ਤੁਹਾਡੇ ਬੱਚੇ ਦੇ ਦਿਮਾਗ ਲਈ 5 ਸਭ ਤੋਂ ਉੱਤਮ ਭੋਜਨ ਕਿਹੜੇ ਹਨ, ਹਾਰਵਰਡ ਯੂਨੀਵਰਸਿਟੀ ਦੀ ਮਾਹਰ ਤੋਂ ਜਾਣੋ

    • ਲੇਖਕ, ਸੀਸੀਲੀਆ ਬਾਰੀਆ
    • ਰੋਲ, ਬੀਬੀਸੀ ਨਿਊਜ਼ ਵਰਲਡ

ਸਾਡੇ ਆਸ-ਪਾਸ ਅਜਿਹੇ ਭੋਜਨ ਮੌਜੂਦ ਹਨ ਜੋ ਕਿ ਮੂਡ ਨੂੰ ਬਿਹਤਰ ਬਣਾ ਸਕਦੇ ਹਨ, ਯਾਦਦਾਸ਼ਤ ਨੂੰ ਤੇਜ਼ ਕਰ ਸਕਦੇ ਹਨ ਅਤੇ ਦਿਮਾਗ ਨੂੰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ’ਚ ਮਦਦ ਕਰ ਸਕਦੇ ਹਨ।

ਹਾਰਵਰਡ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ (ਸੰਯੁਕਤ ਰਾਜ) ’ਚ ਪੋਸ਼ਣ ਸੰਬੰਧੀ ਮਨੋਵਿਗਿਆਨੀ ਅਤੇ ਪ੍ਰੋਫੈਸਰ ਉਮਾ ਨਾਇਡੂ ਵੱਲੋਂ ਇਹ ਦਲੀਲ ਦਿੱਤੀ ਗਈ ਹੈ।

ਮਾਨਸਿਕ ਸਿਹਤ ਅਤੇ ਖੁਰਾਕ ਦਿਮਾਗ ਅਤੇ ਅੰਤੜੀਆਂ ਵਾਂਗ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਨ, ਜਿਸ ਦਾ ਸਰੀਰ ’ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ।

ਇਸ ਸਬੰਧ ਨੂੰ ਸਮਝਣ ਲਈ ਇੱਕ ਜੀਵ ਵਿਗਿਆਨਕ ਬੁਨਿਆਦ ਇਸ ਤੱਥ ਨਾਲ ਜੁੜੀ ਹੋਈ ਹੈ ਕਿ ਦਿਮਾਗ ਅਤੇ ਅੰਤੜੀ ਇੱਕੋ ਹੀ ਭਰੂਣ ਦੇ ਸੈੱਲਾਂ ਤੋਂ ਉਤਪੰਨ ਹੁੰਦੇ ਹਨ ਅਤੇ ਮਨੁੱਖ ਦੇ ਵਿਕਾਸ ਦੇ ਨਾਲ ਜੁੜੇ ਹੁੰਦੇ ਹਨ।

ਉਹ ਰਸਾਇਣਕ ਸੁਨੇਹੇ ਭੇਜ ਕੇ ਦੋਵੇਂ ਦਿਸ਼ਾਵਾਂ ’ਚ ਸੰਚਾਰ ਕਰਦੇ ਹਨ। ਅਸਲ ’ਚ 90% ਤੋਂ 95% ਸੇਰੋਟੋਨਿਨ, ਜੋ ਕਿ ਭੁੱਖ ਦੇ ਨਿਯਮ ਅਤੇ ਹੋਰਨਾਂ ਕਾਰਜਾਂ ਨਾਲ ਸਬੰਧਤ ਇੱਕ ਨਿਊਰੋਟਰਾਂਸਮੀਟਰ ਹੈ, ਉਹ ਅੰਤੜੀ ’ਚ ਪੈਦਾ ਹੁੰਦਾ ਹੈ।

