ਵਿਨੋਦ ਕਾਂਬਲੀ: ਟੈਸਟ ਮੈਚ ਵਿੱਚ ਲਗਾਤਾਰ 2 ਦੋਹਰੇ ਸੈਂਕੜੇ ਲਗਾਉਣ ਵਾਲਾ ਕ੍ਰਿਕਟਰ ਕਿਉਂ ਕਾਮਯਾਬੀ ਨੂੰ ਕਾਇਮ ਨਹੀਂ ਰੱਖ ਸਕਿਆ

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

    • ਲੇਖਕ, ਨਿਤਿਨ ਸੁਲਤਾਨੇ
    • ਰੋਲ, ਬੀਬੀਸੀ ਪੱਤਰਕਾਰ

ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਨੇ ਇੱਕ ਵਾਰ ਕਬੂਲ ਕੀਤਾ ਸੀ ਕਿ ਸਚਿਨ ਤੇਂਦੁਲਕਰ ਅਕਸਰ ਉਸ ਦੇ ਸੁਪਨਿਆਂ ਵਿੱਚ ਆਉਂਦੇ ਸਨ ਅਤੇ ਉਨ੍ਹਾਂ ਨੂੰ ਮੈਦਾਨ ਵਿੱਚ ਹਰਾਉਂਦੇ ਸਨ।

ਹਾਲਾਂਕਿ, ਸਚਿਨ ਤੋਂ ਕੁਝ ਸਾਲ ਪਹਿਲਾਂ ਇੱਕ ਹੋਰ ਕ੍ਰਿਕਟਰ ਨੇ ਅਸਲ ਜ਼ਿੰਦਗੀ ਵਿੱਚ ਇਸ ਦਿੱਗਜ ਖਿਡਾਰੀ ਨਾਲ ਅਜਿਹਾ ਹੀ ਕੀਤਾ ਸੀ। ਉਸ ਕ੍ਰਿਕਟਰ ਦਾ ਨਾਂ ਕੋਈ ਹੋਰ ਨਹੀਂ ਬਲਕਿ ਵਿਨੋਦ ਕਾਂਬਲੀ ਹੈ।

ਵਿਨੋਦ ਕਾਂਬਲੀ, ਭਿੰਡੀ ਬਾਜ਼ਾਰ ਦੇ ਹਲਚਲ ਭਰਪੂਰ ਇਲਾਕੇ ਵਿੱਚ ਇੱਕ ਸਾਧਾਰਨ, ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਬਾਅਦ ਵਿੱਚ ਇਹ ਲੜਕਾ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਖਿਡਾਰੀ ਬਣ ਗਿਆ।

ਉਨ੍ਹਾਂ ਦੇ ਪਿਤਾ ਜੋ ਭਾਰਤ ਲਈ ਖੇਡਣ ਦੀ ਇੱਛਾ ਰੱਖਦੇ ਸਨ, ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਸਮਰੱਥ ਰਹੇ ਸਨ।

ਹਾਲਾਂਕਿ, ਆਪਣੇ ਦ੍ਰਿੜ ਸੰਕਲਪ ਦੇ ਦਮ 'ਤੇ ਕਾਂਬਲੀ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲੇ ਅਤੇ ਇੱਕ ਅਜਿਹਾ ਸੁਪਨਾ ਪੂਰਾ ਕੀਤਾ, ਜੋ ਕਦੇ ਪੂਰਾ ਨਹੀਂ ਹੋਇਆ। ਆਪਣੇ ਟੀਚੇ ਤੱਕ ਪਹੁੰਚਣ ਲਈ ਨੌਜਵਾਨ ਵਿਨੋਦ ਨੂੰ ਲੋਕਲ ਟਰੇਨਾਂ ਦੀਆਂ ਭੀੜ-ਭੜੱਕੇ ਵਾਲੀਆਂ ਬੋਗੀਆਂ ਵਿੱਚ ਸਫ਼ਰ ਕਰਨ ਸਮੇਤ ਨਾ ਸੋਚਣਯੋਗ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ।

ਉਹ ਅਜਿਹੀਆਂ ਟਰੇਨਾਂ ਵਿੱਚ ਸਫ਼ਰ ਕਰਦਾ ਸੀ, ਜਿਨ੍ਹਾਂ ਵਿੱਚ ਮਛੇਰੇ ਆਪਣੀਆਂ ਰੋਜ਼ਾਨਾ ਫੜੀਆਂ ਹੋਈਆਂ ਮੱਛੀਆਂ ਲੱਦ ਕੇ ਬਾਜ਼ਾਰਾਂ ਵਿੱਚ ਵੇਚਣ ਲਈ ਲੈ ਕੇ ਜਾਂਦੇ ਸਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਪਣੇ ਕੱਪੜਿਆਂ ਵਿੱਚੋਂ ਆਉਂਦੀ ਮੱਛੀ ਦੀ ਤਿੱਖੀ ਗੰਧ ਦੇ ਬਾਵਜੂਦ, ਕਾਂਬਲੀ ਦਾ ਕ੍ਰਿਕਟ ਦੀ ਪ੍ਰੈਕਟਿਸ ਕਰਨ ਦਾ ਇਰਾਦਾ ਕਦੇ ਡਾਵਾਂਡੋਲ ਨਹੀਂ ਹੋਇਆ। ਆਪਣੇ ਮੁੱਢਲੇ ਜੀਵਨ ਦੀਆਂ ਔਕੜਾਂ ਨੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ।

ਇਸ ਦੀ ਬਜਾਏ, ਉਨ੍ਹਾਂ ਨੇ ਕ੍ਰਿਕਟ ਖੇਡਣ ਅਤੇ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਕੀਤਾ।

ਬਦਕਿਸਮਤੀ ਨਾਲ, ਕਾਂਬਲੀ ਦਾ ਕਰੀਅਰ ਉੱਚ ਪੱਧਰ 'ਤੇ ਸਫਲਤਾ ਨੂੰ ਕਾਇਮ ਰੱਖਣ ਲਈ ਲੋੜੀਂਦੇ ਭਾਵਨਾਤਮਕ ਅਤੇ ਮਾਨਸਿਕ ਸਮਰਥਨ ਦੀ ਘਾਟ ਕਾਰਨ ਖਰਾਬ ਹੋ ਗਿਆ। ਉਸ ਦੀ ਵਿਲੱਖਣ ਪ੍ਰਤਿਭਾ, ਜੋ ਕਦੇ ਬਹੁਤ ਸ਼ਾਨਦਾਰ ਹੁੰਦੀ ਸੀ, ਆਖਰਕਾਰ ਬਰਬਾਦ ਹੋ ਗਈ।

ਜਿਵੇਂ-ਜਿਵੇਂ ਉਨ੍ਹਾਂ ਦਾ ਕ੍ਰਿਕਟ ਕਰੀਅਰ ਅੱਗੇ ਵਧਦਾ ਗਿਆ, ਉਵੇਂ ਹੀ ਉਹ ਭਟਕਣਾਂ ਵੀ ਵਧਦੀਆਂ ਗਈਆਂ, ਜੋ ਬਾਅਦ ਵਿੱਚ ਉਨ੍ਹਾਂ ਲਈ ਵਿਨਾਸ਼ਕਾਰੀ ਸਾਬਤ ਹੋਈਆਂ। ਇਹ ਸਨ ਸ਼ਰਾਬ ਦੀ ਲਤ, ਸ਼ੁਹਰਤ ਦਾ ਬੋਝ ਅਤੇ ਸੁਰਖੀਆਂ ਵਿੱਚ ਬਣੇ ਰਹਿਣ ਦਾ ਦਬਾਅ।

ਇਨ੍ਹਾਂ ਭਟਕਣਾਂ ਨੇ ਉਨ੍ਹਾਂ ਨੂੰ ਕੁਰਾਹੇ ਪਾ ਦਿੱਤਾ ਅਤੇ ਆਪਣੀ ਸਮਰੱਥਾ ਦੇ ਬਾਵਜੂਦ, ਉਨ੍ਹਾਂ ਦਾ ਕ੍ਰਿਕਟ ਸਫ਼ਰ ਲੰਬਾ ਅਤੇ ਸਥਿਰ ਨਹੀਂ ਰਿਹਾ।

