ਸ਼੍ਰੀਲੰਕਾ 'ਚ ਤਬਾਹੀ ਮਚਾਉਣ ਤੇ 300 ਤੋਂ ਵੱਧ ਜਾਨਾਂ ਲੈਣ ਵਾਲਾ ਦਿਤਵਾਹ ਤੂਫ਼ਾਨ ਭਾਰਤ ਵੱਲ ਵਧ ਰਿਹਾ, ਜਾਣੋ ਇਸ ਦਾ ਸਭ ਤੋਂ ਵੱਧ ਅਸਰ ਕਿੱਥੇ ਹੋਵੇਗਾ

ਤਸਵੀਰ ਸਰੋਤ, Getty Images
ਸ਼੍ਰੀਲੰਕਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ, ਤੂਫ਼ਾਨ ਦਿਤਵਾਹ ਹੁਣ ਭਾਰਤ ਵੱਲ ਵਧ ਰਿਹਾ ਹੈ ਅਤੇ ਸ਼ਨੀਵਾਰ ਤੋਂ ਕਈ ਖੇਤਰਾਂ ਵਿੱਚ ਇਸਦੇ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਹਨ।
ਭਾਰਤ ਮੌਸਮ ਵਿਭਾਗ ਨੇ ਤੂਫ਼ਾਨ ਦਿਤਵਾਹ ਕਾਰਨ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

ਤਸਵੀਰ ਸਰੋਤ, Getty Images
ਇਨ੍ਹਾਂ ਖੇਤਰਾਂ ਵਿੱਚ ਬੱਦਲ ਗਰਜਣ ਅਤੇ ਬਿਜਲੀ ਚਮਕਣ ਦੀ ਵੀ ਉਮੀਦ ਹੈ। ਤੂਫ਼ਾਨ ਦਿਤਵਾਹ ਦੇ ਕਰੀਬ ਆਉਣ ਨਾਲ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।
ਮੌਸਮ ਵਿਭਾਗ ਨੇ ਸ਼ਨੀਵਾਰ, 29 ਨਵੰਬਰ ਨੂੰ ਦੱਸਿਆ ਸੀ ਕਿ ਤੂਫ਼ਾਨ ਦਿਤਵਾਹ ਸ਼੍ਰੀਲੰਕਾ ਤੋਂ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਈ।
ਮੌਸਮ ਵਿਭਾਗ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਤੂਫ਼ਾਨ ਦਿਤਵਾਹ ਅਗਲੇ 24 ਘੰਟਿਆਂ ਵਿੱਚ ਉੱਤਰੀ ਤਾਮਿਲਨਾਡੂ-ਪੁਡੂਚੇਰੀ ਦੇ ਤੱਟਾਂ ਵੱਲ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਐਕਸ 'ਤੇ ਪੋਸਟ ਕੀਤਾ, "ਇਹ ਚੱਕਰਵਾਤੀ ਤੂਫਾਨ 30 ਨਵੰਬਰ ਦੀ ਦੁਪਹਿਰ ਅਤੇ ਸ਼ਾਮ ਨੂੰ ਤਾਮਿਲਨਾਡੂ ਤੱਟ ਤੋਂ ਲਗਭਗ 70 ਕਿਲੋਮੀਟਰ ਅਤੇ ਪੁਡੂਚੇਰੀ ਤੱਟ ਤੋਂ 25 ਕਿਲੋਮੀਟਰ ਦੂਰ ਤੱਕ ਦੱਖਣ-ਪੱਛਮੀ ਬੰਗਾਲ ਦੀ ਖਾੜੀ 'ਤੇ ਕੇਂਦਰਿਤ ਰਹੇਗਾ।"
ਕਈ ਉਡਾਣਾਂ ਰੱਦ, ਰੇਲਵੇ ਮੰਤਰਾਲਾ ਅਲਰਟ 'ਤੇ

ਤਸਵੀਰ ਸਰੋਤ, ANI
ਤੂਫਾਨ ਕਾਰਨ ਖਰਾਬ ਹੋਏ ਮੌਸਮ ਦੇ ਚੱਲਦਿਆਂ ਸ਼ਨੀਵਾਰ ਨੂੰ ਚੇੱਨਈ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਦੂਜੇ ਪਾਸੇ, ਰੇਲਵੇ ਮੰਤਰਾਲਾ ਵੀ ਅਲਰਟ 'ਤੇ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਤੂਫਾਨ ਨੂੰ ਦੇਖਦਿਆਂ ਰੇਲਵੇ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਜਿਨ੍ਹਾਂ ਤੱਟੀ ਇਲਾਕਿਆਂ ਦੀ ਇਸ ਤੂਫਾਨ ਤੋਂ ਪ੍ਰਭਾਵਿਤ ਹੋਣ ਦੀ ਉਮੀਦ ਹੈ, ਉਹ ਜ਼ਿਆਦਾਤਰ ਇਲਾਕੇ ਦੱਖਣੀ ਰੇਲਵੇ ਜ਼ੋਨ ਦੇ ਅਧੀਨ ਆਉਂਦੇ ਹਨ।
ਰੇਲਵੇ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਟਰੇਨ ਰੱਦ ਹੋਣ ਜਾਂ ਰੂਟ ਬਦਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਯਾਤਰੀਆਂ ਦੀ ਸਹਾਇਤਾ ਲਈ ਹੈਲਪਲਾਈਨਾਂ ਅਤੇ ਯਾਤਰੀ-ਸਹਾਇਤਾ ਡੈਸਕਾਂ ਦਾ ਇੱਕ ਵਿਸ਼ੇਸ਼ ਨੈੱਟਵਰਕ ਬਣਾਇਆ ਗਿਆ ਹੈ।"

