You’re viewing a text-only version of this website that uses less data. View the main version of the website including all images and videos.
'ਸਹਿਮਤੀ ਨਾਲ ਸੈਕਸ' ਲਈ ਉਮਰ 18 ਤੋਂ ਘਟਾਉਣ ਦੀ ਕਿਉਂ ਹੋ ਰਹੀ ਹੈ ਮੰਗ, ਕੀ ਕਹਿੰਦਾ ਹੈ ਕਾਨੂੰਨ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੀ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੂੰ ਜਿਨਸੀ ਸੰਬੰਧ ਕਾਇਮ ਕਰਨ ਦੀ ਸਹਿਮਤੀ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ?
ਖਾਸ ਕਰਕੇ ਉਦੋਂ ਜਦੋਂ ਭਾਰਤ ’ਚ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਬਾਲਗ ਹੀ ਨਹੀਂ ਮੰਨਿਆ ਜਾਂਦਾ ਹੈ।
ਭਾਰਤ ’ਚ ਭਾਰਤੀ ਬਹੁਗਿਣਤੀ ਐਕਟ, 1875 ਦੇ ਅਨੁਸਾਰ 18 ਸਾਲ ਦੇ ਨੌਜਵਾਨਾਂ ਨੂੰ ਬਾਲਗ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੋਰ ਕਈ ਅਧਿਕਾਰ ਵੀ ਦਿੱਤੇ ਗਏ ਹਨ।
ਸੰਵਿਧਾਨ ਦੀ 61ਵੀਂ ਸੋਧ ’ਚ 18 ਸਾਲ ਦੇ ਨੌਜਵਾਨ ਨੂੰ ਮਤਦਾਨ ਕਰਨ ਅਤੇ ਡਰਾਈਵਿੰਗ ਲਾਈਸੈਂਸ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬਾਲ ਵਿਆਹ ਰੋਕੂ ਕਾਨੂੰਨ 2006 ਦੇ ਅਨੁਸਾਰ ਭਾਰਤ ’ਚ ਕੁੜੀ ਦੇ ਵਿਆਹ ਦੀ ਉਮਰ 18 ਸਾਲ ਅਤੇ ਮੁੰਡੇ ਦੇ ਵਿਆਹ ਦੀ ਉਮਰ 21 ਸਾਲ ਦੀ ਹੋਣੀ ਲਾਜ਼ਮੀ ਦੱਸੀ ਗਈ ਹੈ।
ਹਾਲਾਂਕਿ, ਹੁਣ ਕੇਂਦਰ ਸਰਕਾਰ ਵਿਆਹ ਦੀ ਉਮਰ ਵਧਾਉਣ ’ਤੇ ਵੀ ਵਿਚਾਰ ਚਰਚਾ ਕਰ ਰਹੀ ਹੈ।
ਚੀਫ਼ ਜਸਟਿਸ ਦੀ ਚਿੰਤਾ
ਹੁਣ ਇਹ ਬਹਿਸ ਵੀ ਜ਼ੋਰ ਫੜ੍ਹ ਰਹੀ ਹੈ ਕਿ ਸਹਿਮਤੀ ਦੀ ਉਮਰ 18 ਸਾਲ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ।
ਮੱਧ ਪ੍ਰਦੇਸ਼ ਅਤੇ ਕਰਨਾਟਕ, ਦੋਵਾਂ ਹੀ ਸੂਬਿਆਂ ਦੀਆਂ ਹਾਈ ਕੋਰਟਾਂ ਇਸ ’ਤੇ ਆਪੋ ਆਪਣਾ ਪੱਖ ਰੱਖ ਚੁੱਕੀਆਂ ਹਨ।
