ਇਸ ਮੁਲਕ ਵਿੱਚ ਅਣਗੋਲਿਆ ਕਟਹਲ ਕਿਵੇਂ ਲੋਕਾਂ ਦੀ ਜਾਨ ਬਚਾ ਰਿਹਾ ਹੈ

    • ਲੇਖਕ, ਨਿਤਿਨ ਸ਼੍ਰੀਵਾਸਤਵ ਤੇ ਸ਼ੁਨੀਤ ਪਰੇਰਾ
    • ਰੋਲ, ਬੀਬੀਸੀ ਪੱਤਰਕਾਰ

ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੇ ਲੋਕਾਂ ਲਈ ਕਟਹਲ ਦਾ ਫਲ ਬਹੁਤ ਵੱਡਾ ਸਹਾਰਾ ਸਾਬਤ ਹੋ ਰਿਹਾ ਹੈ।

ਇੱਕ ਮਜ਼ਦੂਰ ਅਤੇ ਤਿੰਨ ਬੱਚਿਆਂ ਦੇ ਪਿਤਾ ਕਰੁਪੱਈਆ ਕੁਮਾਰ ਦਾ ਕਹਿਣਾ ਹੈ ਕਿ ਕਟਹਲ ਨੇ ਉਹਨਾਂ ਵਰਗੇ ਲੱਖਾਂ ਲੋਕਾਂ ਨੂੰ ਜਿਊਂਦਾ ਰੱਖਿਆ ਹੈ।

ਉਹ ਕਹਿੰਦਾ ਹੈ, “ਕਟਹਲ ਨੇ ਸਾਨੂੰ ਭੁੱਖਮਰੀ ਤੋਂ ਬਚਾਇਆ ਹੈ।"

ਕਦੇ ਬੇਕਾਰ ਸਮਝਿਆ ਜਾਣ ਵਾਲਾ ਇਹ ਫਲ ਹੁਣ ਸ਼੍ਰੀਲੰਕਾ ਦੇ ਲੋਕਾਂ ਲਈ ਸਹਾਰਾ ਹੈ। ਇਸ ਸਮੇਂ ਬਾਜ਼ਾਰ ਵਿੱਚ ਇੱਕ ਕਿਲੋ ਕਟਹਲ 20 ਰੁਪਏ (ਸ਼੍ਰੀਲੰਕਾਈ ਰੁਪਏ) ਵਿੱਚ ਮਿਲਦਾ ਹੈ।

40 ਸਾਲ ਦੇ ਕਰੁਪੀਆ ਕੁਮਾਰ ਕਹਿੰਦੇ ਹਨ, “ਇਸ ਆਰਥਿਕ ਸੰਕਟ ਤੋਂ ਪਹਿਲਾਂ, ਕੋਈ ਵੀ ਚੌਲ ਜਾਂ ਰੋਟੀ ਖਰੀਦ ਸਕਦਾ ਸੀ। ਪਰ ਹੁਣ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਬਹੁਤ ਸਾਰੇ ਲੋਕ ਲਗਭਗ ਰੋਜ਼ਾਨਾ ਕਟਹਲ ਖਾ ਰਹੇ ਹਨ।”

ਆਮਦਨ ਦਾ 70% ਭੋਜਨ 'ਤੇ ਖਰਚ

ਸ਼੍ਰੀਲੰਕਾ ਦੇ ਲਗਭਗ ਇੱਕ ਤਿਹਾਈ ਲੋਕ ਇਸ ਸਮੇਂ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਦੇਸ਼ ਦੇ ਅੱਧੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਆਪਣੀ ਆਮਦਨ ਦਾ 70 ਫ਼ੀਸਦੀ ਤੋਂ ਵੱਧ ਭੋਜਨ 'ਤੇ ਖਰਚ ਕਰਨ ਲਈ ਮਜਬੂਰ ਹਨ।