ਇਹ ਵੀ ਪੜ੍ਹੋ-

ਆਪਣੀਆਂ ਨਿੱਜੀ ਪਰੇਸ਼ਾਨੀਆਂ ਨਾਲ ਜੂਝਣ ਤੋਂ ਬਾਅਦ, ਕਾਂਬਲੀ ਨੇ ਰਾਜਨੀਤੀ ਅਤੇ ਫਿਲਮ ਵਰਗੇ ਹੋਰ ਖੇਤਰਾਂ ਵਿੱਚ ਵੀ ਆਪਣਾ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉੱਥੇ ਵੀ ਸਫਲਤਾ ਨਸੀਬ ਨਾ ਹੋਈ।

ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਵਿਗੜਦੀ ਹਾਲਤ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਚਿੰਤਾ ਦੀ ਲਹਿਰ ਫੈਲ ਗਈ ਸੀ।

ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ, ਕਈ ਲੋਕਾਂ ਨੇ ਸਾਬਕਾ ਕ੍ਰਿਕਟਰ ਪ੍ਰਤੀ ਹਮਦਰਦੀ ਪ੍ਰਗਟਾਈ, ਜਿਨ੍ਹਾਂ ਦੀ ਤੁਲਨਾ ਕਦੇ ਕਿਸੇ ਹੋਰ ਨਾਲ ਨਹੀਂ ਬਲਕਿ ਸਚਿਨ ਤੇਂਦੁਲਕਰ ਨਾਲ ਕੀਤੀ ਜਾਂਦੀ ਸੀ।

ਉਨ੍ਹਾਂ ਦੇ ਉਭਾਰ ਅਤੇ ਪਤਨ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਬੀਬੀਸੀ ਨੇ ਉਨ੍ਹਾਂ ਦੇ ਸੰਖੇਪ, ਪਰ ਵਿਵਾਦਪੂਰਨ ਕ੍ਰਿਕਟ ਕਰੀਅਰ 'ਤੇ ਫਿਰ ਤੋਂ ਨਜ਼ਰ ਮਾਰੀ ਅਤੇ ਉਨ੍ਹਾਂ ਦੇ ਜੀਵਨ ਦੀ ਪੂਰੀ ਪੜਤਾਲ ਕੀਤੀ।

ਧਮਾਕੇਦਾਰ, ਪਰ ਪਲ ਭਰ ਦਾ ਕਰੀਅਰ

ਵਿਨੋਦ ਕਾਂਬਲੀ ਸੁਭਾਵਿਕ ਰੂਪ ਨਾਲ ਪ੍ਰਤਿਭਾਸ਼ਾਲੀ ਖੱਬੇ ਹੱਥ ਦੇ ਬੱਲੇਬਾਜ਼ ਰਹੇ, ਜੋ ਆਪਣੀ ਹਮਲਾਵਰ ਸ਼ੈਲੀ ਲਈ ਮਸ਼ਹੂਰ ਸੀ। ਬੱਲੇ ਨਾਲ ਉਨ੍ਹਾਂ ਦੀ ਪ੍ਰਤਿਭਾ ਨੇ ਉਨ੍ਹਾਂ ਨੂੰ ਸਭ ਤੋਂ ਵੱਖਰਾ ਬਣਾ ਦਿੱਤਾ, ਜਦਕਿ ਉਨ੍ਹਾਂ ਦੀ ਕਦੇ-ਕਦਾਈਂ ਸੱਜੇ ਹੱਥ ਦੀ ਗੇਂਦਬਾਜ਼ੀ ਨੇ ਉਨ੍ਹਾਂ ਦੇ ਕ੍ਰਿਕਟ ਪ੍ਰੋਫਾਈਲ ਵਿੱਚ ਬਹੁਪੱਖੀ ਪ੍ਰਤਿਭਾ ਦੀ ਇੱਕ ਪਰਤ ਜੋੜ ਦਿੱਤੀ ਸੀ।

ਕਾਂਬਲੀ ਨੇ ਆਪਣੇ ਬਚਪਨ ਦੇ ਦੋਸਤ ਸਚਿਨ ਤੇਂਦੁਲਕਰ ਨਾਲ ਮਿਲ ਕੇ ਸਕੂਲ ਕ੍ਰਿਕਟ ਵਿੱਚ ਇੱਕ ਅਜਿਹੀ ਸ਼ਾਨਦਾਰ ਸਾਂਝੇਦਾਰੀ ਕੀਤੀ ਜੋ ਇਤਿਹਾਸ ਵਿੱਚ ਦਰਜ ਹੋ ਗਈ।

ਇਸ ਜੋੜੀ ਨੇ ਹੈਰਿਸ ਸ਼ੀਲਡ ਮੈਚ ਵਿੱਚ 664 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਬਣਾਈ, ਇਹ ਇੱਕ ਅਜਿਹੀ ਉਪਲੱਬਧੀ ਸੀ ਜਿਸ ਨੇ ਰਿਕਾਰਡ ਤੋੜ ਦਿੱਤੇ ਅਤੇ ਦੋਵਾਂ ਨੂੰ ਛੋਟੀ ਉਮਰ ਵਿੱਚ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਲਿਆ ਦਿੱਤਾ।

ਇਸ ਇਤਿਹਾਸਕ ਉਪਲੱਬਧੀ ਨੇ ਉਨ੍ਹਾਂ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਸ਼ੁਰੂਆਤ ਕਰਨ ਲਈ ਦੁਆਰ ਖੋਲ੍ਹ ਦਿੱਤੇ ਅਤੇ ਇਸ ਤੋਂ ਤੁਰੰਤ ਬਾਅਦ, ਕਾਂਬਲੀ ਨੇ 1989-90 ਦੇ ਸੀਜ਼ਨ ਦੌਰਾਨ ਰਣਜੀ ਟਰਾਫੀ ਵਿੱਚ ਆਪਣੀ ਛਾਪ ਛੱਡੀ।

ਇਨ੍ਹਾਂ ਸ਼ੁਰੂਆਤੀ ਮੈਚਾਂ ਵਿੱਚੋਂ ਇੱਕ ਦੇ ਦੌਰਾਨ ਕਾਂਬਲੀ ਨੇ ਨਿਡਰ ਭਾਵਨਾ ਨਾਲ ਰਣਜੀ ਮੈਚ ਵਿੱਚ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਦਿੱਤਾ।

ਕਾਂਬਲੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ 18 ਅਕਤੂਬਰ 1991 ਨੂੰ ਪਾਕਿਸਤਾਨ ਦੇ ਖਿਲਾਫ਼ ਮੈਦਾਨ ਵਿੱਚ ਖੇਡਿਆ ਸੀ। ਉਨ੍ਹਾਂ ਨੂੰ 1993 ਵਿੱਚ ਇੰਗਲੈਂਡ ਦੇ ਖਿਲਾਫ਼ ਆਪਣਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਲਗਾਉਣ ਦਾ ਮੌਕਾ ਮਿਲਿਆ।

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੋਦ ਕਾਂਬਲੀ 1992 ਅਤੇ 1996 ਦੋਵਾਂ ਵਿਸ਼ਵ ਕੱਪਾਂ ਵਿੱਚ ਭਾਰਤੀ ਟੀਮ ਦਾ ਅਨਿੱਖੜਵਾਂ ਅੰਗ ਸਨ

ਉਹ 1992 ਅਤੇ 1996 ਦੋਵਾਂ ਵਿਸ਼ਵ ਕੱਪਾਂ ਵਿੱਚ ਭਾਰਤੀ ਟੀਮ ਦਾ ਅਨਿੱਖੜਵਾਂ ਅੰਗ ਸਨ, ਜਿਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਜ਼ਿਕਰਯੋਗ ਰਿਹਾ। 1996 ਦੇ ਵਿਸ਼ਵ ਕੱਪ ਵਿੱਚ ਕਾਂਬਲੀ ਭਾਰਤ ਦਾ ਦੂਜਾ ਸਭ ਤੋਂ ਵੱਧ ਸਕੋਰਰ ਸੀ ਅਤੇ ਉਸੇ ਟੂਰਨਾਮੈਂਟ ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਉਨ੍ਹਾਂ ਦਾ ਸ਼ਾਨਦਾਰ ਸੈਂਕੜਾ ਕਈ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਯਾਦਾਂ ਵਿੱਚ ਵਸਿਆ ਹੋਇਆ ਹੈ।

ਹਾਲਾਂਕਿ ਕਾਂਬਲੀ ਨੂੰ 1991 ਅਤੇ 2000 ਦੇ ਵਿਚਕਾਰ ਕਈ ਵਾਰ ਭਾਰਤੀ ਟੀਮ ਤੋਂ ਬਾਹਰ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਘੱਟ ਤੋਂ ਘੱਟ ਨੌਂ ਮੌਕਿਆਂ 'ਤੇ ਪ੍ਰਭਾਵਸ਼ਾਲੀ ਵਾਪਸੀ ਕੀਤੀ।