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਸਹਿਮਤੀ ਨਾਲ ਬਣੇ ਰੋਮਾਂਟਿਕ ਸੰਬੰਧਾਂ ਨੂੰ ਪੋਕਸੋ ਐਕਟ ਦੇ ਦਾਇਰੇ ’ਚ ਲਿਆਉਣ ’ਤੇ ਚਿੰਤਾ ਪ੍ਰਗਟ ਕਰ ਚੁੱਕੇ ਹਨ।
ਲਾਅ ਕਮਿਸ਼ਨ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ‘ਸਹਿਮਤੀ ਦੀ ਉਮਰ’ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਹੈ।
ਪਰ ਇਸ ’ਤੇ ਇਕ ਸਵਾਲ ਇਹ ਵੀ ਹੈ ਕਿ ਜੇਕਰ ‘ਸਹਿਮਤੀ ਦੀ ਉਮਰ’ ਨੂੰ ਘਟਾਇਆ ਜਾਂਦਾ ਹੈ ਤਾਂ ਇਸ ਨਾਲ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ ਲਈ ਬਣੇ ਕਾਨੂੰਨ (ਪੋਕਸੋ) ਦੀਆਂ ਧਾਰਾਵਾਂ ਅਤੇ ਨਾਬਾਲਗਾਂ ਨਾਲ ਜੁੜੇ ਹੋਰ ਕਾਨੂੰਨਾਂ ’ਤੇ ਵੀ ਪ੍ਰਭਾਵ ਪਵੇਗਾ।
ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਪੋਕਸੋ ਐਕਟ ਸਾਲ 2012 ’ਚ ਲਿਆਂਦਾ ਗਿਆ ਸੀ।
ਇਸ ’ਚ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ‘ਬੱਚਾ’ ਵੱਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਜੇਕਰ 18 ਦੀ ਉਮਰ ਤੋਂ ਘੱਟ ਉਮਰ ਦੇ ਕਿਸੇ ਬੱਚੇ ਨਾਲ ਸਹਿਮਤੀ ਨਾਲ ਵੀ ਸੰਬੰਧ ਕਾਇਮ ਕੀਤਾ ਜਾਵੇ ਤਾਂ ਉਹ ਵੀ ਅਪਰਾਧ ਦੇ ਘੇਰੇ ’ਚ ਆਉਂਦਾ ਹੈ।
ਅਜਿਹੀ ਸਥਿਤੀ ’ਚ ਜੇਕਰ ਦੋਵੇਂ ਹੀ ਨਾਬਾਲਗ ਹਨ ਤਾਂ ਵੀ ਇਹੀ ਵਿਵਸਥਾ ਲਾਗੂ ਹੁੰਦੀ ਹੈ।
ਅਦਾਲਤਾਂ ਨੇ ਕੀ-ਕੀ ਕਿਹਾ?
ਮੱਧ ਪ੍ਰਦੇਸ਼ ਹਾਈ ਕੋਰਟ ਨੇ ਹਾਲ ਹੀ ’ਚ ਕੇਂਦਰ ਨੂੰ ਔਰਤਾਂ ਦੀ ਸਹਿਮਤੀ ਦੀ ਉਮਰ ਘਟਾ ਕੇ 16 ਕਰਨ ਦੀ ਗੁਜ਼ਾਰਿਸ਼ ਕੀਤੀ ਸੀ।
ਦਰਅਸਲ ਮਾਣਯੋਗ ਆਦਲਤ ਕੋਲ ਸਾਲ 2020 ’ਚ ਇੱਕ ਨਾਬਾਲਗ ਕੁੜੀ ਨਾਲ ਵਾਰ-ਵਾਰ ਬਲਾਤਕਾਰ ਕਰਨ ਅਤੇ ਫਿਰ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਆਇਆ ਸੀ।