ਚੰਗੀ ਮਾੜੀ ਖੁਰਾਕ ਦੇ ਨਤੀਜੇ

ਜੇਕਰ ਖੁਰਾਕ ਸਿਹਤਮੰਦ ਨਹੀਂ ਹੈ ਤਾਂ ਅੰਤੜੀ ’ਚ ਸੋਜਸ਼ ਆ ਜਾਂਦੀ ਹੈ ਅਤੇ ਮਾੜੀ ਜਾਂ ਗਲਤ ਖੁਰਾਕ ਦੇ ਨਤੀਜੇ ਭੁਗਤਨੇ ਪੈਂਦੇ ਹਨ। ਇਹ ਸਭ ਚਿੰਤਾ, ਲਾਪਰਵਾਹੀ ਅਤੇ ਤਣਾਅ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

ਬੀਬੀਸੀ ਮੁੰਡੋ ਨਾਲ ਗੱਲਬਾਤ ਕਰਦਿਆਂ ਮਾਹਰ ਨੇ ਦੱਸਿਆ, “ਇਸ ਲਈ ਜਿੰਨਾ ਵਧੇਰੇ ਤੁਸੀਂ ਆਪਣੀ ਖੁਰਾਕ ਅਤੇ ਆਪਣੀ ਅੰਤੜੀ ਦਾ ਧਿਆਨ ਰੱਖੋਗੇ, ਓਨਾ ਹੀ ਜ਼ਿਆਦਾ ਤੁਸੀਂ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖ ਸਕਦੇ ਹੋ, ਕਿਉਂਕਿ ਭੋਜਨ ਅਤੇ ਮੂਡ ਵਿਚਾਲੇ ਸਿੱਧਾ ਸਬੰਧ ਹੁੰਦਾ ਹੈ।”

ਮੈਸੇਚਿਉਸੇਟਸ ਜਨਰਲ ਹਸਪਤਾਲ ’ਚ ਪੋਸ਼ਣ ਅਤੇ ਜੀਵਨ ਸ਼ੈਲੀ ਦੇ ਮਨੋਵਿਗਿਆਨ ਦੇ ਨਿਰਦੇਸ਼ਕ ਨਾਇਡੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ’ਚ ਭੋਜਨ ਅਤੇ ਖਾਣਾ ਬਣਾਉਣਾ ਪਸੰਦ ਕੀਤਾ ਹੈ।

ਕਿਉਂਕਿ ਨਾਇਡੂ ਡਾਕਟਰਾਂ ਦੇ ਪਰਿਵਾਰ ’ਚੋਂ ਹਨ, ਇਸ ਲਈ ਜਿਹੜੀਆਂ ਵੀ ਚੀਜ਼ਾਂ ਉਨ੍ਹਾਂ ਨੂੰ ਆਕਰਸ਼ਤ ਕਰਦੀਆਂ ਉਹ ਉਨ੍ਹਾਂ ਪ੍ਰਤੀ ਵਿਗਿਆਨਕ ਸੋਚ ਰੱਖਦੇ ਹਨ।

ਜਦੋਂ ਉਨ੍ਹਾਂ ਨੇ ਮੈਡੀਸਨ ਦੇ ਖੇਤਰ ’ਚ ਆਪਣਾ ਅਧਿਐਨ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੋਸ਼ਣ ਦੇ ਖੇਤਰ ’ਚ ਲੋੜੀਂਦੀ ਸਿਖਲਾਈ ਦੀ ਘਾਟ ਸੀ। ਪਰ ਜਦੋਂ ਉਨ੍ਹਾਂ ਨੇ ਮਨੋਵਿਗਿਆਨ ’ਚ ਵਿਸ਼ੇਸ਼ਤਾ ਹਾਸਲ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਭੋਜਨ ਅਤੇ ਮਾਨਸਿਕ ਸਿਹਤ ਦਰਮਿਆਨ ਸਬੰਧ ਸਥਾਪਤ ਕਰਨ ਲਈ ਖੋਜ ਦੀ ਜ਼ਰੂਰਤ ਸੀ।

