ਭਾਰਤ ਵਿੱਚ ਰੰਮ ਦੇ ਸਵਾਦ ’ਤੇ ਕਿਵੇਂ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਮਿੱਥਾਂ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ

    • ਲੇਖਕ, ਸ਼ੈਰਲਿਨ ਮੋਲਨ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਵੀ ਰਾਹੁਲ ਨਾਇਰ ਭਾਰਤ ਵਿੱਚ ਕਿਸੇ ਕਰਾਫਟ ਕਾਕਟੇਲ ਬਾਰ ਵਿੱਚ ਡਾਈਕਿਊਰੀ ਜਾਂ ਡਾਰਕ 'ਐਨ' ਸਟੌਮੀ ਕੌਕਟੇਲ ਦਾ ਆਰਡਰ ਦਿੰਦੇ ਹਨ, ਤਾਂ ਉਹ ਆਪਣਾ ਪੂਰਾ ਧਿਆਨ ਡ੍ਰਿੰਕ ਉੱਤੇ ਲਗਾਉਂਦੇ ਹਨ।

32 ਸਾਲਾਂ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕਰਦੇ ਰਾਹੁਲ ਬਾਰਟੈਂਡਰ ਨੂੰ ਉਸ ਦੇ ਕਾਕਟੇਲ ਵਿੱਚ ਸ਼ਾਮਲ ਰੰਮ ਬਾਰੇ ਪੁੱਛਣਾ ਪਸੰਦ ਕਰਦੇ ਹਨ ਜਾਂ ਇਸ ਤੋਂ ਵਧੀਆ ਉਨ੍ਹਾਂ ਨੂੰ ਡ੍ਰਿੰਕ ਵਿੱਚ ਖ਼ੁਦ ਰੰਮ ਦੇ ਬ੍ਰਾਂਡ ਬਾਰੇ ਅੰਦਾਜ਼ਾ ਲਗਾਉਣਾ ਪਸੰਦ ਹੈ।

ਇਹ ਇਸ ਲਈ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ਘਰੇਲੂ ਬ੍ਰਾਂਡਾਂ ਜਿਵੇਂ ਸ਼ੌਰਟ ਸਟੋਰੀ, ਮਾਕਾ ਜ਼ਾਈ ਅਤੇ ਕੈਮਿਕਾਰਾ ਦਾ ਬੋਲਬਾਲਾ ਕਾਫ਼ੀ ਵਧਿਆ ਹੈ।

ਰੰਮ ਦੀਆਂ ਵੱਖ-ਵੱਖ ਕਿਸਮਾਂ ’ਤੇ ਕੰਮ

ਉਹ ਸਪਿਰਿਟ ਬਣਾਉਣ ਦੇ ਤਰੀਕਿਆਂ ਨਾਲ ਤਜ਼ਰਬੇ ਕਰ ਰਹੇ ਹਨ।

ਇਹ ਤਜਰਬੇ ਸਪਿਰਿਟ ਦੇ ਸੁਆਦ ਪ੍ਰੋਫਾਈਲ ਅਤੇ ਇਸ ਦਾ ਆਨੰਦ ਲੈਣ ਦੇ ਤਰੀਕਿਆਂ ਬਾਰੇ ਕੀਤੇ ਜਾ ਰਹੇ ਹਨ।

ਉਹ ਰੰਮ ਪੀਣ ਵਾਲਿਆਂ ਵਿੱਚ ਰੰਮ ਬਾਰੇ ਹੋਣ ਜਾਣਕਾਰੀ ਲੈਣ ਦੀ ਉਤਸੁਕਤਾ ਪੈਦਾ ਕਰਨ ਅਤੇ ਇਸ ਨਾਲ ਜੁੜੇ ਪੁਰਾਣੀਆਂ ਧਾਰਨਾਵਾਂ ਨੂੰ ਤੋੜਨ ਲਈ ਪ੍ਰੇਰਨਾ ਦੇ ਰਹੇ ਹਨ।