ਹਾਲਾਂਕਿ, ਟੀਮ ਵਿੱਚ ਵਾਰ-ਵਾਰ ਵਾਪਸੀ ਦੇ ਬਾਵਜੂਦ, ਉਨ੍ਹਾਂ ਦਾ ਕ੍ਰਿਕਟ ਕਰੀਅਰ ਸਥਿਰ ਨਹੀਂ ਸੀ ਅਤੇ ਉਹ ਕਦੇ ਵੀ ਸਥਾਈ ਨਿਰੰਤਰਤਾ ਹਾਸਲ ਨਹੀਂ ਕਰ ਸਕੇ। ਆਪਣੇ ਕਰੀਅਰ ਦੇ ਦੌਰਾਨ ਕਾਂਬਲੀ ਨੇ 104 ਵਨ ਡੇਅ ਇੰਟਰਨੈਸ਼ਨਲ (ਓਡੀਆਈ) ਖੇਡੇ, ਜਿਸ ਵਿੱਚ ਉਨ੍ਹਾਂ ਨੇ 2,477 ਦੌੜਾਂ ਬਣਾਈਆਂ। ਇਨ੍ਹਾਂ ਵਿੱਚ 2 ਸੈਂਕੜੇ ਅਤੇ 14 ਅਰਧ ਸੈਂਕੜੇ ਸ਼ਾਮਲ ਸਨ।

ਕਾਂਬਲੀ ਨੇ 1993 ਵਿੱਚ ਟੈਸਟ ਮੈਚ ਵਿੱਚ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦਾ ਸ਼ੁਰੂਆਤੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ਼ ਆਪਣੇ ਦੂਜੇ ਟੈਸਟ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਇਸ ਤੋਂ ਬਾਅਦ ਅਗਲੇ ਮੈਚ ਵਿੱਚ ਜ਼ਿੰਬਾਬਵੇ ਦੇ ਖਿਲਾਫ਼ ਇੱਕ ਹੋਰ ਦੋਹਰਾ ਸੈਂਕੜਾ ਬਣਾਇਆ।

ਉਨ੍ਹਾਂ ਨੇ ਸ੍ਰੀਲੰਕਾ ਦੇ ਖਿਲਾਫ਼ ਅਗਲੇ ਟੈਸਟ ਵਿੱਚ ਤੀਜਾ ਸੈਂਕੜਾ ਲਗਾਇਆ, ਜਿਸ ਨਾਲ ਉਨ੍ਹਾਂ ਦਾ ਸ਼ੁਰੂਆਤੀ ਟੈਸਟ ਕਰੀਅਰ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸ਼ਾਨਦਾਰ ਕਰੀਅਰ ਬਣ ਗਿਆ।

ਹਾਲਾਂਕਿ, ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਕਾਂਬਲੀ ਦਾ ਟੈਸਟ ਕਰੀਅਰ ਦੁਖਦਾਈ ਤੌਰ 'ਤੇ ਛੋਟਾ ਰਿਹਾ, ਜੋ ਸਿਰਫ਼ 17 ਮੈਚਾਂ ਤੱਕ ਹੀ ਚੱਲਿਆ। ਉਨ੍ਹਾਂ 17 ਮੈਚਾਂ ਵਿੱਚ 1,084 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਸੈਂਕੜੇ ਅਤੇ ਦੋ ਅਰਧ-ਸੈਂਕੜੇ ਸ਼ਾਮਲ ਸਨ ਅਤੇ ਕਈ ਮਹੱਤਵਪੂਰਨ ਰਿਕਾਰਡ ਹਾਸਲ ਕੀਤੇ, ਜਿਵੇਂ ਕਿ ਸਭ ਤੋਂ ਤੇਜ਼ 1,000 ਦੌੜਾਂ ਬਣਾਉਣ ਦਾ ਅਤੇ ਇੱਕ ਅੰਤਰਰਾਸ਼ਟਰੀ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਬਣਾਉਣ ਦਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼।

ਕਾਂਬਲੀ ਨੇ ਦੱਖਣੀ ਅਫ਼ਰੀਕਾ ਦੇ ਬੋਲੈਂਡ ਕਲੱਬ ਲਈ ਵੀ ਖੇਡਿਆ, ਜਿੱਥੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕ੍ਰਿਕਟ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਵਿਨੋਦ ਕਾਂਬਲੀ ਦਾ ਜਨਮ 18 ਜਨਵਰੀ 1972 ਨੂੰ ਮੁੰਬਈ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗਣਪਤ ਕਾਂਬਲੀ ਸਾਬਕਾ ਕ੍ਰਿਕਟਰ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੋਦ ਕਾਂਬਲੀ ਦਾ ਜਨਮ 18 ਜਨਵਰੀ 1972 ਨੂੰ ਮੁੰਬਈ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗਣਪਤ ਕਾਂਬਲੀ ਸਾਬਕਾ ਕ੍ਰਿਕਟਰ ਸਨ।

ਕ੍ਰਿਕਟ ਖੇਡਣ ਲਈ ਹੀ ਪੈਦਾ ਹੋਇਆ

ਵਿਨੋਦ ਕਾਂਬਲੀ ਦਾ ਜਨਮ 18 ਜਨਵਰੀ 1972 ਨੂੰ ਮੁੰਬਈ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗਣਪਤ ਕਾਂਬਲੀ ਸਾਬਕਾ ਕ੍ਰਿਕਟਰ ਸਨ। ਉਨ੍ਹਾਂ ਦੇ ਪਿਤਾ ਨੇ ਛੋਟੀ ਉਮਰ ਵਿੱਚ ਹੀ ਵਿਨੋਦ ਦੇ ਹੁਨਰ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਕ੍ਰਿਕਟ ਹੁਨਰ ਨੂੰ ਨਿਖਾਰਿਆ। ਉਹ ਆਪਣੇ ਪੁੱਤਰ ਨੂੰ ਭਾਰਤੀ ਟੀਮ ਲਈ ਖੇਡਦਾ ਦੇਖਣਾ ਚਾਹੁੰਦੇ ਸਨ।

ਵਿਨੋਦ ਨੇ ਇੱਕ ਇੰਟਰਵਿਊ ਵਿੱਚ ਆਪਣੇ ਪਿਤਾ ਦੇ ਅਟੁੱਟ ਵਿਸ਼ਵਾਸ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਪਿਤਾ ਜੋ ਖ਼ੁਦ ਇੱਕ ਤੇਜ਼ ਗੇਂਦਬਾਜ਼ ਸਨ, ਨੂੰ ਕ੍ਰਿਕਟ ਕਲੱਬ ਆਫ਼ ਇੰਡੀਆ ਵਿੱਚ ਚੋਣ ਟਰਾਇਲ ਲਈ ਬੁਲਾਇਆ ਗਿਆ ਸੀ।

ਹਾਲਾਂਕਿ, ਉਨ੍ਹਾਂ ਦੇ ਪਿਤਾ ਦੀ ਚੋਣ ਨਹੀਂ ਹੋ ਸਕੀ ਪਰ ਉਨ੍ਹਾਂ ਦਾ ਹੌਸਲਾ ਨਹੀਂ ਟੁੱਟਿਆ। ਇਸ ਦੀ ਬਜਾਏ, ਉਨ੍ਹਾਂ ਨੇ ਆਪਣੇ ਪੁੱਤਰ ਦੇ ਭਾਰਤ ਲਈ ਖੇਡਣ ਦੇ ਸੁਪਨੇ ਨੂੰ ਹੋਰ ਮਜ਼ਬੂਤ ਕਰ ਲਿਆ।

ਉੱਭਰਦੇ ਕ੍ਰਿਕਟਰ ਦਾ ਸ਼ੁਰੂਆਤੀ ਜੀਵਨ ਅਤੇ ਸੰਘਰਸ਼

ਵਿਨੋਦ ਦਾ ਪਰਿਵਾਰ ਸ਼ੁਰੂ ਵਿੱਚ ਭਿੰਡੀ ਬਾਜ਼ਾਰ ਵਿੱਚ ਰਹਿੰਦਾ ਸੀ, ਪਰ ਬਾਅਦ ਵਿੱਚ ਕਾਂਜੂਰਮਾਰਗ ਚਲਾ ਗਿਆ, ਜਿੱਥੇ ਉਨ੍ਹਾਂ ਦੇ ਕ੍ਰਿਕਟ ਦੇ ਸਫ਼ਰ ਨੇ ਆਕਾਰ ਲਿਆ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਨੇ ਉਨ੍ਹਾਂ ਨੂੰ ਵੱਕਾਰੀ ਸ਼ਾਰਦਾ ਆਸ਼ਰਮ ਸਕੂਲ ਵਿੱਚ ਦਾਖਲਾ ਦਿਵਾਇਆ, ਜੋ ਆਪਣੀ ਕ੍ਰਿਕਟ ਟੀਮ ਲਈ ਮਸ਼ਹੂਰ ਹੈ। ਇੱਥੋਂ ਹੀ ਇਸ ਨੌਜਵਾਨ ਲੜਕੇ ਲਈ