ਨਾਇਡੂ ਨੇ ਕਿਹਾ ਕਿ “ ਇਹ ਇੱਕ ਉੱਭਰਦਾ ਹੋਇਆ ਖੇਤਰ ਹੈ, ਜੋ ਕਿ ਅਜੇ ਵਿਸਥਾਰ ਕਰ ਰਿਹਾ ਹੈ।”

ਅਕਤੂਬਰ 2022 ’ਚ ਬੀਬੀਸੀ ਮੁੰਡੋ ਨਾਲ ਗੱਲਬਾਤ ਕਰਦਿਆਂ ਵਿਟਾਮਿਨ ਬੀ ਦੇ ਲਾਭਾਂ ਬਾਰੇ ਉਨ੍ਹਾਂ ਕਿਹਾ ਕਿ ਦਿਮਾਗ ਨੂੰ ਜਵਾਨ ਅਤੇ ਸਿਹਤਮੰਦ ਰੱਖਣ ਲਈ ਬਹੁਤ ਜਰੂਰੀ ਹੈ, ਖਾਸ ਕਰਕੇ ਬੀ-12, ਬੀ-9 ਅਤੇ ਬੀ-1।

ਨਾਇਡੂ ਨੇ ਉਨ੍ਹਾਂ ਭੋਜਨਾਂ ਦੀ ਚੋਣ ਕਰਨ ਦਾ ਜ਼ਿਕਰ ਕੀਤਾ ਹੈ, ਜਿੰਨ੍ਹਾਂ ਨੂੰ ਉਹ ਮੂਡ ’ਚ ਸੁਧਾਰ ਕਰਨ ਅਤੇ ਦਿਮਾਗ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਲਾਭਦਾਇਕ ਮੰਨਦੇ ਹਨ।

ਮਸਾਲੇ

ਮਸਾਲੇ ਆਪਣੇ ਐਂਟੀਆਕਸੀਡੈਂਟ ਗੁਣਾਂ ਲਈ ਜਾਣੇ ਜਾਂਦੇ ਹਨ। ਕੁਝ ਮਸਾਲੇ ਜਿਵੇਂ ਕਿ ਹਲਦੀ ਚਿੰਤਾ ਅਤੇ ਤਣਾਅ ਨੂੰ ਘੱਟ ਕਰਨ ’ਚ ਲਾਭਕਾਰੀ ਸਿੱਧ ਹੁੰਦੇ ਹਨ।

ਹਲਦੀ ’ਚ ਕਰਕਿਊਮਿਨ ਨਾਮ ਦਾ ਇੱਕ ਕਿਰਿਆਸ਼ੀਲ ਤੱਤ ਹੁੰਦਾ ਹੈ, ਜੋ ਕਿ ਦਿਮਾਗ ਦੇ ਰਸਾਇਣ ਨੂੰ ਬਦਲ ਕੇ ਅਤੇ ਹਿਪੋਕੈਂਪਸ ਦੀ ਰੱਖਿਆ ਕਰਕੇ ਚਿੰਤਾ ਨੂੰ ਘਟਾਉਣ ਦੇ ਯੋਗ ਹੁੰਦਾ ਹੈ।

ਇੱਕ ਹੋਰ ਮਸਾਲਾ ਜੋ ਕਿ ਉਨ੍ਹਾਂ ਨੂੰ ਬਹੁਤ ਹੀ ਪਸੰਦ ਹੈ, ਉਹ ਹੈ ਕੇਸਰ।

ਨਾਇਡੂ ਦੱਸਦੇ ਹਨ ਕਿ ਖੋਜ ਨੇ ਸਾਬਤ ਕੀਤਾ ਹੈ ਕਿ ਕੇਸਰ ਪ੍ਰਮੁੱਖ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ।

ਅਧਿਐਨ ਨੇ ਦਰਸਾਇਆ ਹੈ ਕਿ ਕੇਸਰ ਦਾ ਸੇਵਨ ਕਰਨ ਨਾਲ ਇਸ ਵਿਕਾਰ ਤੋਂ ਪ੍ਰਭਾਵਿਤ ਮਰੀਜ਼ ਦੇ ਲੱਛਣਾਂ ’ਚ ਕਮੀ ਆਉਂਦੀ ਹੈ।