ਤਿੰਨ ਬੱਚਿਆਂ ਦੀ ਮਾਂ 42 ਸਾਲਾਂ ਨਦਿਕਾ ਪਰੇਰਾ ਦਾ ਕਹਿਣਾ ਹੈ, “ਅਸੀਂ ਹੁਣ ਆਪਣਾ ਭੋਜਨ ਪਿਛਲੇ ਸਾਲ ਤੱਕ 12 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ 5 ਡਾਲਰ ਸੀ।”

ਧੂੰਏਂ ਕਾਰਨ ਅੱਖਾਂ 'ਚੋਂ ਨਿਕਲਦੇ ਹੰਝੂ ਪੂੰਝਦਿਆਂ ਉਹ ਦੱਸਦੇ ਹਨ ਕਿ ਹੁਣ ਸਿਲੰਡਰ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਖਾਣਾ ਬਣਾਉਣ ਦਾ ਰਵਾਇਤੀ ਤਰੀਕਾ ਹੀ ਇੱਕ ਹੱਲ ਬਚਦਾ ਹੈ।

ਸਾਲ 2022 ਵਿੱਚ ਇਤਿਹਾਸ ਦੇ ਸਭ ਤੋਂ ਭੈੜੇ ਵਿੱਤੀ ਸੰਕਟ ਨਾਲ ਜੂਝਣ ਤੋਂ ਬਾਅਦ, ਸ਼੍ਰੀਲੰਕਾ ਵਿੱਚ ਲੋਕਾਂ ਦੀ ਆਮਦਨ ਘੱਟ ਗਈ ਹੈ ਅਤੇ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਪਿਛਲੇ ਸਾਲ 9 ਜੁਲਾਈ ਨੂੰ ਕਈ ਮਹੀਨਿਆਂ ਤੋਂ ਬਿਜਲੀ ਕੱਟਾਂ ਅਤੇ ਈਂਧਨ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ 'ਤੇ ਕਬਜ਼ਾ ਕਰ ਲਿਆ ਸੀ।

ਅਜਿਹੇ ਹਾਲਾਤ ਵਿੱਚ ਉਸ ਨੂੰ ਘਰ ਛੱਡ ਕੇ ਭੱਜਣਾ ਪਿਆ ਸੀ।

ਹਾਲਾਂਕਿ, ਇਸ ਤੋਂ ਬਾਅਦ ਸਰਕਾਰ ਆਈਐੱਮਐੱਫ ਤੋਂ ਬੇਲਆਊਟ ਪੈਕੇਜ ਲੈਣ ਵਿੱਚ ਸਫਲ ਰਹੀ। ਉਸ ਦੇ ਬਾਵਜੂਦ ਵੀ ਹੁਣ ਇੱਥੇ ਗਰੀਬੀ ਦੀ ਦਰ ਦੁੱਗਣੀ ਹੋ ਗਈ ਹੈ।

ਨਦਿਕਾ ਰਾਜਧਾਨੀ ਕੋਲੰਬੋ ਵਿੱਚ ਦੋ ਬੈੱਡਰੂਮ ਵਾਲੇ ਘਰ ਵਿੱਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ।

ਉਹ ਨੈਸ਼ਨਲ ਕੈਰਮ ਚੈਂਪੀਅਨਸ਼ਿਪ ਦੀ ਸਾਬਕਾ ਉਪ ਜੇਤੂ ਰਹੀ ਹੈ ਅਤੇ ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ।

ਕੈਰਮ ਏਸ਼ੀਆ ਵਿੱਚ ਇੱਕ ਪ੍ਰਸਿੱਧ ਖੇਡ ਹੈ, ਪਰ ਮੌਜੂਦਾ ਸਥਿਤੀ ਵਿੱਚ, ਰੈਫਰੀ ਵਜੋਂ ਉਨ੍ਹਾਂ ਦੀ ਕਮਾਈ ਹੁਣ ਰੁਕ ਗਈ ਹੈ।