ਲੰਬੇ ਸਮੇਂ ਤੋਂ, ਰੰਮ ਨੂੰ ਵਿਸ਼ਵ ਭਰ ਵਿੱਚ ਬਾਰ ਅਲਮਾਰੀਆਂ ਦੇ ਹੇਠਲੇ ਸ਼ੈਲਫ ਵਿੱਚ ਰੱਖਿਆ ਜਾਂਦਾ ਹੈ ਅਤੇ ਵਿਸਕੀ, ਕੋਗਨੈਕਸ ਅਤੇ ਜਿਨ ਨੂੰ ਅੱਗੇ ਰੱਖਿਆ ਜਾਂਦਾ ਹੈ।

ਰੰਮ ਦੀ ਪ੍ਰਦਰਸ਼ਨੀ ਨਹੀਂ ਸੀ ਕੀਤੀ ਜਾਂਦੀ ਬਲਕਿ ਇਹ ਉੁਨ੍ਹਾਂ ਲੋਕਾਂ ਲਈ ਸੀ ਜੋ ਉਚੇਚੇ ਤੌਰ ’ਤੇ ਇਸ ਦੀ ਮੰਗ ਕਰਨ।

ਭਾਰਤ ਵਿੱਚ, ਰੰਮ ਇੱਕ ਪ੍ਰਸਿੱਧ ਡਰਿੰਕ ਰਿਹਾ ਹੈ ਕਿਉਂਕਿ ਇਹ ਸਸਤਾ ਅਤੇ ਆਸਾਨੀ ਨਾਲ ਉਪਲਬਧ ਹੈ। ਪਰ ਇਹ ਇੱਕ ਸਪਿਰਿਟ ਨਹੀਂ ਹੈ ਜਿਸ ਨਾਲ ਬਹੁਤ ਸਾਰੇ ਪ੍ਰਯੋਗ ਕੀਤੇ ਗਏ ਹਨ।

ਪਰ ਇਹ ਬਦਲ ਰਿਹਾ ਹੈ ਕਿਉਂਕਿ ਰੰਮ ਇੱਕ ਕ੍ਰਾਂਤੀ ਦੇ ਸਮੇਂ ਵਿੱਚੋਂ ਲੰਘ ਰਹੀ ਹੈ ਇਸ ਦੀਆਂ ਵੱਖ-ਵੱਖ ਕਿਸਮਾਂ ’ਤੇ ਕੰਮ ਕੀਤਾ ਜਾ ਰਿਹਾ ਹੈ।

ਮੁੱਖ ਤੌਰ 'ਤੇ ਵੱਡੇ ਸ਼ਹਿਰਾਂ ਵਿੱਚ ਵਧ ਰਹੀ ਆਮਦਨੀ ਦੇ ਨਾਲ-ਨਾਲ ਲੋਕ ਸ਼ਰਾਬ ਨਾਲ ਪ੍ਰਯੋਗ ਕਰਨ ਲਈ ਵੀ ਤਿਆਰ ਹੋ ਰਹੇ ਹਨ।

ਕਾਊਂਟਰਟੌਪ ਇੰਡੀਆ ਦੇ ਇੱਕ ਮਿਸ਼ਰਣ ਵਿਗਿਆਨੀ ਅਤੇ ਸੰਸਥਾਪਕ, ਅਰਿਜੀਤ ਬੋਸ ਕਹਿੰਦੇ ਹਨ, "ਡਿਸਟਿਲਰ ਸਪਿਰਿਟ ਨਾਲ ਨਵੇਂ ਪ੍ਰਯੋਗ ਕਰ ਰਹੇ ਹਨ ਜੋ ਪਹਿਲਾਂ ਕਦੇ ਨਹੀਂ ਹੋਏ ਸਨ।”

“ਇੱਥੋਂ ਤੱਕ ਕਿ ਜਪਾਨ, ਥਾਈਲੈਂਡ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਵੀ ਇਸ ਤਰੀਕੇ ਦੇ ਪ੍ਰਯੋਗ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਰੰਮ ਦੇ ਉਤਪਾਦਨ ਲਈ ਨਹੀਂ ਜਾਣਿਆ ਜਾਂਦਾ ਹੈ।