ਫਰਮੈਂਟਡ (ਖਮੀਰਾ) ਭੋਜਨ

ਕਈ ਤਰ੍ਹਾਂ ਦੇ ਖਮੀਰੇ ਭੋਜਨ ਮੌਜੂਦ ਹਨ। ਇਹ ਦੁੱਧ, ਸਬਜ਼ੀਆਂ ਜਾਂ ਹੋਰ ਕੱਚੇ ਤੱਤਾਂ ਨੂੰ ਸੂਖਮ ਜੀਵਾਂ ਜਿਵੇਂ ਕਿ ਖਮੀਰ ਅਤੇ ਬੈਕਟੀਰੀਆ ਨਾਲ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।

ਇਸ ’ਚ ਕਿਰਿਆਸ਼ੀਲ ਕਲਚਵਰ ਵਾਲੇ ਦਹੀਂ ਨੂੰ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਹੋਰ ਵੀ ਬਥੇਰੇ ਹਨ ਜਿਵੇਂ ਕਿ ਸੌਰਕਰਾਟ, ਕਿਮਚੀ ਅਤੇ ਕੋਂਬੂਚਾ।

ਇੰਨ੍ਹਾਂ ’ਚ ਜੋ ਸਾਂਝਾ ਹੈ, ਉਹ ਹੈ ਲਾਈਵ ਬੈਕਟੀਰੀਆ ਦੇ ਸਰੋਤ ਜੋ ਕਿ ਅੰਤੜੀਆਂ ਦੇ ਕੰਮ ’ਚ ਸੁਧਾਰ ਕਰ ਸਕਦੇ ਹਨ ਅਤੇ ਚਿੰਤਾ ਘਟਾ ਸਕਦੇ ਹਨ।

ਫਰਮੈਂਟਡ ਭੋਜਨ ਦਿਮਾਗ ਦੇ ਲਈ ਫਾਇਦੇਮੰਦ ਹੁੰਦੇ ਹਨ।

ਨਾਇਡੂ ਦਾ ਕਹਿਣਾ ਹੈ ਕਿ ਸਾਲ 2016 ’ਚ 45 ਅਧਿਐਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਫਰਮੈਂਟ ਕੀਤੇ ਭੋਜਨ ਦਿਮਾਗ ਦੀ ਰੱਖਿਆ ਕਰ ਸਕਦੇ ਹਨ, ਯਾਦਦਾਸ਼ਤ ’ਚ ਸੁਧਾਰ ਕਰ ਸਕਦੇ ਹਨ ਅਤੇ ਬੋਧਾਤਮਕ ਗਿਰਾਵਟ ਨੂੰ ਵੀ ਹੌਲੀ ਕਰਨ ਦੇ ਯੋਗ ਹੁੰਦੇ ਹਨ।

ਉਹ ਅੱਗੇ ਕਹਿੰਦੇ ਹਨ ਕਿ ਪ੍ਰੋਬਾਇਓਟਿਕ ਭਰਪੂਰ ਦਹੀਂ ਖੁਰਾਕ ਦਾ ਇੱਕ ਸ਼ਕਤੀਸ਼ਾਲੀ ਹਿੱਸਾ ਹੋ ਸਕਦਾ ਹੈ, ਪਰ ਉਹ ਦਹੀਂ ਗਰਮੀ ਦੇ ਸੰਪਰਕ ਵਾਲਾ ਨਹੀਂ ਹੋਣਾ ਚਾਹੀਦਾ ਹੈ।

ਭੋਜਨ ਦੀ ਚੋਣ ਬਾਰੇ ਖਾਸ ਗੱਲਾਂ:

  • ਸਾਡੇ ਆਸ-ਪਾਸ ਅਜਿਹੇ ਭੋਜਨ ਮੌਜੂਦ ਹਨ ਜੋ ਮੂਡ ਨੂੰ ਬਿਹਤਰ ਬਣਾ ਸਕਦੇ ਹਨ
  • ਜੇਕਰ ਖੁਰਾਕ ਸਿਹਤਮੰਦ ਨਹੀਂ ਹੈ ਤਾਂ ਅੰਤੜੀ ’ਚ ਸੋਜਸ਼ ਆ ਜਾਂਦੀ ਹੈ
  • ਮਨੁੱਖ ਨੂੰ ਮਾੜੀ ਜਾਂ ਗਲਤ ਖੁਰਾਕ ਦੇ ਨਤੀਜੇ ਭੁਗਤਨੇ ਪੈਂਦੇ ਹਨ
  • ਵਿਟਾਮਿਨ ਬੀ ਦਿਮਾਗ ਨੂੰ ਜਵਾਨ ਅਤੇ ਸਿਹਤਮੰਦ ਰੱਖਣ ਲਈ ਬਹੁਤ ਜਰੂਰੀ ਹੈ

ਮੇਵੇ

ਅਖਰੋਟ ’ਚ ਮੌਜੂਦ ਓਮੇਗਾ-3 ਫੈਟੀ ਐਸਿਡ ਦੇ ਐਂਟੀ-ਇਨਫਲਾਮੈਟਰੀ ਅਤੇ ਐਂਟੀਆਕਸੀਡੈਂਟ ਪ੍ਰਭਾਵ ਯਾਦਦਾਸ਼ਤ ਅਤੇ ਸੋਚ ਨੂੰ ਬਿਹਤਰ ਬਣਾਉਣ ਲਈ ਵਧੀਆ ਸਾਬਤ ਹੁੰਦੇ ਹਨ।

ਦੂਜੇ ਪਾਸੇ ਮੇਵਿਆਂ ’ਚ ਸਿਹਤਮੰਦ ਚਰਬੀ ਅਤੇ ਤੇਲ ਦੀ ਮਾਤਰਾ ਹੁੰਦੀ ਹੈ, ਜਿੰਨਾਂ ਦੀ ਮੌਜੂਦਗੀ ਸਾਡੇ ਦਿਮਾਗ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਮਦਦ ਕਰਦੀ ਹੈ।

ਇਸ ਦੇ ਨਾਲ ਹੀ ਬ੍ਰਾਜ਼ੀਲ ਮੇਵੇ ’ਚ ਪਾਏ ਜਾਣ ਵਾਲੇ ਸੇਲੇਨੀਅਮ ਵਰਗੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ।

ਨਾਇਡੂ ਸਲਾਦ ਅਤੇ ਸਬਜ਼ੀਆਂ ਦੇ ਨਾਲ 1/4 ਕੱਪ ਮੇਵੇ ਖਾਣ ਦੀ ਸਲਾਹ ਦਿੰਦੇ ਹਨ। ਇਸ ’ਚ ਘਰ ’ਚ ਹੀ ਬਣੇ ਗ੍ਰੈਨੋਲਾ ਜਾਂ ਸੁੱਕੇ ਮੇਵੇ ਵੀ ਮਿਲਏ ਜਾ ਸਕਦੇ ਹਨ, ਕਿਉਂਕਿ ਇਹ ਬਾਜ਼ਾਰੀ ਪੈਕਟਾਂ ਤੋਂ ਵਧੇਰੇ ਸਿਹਤਮੰਦ ਹੁੰਦੇ ਹਨ, ਕਿਉਂਕਿ ਬਾਜ਼ਾਰ ’ਚ ਮਿਲਣ ਵਾਲੇ ਅਜਿਹੇ ਪੈਕਟਾਂ ’ਚ ਖੰਡ ਅਤੇ ਨਮਕ ਦੀ ਮਾਤਰਾ ਵੱਧ ਹੁੰਦੀ ਹੈ।