ਅਨੁਸ਼ਾਸਿਤ ਦਿਨਚਰਿਆ ਦੀ ਸ਼ੁਰੂਆਤ ਹੋਈ।

ਵਿਨੋਦ ਸਵੇਰੇ 5 ਵਜੇ ਉੱਠਦੇ, ਆਪਣੇ ਛੋਟੇ ਜਿਹੇ ਮੋਢਿਆਂ 'ਤੇ ਸਕੂਲ ਬੈਗ ਅਤੇ ਕ੍ਰਿਕਟ ਕਿੱਟ ਲਟਕਾਉਂਦੇ ਅਤੇ ਸਵੇਰੇ 6 ਵਜੇ ਦੀ ਲੋਕਲ ਟਰੇਨ ਫੜ ਕੇ ਸਕੂਲ ਜਾਂਦੇ। ਮੁੰਬਈ ਦੀਆਂ ਭੀੜ-ਭੜੱਕੇ ਵਾਲੀਆਂ ਰੇਲਗੱਡੀਆਂ ਆਪਣੀ ਤਰ੍ਹਾਂ ਦੀਆਂ ਚੁਣੌਤੀਆਂ ਪੇਸ਼ ਕਰਦੀਆਂ ਹਨ, ਜਿਸ ਕਾਰਨ ਵਿਨੋਦ ਨੂੰ ਸਾਮਾਨ ਵਾਲੇ ਡੱਬੇ ਵਿੱਚ ਸਫ਼ਰ ਕਰਨ ਲਈ ਮਜਬੂਰ

ਹੋਣਾ ਪੈਂਦਾ, ਜੋ ਅਕਸਰ ਮੱਛੀਆਂ ਅਤੇ ਸਬਜ਼ੀਆਂ ਵੇਚਣ ਵਾਲਿਆਂ ਨਾਲ ਭਰਿਆ ਹੁੰਦਾ ਸੀ।

ਮੱਛੀ ਦੀ ਤਿੱਖੀ ਗੰਧ ਉਨ੍ਹਾਂ ਦੇ ਕੱਪੜਿਆਂ ਵਿੱਚ ਸਮਾਈ ਰਹਿੰਦੀ ਸੀ ਪਰ ਉਹ ਦ੍ਰਿੜ ਲੜਕਾ ਅਡੋਲ ਰਿਹਾ। ਉਨ੍ਹਾਂ ਦਾ ਧਿਆਨ ਸਿਰਫ਼ ਇੱਕ ਹੀ ਚੀਜ਼ 'ਤੇ ਸੀ, ਸਮੇਂ 'ਤੇ ਅਭਿਆਸ ਲਈ ਪਹੁੰਚਣਾ ਅਤੇ ਆਪਣੇ ਹੁਨਰ ਨੂੰ ਨਿਖਾਰਨਾ।

ਸਕੂਲ ਅਤੇ ਕ੍ਰਿਕਟ ਵਿਚਕਾਰ ਸੰਤੁਲਨ ਬਣਾਉਂਦੇ ਹੋਏ ਵਿਨੋਦ ਨੇ ਅਣਥੱਕ ਮਿਹਨਤ ਕੀਤੀ। ਸਵੇਰ ਦਾ ਸਮਾਂ ਪੜ੍ਹਾਈ ਲਈ ਅਤੇ ਸ਼ਾਮ ਦਾ ਸਮਾਂ ਮੈਦਾਨ 'ਤੇ ਆਪਣੇ ਹੁਨਰ ਨੂੰ ਨਿਖਾਰਨ ਵਿੱਚ ਬਿਤਾਇਆ।

ਆਪਣੀ ਛੋਟੀ ਉਮਰ ਦੇ ਬਾਵਜੂਦ, ਉਨ੍ਹਾਂ ਨੇ ਅਕਾਦਮਿਕ ਅਤੇ ਕ੍ਰਿਕਟ ਦੋਵਾਂ ਲਈ ਕਮਾਲ ਦੀ ਵਚਨਬੱਧਤਾ ਪ੍ਰਦਰਸ਼ਿਤ ਕੀਤੀ ਅਤੇ ਕਦੇ ਵੀ ਆਪਣੇ ਹਾਲਾਤ ਦੀਆਂ ਮੁਸ਼ਕਿਲਾਂ ਨੂੰ ਆਪਣੇ ਕੰਮ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ।

ਮੈਦਾਨ 'ਤੇ ਦਿਲ ਦਹਿਲਾਉਣ ਵਾਲਾ ਪਲ

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

ਵਿਨੋਦ ਦਾ ਕ੍ਰਿਕਟ ਪ੍ਰਤੀ ਸਮਰਪਣ ਅਟੁੱਟ ਸੀ, ਇੱਥੋਂ ਤੱਕ ਕਿ ਨਿੱਜੀ ਦੁਖਾਂਤ ਦੇ ਬਾਵਜੂਦ ਵੀ। ਇੱਕ ਵਾਰ ਰਣਜੀ ਮੈਚ ਦੌਰਾਨ, ਉਨ੍ਹਾਂ ਨੂੰ ਆਪਣੀ ਮਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ। ਉਨ੍ਹਾਂ ਨੇ ਖੇਡ ਤੋਂ ਪਹਿਲਾਂ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਚ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਆਉਣਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੁਖੀ ਵਿਨੋਦ ਨੇ ਅਗਲੀ ਸਵੇਰ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ।

ਇਸ ਦੁੱਖ ਦੇ ਵਿਚਕਾਰ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਹੂਮ ਮਾਂ ਦੇ ਸੁਪਨੇ ਦੀ ਯਾਦ ਦਿਵਾਈ, ਜੋ ਆਪਣੇ ਪੁੱਤਰ ਨੂੰ ਕ੍ਰਿਕਟ ਵਿੱਚ ਅੱਗੇ ਵਧਦਾ ਦੇਖਣਾ ਚਾਹੁੰਦੀ ਸੀ। ਅੱਖਾਂ ਵਿੱਚ ਹੰਝੂ ਲੈ ਕੇ ਵਿਨੋਦ ਮੈਦਾਨ 'ਤੇ ਪਰਤੇ। ਉਸ ਦਿਨ ਉਨ੍ਹਾਂ ਨੇ ਜੋ ਵੀ ਗੇਂਦ ਖੇਡੀ, ਉਸ ਨਾਲ ਉਨ੍ਹਾਂ ਦੇ ਖਾਮੋਸ਼ ਹੰਝੂ ਵਹਿ ਰਹੇ ਸਨ, ਜੋ ਉਨ੍ਹਾਂ ਦੇ ਲਚਕੀਲੇਪਣ ਅਤੇ ਖੇਡ ਲਈ ਪਿਆਰ ਦਾ ਪ੍ਰਮਾਣ ਸਨ।

ਸਚਿਨ ਤੇਂਦੁਲਕਰ ਨਾਲ ਮੁਲਾਕਾਤ

ਵਿਨੋਦ ਕਾਂਬਲੀ ਅਤੇ ਸਚਿਨ ਤੇਂਦੁਲਕਰ ਦੀ ਦੋਸਤੀ ਬਹੁਤ ਮਸ਼ਹੂਰ ਹੈ। ਉਨ੍ਹਾਂ ਦੀ ਪਹਿਲੀ ਮੁਲਾਕਾਤ ਉਨ੍ਹਾਂ ਦੇ ਕੋਚ, ਆਚਰੇਕਰ ਸਰ ਨੇ ਕਰਵਾਈ ਸੀ। ਦੋਵਾਂ ਨੂੰ ਸ਼ਾਰਦਾ ਆਸ਼ਰਮ ਸਕੂਲ ਦੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਲਈ ਟਰਾਇਲ ਲਈ ਬੁਲਾਇਆ ਗਿਆ ਸੀ ਜੋ ਕਿ ਸ਼ਿਵਾਜੀ ਪਾਰਕ ਮੈਦਾਨ ਵਿੱਚ ਲਿਆ ਗਿਆ ਸੀ।