ਇਸ ਇਲਜ਼ਾਮ ’ਚ ਇੱਕ ਵਿਅਕਤੀ ਦੇ ਖਿਲਾਫ਼ ਦਾਇਰ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਮਾਮਲੇ ’ਚ ਜੱਜ ਦਾ ਕਹਿਣਾ ਸੀ, “ 14 ਸਾਲ ਦਾ ਹਰ ਕੁੜੀ-ਮੁੰਡਾ ਸੋਸ਼ਲ ਮੀਡੀਆ ਤੋਂ ਜਾਣੂ ਹੈ। ਉਨ੍ਹਾਂ ਨੂੰ ਇੰਟਰਨੈੱਟ ਦੀ ਸਹੂਲਤ ਵੀ ਆਸਾਨੀ ਨਾਲ ਹਾਸਲ ਹੈ ਅਤੇ ਇਸ ਕਰਕੇ ਬੱਚੇ ਛੋਟੀ ਉਮਰ ’ਚ ਹੀ ਜਵਾਨੀ (ਪਿਊਬਰਟੀ) ’ਚ ਪੈਰ ਰੱਖ ਰਹੇ ਹਨ।”
ਅਦਾਲਤ ਦਾ ਕਹਿਣਾ ਸੀ ਕਿ ਪਿਊਬਰਟੀ ਦੇ ਕਾਰਨ ਹੀ ਕੁੜੀ-ਮੰਡਾ ਇੱਕ ਦੂਜੇ ਵੱਲ ਆਕਰਸ਼ਿਤ ਹੋ ਜਾਂਦੇ ਹਨ , ਜਿਸ ਦੇ ਨਤੀਜੇ ਵੱਜੋਂ ਉਹ ਆਪਸੀ ਸਹਿਮਤੀ ਨਾਲ ਸਰੀਰਕ ਸੰਬੰਧ ਤੱਕ ਬਣਾ ਲੈਂਦੇ ਹਨ।
ਇਸ ਮਾਮਲੇ ’ਚ ਜਸਟਿਸ ਕੁਮਾਰ ਅਗਰਵਾਲ ਨੇ ਕਿਹਾ, “ ਮੈਂ ਭਾਰਤ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਮਹਿਲਾ ਸ਼ਿਕਾਇਤਕਰਤਾ ਦੀ ਉਮਰ 18 ਸਾਲ ਤੋਂ ਘਟਾ ਕੇ 16 ਕਰ ਦਿੱਤੀ ਜਾਵੇ ਤਾਂ ਜੋ ਕਿਸੇ ਨਾਲ ਵੀ ਬੇਇਨਸਾਫ਼ੀ ਨਾ ਹੋਵੇ”।
ਇਸ ਮਾਮਲੇ ’ਚ ਸ਼ਿਕਾਇਤਕਰਤਾ ਨਾਬਾਲਗ ਸੀ ਅਤੇ ਉਹ ਪਟੀਸ਼ਨਰ ਤੋਂ ਸਿਖਲਾਈ ਲੈ ਰਹੀ ਸੀ।
ਅਦਾਲਤ ਦਾ ਕਹਿਣਾ ਸੀ, “ ਜੇਕਰ ਅਦਾਲਤ ਇਸ ਸਮੂਹ ਦੇ ਨਾਬਾਲਗਾਂ ਦੇ ਸਰੀਰ ਅਤੇ ਮਾਨਸਿਕ ਵਿਕਾਸ ਨੂੰ ਵੇਖੇ ਤਾਂ ਤਰਕ ਵੱਜੋਂ ਇਹ ਸਮਝੇਗੀ ਕਿ ਅਜਿਹਾ ਵਿਅਕਤੀ ਆਪਣੀ ਚੇਤਨਾ ਨਾਲ ਆਪਣੀ ਭਲਾਈ ਲਈ ਫੈਸਲਾ ਕਰ ਸਕਦਾ ਹੈ।”
ਆਮ ਤੌਰ ’ਤੇ ਅੱਲ੍ਹੜ ਕੁੜੀਆਂ-ਮੰਡਿਆਂ ’ਚ ਪਹਿਲਾਂ ਦੋਸਤੀ ਹੁੰਦੀ ਹੈ ਅਤੇ ਫਿਰ ਉਨ੍ਹਾਂ ਦਰਮਿਆਨ ਆਕਰਸ਼ਣ ਹੁੰਦਾ ਹੈ ਅਤੇ ਬਾਅਦ ’ਚ ਉਹ ਸਰੀਰਕ ਸੰਬੰਧ ਕਾਇਮ ਕਰ ਲੈਂਦੇ ਹਨ।
ਕਰਨਾਟਕ ਹਾਈ ਕੋਰਟ ਨੇ ਕੀ ਕਿਹਾ?
ਪਿਛਲੇ ਸਾਲ ਕਰਨਾਟਕ ਹਾਈ ਕੋਰਟ ਨੇ ਕਿਹਾ ਸੀ ਕਿ ਲਾਅ ਕਮਿਸ਼ਨ ਨੂੰ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ ’ਚ ਉਮਰ ਦੇ ਮਾਪਦੰਡਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦਾ ਕਹਿਣਾ ਸੀ ਕਿ ਕੋਰਟ ਦੇ ਸਾਹਮਣੇ ਅਜਿਹੇ ਕਈ ਅਪਰਾਧਿਕ ਮਾਮਲੇ ਆ ਰਹੇ ਹਨ, ਜਿਨ੍ਹਾਂ ’ਚ 16 ਸਾਲ ਤੋਂ ਵੱਧ ਉਮਰ ਦੀਆਂ ਨਾਬਾਲਗ ਕੁੜੀਆਂ ਨੂੰ ਮੁੰਡਿਆਂ ਨਾਲ ਪਿਆਰ ਹੋਇਆ ਹੈ।