ਤਸਵੀਰ ਸਰੋਤ, ANI
ਅਸ਼ਵਨੀ ਵੈਸ਼ਨਵ ਨੇ ਸਬੰਧਤ ਅਧਿਕਾਰੀਆਂ ਨੂੰ ਸਥਿਤੀ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਗੰਭੀਰ ਸਥਿਤੀ ਲਈ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਖ਼ਬਰ ਏਜੰਸੀ ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਡਿਪਟੀ ਇੰਸਪੈਕਟਰ ਜਨਰਲ ਮੋਹਸਿਨ ਸ਼ਾਹੇਦੀ ਨੇ ਕਿਹਾ, "ਤਾਮਿਲਨਾਡੂ ਵਿੱਚ, ਹੁਣ ਤੱਕ, ਅਸੀਂ ਚੌਦਾਂ ਟੀਮਾਂ ਤਾਇਨਾਤ ਕੀਤੀਆਂ ਹਨ ਅਤੇ ਉਹ ਜ਼ਿਆਦਾਤਰ ਤੱਟਵਰਤੀ ਖੇਤਰਾਂ ਵਿੱਚ ਤਾਇਨਾਤ ਹਨ। ਸਥਿਤੀ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਤਾਮਿਲਨਾਡੂ ਨੇ ਦਸ ਹੋਰ ਟੀਮਾਂ ਮੰਗੀਆਂ ਹਨ।"
ਸ਼ਾਹੇਦੀ ਨੇ ਕਿਹਾ ਕਿ ਟੀਮਾਂ ਨੂੰ ਪੁਣੇ ਅਤੇ ਵਡੋਦਰਾ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾ ਰਿਹਾ ਹੈ। ਉਹ ਜਲਦ ਹੀ ਤਾਮਿਲਨਾਡੂ ਪਹੁੰਚਣ ਜਾਣਗੀਆਂ ਅਤੇ ਲੋੜ ਅਨੁਸਾਰ ਤਾਇਨਾਤ ਕੀਤੀਆਂ ਜਾਣਗੀਆਂ।
ਸ਼੍ਰੀਲੰਕਾ ਵਿੱਚ 330 ਲੋਕਾਂ ਦੀ ਮੌਤ, 200 ਤੋਂ ਵੱਧ ਲਾਪਤਾ
ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ (ਡੀਐਮਸੀ) ਨੇ ਦੱਸਿਆ ਕਿ ਤੂਫ਼ਾਨ ਦਿਤਵਾਹ ਕਾਰਨ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 330 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਵੱਧ ਲੋਕ ਲਾਪਤਾ ਹਨ।
ਇਸ ਆਪਦਾ ਨਾਲ 500,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਦੇਸ਼ ਭਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਡੀਐਮਸੀ ਨੇ ਦੱਸਿਆ ਕਿ ਤੂਫਾਨ ਕਾਰਨ ਹੋਈ ਤਬਾਹੀ ਵਿੱਚ 20,000 ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ 100,000 ਤੋਂ ਵੱਧ ਲੋਕਾਂ ਨੂੰ ਸਰਕਾਰੀ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ ਹੈ।
ਭਾਰਤ ਨੇ ਮਦਦ ਭੇਜੀ