ਉਸ ਪਲ ਨੂੰ ਯਾਦ ਕਰਦੇ ਹੋਏ, ਵਿਨੋਦ ਨੇ ਦੱਸਿਆ, ''ਮੈਨੂੰ ਅਜੇ ਵੀ ਯਾਦ ਹੈ ਕਿ ਟਰਾਇਲ ਦੌਰਾਨ ਮੈਂ 10 ਸਾਲ ਦੇ ਘੁੰਗਰਾਲੇ ਵਾਲਾਂ ਵਾਲੇ ਲੜਕੇ ਨੂੰ ਦੇਖਿਆ ਸੀ। ਉਸ ਦਾ ਨਾਮ ਸਚਿਨ ਤੇਂਦੁਲਕਰ ਸੀ। ਉਸ ਨੂੰ ਪਹਿਲੀ ਗੇਂਦ ਖੇਡਦੇ ਹੋਏ ਦੇਖ ਕੇ ਇਹ ਸਪੱਸ਼ਟ ਹੋ ਗਿਆ ਸੀ ਕਿ ਉਹ ਖ਼ਾਸ ਹੈ। ਉਸ ਦਿਨ, ਸਾਡੀ ਦੋਸਤੀ ਸ਼ੁਰੂ ਹੋਈ ਅਤੇ ਉਦੋਂ ਤੋਂ ਹੀ ਇਹ ਪਰਵਾਨ ਚੜ੍ਹ ਰਹੀ ਹੈ।''

ਦੋਹਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਆਚਰੇਕਰ ਸਰ ਨੇ ਤੁਰੰਤ ਉਨ੍ਹਾਂ ਨੂੰ ਚੁਣ ਲਿਆ। ਇਹ ਇੱਕ ਰਿਸ਼ਤੇ ਦੀ ਸ਼ੁਰੂਆਤ ਸੀ ਜੋ ਕ੍ਰਿਕਟ ਦੇ ਮੈਦਾਨ ਤੋਂ ਅੱਗੇ ਵਧੀ। ਖੇਡ ਪ੍ਰਤੀ ਸਚਿਨ ਦੀ ਗਹਿਰੀ ਸਾਂਝ ਅਤੇ ਖੇਡ ਲਈ ਸਾਂਝੇ ਜਨੂੰਨ ਨੂੰ ਦਰਸਾਉਂਦੇ ਹੋਏ

ਕਾਂਬਲੀ ਨੇ ਇੱਕ ਇੰਟਰਵਿਊ ਵਿੱਚ ਮਾਣ ਨਾਲ ਕਿਹਾ, ''ਮੈਂ ਸਚਿਨ ਨੂੰ 'ਮਾਸਟਰ ਬਲਾਸਟਰ' ਉਪਨਾਮ ਦਿੱਤਾ ਸੀ।''

ਜਦੋਂ ਦੋਵਾਂ ਨੇ 1,000 ਦੌੜਾਂ ਦੀ ਸਾਂਝੇਦਾਰੀ ਦਾ ਸੁਪਨਾ ਦੇਖਿਆ

ਦੁਨੀਆ ਨੇ ਪਹਿਲੀ ਵਾਰ ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਦੇ ਹੁਨਰ ਦੀ ਝਲਕ ਸਕੂਲੀ ਕ੍ਰਿਕਟ ਵਿੱਚ ਰਿਕਾਰਡ ਤੋੜ ਸਾਂਝੇਦਾਰੀ ਦੇ ਮਾਧਿਅਮ ਨਾਲ ਵੇਖੀ। ਇਹ ਇੱਕ ਅਜਿਹੀ ਸਾਂਝੇਦਾਰੀ ਸੀ, ਜਿਸ ਨੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਦਰਜ ਕਰਵਾ ਦਿੱਤਾ ਅਤੇ ਇਹ ਸੰਕੇਤ ਦਿੱਤਾ ਕਿ ਉਹ ਅੱਗੇ ਜਾ ਕੇ ਮਹਾਨ ਖਿਡਾਰੀ ਬਣਨਗੇ।

ਦੋਵਾਂ ਨੇ ਹੈਰਿਸ ਸ਼ੀਲਡ ਮੈਚ ਦੌਰਾਨ 664 ਦੌੜਾਂ ਦੀ ਅਸਾਧਾਰਨ ਸਾਂਝੇਦਾਰੀ ਬਣਾਈ, ਜਿਸ ਨੇ ਦਰਸ਼ਕਾਂ ਅਤੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ। ਇਸ ਇਤਿਹਾਸਕ ਸਾਂਝੇਦਾਰੀ ਵਿੱਚ ਕਾਂਬਲੀ ਨੇ 349 ਦੌੜਾਂ ਬਣਾਈਆਂ, ਜਦਕਿ ਤੇਂਦੁਲਕਰ ਨੇ ਵੀ ਸ਼ਾਨਦਾਰ 326 ਦੌੜਾਂ ਦਾ ਯੋਗਦਾਨ ਪਾਇਆ।

ਕਮਾਲ ਦੀ ਗੱਲ ਇਹ ਹੈ ਕਿ ਦੋਵੇਂ ਨਾਬਾਦ ਰਹੇ, ਉਨ੍ਹਾਂ ਦੇ ਬੱਲੇ ਬੇਕਾਬੂ ਰਹੇ ਅਤੇ ਦੌੜਾਂ ਦੀ ਉਨ੍ਹਾਂ ਦੀ ਭੁੱਖ ਕਦੇ ਸ਼ਾਂਤ ਨਹੀਂ ਹੋਈ।

ਵਿਨੋਦ ਕਾਂਬਲੀ ਅਤੇ ਸਚਿਨ ਤੇਂਦੁਲਕਰ

ਤਸਵੀਰ ਸਰੋਤ, twitter

ਤਸਵੀਰ ਕੈਪਸ਼ਨ, ਵਿਨੋਦ ਕਾਂਬਲੀ ਅਤੇ ਸਚਿਨ ਤੇਂਦੁਲਕਰ

ਉਸ ਅਭੁੱਲ ਦਿਨ ਨੂੰ ਯਾਦ ਕਰਦੇ ਹੋਏ, ਕਾਂਬਲੀ ਨੇ ਇੱਕ ਵਾਰ ਕਿਹਾ ਸੀ, ''ਅਸੀਂ ਦੋਵਾਂ ਨੇ ਪਹਿਲਾਂ ਹੀ 300-300 ਦਾ ਅੰਕੜਾ ਪਾਰ ਕਰ ਲਿਆ ਸੀ, ਸਾਂਝੇਦਾਰੀ ਮਜ਼ਬੂਤ ਹੋ ਰਹੀ ਸੀ ਅਤੇ ਅਸੀਂ ਇਕੱਠੇ ਮਿਲ ਕੇ 1,000 ਦੌੜਾਂ ਬਣਾਉਣ ਦਾ ਸੁਪਨਾ ਦੇਖਿਆ ਸੀ, ਪਰ ਜਿਵੇਂ ਹੀ ਅਸੀਂ ਗਤੀ ਫੜ ਰਹੇ ਸੀ, ਆਚਰੇਕਰ ਸਰ ਨੇ ਪਾਰੀ ਘੋਸ਼ਿਤ ਕਰ ਦਿੱਤੀ। ਇਹ ਸਾਂਝੇਦਾਰੀ ਸਾਡੀ ਪਹਿਲੀ ਪਛਾਣ ਸੀ, ਉਹ ਪਲ ਜਦੋਂ ਦੁਨੀਆ ਨੇ ਸਾਨੂੰ ਨੋਟਿਸ ਕਰਨਾ ਸ਼ੁਰੂ ਕੀਤਾ।''

ਕ੍ਰਿਕਟ ਦੇ ਮੈਦਾਨ 'ਤੇ ਇੱਕ ਦੂਜੇ ਦਾ ਹਿੱਸਾ ਬਣ ਚੁੱਕੇ ਤੇਂਦੁਲਕਰ ਅਤੇ ਕਾਂਬਲੀ ਮੈਦਾਨ ਤੋਂ ਬਾਹਰ ਵੀ ਬਹੁਤ ਚੰਗੇ ਦੋਸਤ ਸਨ। ਉਨ੍ਹਾਂ ਦੀ ਦੋਸਤੀ ਇਸ ਉਪਲੱਬਧੀ ਤੋਂ ਪਹਿਲਾਂ ਹੀ ਸਪੱਸ਼ਟ ਹੋ ਗਈ ਸੀ, ਕਿਉਂਕਿ ਉਨ੍ਹਾਂ ਨੇ ਭਾਰਤ ਵਿੱਚ ਹੋਏ 1987 ਦੇ ਵਿਸ਼ਵ ਕੱਪ ਦੌਰਾਨ 'ਬਾਲ ਬੁਆਏ' ਵਜੋਂ ਕੰਮ ਕੀਤਾ ਸੀ।