ਇਨ੍ਹਾਂ ਮਾਮਲਿਆਂ ’ਚ ਜਾਂ ਤਾਂ ਮੁੰਡੇ ਬਾਲਗ ਸਨ ਜਾਂ ਫਿਰ ਕੁਝ ਸਮਾਂ ਪਹਿਲਾਂ ਹੀ ਬਾਲਗ ਹੋਏ ਸਨ ਅਤੇ ਉਨ੍ਹਾਂ ਨੇ ਇੰਨ੍ਹਾਂ ਕੁੜੀਆਂ ਨਾਲ ਸੰਬੰਧ ਬਣਾਏ। ਇਸ ਮਾਮਲੇ ’ਚ ਕਰਨਾਟਕ ਹਾਈ ਕੋਰਟ ਨੇ ਸੰਬੰਧ ਬਣਾਉਣ ਲਈ ਸਹਿਮਤੀ ਦੀ ਉਮਰ ’ਤੇ ਮੁੜ ਵਿਚਾਰ ਕਰਨ ਨੂੰ ਵੀ ਕਿਹਾ ਸੀ।
ਭਾਰਤ ਦੇ ਚੀਫ਼ ਜਸਟਿਸ ਚੰਦਰਚੂੜ ਨੇ ਇੱਕ ਪ੍ਰੋਗਰਾਮ ’ਚ ਸਹਿਮਤੀ ਨਾਲ ਬਣੇ ਰੋਮਾਂਟਿਕ ਰਿਸ਼ਤਿਆਂ ਦੇ ਮਾਮਲਿਆਂ ਨੂੰ ਪੋਕਸੋ ਐਕਟ ਦੇ ਦਾਇਰੇ ’ਚ ਸ਼ਾਮਲ ਕਰਨ ’ਤੇ ਚਿੰਤਾ ਜ਼ਾਹਰ ਕੀਤੀ ਸੀ।
ਇਸ ਸਮਾਗਮ ’ਚ ਉਨ੍ਹਾਂ ਕਿਹਾ ਸੀ, “ ਤੁਸੀਂ ਜਾਣਦੇ ਹੀ ਹੋ ਕਿ ਪੋਕਸੋ ਐਕਟ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਰਮਿਆਨ ਹਰ ਤਰ੍ਹਾਂ ਦੇ ਜਿਨਸੀ ਸੰਬੰਧ ਕੰਮ ਅਪਰਾਧ ਦੇ ਘੇਰੇ ’ਚ ਆਉਂਦੇ ਹਨ। ਕਾਨੂੰਨ ਦੀ ਧਾਰਨਾ ਇਹ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚਾਲੇ ਕਾਨੂੰਨੀ ਅਰਥਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਹੁੰਦੀ ਹੈ।”
ਉਨ੍ਹਾਂ ਅੱਗੇ ਕਿਹਾ ਕਿ “ ਬਤੌਰ ਜੱਜ ਮੈਂ ਵੇਖਿਆ ਹੈ ਕਿ ਅਜਿਹੇ ਮਾਮਲੇ ਜੱਜਾਂ ਸਾਹਮਣੇ ਔਖੇ ਸਵਾਲ ਖੜ੍ਹੇ ਕਰਦੇ ਹਨ। ਇਸ ਮੁੱਦੇ ’ਤੇ ਚਿੰਤਾ ਲਗਾਤਾਰ ਵੱਧ ਰਹੀ ਹੈ। ਅੱਲੜ੍ਹ ਅਵਸਥਾ ’ਚ ਪਹੁੰਚੇ ਬੱਚਿਆਂ ’ਤੇ ਸਿਹਤ ਮਾਹਰਾਂ ਵੱਲੋਂ ਕੀਤੀ ਗਈ ਖੋਜ ਦੇ ਮੱਦੇਨਜ਼ਰ ਵਿਧਾਨ ਸਭਾ ਨੂੰ ਇਸ ਮਾਮਲੇ ’ਤੇ ਵਿਚਾਰ ਕਰਨਾ ਚਾਹੀਦਾ ਹੈ।”
ਸੈਕਸ ਲਈ ‘ਸਹਿਮਤੀ ਦੀ ਉਮਰ’ ਬਾਰੇ ਮੁੱਖ ਗੱਲਾਂ:
- ਇਹ ਬਹਿਸ ਚੱਲ ਰਹੀ ਹੈ ਕਿ ਕੀ ਸੈਕਸ ਲਈ ਸਹਿਮਤੀ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ
- ਭਾਰਤ ’ਚ 18 ਸਾਲ ਦੇ ਨੌਜਵਾਨ ਨੂੰ ਬਾਲਗ ਮੰਨਿਆ ਜਾਂਦਾ ਹੈ ਤੇ ਕਈ ਅਧਿਕਾਰੀ ਮਿਲਦੇ ਹਨ
- ਮੱਧ ਪ੍ਰਦੇਸ਼ ਹਾਈ ਕੋਰਟ ਨੇ ਔਰਤਾਂ ਦੀ ਸਹਿਮਤੀ ਦੀ ਉਮਰ ਘਟਾ ਕੇ 16 ਕਰਨ ਦੀ ਗੁਜ਼ਾਰਿਸ਼ ਕੀਤੀ ਸੀ
