ੍ਹਾਂ ਦਾ ਇੰਨਾਂ ਇਤਿਹਾਸ ਪਰਿਵਾਰ ਤੇ ਖ਼ਾਨਦਾਨਾਂ ਦਾ ਜ਼ੱਦੀਪੁਸ਼ਤੀ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੱਕ ਹਮੇਸ਼ਾ ਹੀ ਪਾਰਟੀ ਵਿੱਚੋਂ ਲੀਡਰ ਨਿਕਲ ਕੇ ਆਉਂਦੇ ਸਨ।

ਉਸ ਤੋਂ ਬਾਅਦ ਇਸ ਦਾ ਸਰੂਪ ਬਦਲਿਆਂ ਅਤੇ ਫਿਰ ਤਾਂ ਸਾਰੀ ਪਾਰਟੀ ਹੀ ਬਦਲ ਗਈ। ਫਿਰ ਤਾਂ ਇਹ ਅਕਾਲੀ ਦਲ, ਉਹ ਅਕਾਲੀ ਦਲ ਰਿਹਾ ਹੀ ਨਹੀਂ, ਜਿਹੜਾ 1920 ਵਿੱਚ ਬਣਿਆ ਸੀ ਤੇ ਜਿਸ ਨੇ ਲਗਾਤਾਰ ਇੰਨੇ ਲੰਬੇ ਸੰਘਰਸ਼ ਲੜੇ ਸੀ।

ਮਾਸਟਰ ਤਾਰਾ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਸਟਰ ਤਾਰਾ ਸਿੰਘ ਪੰਥਕ ਆਗੂ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਪੰਜਾਬੀ ਸੂਬੇ ਮੋਰਚੇ ਦੀ ਲੜਾਈ ਲੜੀ

ਮੈਂ ਕੁਝ ਵੱਡੇ ਪ੍ਰਧਾਨਾਂ ਦੇ ਨਾਮ ਗਿਣਦਾ ਹੁੰਦਾ ਹਾਂ। ਵੰਡ ਤੋਂ ਪਹਿਲਾਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸੰਤ ਫਤਹਿ ਸਿੰਘ, ਸੁਰਜੀਤ ਸਿੰਘ ਬਰਨਾਲਾ, ਹਰਚਰਨ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਇਹ ਸਾਰੇ ਹੀ 'ਅਪਮਾਨਿਤ' ਹੋ ਗਏ ਹਨ ਜਾਂ 'ਬੇਇੱਜ਼ਤ' ਨਿਕਲੇ ਹਨ।

ਇਨ੍ਹਾਂ ਸਾਰਿਆਂ ਦਾ ਇਤਿਹਾਸ ਕਿਤੇ-ਨਾ ਕਿਤੇ ਨਕਾਰਾਤਮਕ ਹੈ। ਜਿਹੜੀ ਪਾਰਟੀ ਇੰਨੀ ਸੰਘਰਸ਼ਮਈ ਪਾਰਟੀ ਹੋਵੇ, ਸ਼ਾਨਾਮਾਤਾ ਇਤਿਹਾਸ ਹੋਵੇ ਪਰ ਉਨ੍ਹਾਂ ਦੇ ਪ੍ਰਧਾਨਾਂ 'ਤੇ ਪ੍ਰਸ਼ਨ ਚਿੰਨ੍ਹ ਲੱਗਿਆਂ ਹੋਇਆ, ਕਿਤਾਬਾਂ ਲਿਖੀਆਂ।

ਮਾਸਟਰ ਤਾਰਾ ਸਿੰਘ 'ਤੇ ਇਤਿਹਾਸਕਾਰਾਂ ਨੇ ਕਈ ਕਿਤਾਬਾਂ ਲਿਖੀਆਂ ਪਰ ਜਦੋਂ ਪਾਰਟੀ ਵਿੱਚੋਂ ਨਿਕਲੇ ਹਨ ਤਾਂ ਉਹ 'ਆਪਮਾਨਿਤ' ਹੋ ਕੇ ਨਿਕਲੇ ਹਨ।

ਅਕਾਲੀ ਦਲ ਤੋਂ ਲੋਕਾਂ ਦੇ ਪਿੱਛੇ ਹਟਣ ਦਾ ਕਾਰਨ ਕੀ ਹੈ? ਇਹ ਪਾਰਟੀ ਕੁਝ ਸੀਟਾਂ ਤੱਕ ਕਿਵੇਂ ਸਿਮਟ ਗਈ