ਇੰਡੀਅਨ ਕੌਂਸਲ ਫ਼ਾਰ ਰਿਸਰਚ ਆਨ ਇੰਟਰਨੈਸ਼ਨਲ ਇਕਨਾਮਿਕ ਰਿਲੇਸ਼ਨਜ਼ ਮੁਤਾਬਕ, 2020 ਵਿੱਚ ਅੰਦਾਜ਼ਨ 5250 ਕਰੋੜ ਰੁਪਏ ਦਾ ਬਾਜ਼ਾਰ ਹੋਣ ਨਾਲ, ਭਾਰਤ ਕੌਮਾਂਤਰੀ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਰਾਬ ਦੇ ਬਾਜ਼ਾਰਾਂ ਵਿੱਚ ਸ਼ਾਮਲ ਹੋ ਗਿਆ ਹੈ।

ਅਲਕੋਹਲ ਦਾ ਦੁਨੀਆਂ ਭਰ ਤੱਕ ਦਾ ਸਫ਼ਰ

ਰੰਮ ਦਾ ਬਜ਼ਾਰ ਵਿੱਚ 11 ਫ਼ੀਸਦ ਦਾ ਯੋਗਦਾਨ ਹੈ।

ਸਪਿਰਿਟ ਦੀਆਂ ਜੜ੍ਹਾਂ ਕੈਰੇਬੀਅਨ ਮੁਲਕਾਂ ਵਿੱਚ ਹਨ। ਕਮਾਦ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਗੁਲਾਮਾਂ ਨੇ ਖੋਜ ਕੀਤੀ ਕਿ ਗੁੜ ਦੀ ਵਰਤੋਂ ਅਲਕੋਹਲ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਬਸਤੀਵਾਦ ਅਤੇ ਵਪਾਰ ਨੇ ਇਸ ਨੂੰ ਦੁਨੀਆ ਭਰ ਦੇ ਦੇਸ਼ਾਂ ਤੱਕ ਪਹੁੰਚਾਇਆ।

ਭਾਰਤ ਵਿੱਚ, ਓਲਡ ਮੌਂਕ ਦਹਾਕਿਆਂ ਤੋਂ ਸਭ ਤੋਂ ਪ੍ਰਸਿੱਧ ਰੰਮ ਬ੍ਰਾਂਡ ਰਿਹਾ ਹੈ।

ਇਹ ਸਸਤੀ, ਮਿੱਠੀ ਗੂੜ੍ਹੀ ਸਪਿਰਿਟ ਨੇ ਇਹ ਪੈਮਾਨਾ ਤੈਅ ਕੀਤਾ ਹੈ ਕਿ ਰੰਮ ਦਾ ਸੁਵਾਦ ਕਿਹੋਜਿਹਾ ਹੋਣਾ ਚਾਹੀਦਾ ਹੈ। ਭਾਰਤ ਵਿੱਚ ਕਈ ਪੀੜ੍ਹੀਆਂ ਲਈ ਰੰਮ ਦਾ ਸੁਆਦ ਇੱਕੋ ਜਿਹਾ ਰਿਹਾ ਹੈ ਜੋ ਕਿ ਹੁਣ ਬਦਲ ਰਿਹਾ ਹੈ।

ਸਿਧਾਰਥ ਸ਼ਰਮਾ ਦੀ ਕੰਪਨੀ ਪਿਕਾਡਿਲੀ ਡਿਸਟਿਲਰੀਜ਼ ਰੰਮ ਐਗਰੀਕੋਲ ਫ੍ਰੈਂਚ ਸ਼ੈਲੀ ਵਿੱਚ ਰੰਮ ਬਣਾ ਰਹੀ ਹੈ।

ਇਨ੍ਹਾਂ ਨੇ ਗੰਨੇ ਦੇ ਰਸ ਤੋਂ ਹੀ ਰੰਮ ਬਣਾਈ ਹੈ ਨਾ ਕਿ ਇਸ ਨੂੰ ਗੁੜ ਤੋਂ ਬਣਾਇਆ ਹੈ।

ਇਸ ਸਮੇਂ ਭਾਰਤ ਵਿੱਚ ਇਹ ਬਹੁਤ ਘੱਟ ਹੈ ਅਤੇ ਇਹ ਸਮਝਣ ਲਈ ਕਿ ਅਜਿਹਾ ਕਿਉਂ ਹੈ, ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਭਾਰਤ ਵਿੱਚ ਰੰਮ ਕਿਵੇਂ ਬਣਦੀ ਹੈ।

ਰੰਮ ਬਾਰੇ ਖਾਸ ਗੱਲਾਂ:

  • ਰੰਮ ਦੇ ਆਲੇ ਦੁਆਲੇ ਬਹੁਤ ਸਾਰੀਆਂ ਪੁਰਾਣੀਆਂ ਕਹਾਣੀ ਮੰਡਰਾਉਂਦੀਆਂ ਹਨ
  • ਰੰਮ ਦੀਆਂ ਵੱਖ-ਵੱਖ ਕਿਸਮਾਂ ਵਿੱਚ ਫ੍ਰੈਂਚ, ਸਪੈਨਿਸ਼ ਅਤੇ ਅੰਗਰੇਜ਼ੀ ਮੁੱਖ ਹਨ
  • ਭਾਰਤ ਵਿੱਚ, ਓਲਡ ਮੌਂਕ ਦਹਾਕਿਆਂ ਤੋਂ ਸਭ ਤੋਂ ਪ੍ਰਸਿੱਧ ਰੰਮ ਬ੍ਰਾਂਡ ਰਿਹਾ ਹੈ
  • ਰੰਮ ਉਪਰ ਕਾਫ਼ੀ ਖੋਜ਼ ਹੋ ਰਹੀ ਹੈ ਅਤੇ ਨਵੇਂ-ਨਵੇਂ ਰੂਪਾਂ ਲਈ ਤਜ਼ਰਬੇ ਹੋ ਰਹੇ ਹਨ
  • ਰੰਮ ਨੂੰ ਹਰ ਮੌਸਮ ਲਈ ਮਜ਼ੇਦਾਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ

ਭਾਰਤ ਵਿੱਚ ਰੰਮ ਕਿਵੇਂ ਬਣਦੀ ਹੈ

ਵਧੇਰੇ ਕਿਫ਼ਾਇਤੀ ਰਮਾਂ ਵੱਡੇ ਪੱਧਰ 'ਤੇ ਫਰਮੈਂਟ ਕੀਤੇ ਗੁੜ ਤੋਂ ਬਣੀ ਸਪਿਰਿਟ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ।

ਗੰਨੇ ਦੇ ਰਸ ਨੂੰ ਖੰਡ ਵਿੱਚ ਪ੍ਰੋਸੈਸ ਕਰਨ ਤੋਂ ਬਾਅਦ ਇੱਕ ਗੂੜ੍ਹਾ, ਚਿਪਕਣ ਵਾਲਾ ਪਦਾਰਥ ਪਿੱਛੇ ਰਹਿ ਜਾਂਦਾ ਹੈ।

ਸਪਿਰਿਟ ਨੂੰ ਵਧੇਰੇ ਸੁਆਦਲਾ ਫ਼ਲੇਵਰ ਦੇਣ ਲਈ ਖੰਡ ਅਤੇ ਕੈਰਾਮਲ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਨ੍ਹਾਂ ਰਮਾਂ ਦਾ ਉਦਪਾਦਮ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ ਵਿੱਚ ਇਸ ਲਈ ਲੋੜੀਂਦਾ ਕੱਚਾ ਮਾਲ ਮੌਜੂਦ ਹੈ। ਇਨ੍ਹਾਂ ਦੀ ਕੀਮਤ ਵੀ ਘੱਟ ਰੱਖੀ ਜਾਂਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਰਮਾਂ ਵਿੱਚ ਅਜਿਹੀ ਗੁਣਵੱਤਾ ਅਤੇ ਸੁਆਦ ਦੀ ਘਾਟ ਹੈ ਜੋ ਵਿਦੇਸ਼ਾਂ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰੀਮੀਅਮ ਕਿਸਮਾਂ ਵਿੱਚ ਹੈ।

ਭਾਰਤੀ ਬ੍ਰਾਂਡ ਕੌਫੀ ਅਤੇ ਮਸਾਲੇ ਵਰਗੀਆਂ ਨਵੀਆਂ ਸਮੱਗਰੀਆਂ ਸ਼ਾਮਲ ਕਰਕੇ ਗੁੜ-ਸਪ੍ਰਿਟ ਰੰਮਜ਼ ਨੂੰ ਸੁਆਦਲਾ ਬਣਾ ਰਹੀਆਂ ਹਨ।