- ਇਸ ਪਿਛੋਕੜ ਦੇ ਮੱਦੇਨਜ਼ਰ ਲਾਅ ਕਮਿਸ਼ਨ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਤੋਂ ਵਿਚਾਰ ਮੰਗੇ ਹਨ
- ਕਰਨਾਟਕ ਹਾਈ ਕੋਰਟ ਨੇ ਲਾਅ ਕਮਿਸ਼ਨ ਨੂੰ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ ’ਚ ਉਮਰ ਦੇ ਮਾਪਦੰਡਾਂ ’ਤੇ ਮੁੜ ਵਿਚਾਰ ਲਈ ਕਿਹਾ ਸੀ
‘ਸਹਿਮਤੀ ਦੀ ਉਮਰ’ ’ਤੇ ਵੱਖੋ-ਵੱਖਰੀ ਰਾਏ
ਇਸ ਪਿਛੋਕੜ ਦੇ ਮੱਦੇਨਜ਼ਰ ਲਾਅ ਕਮਿਸ਼ਨ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਤੋਂ ਵਿਚਾਰ ਮੰਗੇ ਹਨ।
‘ਸਹਿਮਤੀ ਦੀ ਉਮਰ’ ਘੱਟ ਕਰਨ ਸਬੰਧੀ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ।
ਜਿੱਥੇ ਇੱਕ ਧਿਰ ਦਾ ਕਹਿਣਾ ਹੈ ਕਿ ਮੌਜੂਦਾ ਮਾਹੌਲ ’ਚ ਸਹਿਮਤੀ ਦੀ ਉਮਰ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ, ਉੱਥੇ ਹੀ ਦੂਜੀ ਧਿਰ ਇਸ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦੀ ਸੂਚੀ ਪੇਸ਼ ਕਰਦਾ ਹੈ।
ਹਾਈ ਕੋਰਟ ’ਚ ਵਕੀਲ ਅਤੇ ਔਰਤਾਂ ਦੇ ਮਾਮਲਿਆਂ ’ਚ ਆਪਣੀ ਰਾਏ ਰੱਖਣ ਵਾਲੇ ਸੋਨਾਲੀ ਕੜਵਾਸਰਾ ਦਾ ਮੰਨਣਾ ਹੈ ਕਿ ਸਹਿਮਤੀ ਦੀ ਉਮਰ ਘੱਟ ਕੀਤੀ ਜਾਣੀ ਚਾਹੀਦੀ ਹੈ।
ਉਹ ਇਸ ’ਤੇ ਦਲੀਲ ਦਿੰਦੇ ਹੋਏ ਕਹਿੰਦੇ ਹਨ, “ ਭਾਵੇਂ ਕਿ ਅਸੀਂ ਇਸ ਗੱਲ ਪ੍ਰਤੀ ਅਸਿਹਜ ਮਹਿਸੂਸ ਕਰੀਏ ਜਾਂ ਸਵੀਕਾਰ ਹੀ ਨਾ ਕਰੀਏ, ਪਰ ਸਾਡੇ ਸਮਾਜ ਦੀ ਇਹ ਸੱਚਾਈ ਹੈ ਕਿ ਮੁੰਡੇ-ਕੁੜੀਆਂ 18 ਸਾਲ ਤੋਂ ਘੱਟ ਉਮਰ ’ਚ ਹੀ ਜਿਨਸੀ ਸੰਬੰਧ ਕਾਇਮ ਕਰ ਰਹੇ ਹਨ। ਹਾਲਾਂਕਿ ਮੇਰੇ ਕੋਲ ਇਸ ਬਾਰੇ ਕੋਈ ਅਧਿਕਾਰਤ ਅੰਕੜੇ ਮੌਜੁਦ ਨਹੀਂ ਹਨ।”
ਉਹ ਅੱਗੇ ਦੱਸਦੇ ਹਨ, “ ਜਦੋਂ ਅਜਿਹੇ ਨੌਜਵਾਨਾਂ ਦੇ ਮਾਮਲੇ ਕਾਨੂੰਨ ਦੇ ਸਾਹਮਣੇ ਆਉਂਦੇ ਹਨ ਤਾਂ ਪਰਿਵਾਰ ਇੱਜ਼ਤ ਦੇ ਨਾਂ ’ਤੇ ਮੁੰਡੇ ਦੇ ਵਿਰੁੱਧ ਪੋਕਸੋ ਦਾ ਮਾਮਲਾ ਠੋਕ ਦਿੰਦੇ ਹਨ।”