ਜਦੋਂ ਪਾਰਟੀ ਆਪਣੇ ਬੁਨਿਆਦੀ ਖਾਸੇ ਤੋਂ ਪਾਸੇ ਹਟ ਜਾਵੇਗੀ ਤਾਂ ਫਿਰ ਲੋਕਾਂ ਨੇ ਤਾਂ ਸਾਥ ਛੱਡਣਾ ਹੀ ਸੀ।

ਮਸਲਨ, ਜਿਹੜੀ ਪਾਰਟੀ 1952 ਵਿੱਚ ਸ਼ੁਰੂ ਤੋਂ ਹੀ ਖ਼ੁਦਮੁਖਤਿਆਰੀ ਦੀ ਗੱਲ ਕਰਦੀ ਸੀ ,ਉਸ ਨੇ ਲੋਕ ਸਭਾ ਵਿੱਚ ਜਦੋਂ ਕਸ਼ਮੀਰ 'ਚੋਂ ਆਰਟੀਕਲ 370 ਵਾਪਸ ਲਿਆ ਤਾਂ ਉਸ ਦੀ ਹਮਾਇਤ ਕੀਤੀ।

ਜਦਕਿ, 1967 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਮੁੱਦੇ 'ਤੇ ਹੀ ਚੋਣ ਲੜੀ ਸੀ। ਅਕਾਲੀ ਨੇ ਕਦੇ 370 ਦੀ ਤਰਜ ਉੱਤੇ ਪੰਜਾਬ ਖ਼ੁਦਮੁਖਤਿਆਰ ਦਰਜਾ ਮੰਗਿਆ ਸੀ ਤੇ ਉਸ ਮੈਨੀਫੈਸਟੋ ਵਿੱਚ ਇਹ ਦਰਜ ਹੈ।

ਸੰਤ ਫਤਿਹ ਸਿੰਘ ਨੂੰ ਸਤੰਬਰ 1966 ’ਚ ਯੂਕੇ ਦੌਰੇ ਦੌਰਾਨ ਸਿੱਖਾਂ ਦਾ ਭਰਵਾਂ ਸਮਰਥਨ ਮਿਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਤ ਫਤਿਹ ਸਿੰਘ ਨੂੰ ਸਤੰਬਰ 1966 ’ਚ ਯੂਕੇ ਦੌਰੇ ਦੌਰਾਨ ਸਿੱਖਾਂ ਦਾ ਭਰਵਾਂ ਸਮਰਥਨ ਮਿਲਿਆ

ਜਿਸ ਪਾਰਟੀ ਦਾ ਇਹ ਇਤਿਹਾਸ ਹੋਵੇ ਤੇ ਉਹ ਬਿਲਕੁਲ ਹੀ ਯੂ-ਟਰਨ ਲੈ ਲਵੇ , ਇੱਕ ਤੋਂ ਬਾਅਦ ਮੁੱਦਾ, ਜਿਵੇਂ ਸੀਏਏ ਆਦਿ, ਅਖ਼ੀਰ ਕੋਈ ਸੋਚ ਨਹੀਂ ਸਕਦਾ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਅਤੇ ਜਿਹੜੀ ਸਿੱਖ ਸੰਗਤ ਉਸ ਦਾ ਹਿਸਾਬ ਮੰਗ ਰਹੀ ਹੈ। ਉਸ 'ਤੇ ਪੁਲਿਸ ਗੋਲੀ ਚਲਾਏ।

ਅਜਿਹੇ ਅਕਾਲੀ ਦਲ ਦਾ ਸਰਕਾਰੀ ਰਿਕਾਰਡ ਵਿੱਚ ਕਹੇ ਪੁਲਿਸ ਦਾ ਅਣਪਛਾਤੀ ਸੀ।

ਲਾਈਨ
ਲਾਈਨ

ਗੁਰਦੁਆਰਾ ਸਾਹਿਬ ਵਿੱਚ ਜਿਹੜੀਆਂ ਬਜ਼ੁਰਗ ਸੰਗਤ ਲਈ ਲਗਾਈਆਂ ਗਈਆਂ ਕੁਰਸੀਆਂ ਨੂੰ ਅੱਗ ਲਗਾ ਕੇ ਸਾੜਨਾ, ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਮੇਰੇ ਖ਼ਿਆਲ ਨਾਲ ਜਿਨ੍ਹਾਂ ਨੂੰ ਸਿੱਖ ਫਲਸਫ਼ੇ ਦੀ ਸਮਝ ਨਹੀਂ ਹੈ, ਉਹ ਇਸ ਤਰ੍ਹਾਂ ਕਰਦੇ ਹਨ। ਕੀ ਸਿੱਖੀ ਸਾਰੀ ਕੁਰਸੀਆਂ ਵਿੱਚ ਹੀ ਆ ਕੇ ਰਹਿ ਗਈ।