ਸਵਾਦ ਨੂੰ ਵਧਾਉਣ ਲਈ ਕੌਮਾਂਤਰੀ ਪੱਧਰ 'ਤੇ ਮੌਜੂਦ ਪੁਰਾਣੀਆਂ ਰਮਾਂ ਵਿੱਚ ਮਿਲਾ ਕੇ ਤਜ਼ਰਬਾ ਕੀਤਾ ਜਾ ਰਿਹਾ ਹੈ।

ਫਿਰ ਕੈਮਿਕਾਰਾ ਵਰਗੇ ਬ੍ਰਾਂਡ ਹਨ, ਜੋ ਡਿਸਟਿਲੇਸ਼ਨ ਅਤੇ ਪੁਰਾਣੀ ਪ੍ਰਕਿਰਿਆ ਦੇ ਨਾਲ ਪ੍ਰਯੋਗ ਕਰ ਰਹੇ ਹਨ। ਇਨ੍ਹਾਂ ਵਿੱਚ ਬੇਸ ਸਪਿਰਿਟ ਨੂੰ ਵੀ ਬਦਲਿਆ ਜਾ ਰਿਹਾ ਹੈ।

ਥਰਡ ਆਈ ਡਿਸਟਲਰੀ ਦੀ ਸ਼ੌਰਟ ਸਟੋਰੀ ਰੰਮ ਪਿਛਲੇ ਸਾਲ ਲਾਂਚ ਹੋਈ ਸੀ। ਇਹ ਕੈਰੀਬੀਅਨ ਰੰਮ ਦਾ ਸਵਾਦ ਦਿੰਦੀ ਹੈ। ਕੈਰੀਬੀਅਨ ਮੁਲਕ ਦੁਨੀਆਂ ਦੀ ਸਭ ਤੋਂ ਸਾਨਦਾਰ ਰੰਮ ਬਣਾਉਣ ਲਈ ਜਾਣੇ ਜਾਂਦੇ ਹਨ।

ਦੋ ਸਾਲ ਪਹਿਲਾਂ ਸਟਿਲਡਿਸਟਲਿੰਗ ਨੇ ਮਾਕਾ ਜ਼ਾਈ ਨੂੰ ਲਾਂਚ ਕੀਤਾ ਗਿਆ। ਇਹ ਸਪਿਰਿਟ ਦਾ ਪ੍ਰਯੋਗ ਕਰਨ ਵਾਲੇ ਸਭ ਤੋਂ ਪੁਰਾਣੇ ਘਰੇਲੂ ਬ੍ਰਾਂਡਾਂ ਵਿੱਚੋਂ ਇੱਕ ਹੈ।

ਰੰਮ ਨੂੰ ਹਰ ਮੌਸਮ ਲਈ ਬਣਾਉਣ ਦੀ ਕੋਸ਼ਿਸ਼

ਰੰਮ ਦੇ ਆਲੇ ਦੁਆਲੇ ਬਹੁਤ ਸਾਰੀਆਂ ਪੁਰਾਣੀਆਂ ਕਹਾਣੀ ਮੰਡਰਾਉਂਦੀਆਂ ਹਨ।

ਜਿਵੇਂ ਕਿ ਇਹ ਸਿਰਫ਼ ਸਰਦ ਰੁੱਤ ਲਈ ਹੈ ਜਾਂ ਇਸ ਨੂੰ ਪੀਣ ਦਾ ਇੱਕੋ ਇੱਕ ਤਰੀਕਾ ਹੈ ਕਿ ਕੋਕ ਨਾਲ ਪੀਤੀ ਜਾਵੇ।

ਸਟਿਲਡਿਸਟੀਲਿੰਗ ਸਪਿਰਿਟਸ ਦੀ ਸੰਸਥਾਪਕ, ਕਸਤੂਰੀ ਬੈਨਰਜੀ ਕਹਿੰਦੀ ਹੈ, "ਅਸੀਂ ਇਨ੍ਹਾਂ ਧਾਰਨਾਵਾਂ ਨੂੰ ਤੋੜਨਾ ਚਾਹੁੰਦੇ ਸੀ ਅਤੇ ਰੰਮ ਨੂੰ ਆਨੰਦ ਲੈਣ ਲਈ ਇੱਕ ਵਧੀਆ ਪਰ ਮਜ਼ੇਦਾਰ ਪੀਣ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸੀ, ਕਾਕਟੇਲ ਦੇ ਰੂਪ ਵਿੱਚ ਜਾਂ ਜਿਵੇਂ ਕੋਗਨੈਕ ਹੈ।"