ਤਸਵੀਰ ਸਰੋਤ, X/@DrSJaishankar
ਭਾਰਤ ਨੇ ਆਪਣੇ ਗੁਆਂਢੀ ਦੇਸ਼ ਦੀ ਮਦਦ ਲਈ 'ਆਪ੍ਰੇਸ਼ਨ ਸਾਗਰ ਬੰਧੂ' ਸ਼ੁਰੂ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼੍ਰੀਲੰਕਾ ਨੂੰ ਹਵਾਈ ਅਤੇ ਸਮੁੰਦਰੀ ਰਸਤੇ ਰਹਿਣ ਕੁੱਲ ਮਿਲਾ ਕੇ ਲਗਭਗ 27 ਟਨ ਰਾਹਤ ਸਮੱਗਰੀ ਪਹੁੰਚਾਈ ਗਈ ਹੈ, ਨਾਲ ਹੀ ਹੋਰ ਸਹਾਇਤਾ ਜਲਦ ਹੀ ਪਹੁੰਚ ਰਹੀ ਹੈ।
ਭਾਰਤੀ ਹਵਾਈ ਫੌਜ ਨੇ ਕਿਹਾ ਕਿ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਉੱਥੇ ਐਮਆਈ-17 ਵੀ5 ਹੈਲੀਕਾਪਟਰ ਸ਼੍ਰੀਲੰਕਾ ਵਿੱਚ ਤਾਇਨਾਤ ਕੀਤੇ ਗਏ ਹਨ।
ਸ਼੍ਰੀਲੰਕਾ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੀ ਹਵਾਈ ਫੌਜ ਦੇ ਕਈ ਜਹਾਜ਼ ਤਾਇਨਾਤ ਕੀਤੇ ਗਏ ਹਨ।

ਤਸਵੀਰ ਸਰੋਤ, Getty Images
ਆਈਐਨਐਸ ਵਿਕਰਾਂਤ ਦੇ ਚੇਤਕ ਹੈਲੀਕਾਪਟਰਾਂ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਵਿੱਚ ਖੋਜ ਅਤੇ ਬਚਾਅ ਉਡਾਣਾਂ ਭਰੀਆਂ, ਅਤੇ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ। ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
ਇਸ ਦੌਰਾਨ, ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਤੂਫ਼ਾਨ ਕਾਰਨ ਸ਼੍ਰੀਲੰਕਾ ਦੇ ਕੋਲੰਬੋ ਹਵਾਈ ਅੱਡੇ 'ਤੇ ਫਸੇ ਭਾਰਤੀਆਂ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ।
ਆਪਣੇ ਪੱਤਰ ਵਿੱਚ ਵਿਜਯਨ ਨੇ ਕਿਹਾ ਕਿ ਚੱਕਰਵਾਤ ਕਾਰਨ ਕੋਲੰਬੋ ਦੇ ਭੰਡਾਰਨਾਈਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਾਫ਼ੀ ਸਮੱਸਿਆ ਹੋ ਗਈ ਹੈ। ਇਸ ਕਾਰਨ ਲਗਭਗ 300 ਭਾਰਤੀ ਯਾਤਰੀ ਫਸ ਗਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕੇਰਲ ਦੇ ਰਹਿਣ ਵਾਲੇ ਹਨ।
ਇੰਡੋਨੇਸ਼ੀਆ, ਮਲੇਸ਼ੀਆ ਤੇ ਥਾਈਲੈਂਡ ਵਿੱਚ ਵੀ ਹੜ੍ਹਾਂ ਨੇ ਮਚਾਈ ਤਬਾਹੀ

ਤਸਵੀਰ ਸਰੋਤ, Getty Images
ਬੀਬੀਸੀ ਪਤਰਕਾਰ ਜੇਸਿਕਾ ਰਾਂਸਲੇ ਦੀ ਰਿਪੋਰਟ ਅਨੁਸਾਰ, ਦੱਖਣ-ਪੂਰਬੀ ਏਸ਼ੀਆ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਸ਼ ਕਾਰਨ ਹੜ੍ਹ ਆਏ ਹਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਹਨ। ਇਸ ਵਿੱਚ ਸੈਂਕੜੇ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ ਬਹੁਤ ਸਾਰੇ ਲੋਕ ਲਾਪਤਾ ਹਨ।
ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਵਿੱਚ ਹੜ੍ਹਾਂ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਬੁੱਧਵਾਰ ਨੂੰ ਇੰਡੋਨੇਸ਼ੀਆਈ ਟਾਪੂ ਸੁਮਾਤਰਾ ਵਿੱਚ ਭਾਰੀ ਬਾਰਸ਼ ਹੋਈ। ਉੱਥੋਂ ਦੇ ਇੱਕ ਨਿਵਾਸੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਹੜ੍ਹਾਂ ਦੌਰਾਨ, ਸਭ ਕੁਝ ਵਹਿ ਗਿਆ।"
ਸ਼ਨੀਵਾਰ ਤੱਕ ਇੰਡੋਨੇਸ਼ੀਆ ਵਿੱਚ 300 ਤੋਂ ਵੱਧ ਅਤੇ ਥਾਈਲੈਂਡ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਲੇਸ਼ੀਆ ਵਿੱਚ ਵੀ ਕਈ ਮੌਤਾਂ ਦੀ ਰਿਪੋਰਟ ਆਈ ਹੈ। ਸੈਂਕੜੇ ਲੋਕ ਅਜੇ ਵੀ ਲਾਪਤਾ ਹਨ, ਇਸ ਲਈ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