ਇਸ ਦੇ ਨਾਲ ਕਈ ਮਾਮਲਿਆਂ ’ਚ ਪਰਿਵਾਰ ਵਾਲੇ ਬਾਅਦ ’ਚ ਵਿਆਹ ਲਈ ਰਾਜ਼ੀ ਵੀ ਹੋ ਜਾਂਦੇ ਹਨ, ਪਰ ਕਾਨੂੰਨ ਤਾਂ ਉਹੀ ਸਜ਼ਾ ਦੇਵੇਗਾ ਜਿਸ ਦੀ ਵਿਵਸਥਾ ਹੋਵੇਗੀ।
ਸੋਨਾਲੀ ਕਹਿੰਦੇ ਹਨ, “ ਜੇਕਰ ਸਹਿਮਤੀ ਦੀ ਉਮਰ ਨੂੰ ਘਟਾ ਕੇ 16 ਸਾਲ ਕਰ ਦਿੱਤਾ ਜਾਵੇ ਤਾਂ ਮੈਂ ਇਸ ਨਾਲ ਸਹਿਮਤ ਹਾਂ ਕਿਉਂਕਿ ਪੋਕਸੋ ਕਾਨੂੰਨ ਆਉਣ ਤੋਂ ਪਹਿਲਾਂ ਤੱਕ ਜੇਕਰ ਕੁੜੀ-ਮੰਡਾ ਦੋਵੇਂ ਹੀ 15 ਸਾਲ ਦੇ ਹੁੰਦੇ ਸਨ ਅਤੇ ਵਿਆਹ ਕਰ ਲੈਂਦੇ ਸਨ ਤਾਂ ਸਜ਼ਾ ਮੁਆਫ਼ ਹੋ ਜਾਂਦੀ ਸੀ। ਪਰ ਪੋਕਸੋ ਆਉਣ ਤੋਂ ਬਾਅਦ ਇਸ ਵਿਵਸਥਾ ਨੂੰ ਖ਼ਤਮ ਹੀ ਕਰ ਦਿੱਤਾ ਗਿਆ। ਅਜਿਹੇ ’ਚ ਮੈਂ ਕਰਨਾਟਕ ਹਾਈ ਕੋਰਟ ਦੇ ਪੱਖ ’ਚ ਹਾਂ।”
ਪਰ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮੁੰਡਾ ਅਤੇ ਕੁੜੀ ਜੇਕਰ ਸਰੀਰਕ ਸੰਬੰਧ ਬਣਾਉਂਦੇ ਹੀ ਹਨ ਤਾਂ ਅੱਗੇ ਜਾ ਕੇ ਵਿਆਹ ਕਰਨ ਦਾ ਵਿਚਾਰ ਵੀ ਰੱਖਣ ਅਤੇ ਵਿਆਹ ਕਰਵਾ ਕੇ ਵੱਖ ਹੋ ਜਾਂਦੇ ਹਨ ਤਾਂ ਫਿਰ ਕੀ ਹੋਵੇਗਾ?
ਇਸ ਸਵਾਲ ਦੇ ਜਵਾਬ ’ਚ ਸੋਨਾਲੀ ਕੜਵਾਸਰਾ ਦਾ ਕਹਿਣਾ ਹੈ ਕਿ ਅਜਿਹਾ ਖਦਸ਼ਾ ਤਾਂ ਹਮੇਸ਼ਾਂ ਹੀ ਬਣਿਆ ਰਹੇਗਾ।
‘ਸਹਿਮਤੀ ਦੀ ਉਮਰ’ ’ਤੇ ਵਿਰੋਧੀ ਧਿਰ ਦੀ ਰਾਏ
ਸੁਪਰੀਮ ਕੋਰਟ ਦੇ ਵਕੀਲ ਸਤਿਅਮ ਸਿੰਘ, ਸੋਨਾਲੀ ਦੀ ਗੱਲ ਨਾਲ ਸਹਿਮਤ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਸ ਲਈ ਕਿ ਨੌਜਵਾਨ ਛੋਟੀ ਉਮਰੇ ਹੀ ਜਿਨਸੀ ਸੰਬੰਧ ਕਾਇਮ ਕਰ ਰਹੇ ਹਨ, ਇਸ ਲਈ ਸਹਿਮਤੀ ਦੀ ਉਮਰ ਨੂੰ ਘਟਾ ਦਿੱਤਾ ਜਾਵੇ, ਇਹ ਸਹੀ ਨਹੀਂ ਹੈ।
“ ਮੰਨਿਆ ਕਿ ਇਸ ਉਮਰ ’ਚ ਨੌਜਵਾਨਾਂ ’ਚ ਹਾਰਮੋਨਲ ਬਦਲਾਅ ਹੁੰਦੇ ਹਨ ਪਰ ਇਸ ਨਾਲ ਕੁੜੀਆਂ ’ਤੇ ਪੈਣ ਵਾਲੇ ਸਰੀਰਕ ਪ੍ਰਭਾਵਾਂ ਜਿਵੇਂ ਕਿ ਗਰਭਵਤੀ ਹੋ ਜਾਣਾ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਲਾਂ, ਮਾਨਸਿਕ ਪ੍ਰਭਾਵ ਨੂੰ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਜੇਕਰ ਇਸ ਕਾਰੇ ਤੋਂ ਬਾਅਦ ਬੱਚਾ ਹੋ ਜਾਂਦਾ ਹੈ ਤਾਂ ਨਜਾਇਜ਼ ਕਹਾਉਂਦਾ ਹੈ ਅਤੇ ਫਿਰ ਇਸ ਦਾ ਸਮਾਜਿਕ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ।”