ਉਹਨਾਂ ਦੇ ਪਤੀ ਹੁਣ ਪੈਸੇ ਲਈ ਕਿਰਾਏ 'ਤੇ ਟੈਕਸੀ ਚਲਾਉਂਦੇ ਹਨ।

ਨਦਿਕਾ ਕਹਿੰਦੀ ਹੈ, “ਅਸੀਂ ਹੁਣ ਮੀਟ ਜਾਂ ਅੰਡੇ ਨਹੀਂ ਖਰੀਦ ਸਕਦੇ ਕਿਉਂਕਿ ਕੀਮਤਾਂ ਛੇ ਗੁਣਾ ਵੱਧ ਗਈਆਂ ਹਨ। ਬੱਚੇ ਵੀ ਅਕਸਰ ਸਕੂਲ ਨਹੀਂ ਜਾਂਦੇ ਕਿਉਂਕਿ ਅਸੀਂ ਜ਼ਿਆਦਾ ਖਰਚਾ ਹੋਣ ਕਾਰਨ ਉਨ੍ਹਾਂ ਨੂੰ ਬੱਸ ਵਿੱਚ ਨਹੀਂ ਭੇਜ ਸਕਦੇ।

ਉਹ ਅਰਦਾਸ ਕਰਦੇ ਹਨ ਕਿ ਇੱਕ ਦਿਨ ਗੈਸ ਅਤੇ ਬਿਜਲੀ ਸਸਤੀ ਹੋ ਜਾਵੇ।

ਸ਼੍ਰੀਲੰਕਾ 'ਚ ਮਹਿੰਗਾਈ ਦੀ ਦਰ ਹੁਣ ਕਾਫੀ ਹੇਠਾਂ ਆ ਗਈ ਹੈ। ਦੇਸ਼ 'ਚ ਮਹਿੰਗਾਈ ਦਰ ਫ਼ਰਵਰੀ 'ਚ 54 ਫੀਸਦੀ ਸੀ, ਜੋ ਜੂਨ 'ਚ ਘੱਟ ਕੇ 12 ਫੀਸਦੀ 'ਤੇ ਆ ਗਈ।

ਇਸ ਦੇ ਬਾਵਜੂਦ ਸਰਕਾਰ ਵਧੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਹਾਲੇ ਵੀ ਸੰਘਰਸ਼ ਕਰ ਰਹੀ ਹੈ।

ਸ਼੍ਰੀਲੰਕਾ ਦੇ ਆਰਥਿਕ ਸੰਕਟ ਬਾਰੇ ਖਾਸ ਗੱਲਾਂ:

  • ਦੇਸ਼ ’ਚ ਕਰੀਬ ਇੱਕ ਤਿਹਾਈ ਲੋਕ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਹਨ
  • ਵੱਡੀ ਗਿਣਤੀ ਲੋਕ ਕਟਹਲ ਖਾ ਕੇ ਭੁੱਖਮਰੀ ਤੋਂ ਬਚ ਰਹੇ ਹਨ
  • ਲੋਕ ਅਰਦਾਸ ਕਰਦੇ ਹਨ ਕਿ ਇੱਕ ਦਿਨ ਗੈਸ ਅਤੇ ਬਿਜਲੀ ਸਸਤੀ ਹੋ ਜਾਵੇ
  • ਦੇਸ਼ ਵਿੱਚ ਲੋਕਾਂ ਲਈ ਸਿਹਤ ਸਹੂਲਤਾਂ ਦੀ ਹਾਲੇ ਵੀ ਕਮੀ ਹੈ

ਪਿੰਡਾਂ ’ਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ

ਰਤਨਾਪੁਰਾ ਸ਼ਹਿਰ ਕੋਲੰਬੋ ਤੋਂ 160 ਕਿਲੋਮੀਟਰ ਦੱਖਣ ਵੱਲ ਰਬੜ ਅਤੇ ਚਾਹ ਦੇ ਬਾਗਾਂ ਨਾਲ ਭਰੀਆਂ ਪਹਾੜੀਆਂ ਵਿਚਕਾਰ ਸਥਿਤ ਹੈ।