1992 ਦੇ ਵਿਸ਼ਵ ਕੱਪ ਵਿੱਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਦੋਵੇਂ ਹੁਣ ਇੱਕ ਪਾਸੇ ਨਹੀਂ ਸਨ, ਉਹ ਟੀਮ ਦੇ ਸਾਥੀ ਸਨ, ਜੋ ਵੱਡੇ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਦੇ ਸਨ।

ਸਖ਼ਤ ਅਨੁਸ਼ਾਸਨ ਵਾਲਾ ਕੋਚ

ਉਨ੍ਹਾਂ ਦੀ ਸਫਲਤਾ ਦੀ ਨੀਂਹ ਉਨ੍ਹਾਂ ਦੇ ਸਤਿਕਾਰਯੋਗ ਅਤੇ ਸ਼ਾਨਦਾਰ ਕੋਚ ਰਮਾਕਾਂਤ ਆਚਰੇਕਰ ਨੇ ਰੱਖੀ ਸੀ। ਸਖ਼ਤ ਅਨੁਸ਼ਾਸਨ ਦੇ ਧਨੀ ਆਚਰੇਕਰ ਸਰ ਇੱਕ ਅਜਿਹੇ ਗੁਰੂ ਸਨ, ਜੋ ਸਤਿਕਾਰ ਦੇ ਨਾਲ-ਨਾਲ ਡਰ ਵੀ ਪੈਦਾ ਕਰਦੇ ਸਨ।

ਉੱਤਮਤਾ ਹਾਸਲ ਕਰਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੇ ਉਨ੍ਹਾਂ ਦੇ ਵਿਦਿਆਰਥੀਆਂ ਲਈ ਇੱਕ ਦਿਸ਼ਾ ਤੈਅ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਉੱਤਮ ਸਮਰੱਥਾ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ।

ਕਾਂਬਲੀ ਨੇ ਇੱਕ ਵਾਰ ਖੁਲਾਸਾ ਕੀਤਾ ਸੀ, ''ਆਚਰੇਕਰ ਸਰ ਨੇ ਕਦੇ ਵੀ 'ਆਲ ਦਿ ਬੈਸਟ' ਜਾਂ 'ਵੈੱਲ ਪਲੇਡ' ਨਹੀਂ ਕਿਹਾ। ਭਾਵੇਂ ਤੁਸੀਂ 200 ਜਾਂ 300 ਦੌੜਾਂ ਬਣਾਈਆਂ ਹੋਣ, ਉਹ ਫਿਰ ਵੀ ਤੁਹਾਡੀਆਂ ਗਲਤੀਆਂ ਲਈ ਤੁਹਾਨੂੰ ਡਾਂਟਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸੰਪੂਰਨਤਾ ਨਿਰੰਤਰ ਯਤਨ ਨਾਲ ਆਉਂਦੀ ਹੈ।''

ਕੋਚ ਰਮਾਕਾਂਤ ਆਚਰੇਕਰ ਨਾਲ ਸਚਿਨ ਤੇਂਦੁਲਕਰ ਤੇ ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਚ ਰਮਾਕਾਂਤ ਆਚਰੇਕਰ ਨਾਲ ਸਚਿਨ ਤੇਂਦੁਲਕਰ ਤੇ ਵਿਨੋਦ ਕਾਂਬਲੀ

ਜਦੋਂ ਕਾਂਬਲੀ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਅੰਤਰਰਾਸ਼ਟਰੀ ਮੈਚ ਵਿੱਚ ਸ਼ਾਨਦਾਰ ਦੋਹਰਾ ਸੈਂਕੜਾ ਬਣਾਇਆ ਤਾਂ ਆਚਰੇਕਰ ਸਰ ਸਟੈਂਡ ਵਿੱਚ ਮੌਜੂਦ ਸਨ। ਫਿਰ ਵੀ, ਕਾਂਬਲੀ ਉਸ ਦਿਨ ਆਪਣੇ ਗੁਰੂ ਦੀ ਮੌਜੂਦਗੀ ਤੋਂ ਅਣਜਾਣ ਰਹੇ। ਕਈ ਸਾਲਾਂ ਬਾਅਦ, ਜਦੋਂ ਯੂਟਿਊਬ 'ਤੇ ਇੱਕ ਵੀਡੀਓ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਕੋਚ ਨੇ ਉਸ ਪਾਰੀ ਨੂੰ ਦੇਖਿਆ ਸੀ।

ਫਿਰ ਵੀ ਅਚਰੇਕਰ ਸਰ ਨੇ ਸ਼ਲਾਘਾ ਨਹੀਂ ਕੀਤੀ। ਉਨ੍ਹਾਂ ਦਾ ਫਲਸਫਾ ਇਸ ਵਿਸ਼ਵਾਸ 'ਤੇ ਆਧਾਰਿਤ ਸੀ ਕਿ ਪ੍ਰਸ਼ੰਸ਼ਾ ਨਾਲ ਆਤਮ ਸੰਤੁਸ਼ਟੀ ਪੈਦਾ ਹੋ ਸਕਦੀ ਹੈ। ਉਨ੍ਹਾਂ ਲਈ ਆਲੋਚਨਾ ਵਿਕਾਸ ਦਾ ਅੰਤਿਮ ਸਾਧਨ ਸੀ।

ਤੇਂਦੁਲਕਰ ਅਤੇ ਕਾਂਬਲੀ ਲਈ ਆਚਰੇਕਰ ਸਰ ਇੱਕ ਕੋਚ ਤੋਂ ਕਿਧਰੇ ਜ਼ਿਆਦਾ ਸਨ। ਉਹ ਇੱਕ ਅਣਥੱਕ ਸ਼ਕਤੀ ਸਨ, ਜਿਨ੍ਹਾਂ ਨੇ ਕਠੋਰਤਾ ਅਤੇ ਚੁੱਪ ਰਹਿ ਕੇ ਕੀਤੇ ਜਾਣ ਵਾਲੇ ਪਿਆਰ ਦੇ ਮਿਸ਼ਰਣ ਨਾਲ ਉਨ੍ਹਾਂ ਦੇ ਜੀਵਨ ਨੂੰ ਆਕਾਰ ਦਿੱਤਾ। ਉਨ੍ਹਾਂ ਦੇ ਤਰੀਕੇ, ਭਾਵੇਂ ਕਠੋਰ ਸਨ, ਪਰ ਉਨ੍ਹਾਂ ਨੇ ਦੋ ਪ੍ਰਤਿਭਾਸ਼ਾਲੀ ਲੜਕਿਆਂ ਨੂੰ ਖੇਡ ਦੇ ਦਿੱਗਜ ਬਣਾਉਣ ਵਿੱਚ

ਮਹੱਤਵਪੂਰਨ ਭੂਮਿਕਾ ਨਿਭਾਈ।

ਸਚਿਨ ਨਾਲ ਦੋਸਤੀ ਦੇ ਰਿਸ਼ਤੇ 'ਚ ਪਈ ਦੂਰੀ

ਵਿਨੋਦ ਕਾਂਬਲੀ ਤੇ ਸਚਿਨ ਤੇਂਦੁਲਕਰ
ਤਸਵੀਰ ਕੈਪਸ਼ਨ, ਵਿਨੋਦ ਕਾਂਬਲੀ ਤੇ ਸਚਿਨ ਤੇਂਦੁਲਕਰ

ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਵਿਚਕਾਰ ਦੋਸਤੀ ਕਿਸੇ ਸਮੇਂ ਕ੍ਰਿਕਟ ਜਗਤ ਦੇ ਸਭ ਤੋਂ ਪਿਆਰੇ ਰਿਸ਼ਤਿਆਂ ਵਿੱਚੋਂ ਇੱਕ ਸੀ। ਹਾਲਾਂਕਿ, ਪ੍ਰਸਿੱਧੀ ਅਤੇ ਪੈਸੇ ਦੇ ਉਤਰਾਅ-ਚੜ੍ਹਾਅ ਭਰੇ ਸਮੇਂ ਵਿੱਚ ਕਈ ਦੋਸਤੀਆਂ ਵਾਂਗ, ਉਨ੍ਹਾਂ ਦੀ ਦੋਸਤੀ ਵਿੱਚ ਵੀ ਤਣਾਅ ਅਤੇ ਦੂਰੀ ਦਾ ਦੌਰ ਆਇਆ।