ਇਨ੍ਹਾਂ ਵਿੱਚੋਂ ਕੋਈ ਵੀ ਸਿੱਖ ਫਲਸਫ਼ੇ ਜਾਂ ਜੀਵਨ ਜਾਂਚ ਦੀ ਗੱਲ ਨਹੀਂ ਕਰ ਰਿਹਾ। ਇੱਕ ਅਨੁਸ਼ਠਾਨਾ (ਧਾਰਮਿਕ ਰਹੁ-ਰੀਤਾਂ) ਦੀ ਗੱਲ ਕੀਤੀ ਜਾ ਰਹੀ ਹੈ, ਜਿੱਥੋਂ ਬਾਬੇ ਨਾਨਕ ਨੇ ਕੱਢਿਆ ਸੀ, ਲੋਕਾਂ ਉੱਥੇ ਹੀ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਹਿਲਾਂ ਇੱਕ ਵਾਰ ਮੁੱਦਾ ਚੁੱਕਿਆ ਗਿਆ ਸੀ। 2013 ਦਾ ਹੁਕਨਾਮਾ ਵੀ ਹੈ ਕਿ ਗੁਰਦੁਆਰਿਆਂ ਵਿੱਚ ਕੁਰਸੀਆਂ ਨਹੀਂ ਲੱਗਣੀਆਂ ਚਾਹੀਦੀਆਂ।

ਹੁਣ ਇਹ ਜਿਹੜੇ ਸੋਫੇ ਤੋ ਕੁਰਸੀਆਂ ਸਾੜੇ ਹਨ, ਇਹ ਗੁਰਦੁਆਰੇ ਅੰਦਰ ਉਨ੍ਹਾਂ ਨੇ ਨੀਵੀਂ ਥਾਂ 'ਤੇ ਰੱਖੇ ਹੋਏ ਸਨ। ਉਹ ਦੀਵਾਰ ਕਰਕ ਇੱਕ ਪਾਸੇ ਕਰ ਕੇ ਰੱਖੇ ਹੋਏ ਸਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਗੱਲ ਇਹ ਨਹੀਂ ਹੈ ਕਿ ਕੁਰਸੀਆਂ ਜਾਂ ਮੇਜ ਲੱਗੇ ਹਨ ਪਰ ਫੋਕਸ ਕਿਹੜੀ ਗੱਲ ਹੈ 'ਤੇ ਹੈ। ਸਿੱਖ ਧਰਮ ਦੇ ਫਲਸਫ਼ੇ ਦਾ ਫੋਕਸ ਹੈ, ਜੀਵਨ ਜਾਂਚ 'ਤੇ ਜਾਂ ਸਿੱਖਾਂ ਨੂੰ ਅਨੁਸ਼ਠਾਨਾ ਵੱਲ ਧੱਕਣ ਦੀ ਕੋਸ਼ਿਸ਼ ਹੈ।

ਮੇਰੇ ਖ਼ਿਆਲ ਨਾਲ ਅਕਾਲ ਤਖ਼ਤ ਨੂੰ ਨਾਲ ਹੀ ਇਨ੍ਹਾਂ ਦੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਤੇ ਅਕਾਲ ਤਖਤ ਦੀ ਚੁੱਪ, ਇਨ੍ਹਾਂ ਦੇ ਸਵਾਲੀਆ ਨਿਸ਼ਾਨ ਹੈ।

ਇਨ੍ਹਾਂ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਕੀ ਕੋਈ ਵੀ ਉੱਠ ਇਸ ਤਰ੍ਹਾਂ ਰੁਕਾਵਟ ਪਾਉਣੀ ਸ਼ੁਰੂ ਕਰ ਦੇਵੇਗਾ, ਕੀ ਹਰ ਕੋਈ ਬੰਦਾ ਆਪਣੀ ਮਰਿਆਦਾ ਲਾਗੂ ਕਰਨਾ ਚਾਹੇਗਾ।

ਪਹਿਲਾਂ ਹੀ ਸਿੱਖ ਧਰਮ ਖਿੱਲਰਿਆ ਪਿਆ, ਡੇਰਿਆਂ ਦੀ ਮਰਿਆਦਾ ਹੋਰ ਹੈ, ਅਕਾਲ ਤਖ਼ਤ ਦੀ ਹੋਰ ਹੈ, ਦਮਦਮੀ ਟਕਸਾਲ ਦੀ ਹੋਰ ਹੈ।

ਇਹ ਅੰਦਰੋਂ ਆਪਣੇ-ਆਪ ਵਿੱਚ ਬਹੁਤ ਵੱਡਾ ਨਕਾਰਾਤਮਕ ਟਰੈਂਡ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)