ਕਰੁਪੱਈਆ ਕੁਮਾਰ ਆਪਣੀ ਰੋਜ਼ੀ-ਰੋਟੀ ਲਈ ਨਾਰੀਅਲ ਦੇ ਦਰੱਖਤਾਂ 'ਤੇ ਚੜ੍ਹਦੇ ਹਨ। ਦਰੱਖਤ 'ਤੇ ਚੜ੍ਹਨ ਲਈ ਉਨ੍ਹਾਂ ਨੂੰ 200 ਸ਼੍ਰੀਲੰਕਾਈ ਰੁਪਏ ਮਿਲਦੇ ਹਨ।

ਉਹ ਕਹਿੰਦਾ ਹੈ, “ਮਹਿੰਗਾਈ ਬਹੁਤ ਜ਼ਿਆਦਾ ਹੈ। ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਣਾ ਹੈ। ਅਜਿਹੇ 'ਚ ਮੇਰੇ ਕੋਲ ਭੋਜਨ ਲਈ ਬਹੁਤ ਘੱਟ ਪੈਸੇ ਬਚੇ ਹਨ।”

ਕਰੁਪੱਈਆ ਦੀ ਪਤਨੀ ਰਬੜ ਟੈਪਿੰਗ ਦਾ ਕੰਮ ਕਰਦੀ ਹੈ। ਇਸ ਦੇ ਲਈ ਉਨ੍ਹਾਂ ਨੂੰ ਰਬੜ ਦੇ ਦਰੱਖਤ ਵਿੱਚ ਨਾਲੀ ਵਰਗਾ ਕੱਟ ਬਣਾ ਕੇ ਰਬੜ ਦਾ ਦੁੱਧ ਕੱਢਣ ਦਾ ਤਰੀਕਾ ਲੱਭਣਾ ਪੈਂਦਾ ਹੈ। ਪਰ ਬਰਸਾਤ ਕਾਰਨ ਉਸ ਦਾ ਕੰਮ ਰੁਕ ਗਿਆ ਹੈ।

ਆਪਣੇ ਕੰਮ ਨਾਲ ਜੁੜੇ ਜੋਖਮਾਂ ਬਾਰੇ ਦੱਸਦੇ ਹੋਏ, ਉਹ ਕਹਿੰਦਾ ਹੈ, "ਭਾਵੇਂ ਬਾਰਿਸ਼ ਹੋ ਰਹੀ ਹੈ ਪਰ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦੀ ਜ਼ਰੂਰਤ ਕਾਰਨ ਘਰ ਵਿੱਚ ਰਹਿਣ ਅਤੇ ਰੁੱਖਾਂ 'ਤੇ ਨਾ ਚੜ੍ਹਨ ਦੀ ਸਥਿਤੀ ਵਿੱਚ ਨਹੀਂ ਹਾਂ।"

ਪਾਲੇਂਡਾ ਨਾਮ ਦਾ ਇੱਕ ਪੇਂਡੂ ਇਲਾਕਾ ਰਤਨਾਪੁਰਾ ਦੇ ਨੇੜੇ ਹੀ ਹੈ। ਇੱਥੇ ਲਗਭਗ 150 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕਿਸਾਨ ਅਤੇ ਮਜ਼ਦੂਰ ਹਨ।

ਉਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਅਤੇ ਕੁਝ ਅਧਿਆਪਕ ਵਿਦਿਆਰਥੀਆਂ ਦਾ ਭਾਰ ਤੋਲ ਰਹੇ ਹਨ।

ਪ੍ਰਿੰਸੀਪਲ ਵਜ਼ੀਰ ਜ਼ਹੀਰ ਕਹਿੰਦੇ ਹਨ, “ਇੱਥੇ ਜ਼ਿਆਦਾਤਰ ਬੱਚੇ ਅਜਿਹੇ ਪਰਿਵਾਰਾਂ ਤੋਂ ਆਉਂਦੇ ਹਨ ਜੋ ਪਿਛਲੇ ਸਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ। ਇਸ ਲਈ ਅਸੀਂ ਉਨ੍ਹਾਂ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਹਰ ਹਫ਼ਤੇ ਲਈ ਦੋ ਅੰਡੇ ਸ਼ਾਮਿਲ ਸਨ।”