ਡਾਰਕ ਚਾਕਲੇਟ

ਡਾਰਕ ਚੌਕਲੇਟ ਆਇਰਨ ਦਾ ਇੱਕ ਵਧੀਆ ਸਰੋਤ ਹੈ, ਜੋ ਕਿ ਨਿਊਰੋਨਸ ਦੀ ਰੱਖਿਆ ਕਰਨ ਵਾਲੀ ਪਰਤ ਬਣਾਉਣ ’ਚ ਮਦਦ ਕਰਦਾ ਹੈ ਅਤੇ ਮੂਡ ਨੂੰ ਪ੍ਰਭਾਵਿਤ ਕਰਨ ਵਾਲੇ ਰਸਾਇਣਾਂ ਦੇ ਸੰਸਲੇਸ਼ਣ ਨੂੰ ਕੰਟਰੋਲ ਕਰਨ ’ਚ ਵੀ ਮਦਦਗਾਰ ਸਿੱਧ ਹੁੰਦਾ ਹੈ।

2019 ’ਚ 13,000 ਤੋਂ ਵੀ ਵੱਧ ਲੋਕਾਂ ’ਤੇ ਕੀਤੇ ਗਏ ਇੱਕ ਸਰਵੇਖਣ ’ਚ ਪਾਇਆ ਗਿਆ ਕਿ ਜੋ ਲੋਕ ਨਿਯਮਤ ਤੌਰ ’ਤੇ ਡਾਰਕ ਚੌਕਲੇਟ ਖਾਂਦੇ ਹਨ, ਉਨ੍ਹਾਂ ’ਚ ਤਣਾਅ ਦੇ ਲੱਛਣਾਂ ਦਾ ਖ਼ਤਰਾ 70% ਘੱਟ ਹੁੰਦਾ ਹੈ।

ਇਸ ਤੋਂ ਇਲਾਵਾ ਡਾਰਕ ਚੌਕਲੇਟ ’ਚ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਕਿ ਬਹੁਤ ਫਾਇਦੇਮੰਦ ਹੁੰਦੇ ਹਨ।

ਐਵੋਕਾਡੋ

ਮੈਗਨੀਸ਼ੀਅਮ ਜੋ ਕਿ ਦਿਮਾਗ ਦੇ ਕੰਮ ਕਰਨ ਦੀ ਪ੍ਰਕਿਰਿਆ ਲਈ ਜ਼ਰੂਰੀ ਹੈ, ਦੀ ਉਮੀਦ ਤੋਂ ਵੱਧ ਮਾਤਰਾ ਦੇ ਨਾਲ ਐਵੋਕਾਡੋ ਤੰਦਰੁਸਤੀ ਦਾ ਇੱਕ ਹੋਰ ਵਧੀਆ ਸਰੋਤ ਹੈ।

ਅਜਿਹੇ ਅਣਗਿਣਤ ਵਿਸ਼ਲੇਸ਼ਣ ਹਨ ਜੋ ਸੁਝਾਅ ਦਿੰਦੇ ਹਨ ਕਿ ਤਣਾਅ ਮੈਗਨੀਸ਼ੀਅਮ ਦੀ ਘਾਟ ਨਾਲ ਸਬੰਧਤ ਹੈ।

ਅਜਿਹੇ ਬਹੁਤ ਸਾਰੇ ਅਧਿਐਨ ਹਨ ਜਿੰਨ੍ਹਾਂ ’ਚ ਮਰੀਜ਼ਾਂ ਦਾ ਇਲਾਜ 125 ਤੋਂ 300 ਮਿਲੀਗ੍ਰਾਮ ਦਰਮਿਆਨ ਮੈਗਨੀਸ਼ੀਅਮ ਦੀ ਖੁਰਾਕ ਨਾਲ ਕੀਤਾ ਗਿਆ ਸੀ। ਨਤੀਜੇ ਵੱਜੋਂ ਅਜਿਹੇ ਮਰੀਜ਼ਾਂ ਨੇ ਤਣਾਅ ਤੋਂ ਉਭਰਨ ’ਚ ਤੇਜ਼ੀ ਵਿਖਾਈ ਹੈ।