ਫੁਲਰਟਨ ਡਿਸਟਿਲਰੀਜ਼ ਦੀ ਸੇਗਰੇਡੋ ਅਲਡੀਆ ਵੀ ਦੋ ਸਾਲ ਪਹਿਲਾਂ ਮਾਰਕੀਟ ਵਿੱਚ ਆਈ ਸੀ ਅਤੇ ਇੱਕ ਸਫ਼ੈਦ ਅਤੇ ਕੈਫੇ ਰੰਮ ਵਜੋਂ ਇਸ ਨੂੰ ਪੇਸ਼ ਕੀਤਾ ਗਿਆ ਸੀ।

ਦੋਵੇਂ ਗੰਨੇ ਅਤੇ ਗੁੜ ਦੇ ਸੁਮੇਲ ਤੋਂ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਕੈਫੇ ਰੰਮ ਨੂੰ ਦੱਖਣੀ ਭਾਰਤ ਤੋਂ ਪ੍ਰਾਪਤ ਭੁੰਨੇ ਹੋਏ ਕੌਫੀ ਬੀਨਜ਼ ਨਾਲ ਬਣਾਇਆ ਗਿਆ ਹੈ।

ਪ੍ਰੀਮੀਅਮ ਜਾਂ "ਕਰਾਫਟ" ਵਜੋਂ ਬਾਜ਼ਾਰ ਵਿੱਚ ਲਿਆਦੀਆਂ ਗਈਆਂ ਇਨ੍ਹਾਂ ਰੰਮਾਂ ਦੀ ਕੀਮਤ ਵੀ ਕਾਫ਼ੀ ਹੈ। ਇੱਕ 750 ਮਿਲੀਲੀਟਰ ਦੀ ਬੋਤਲ ਦੀ ਕੀਮਤ 1 ਹਜ਼ਾਰ ਰੁਪਏ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਹੈ।

ਹਾਲਾਂਕਿ ਇਹ ਕੀਮਤ ਕਿਸੇ ਚੰਗੀ ਵਿਸਕੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ।

ਭਾਰਤੀ ਰੰਮ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਅਜੇ ਵੀ ਉਪਭੋਗਤਾ ਰੰਮ ਲਈ ਚੰਗੇ ਪੈਸੇ ਦੇਣ ਦੀ ਮਾਨਸਿਕਤਾ ਤੋਂ ਬਹੁਤ ਦੂਰ ਹਨ। ਪਰ ਉਹ ਬਦਲਾਅ ਦੀ ਆਸ ਕਰਦੇ ਹਨ।

ਉਨ੍ਹਾਂ ਲਈ ਲਾਗਤ ਦੇ ਮੁਕਾਬਲੇ ਗਾਹਕ ਅਧਾਰ ਨੂੰ ਵਧਾਉਣਾ ਇੱਕ ਵੱਡੀ ਚੁਣੌਤੀ ਹੈ। ਲੋਕਾਂ ਵਿੱਚ ਰੰਮ ਪ੍ਰਤੀ ਸਮਝ ਦੀ ਘਾਟ ਹੈ।

ਵੱਖ-ਵੱਖ ਤਰ੍ਹਾਂ ਦੀ ਰੰਮ

ਰੰਮ ਦੀਆਂ ਵੱਖ-ਵੱਖ ਕਿਸਮਾਂ ਵਿੱਚ ਫ੍ਰੈਂਚ, ਸਪੈਨਿਸ਼ ਅਤੇ ਅੰਗਰੇਜ਼ੀ ਮੁੱਖ ਹਨ।

ਸਿਧਾਰਥ ਕਹਿੰਦੇ ਹਨ, “ਇਨ੍ਹਾਂ ਵਿੱਚੋਂ ਹਰੇਕ ਤਰੀਕੇ ਦੀ ਰੰਮ ਦੀ ਵੱਖੋ-ਵੱਖਰੇ ਤਰੀਕੇ ਨਾਲ ਵਿਆਖਿਆ ਕੀਤੀ ਜਾਂਦੀ ਹੈ।