ਉਹ ਕਹਿੰਦਾ ਹੈ, "ਪਰ ਫਿਰ ਤੋਂ ਕੀਮਤਾਂ ਵਧਣ ਕਾਰਨ ਸਾਨੂੰ ਹਰ ਹਫ਼ਤੇ ਇੱਕ ਅੰਡਾ ਘਟਾਉਣਾ ਪਿਆ ਹੈ।"

ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਦੇ ਲਗਭਗ ਅੱਧੇ ਬੱਚੇ ਘੱਟ ਭਾਰ ਜਾਂ ਕੁਪੋਸ਼ਣ ਦੇ ਸ਼ਿਕਾਰ ਹਨ। ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਮੌਜੂਦਾ ਆਰਥਿਕ ਸੰਕਟ ਕਾਰਨ ਦੇਸ਼ ਦੀ ਸਿਹਤ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸ਼੍ਰੀਲੰਕਾ ਦੀ ਕੁੱਲ 2.2 ਕਰੋੜ ਆਬਾਦੀ ਨੂੰ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸ਼੍ਰੀਲੰਕਾ ਆਪਣੀ ਜ਼ਰੂਰਤ ਦੀਆਂ 85 ਫੀਸਦੀ ਦਵਾਈਆਂ ਦੀ ਦਰਆਮਦਗੀ ਕਰਦਾ ਹੈ। ਇਸ ਲਈ ਜਦੋਂ ਦੇਸ਼ ਵਿੱਚ ਆਰਥਿਕ ਸੰਕਟ ਪੈਦਾ ਹੋਇਆ ਅਤੇ ਮੁਦਰਾ ਭੰਡਾਰ ਘਟਿਆ ਤਾਂ ਦੇਸ਼ ਵਿੱਚ ਜ਼ਰੂਰੀ ਦਵਾਈਆਂ ਦੀ ਭਾਰੀ ਕਮੀ ਹੋ ਗਈ।

ਕੈਂਡੀ ਦੇ 75 ਸਾਲਾਂ ਰਾਜਨੀਤਕ ਵਿਗਿਆਨੀ ਪ੍ਰੋ. ਮੋਆ ਡੀ ਜ਼ੋਇਸਾ ਉਪਰ ਅਜਿਹੀ ਸਥਿਤੀ ਦਾ ਸਿੱਧਾ ਅਸਰ 'ਤੇ ਪਿਆ ਹੈ।

ਉਹਨਾਂ ਨੂੰ ਆਪਣੇ ਫੇਫੜਿਆਂ ਦੀ ਬਿਮਾਰੀ 'ਫਾਈਬਰੋਸਿਸ' ਦੇ ਇਲਾਜ ਲਈ ਭਾਰਤ ਤੋਂ ਦਵਾਈਆਂ ਖਰੀਦਣ ਲਈ ਸੰਘਰਸ਼ ਕਰਨਾ ਪਿਆ। ਅਜਿਹੇ 'ਚ 9 ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ।

ਬਿਮਾਰ ਲੋਕ ਬਹੁਤ ਪਰੇਸ਼ਾਨ ਹਨ

ਪ੍ਰੋ. ਮੋਆ ਦੀ ਪਤਨੀ ਮਾਲਿਨੀ ਡੀ ਜ਼ੋਇਸਾ ਕਹਿੰਦੇ ਹਨ, “ਉਹ ਅਜਿਹੀ ਸਥਿਤੀ ਤੋਂ ਨਿਰਾਸ਼ ਸਨ, ਫਿਰ ਵੀ ਉਹ ਆਪਣੀ ਕਿਤਾਬ ਲਿਖਦੇ ਰਹੇ। ਉਨ੍ਹਾਂ ਦੀ ਹਾਲਤ ਵਿੱਚ ਆਸਾਨੀ ਨਾਲ ਸੁਧਾਰ ਨਾ ਹੋਣ ਕਾਰਨ, ਉਹਨਾਂ ਨੂੰ ਲੱਗਦਾ ਸੀ ਕਿ ਉਹ ਮਰਨ ਵਾਲੇ ਹਨ।”