ਸਹਿਮਤੀ ਦਾ ਮਤਲਬ ਸਿਰਫ ਹਾਂ ਜਾਂ ਨਾਂਹ
ਮੁੰਬਈ ਸਥਿਤ ਮਹਿਲਾ ਕਾਰਕੁਨ ਅਤੇ ਮਹਿਲਾ ਰੋਗ ਮਾਹਰ ਡਾਕਟਰ ਸੁਚਿਤਰਾ ਦਾਲਵੀ ਦਾ ਕਹਿਣਾ ਹੈ ਕਿ ਸਹਿਮਤੀ ਦੀ ਉਮਰ ਨੂੰ ਘੱਟ ਕਰਨ ਦਾ ਮੁੱਦਾ ਕਾਫ਼ੀ ਪੇਚਿਦਾ ਹੈ ਕਿਉਂਕਿ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਪੋਕਸੋ ਕਾਨੂੰਨ ਲਿਆਂਦਾ ਗਿਆ ਸੀ।
ਉਨ੍ਹਾਂ ਦਾ ਕਹਿਣਾ ਹੈ, “ ਸਹਿਮਤੀ ਨੂੰ ਸਿਰਫ਼ ‘ਹਾਂ’ ਜਾਂ ‘ਨਾਂਹ’ ਦੇ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ ਹੈ, ਸਗੋਂ ਇਹ ਵੀ ਸਮਝਣਾ ਚਾਹੀਦਾ ਹੈ ਕਿ ‘ਹਾਂ’ ਕਹਿਣ ਤੋਂ ਬਾਅਦ ਉਸ ਦਾ ਨਤੀਜਾ ਕੀ ਹੋਵੇਗਾ।”
ਉਹ ਇੱਕ ਅਹਿਮ ਨੁਕਤੇ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਕਹਿੰਦੇ ਹਨ ਕਿ ਭਾਰਤ ’ਚ ਸੈਕਸ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਹੈ।
ਕੀ ਇਸ ਸਿੱਖਿਆ ਤੋਂ ਬਗ਼ੈਰ ਬੱਚਿਆਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਸਰੀਰਕ ਸੰਬੰਧ ਬਣਾਉਣ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋਣਗੇ?
ਉਨ੍ਹਾਂ ਦੇ ਅਨੁਸਾਰ, “ ਇੱਥੇ ਜੇਕਰ ਕੋਈ ਨਾਬਾਲਗ ਕੁੜੀ ਕਿਸੇ 30 ਸਾਲ ਦੇ ਆਦਮੀ ਨਾਲ ਜਿਨਸੀ ਸੰਬੰਧ ਕਾਇਮ ਕਰਦੀ ਹੈ ਤਾਂ ਤੁਸੀਂ ਇਸ ਨੂੰ ਸ਼ੋਸ਼ਣ ਕਹੋਗੇ ਪਰ ਜੇਕਰ ਦੋਵੇਂ ਹੀ ਬਾਲਗ ਹਨ ਤਾਂ ਕੀ ਇਸ ’ਚ ਸ਼ੋਸ਼ਣ ਨਹੀਂ ਹੋ ਸਕਦਾ ਹੈ? ਇਸ ਬਾਰੇ ਸੋਚਣ ਵਿਚਾਰਨ ਦੀ ਲੋੜ ਹੈ।”
ਦੂਜੇ ਪਾਸੇ ਵਕੀਲ ਸਤਿਅਮ ਸਿੰਘ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਡਾ. ਸ਼ੁਚਿਤਰਾ ਦਾਲਵੀ ਦਾ ਕਹਿਣਾ ਹੈ ਕਿ ਮੰਨ ਲਓ ਕਿ ਪ੍ਰੇਮ ਸਬੰਧਾਂ ’ਚ ਰਹਿੰਦੇ ਹੋਏ ਕਿਸੇ ਨਾਬਾਲਗ ਨੇ ਸਰੀਰਕ ਸੰਬੰਧ ਕਾਇਮ ਕੀਤੇ ਅਤੇ ਕੁੜੀ ਗਰਭਵਤੀ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਮੁੰਡੇ ਦੇ ਨਾਲ-ਨਾਲ ਕੁੜੀ ’ਤੇ ਵੀ ਪਵੇਗਾ।