ਇਸ ਵਿਵਾਦ ਦਾ ਸਰੋਤ 2009 ਵਿੱਚ ਇੱਕ ਟੀਵੀ ਸ਼ੋਅ 'ਤੇ ਵਾਪਰੀ ਇੱਕ ਘਟਨਾ ਹੈ, ਜਿੱਥੇ ਕਾਂਬਲੀ ਨੇ ਸ਼ਾਇਦ ਸਪੱਸ਼ਟਤਾ ਵਿੱਚ ਕੁਝ ਅਜਿਹਾ ਕਿਹਾ ਜਿਸ ਨੇ ਬਾਅਦ ਵਿੱਚ ਵਿਵਾਦ ਨੂੰ ਜਨਮ ਦੇ ਦਿੱਤਾ। 'ਸੱਚ ਕਾ ਸਾਮਨਾ' ਨਾਮ ਦੇ ਸ਼ੋਅ ਦੀ ਮੇਜ਼ਬਾਨੀ ਇੱਕ ਪ੍ਰਸਿੱਧ ਐਂਕਰ ਦੁਆਰਾ ਕੀਤੀ ਜਾਂਦੀ ਸੀ, ਜੋ ਮਸ਼ਹੂਰ ਹਸਤੀਆਂ ਦੇ ਜੀਵਨ ਦੀ ਗਹਿਰਾਈ ਨਾਲ ਪਰਖ ਕਰਨ ਲਈ ਜਾਣਿਆ ਜਾਂਦਾ ਸੀ।

ਇਸ ਦੀ ਇੱਕ ਕੜੀ ਦੌਰਾਨ ਮੇਜ਼ਬਾਨ ਨੇ ਕਾਂਬਲੀ ਨੂੰ ਇੱਕ ਸਿੱਧਾ ਸਵਾਲ ਪੁੱਛਿਆ, ''ਤੁਸੀਂ ਆਪਣਾ ਕਰੀਅਰ ਖ਼ੁਦ ਬਰਬਾਦ ਕੀਤਾ ਹੈ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸਚਿਨ ਇਸ ਨੂੰ ਰੋਕਣ ਵਿੱਚ ਤੁਹਾਡੀ ਮਦਦ ਕਰ ਸਕਦੇ ਸਨ?''

ਇਸ 'ਤੇ ਕਾਂਬਲੀ ਨੇ ਗੰਭੀਰਤਾ ਨਾਲ ਸਿਰ ਹਿਲਾਉਂਦੇ ਹੋਏ ਹਾਮੀ ਭਰ ਦਿੱਤੀ।

ਜੋ ਇੱਕ ਸਾਧਾਰਨ ਪ੍ਰਤੀਕਿਰਿਆ ਲੱਗ ਰਹੀ ਸੀ, ਉਸ ਨੂੰ ਮੀਡੀਆ ਨੇ ਤੁਰੰਤ ਕਵਰ ਕੀਤਾ ਅਤੇ ਇਸ ਬਿਰਤਾਂਤ ਨੂੰ ਕਿਤੇ ਹੋਰ ਜ਼ਿਆਦਾ ਨਾਟਕੀ ਬਣਾ ਦਿੱਤਾ। ਸੁਰਖੀਆਂ ਬਣੀਆਂ ਕਿ ਕਾਂਬਲੀ ਦੇ ਸਿਰ ਹਿਲਾਉਣ ਦਾ ਮਤਲਬ ਸੀ ਕਿ ਸਚਿਨ ਆਪਣੇ ਦੋਸਤ ਦੀ ਪਰੇਸ਼ਾਨੀ ਨੂੰ ਜਾਣਦੇ ਹੋਏ ਵੀ ਦਖਲ ਨਹੀਂ ਦੇਣਾ ਚਾਹੁੰਦੇ ਸਨ।

ਇਸ ਨੇ ਕ੍ਰਿਕਟ ਭਾਈਚਾਰੇ ਅਤੇ ਆਮ ਜਨਤਾ ਦੋਵਾਂ ਨੂੰ ਹੈਰਾਨ ਕਰ ਦਿੱਤਾ। ਉਹ ਰਿਸ਼ਤਾ ਜੋ ਕਦੇ ਅਟੁੱਟ ਲੱਗਦਾ ਸੀ, ਹੁਣ ਉਹ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।

ਇਸ ਦਾ ਨਤੀਜਾ ਤੁਰੰਤ ਹੀ ਸਾਹਮਣੇ ਆ ਗਿਆ। ਕਾਂਬਲੀ ਦੇ ਬਿਆਨ ਨੇ ਉਨ੍ਹਾਂ ਦੀ ਦੋਸਤੀ 'ਤੇ ਗ੍ਰਹਿਣ ਲਾ ਦਿੱਤਾ ਅਤੇ ਦੋਵਾਂ ਵਿਚਕਾਰ ਜਨਤਕ ਰੂਪ ਨਾਲ ਬਹਿਸ ਛਿੜ ਗਈ ਜੋ ਸਾਲਾਂ ਤੱਕ ਚੱਲੀ।

ਸਚਿਨ ਦੀ ਅਕੈਡਮੀ ਦਾ ਹਿੱਸਾ ਬਣਨਾ

ਦੋ ਸਾਬਕਾ ਸਕੂਲ ਸਹਿਪਾਠੀਆਂ ਵਿਚਕਾਰ ਇੱਕ ਖਾਈ ਪੈਦਾ ਹੋ ਗਈ ਸੀ, ਜਦਕਿ ਦੋਵਾਂ ਨੇ ਮੁੰਬਈ ਵਿੱਚ ਆਪਣੇ ਬਚਪਨ ਦੇ ਦਿਨਾਂ ਤੋਂ ਲੈ ਕੇ ਮੈਦਾਨ ਵਿੱਚ ਆਪਣੀ ਰਿਕਾਰਡ ਤੋੜ ਸਾਂਝੇਦਾਰੀ ਤੱਕ ਅਣਗਿਣਤ ਯਾਦਾਂ ਅਤੇ ਉਪਲੱਬਧੀਆਂ ਸਾਂਝੀਆਂ ਕੀਤੀਆਂ ਸਨ।

2013 ਵਿੱਚ ਜਦੋਂ ਸਚਿਨ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਤਾਂ ਇਸ ਫਿੱਕ ਦੇ ਜ਼ਖ਼ਮ ਮੁੜ ਹਰੇ ਹੋ ਗਏ। ਕਾਂਬਲੀ, ਜੋ ਅਜੇ ਵੀ ਆਪਣੇ ਪਹਿਲੇ ਝਗੜੇ ਤੋਂ ਦੁਖੀ ਸਨ, ਨੇ ਆਪਣੀ ਨਿਰਾਸ਼ਾ ਨੂੰ ਖੁੱਲ੍ਹ ਕੇ ਜ਼ਾਹਰ ਕੀਤਾ। ਉਨ੍ਹਾਂ ਦੀਆਂ ਭਾਵਨਾਵਾਂ ਸਿਰਫ਼ ਟੁੱਟੇ ਹੋਏ ਰਿਸ਼ਤੇ ਬਾਰੇ ਹੀ ਨਹੀਂ ਸਨ, ਬਲਕਿ ਸਚਿਨ ਦੇ ਆਪਣੇ ਸੰਨਿਆਸ ਦੇ ਭਾਸ਼ਣ ਵਿੱਚ ਉਸ ਦਾ ਜ਼ਿਕਰ ਨਾ ਕਰਨ ਦੇ ਫੈਸਲੇ ਬਾਰੇ ਵੀ ਸਨ।

ਕਾਂਬਲੀ ਸਚਿਨ ਤੇਂਦੁਲਕਰ ਦੀ ਅਕੈਡਮੀ ਨਾਲ ਵੀ ਜੁੜੇ ਰਹੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਂਬਲੀ ਸਚਿਨ ਤੇਂਦੁਲਕਰ ਦੀ ਅਕੈਡਮੀ ਨਾਲ ਵੀ ਜੁੜੇ ਰਹੇ