ਨਾਇਡੂ ਦਾ ਕਹਿਣਾ ਹੈ, “ ਮੈਨੂੰ ਸਾਬੁਤ ਅਨਾਜ ਦੇ ਟੋਸਟ ’ਤੇ ਸਵਾਦ ਵੱਜੋਂ ਐਵੋਕਾਡੋ, ਛੋਲੇ ਅਤੇ ਜੈਤੂਨ ਦਾ ਤੇਲ ਲਗਾ ਕੇ ਖਾਣਾ ਪਸੰਦ ਹੈ ਅਤੇ ਨਾਲ ਹੀ ਤਾਜ਼ੀ ਕੱਟੀਆਂ ਸਬਜ਼ੀਆਂ ਦੇ ਨਾਲ ਵੀ ਇਹ ਮਿਸ਼ਰਣ ਮੈਨੂੰ ਬਹੁਤ ਪਸੰਦ ਹੈ।”

ਹਰੀਆਂ ਪੱਤੇਦਾਰ ਸਬਜ਼ੀਆਂ

ਮਾਹਰ ਦੱਸਦੇ ਹਨ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਕੇਲ, ਸਿਹਤ ’ਚ ਫਰਕ ਲਿਆਉਂਦੀਆਂ ਹਨ।

ਨਾਇਡੂ ਅੱਗੇ ਕਹਿੰਦੇ ਹਨ ਕਿ ਹਾਲਾਂਕਿ ਹਾਲੇ ਚੰਗੀ ਤਰ੍ਹਾਂ ਨਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਪਰ ਸੱਚਾਈ ਇਹ ਹੈ ਕਿ ਹਰੀਆਂ ਪੱਤੇਦਾਰ ਸਬਜ਼ੀਆਂ ’ਚ ਵਿਟਾਮਿਨ ਈ, ਕੈਰੋਟੀਨੋਇਡ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਕਿ ਪੌਸ਼ਟਿਕ ਤੱਤ ਹਨ ਅਤੇ ਦਿਮਾਗੀ ਕਮਜ਼ੋਰੀ ਅਤੇ ਬੋਧਾਤਮਕ ਗਿਰਾਵਟ ਤੋਂ ਬਚਾਉਂਦੇ ਹਨ।

ਇਨ੍ਹਾਂ ਭੋਜਨਾਂ ਦਾ ਇੱਕ ਹੋਰ ਲਾਭ ਇਹ ਹੈ ਕਿ ਇਹ ਫੋਲੇਟ ਦਾ ਇੱਕ ਬਹੁਤ ਉੱਚ ਸਰੋਤ ਹਨ। ਫੋਲੇਟ ਵਿਟਾਮਿਨ ਬੀ-9 ਦਾ ਇੱਕ ਕੁਦਰਤੀ ਰੂਪ ਹੈ ਜੋ ਕਿ ਲਾਲ ਰਕਤਾਣੂਆਂ ਦੇ ਗਠਨ ’ਚ ਮਹੱਤਵਪੂਰਨ ਹੁੰਦਾ ਹੈ।

ਫਲੋਟ ਦੀ ਘਾਟ ਕੁਝ ਤੰਤੂ-ਵਿਗਿਆਨਕ ਸਥਿਤੀਆਂ ਦਾ ਕਾਰਨ ਹੋ ਸਕਦੀ ਹੈ। ਇਸ ਲਈ ਇਹ ਵਿਟਾਮਿਨ ਬੋਧਾਤਮਕ ਸਥਿਤੀ ’ਤੇ ਲਾਹੇਵੰਦ ਪ੍ਰਭਾਵ ਛੱਡਦਾ ਹੈ ਅਤੇ ਨਿਊਟਰਾਂਸਮੀਟਰਾਂ ਦੇ ਉਤਪਾਦਨ ’ਚ ਵਿਸ਼ੇਸ਼ ਥਾਂ ਰੱਖਦਾ ਹੈ।

ਨਾਇਡੂ ਦੱਸਦੇ ਹਨ, “ ਪਾਲਕ, ਸਵਿਸ ਚਾਰਡ ਅਤੇ ਡੈਂਡੇਲੀਅਨ ਗਰੀਨਜ਼ ਵਰਗੀਆਂ ਸਬਜ਼ੀਆਂ ਵੀ ਫੋਲਿਕ ਐਸਿਡ ਦਾ ਵਧੀਆ ਸਰੋਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)