ਉਹ ਕਹਿੰਦੇ ਹਨ, “ਪਰ ਪਿਛਲੇ ਕੁਝ ਮਹੀਨੇ ਘੱਟ ਤਣਾਅ ਵਾਲੇ ਹੋ ਸਕਦੇ ਸਨ ਪਰ ਤਾਂ ਜੇਕਰ ਹਲਾਤ ਆਮ ਵਰਗੇ ਹੁੰਦੇ। ਉਹਨਾਂ ਦੀ ਮੌਤ ਤੋਂ ਬਾਅਦ, ਸਾਨੂੰ ਕਾਫ਼ੀ ਕਰਜ਼ਾ ਚੁਕਾਉਣ ਲਈ ਲੰਮਾਂ ਸੰਘਰਸ਼ ਕਰਨਾ ਪਿਆ।"

ਕੋਲੰਬੋ ਦੇ ਇਕਲੌਤੇ ਸਪੈਸ਼ਲਿਸਟ ਕੈਂਸਰ ਹਸਪਤਾਲ ਦੇ ਅੰਦਰ ਵੀ ਇਹ ਦਰਦ ਸਾਫ਼ ਦਿਖਾਈ ਦਿੱਤਾ।

ਹਸਪਤਾਲ ਅੰਦਰ ਬੈਠੀ 48 ਸਾਲਾ ਛਾਤੀ ਦੇ ਕੈਂਸਰ ਦੀ ਮਰੀਜ਼ ਰਮਾਨੀ ਅਸ਼ੋਕਾ ਅਤੇ ਉਸ ਦੇ ਪਤੀ ਅਗਲੇ ਮਹੀਨੇ ਹੋਣ ਵਾਲੀ ਕੀਮੋਥੈਰੇਪੀ ਦੀ ਦੂਜੀ ਵਾਰੀ ਨੂੰ ਲੈ ਕੇ ਚਿੰਤਤ ਹਨ।

ਰਮਾਨੀ ਅਸ਼ੋਕਾ ਦਾ ਕਹਿਣਾ ਹੈ, “ਹੁਣ ਤੱਕ ਦਵਾਈ ਹਸਪਤਾਲ ਤੋਂ ਮੁਫਤ ਮਿਲਦੀ ਸੀ। ਇੱਥੇ ਯਾਤਰਾ ਕਰਨੀ ਹਾਲੇ ਵੀ ਬਹੁਤ ਮਹਿੰਗੀ ਹੈ। ਹੁਣ ਸਾਨੂੰ ਆਪਣੀ ਦਵਾਈ ਦੁਕਾਨ ਤੋਂ ਖਰੀਦਣੀ ਪੈਂਦੀ ਹੈ ਕਿਉਂਕਿ ਇਹ ਸਟਾਕ ਵਿੱਚ ਨਹੀਂ ਹੈ।

ਸ਼੍ਰੀਲੰਕਾ ਦੇ ਸਿਹਤ ਮੰਤਰੀ ਕੇ ਰਾਮਬੂਵੇਲਾ ਦਾ ਕਹਿਣਾ ਹੈ ਕਿ ਉਹ ਮਹਿੰਗੀ ਦਵਾਈ ਅਤੇ ਇਸ ਦੀ ਕਮੀ ਤੋਂ ਜਾਣੂ ਹਨ, ਪਰ ਇਸ ਸਮੱਸਿਆ ਨੂੰ ਤੁਰੰਤ ਦੂਰ ਨਹੀਂ ਕੀਤਾ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)