ਪਰ ਬ੍ਰਾਂਡਾਂ ਦਾ ਕਹਿਣਾ ਹੈ ਕਿ ਖਪਤਕਾਰ ਨਵੇਂ ਅਲਕੋਹਲ ਦੇ ਨਾਲ ਪ੍ਰਯੋਗ ਕਰਨ ਵਿੱਚ ਬਹੁਤ ਜ਼ਿਆਦਾ ਸਹਿਜ ਹੋ ਗਏ ਹਨ।

ਕੁਝ ਸਾਲ ਪਹਿਲਾਂ ਭਾਰਤ ਵਿੱਚ ਜਿਨ ਦੀ ਵਧੀ ਲੋਕਪ੍ਰਿਅਤਾ ਕਾਫ਼ੀ ਵਧੀ ਸੀ। ਹੁਣ ਰੰਮ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਸਕਾਰਾਤਮਕ ਭਾਵਨਾ ਕੌਮਾਂਤਰੀ ਰੰਮ ਬ੍ਰਾਂਡਾਂ ਨੂੰ ਆਪਣੇ ਉਤਪਾਦਾਂ ਨੂੰ ਭਾਰਤ ਵਿੱਚ ਲਿਆਉਣ ਲਈ ਉਤਸ਼ਾਹਿਤ ਕਰ ਰਹੀ ਹੈ।

ਫ਼ਰੈਂਚ ਕਾਰੀਗਰ ਰੰਮ ਬ੍ਰਾਂਡ ਪਲਾਂਟੇਸ਼ਨ ਪਿਛਲੇ ਸਾਲ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ।

ਭਾਰਤੀ ਖ਼ਪਤਕਾਰਾਂ ਨੂੰ ਕੈਰੇਬੀਅਨ, ਜਮੈਕਾ, ਬਾਰਬਾਡੋਸ ਅਤੇ ਤ੍ਰਿਨੀਦਾਦ ਵਰਗੇ ਕਈ ਬ੍ਰਾਂਡਾਂ ਦਾ ਅਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ ਜੋ ਕਿ ਵੱਖ-ਵੱਖ ਦੇਸ਼ਾਂ ਵਿੱਚ ਤਿਆਰ ਕੀਤੇ ਗਏ ਹਨ।

ਪਰਨੋਡ ਰਿਕਾਰਡ ਨੇ ਪਿਛਲੇ ਸਾਲ ਭਾਰਤ ਵਿੱਚ ਹਵਾਨਾ ਕਲੱਬ 7, ਇੱਕ ਆਧੁਨਿਕ ਕਿਊਬਨ ਡਾਰਕ ਰੰਮ ਨੂੰ ਲਾਂਚ ਕੀਤਾ ਸੀ।

ਭਾਰਤ ਵਿੱਚ ਚੁਣੌਤੀਆਂ

ਪਰ ਅਲੋਚਕਾਂ ਦਾ ਕਹਿਣਾ ਹੈ ਕਿ ਘਰੇਲੂ ਬਾਜ਼ਾਰ 'ਤੇ ਸਾਰੇ ਪ੍ਰਯੋਗਾਂ ਦੇ ਬਾਵਜੂਦ ਭਾਰਤ ਨੂੰ ਅਜੇ ਵੀ ਬਹੁਤ ਲੰਮਾ ਸਫ਼ਰ ਤੈਅ ਕਰਨਾ ਪੈਣਾ ਹੈ।

ਇਸ ਤੋਂ ਪਹਿਲਾਂ ਕਿ ਉਹ ਵਿਸ਼ਵ ਰੰਮ ਦੀ ਪੇਸ਼ਕਸ਼ ਕਰ ਸਕੇ ਜੋ ਅਸਲ ਅਰਥਾਂ ਵਿੱਚ "ਕਰਾਫਟ" ਜਾਂ ਪ੍ਰੀਮੀਅਮ ਹਨ। ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਰੰਮ ਨੂੰ ਬਣਾਉਣਾ ਮਹਿੰਗਾ ਅਤੇ ਲੰਬੇ ਸਮੇਂ ਵਿੱਚ ਕੀਤਾ ਜਾਣ ਵਾਲਾ ਕਾਰਜ ਹੈ।