ਉਨ੍ਹਾਂ ਅਨੁਸਾਰ, “ ਜੇਕਰ ਕੁੜੀ ਗਰਭਪਾਤ ਕਰਵਾਉਂਦੀ ਹੈ ਤਾਂ ਉਸ ’ਤੇ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਸਥਿਤੀ ’ਚ ਸਮਾਜ ਦਾ ਉਸ ਕੁੜੀ ਪ੍ਰਤੀ ਕੀ ਨਜ਼ਰੀਆ ਹੋਵੇਗਾ, ਇਸ ਨੂੰ ਸਮਝਿਆ ਜਾ ਸਕਦਾ ਹੈ।”
ਉਹ ਇੱਕ ਸੁਝਾਅ ਦਿੰਦੇ ਹੋਏ ਕਹਿੰਦੇ ਹਨ, “ ਮੈਂ ਮੰਨਦੀ ਹਾਂ ਕਿ ਸੈਕਸ ਅਪਰਾਧ ਨਹੀਂ ਹੈ ਅਤੇ ਉਸ ਦੇ ਲਈ ਸਖ਼ਤ ਸਜ਼ਾ ਵੀ ਨਹੀਂ ਹੋਣੀ ਚਾਹੀਦੀ ਹੈ, ਪਰ ਇੱਕ ਵਿਚਕਾਰਲਾ ਰਾਹ ਜ਼ਰੂਰ ਕੱਢਿਆ ਜਾਣਾ ਚਾਹੀਦਾ ਹੈ।”
ਸੋਨਾਲੀ ਕੜਚਾਸਰਾ ਦਾ ਵੀ ਕਹਿਣਾ ਹੈ ਕਿ ਅਜਿਹੇ ਸੰਬੰਧਾਂ ’ਚ ਕੁੜੀ ਦੇ ਨਾਲ-ਨਾਲ ਮੁੰਡੇ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਹੈ ਅਤੇ ਸਜ਼ਾ ਦੇ ਪ੍ਰਬੰਧ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਵੱਖ-ਵੱਖ ਦੇਸ਼ਾਂ ’ਚ ਸਹਿਮਤੀ ਦੀ ਉਮਰ
ਜੇਕਰ ਦੁਨੀਆ ਭਰ ’ਚ ਵੇਖਿਆ ਜਾਵੇ ਤਾਂ ਸਹਿਮਤੀ ਦੀ ਔਸਤਨ ਉਮਰ 16 ਸਾਲ ਹੀ ਹੈ। ਜਿੱਥੇ ਭਾਰਤ ’ਚ ਇਹ ਉਮਰ 18 ਸਾਲ ਹੈ ਉੱਥੇ ਹੀ ਦੁਨੀਆ ਭਰ ਦੇ ਹੋਰਨਾਂ ਦੇਸ਼ਾਂ ’ਚ ਇਹ 13-18 ਸਾਲ ਹੈ ਅਤੇ ਕਈ ਦੇਸ਼ਾਂ ’ਚ ਤਾਂ ਇਹ 16 ਸਾਲ ਹੈ।
ਹਾਲ ਹੀ ’ਚ ਜਾਪਾਨ ਨੇ ਇਸ ਉਮਰ ਨੂੰ 13 ਸਾਲ ਤੋਂ ਵਧਾ ਕੇ 16 ਸਾਲ ਕਰ ਦਿੱਤਾ ਹੈ।
ਉੱਥੇ ਹੀ ਚੀਨ ਅਤੇ ਜਰਮਨੀ ’ਚ ਸਹਿਮਤੀ ਦੀ ਉਮਰ 14 ਸਾਲ ਹੈ।
ਸਾਊਦੀ ਅਰਬ, ਯਮਨ, ਈਰਾਨ ਅਤੇ ਪਾਕਿਸਤਾਨ ’ਚ ਵਿਆਹ ਤੋਂ ਬਾਹਰ ਜਿਨਸੀ ਸੰਬੰਧ ਕਾਇਮ ਕਰਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ, ਭਾਵੇਂ ਕਿ ਉਹ ਆਪਸੀ ਸਹਿਮਤੀ ਨਾਲ ਹੀ ਕਿਉਂ ਨਾ ਬਣਾਏ ਗਏ ਹੋਣ। ਇਸ ਦੇ ਨਾਲ ਹੀ ਇਸ ਕਾਰੇ ਖਿਲਾਫ ਸਖ਼ਤ ਸਜ਼ਾ ਦੀ ਵੀ ਵਿਵਸਥਾ ਹੈ।