ਇਸ ਸਮੇਂ ਰੰਮ ਦੇ ਨਾਲ ਪ੍ਰਯੋਗ ਕਰਨ ਵਾਲੀਆਂ ਬਹੁਤ ਸਾਰੀਆਂ ਘਰੇਲੂ ਡਿਸਟਿਲਰੀਜ਼ ਛੋਟੇ ਆਕਾਰ ਦੀਆਂ ਹਨ ਅਤੇ ਪ੍ਰਾਇਮਰੀ ਡਿਸਟਿਲੇਸ਼ਨ ਯੂਨਿਟਾਂ (ਜਿੱਥੇ ਗੁੜ-ਆਧਾਰਿਤ ਸਪਿਰਟ ਫਰਮੈਂਟ ਕੀਤੇ ਗੁੜ ਤੋਂ ਪੈਦਾ ਹੁੰਦੀ ਹੈ) ਸਥਾਪਤ ਕਰਨ ਲਈ ਲੋੜੀਂਦੇ ਫੰਡਾਂ ਦੀ ਘਾਟ ਹੈ।

ਉਹ ਆਪਣਾ ਪ੍ਰਭਾਵ ਪਾਉਣ ਲਈ ਸਥਾਨਕ ਉਤਪਾਦਕਾਂ 'ਤੇ ਭਰੋਸਾ ਕਰਦੇ ਹਨ, ਉਹ ਬੁਨਿਆਦ ਜਿਸ 'ਤੇ ਉਨ੍ਹਾਂ ਦੀ ਰੰਮ ਬਣੀ ਹੋਈ ਹੈ।

ਬੋਸ ਦੱਸਦੇ ਹਨ, "ਜਦੋਂ ਰੰਮ ਜਾਂ ਵਿਸਕੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਪ੍ਰਾਇਮਰੀ ਡਿਸਟਿਲੇਸ਼ਨ ਮਹੱਤਵਪੂਰਨ ਹੁੰਦੀ ਹੈ।"

"ਪਰ ਭਾਰਤ ਵਿੱਚ ਇੱਕ ਪ੍ਰਾਇਮਰੀ ਡਿਸਟਿਲੇਸ਼ਨ ਲਾਇਸੈਂਸ ਪ੍ਰਾਪਤ ਕਰਨਾ ਔਖਾ ਹੈ। ਜਦੋਂ ਤੁਸੀਂ ਆਪਣੇ ਲਈ ਕਿਸੇ ਬਾਹਰੀ ਸਰੋਤ 'ਤੇ ਭਰੋਸਾ ਕਰਦੇ ਹੋ, ਤਾਂ ਤੁਸੀਂ ਇਸਦੀ ਗੁਣਵੱਤਾ ਦੀ ਗਾਰੰਟੀ ਨਹੀਂ ਦੇ ਸਕਦੇ।"

ਦੂਜਾ, ਵਿਸਕੀ ਦੀ ਤਰ੍ਹਾਂ, ਰੰਮ ਨੂੰ ਇੱਕ ਡੂੰਗਾ, ਭਰਪੂਰ ਸੁਆਦ ਪ੍ਰਾਪਤ ਕਰਨ ਲਈ ਘੱਟੋ ਘੱਟ ਦੋ ਸਾਲ ਤੱਕ ਰੱਖਿਆ ਜਾਣਾ ਚਾਹੀਦਾ ਹੈ।

ਪਰ ਵੇਅਰਹਾਊਸਿੰਗ ਮਹਿੰਗਾ ਹੈ, ਵਰਤੀ ਗਈ ਲੱਕੜ ਦੀ ਕਿਸਮ ਦੇ ਆਧਾਰ 'ਤੇ ਬੈਰਲਾਂ ਦੀ ਕੀਮਤ ਹਜ਼ਾਰਾਂ ਰੁਪਏ ਹੈ।

ਬੋਸ ਕਹਿੰਦੇ ਹਨ ਕਿ ਇਹ ਬ੍ਰਾਂਡ ਯਕੀਨੀ ਤੌਰ 'ਤੇ ਰੰਮ ਦੇ ਆਲੇ-ਦੁਆਲੇ ਗੱਲਬਾਤ ਸ਼ੁਰੂ ਕਰਨ ਵਿੱਚ ਮਦਦ ਕਰ ਰਹੇ ਹਨ। ਇਸ ਨੂੰ ਇਸ ਦਿਸ਼ਾ ਵੱਲ ਇੱਕ ਵੱਡੀ ਛਾਲ ਕਿਹਾ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)