ਇੱਕ ਨਿਊਜ਼ ਚੈਨਲ ਨੂੰ ਦਿੱਤੀ ਗਈ ਭਾਵੁਕ ਇੰਟਰਵਿਊ ਵਿੱਚ ਕਾਂਬਲੀ ਨੇ ਆਪਣੇ ਸਾਂਝੇ ਇਤਿਹਾਸ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ''ਸਚਿਨ ਨੇ ਸਾਰਿਆਂ ਦਾ ਜ਼ਿਕਰ ਕੀਤਾ ਅਤੇ ਧੰਨਵਾਦ ਕੀਤਾ, ਪਰ ਉਹ ਮੈਨੂੰ ਭੁੱਲ ਗਏ।'' ਉਨ੍ਹਾਂ ਦੀ ਆਵਾਜ਼ ਵਿੱਚ ਦੁੱਖ ਅਤੇ ਨਿਰਾਸ਼ਾ ਦੋਵੇਂ ਝਲਕ ਰਹੇ ਸਨ।

''ਅਸੀਂ ਇੱਕ ਦੂਜੇ ਨੂੰ ਉਦੋਂ ਤੋਂ ਜਾਣਦੇ ਹਾਂ ਜਦੋਂ ਅਸੀਂ ਦਸ ਸਾਲ ਦੇ ਸੀ। 664 ਦੌੜਾਂ ਦੀ ਉਹ ਇਤਿਹਾਸਕ ਸਾਂਝੇਦਾਰੀ ਸਾਡੇ ਦੋਵਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਮੋੜ ਸੀ। ਜੇਕਰ ਇਹ ਸਾਂਝੇਦਾਰੀ ਨਾ ਹੋਈ ਹੁੰਦੀ ਤਾਂ ਕੋਈ ਵੀ 'ਤੇਂਦੁਲਕਰ ਅਤੇ ਕਾਂਬਲੀ' ਨੂੰ ਨਹੀਂ ਜਾਣਦਾ।

''ਉਸ ਸਾਂਝੇਦਾਰੀ ਵਿੱਚ ਮੇਰੀ ਬਰਾਬਰ ਦੀ ਭੂਮਿਕਾ ਅਤੇ ਯੋਗਦਾਨ ਸੀ। ਇਹ ਮੇਰੇ ਲਈ ਹੈਰਾਨ ਕਰਨ ਵਾਲਾ ਸੀ ਕਿ ਉਨ੍ਹਾਂ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਮੇਰਾ ਜ਼ਿਕਰ ਤੱਕ ਨਹੀਂ ਕੀਤਾ।''

ਉਸ ਸਮੇਂ, ਕਾਂਬਲੀ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਅਤੇ ਸਚਿਨ ਨੇ ਲਗਭਗ ਸੱਤ ਸਾਲਾਂ ਤੋਂ ਗੱਲ ਨਹੀਂ ਕੀਤੀ ਜੋ ਉਨ੍ਹਾਂ ਵਿਚਕਾਰ ਪਈ ਡੂੰਘੀ ਦਰਾਰ ਦਾ ਸਬੂਤ ਸੀ। ਇੰਨੀ ਲੰਬੀ ਅਤੇ ਗਹਿਰੀ ਦੋਸਤੀ ਦੇ ਬਾਅਦ ਵੀ ਸਵੀਕਾਰਤਾ ਦੀ ਕਮੀ ਨੇ ਕਾਂਬਲੀ 'ਤੇ ਗਹਿਰੀ ਛਾਪ ਛੱਡੀ, ਜੋ ਆਪਣੀਆਂ ਸਾਂਝੀਆਂ ਪ੍ਰਾਪਤੀਆਂ ਦੇ ਬਾਵਜੂਦ ਖ਼ੁਦ ਨੂੰ ਅਲੱਗ-ਥਲੱਗ

ਮਹਿਸੂਸ ਕਰਦੇ ਹਨ।

ਹੋਰ ਕਈ ਰਿਸ਼ਤਿਆਂ ਵਾਂਗ, ਸਮੇਂ ਨੇ ਇਨ੍ਹਾਂ ਪੁਰਾਣੇ ਜ਼ਖਮਾਂ ਨੂੰ ਵੀ ਭਰ ਦਿੱਤਾ। ਆਖਰਕਾਰ ਉਨ੍ਹਾਂ ਵਿਚਕਾਰ ਤਣਾਅ ਦੂਰ ਹੋ ਗਿਆ ਅਤੇ ਦੋਵੇਂ ਪੁਰਾਣੇ ਦੋਸਤਾਂ ਨੇ ਇੱਕ ਦੂਜੇ ਕੋਲ ਵਾਪਸ ਜਾਣ ਦਾ ਰਸਤਾ ਲੱਭ ਲਿਆ।

ਸੁਲ੍ਹਾ-ਸਫ਼ਾਈ ਦੇ ਇੱਕ ਅਣਕਿਆਸੇ ਇਸ਼ਾਰੇ ਵਿੱਚ ਸਚਿਨ ਨੇ ਕਾਂਬਲੀ ਨੂੰ ਆਪਣੀ ਕ੍ਰਿਕਟ ਅਕੈਡਮੀ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ, ਇੱਥੋਂ ਤੱਕ ਕਿ ਉਨ੍ਹਾਂ ਨੂੰ ਕੋਚ ਦੀ ਭੂਮਿਕਾ ਨਿਭਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਜਦੋਂ ਕਾਂਬਲੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਤਾਂ ਸਚਿਨ ਨੇ ਲੋੜ ਦੇ ਸਮੇਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ।

ਕਾਂਬਲੀ ਨੇ ਇੱਕ ਇੰਟਰਵਿਊ ਵਿੱਚ ਇਸ ਦਿਆਲਤਾ ਨੂੰ ਜਨਤਕ ਤੌਰ 'ਤੇ ਸਵੀਕਾਰ ਕੀਤਾ, ਜਿੱਥੇ ਉਨ੍ਹਾਂ ਨੇ ਆਪਣੀ ਨਵੀਂ ਦੋਸਤੀ ਅਤੇ ਉਨ੍ਹਾਂ ਸਬਕਾਂ ਬਾਰੇ ਗੱਲ ਕੀਤੀ ਜੋ ਉਨ੍ਹਾਂ ਦੋਵਾਂ ਨੇ ਸਾਲਾਂ ਵਿੱਚ ਸਿੱਖੇ ਸਨ।

1996 ਦਾ ਦਰਦ ਅਤੇ ਮੈਚ ਫਿਕਸਿੰਗ ਦੇ ਇਲਜ਼ਾਮ

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੋਦ ਕਾਂਬਲੀ

1996 ਦੇ ਵਿਸ਼ਵ ਕੱਪ ਦੌਰਾਨ ਈਡਨ ਗਾਰਡਨ ਦੀ ਪਿੱਚ 'ਤੇ ਬੈਠੇ ਵਿਨੋਦ ਕਾਂਬਲੀ ਦੀ ਹੰਝੂਆਂ ਭਰੀ ਤਸਵੀਰ ਹਰ ਕ੍ਰਿਕਟ ਪ੍ਰਸ਼ੰਸਕ ਦੀ ਯਾਦ 'ਚ ਉੱਕਰੀ ਹੋਈ ਹੈ। ਇਹ ਇੱਕ ਅਜਿਹਾ ਦ੍ਰਿਸ਼ ਹੈ ਜੋ ਇੱਕ ਪਲ ਵਿੱਚ ਬਿਖਰ ਗਏ ਕਰੀਅਰ ਦੇ ਦੁੱਖ ਨੂੰ ਦਰਸਾਉਂਦਾ ਹੈ।

ਇਹ ਨਾ ਸਿਰਫ਼ ਕਾਂਬਲੀ ਦੇ ਜੀਵਨ ਵਿੱਚ ਸਗੋਂ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਫੈਸਲਾਕੁੰਨ ਪਲ ਬਣ ਗਿਆ।

ਭਾਰਤ ਅਤੇ ਸ੍ਰੀਲੰਕਾ ਵਿਚਕਾਰ 1996 ਦੇ ਵਿਸ਼ਵ ਕੱਪ ਦਾ ਸੈਮੀਫਾਈਨਲ ਇੱਕ ਇਤਿਹਾਸਕ ਮੌਕਾ ਮੰਨਿਆ ਜਾ ਰਿਹਾ ਸੀ, ਜੋ ਭਾਰਤ ਦੀ ਦੂਜੀ ਵਿਸ਼ਵ ਕੱਪ ਜਿੱਤ ਵੱਲ ਇੱਕ ਕਦਮ ਸੀ, ਪਰ ਇਸ ਦੀ ਬਜਾਏ ਜੋ ਹੋਇਆ ਉਹ ਇੱਕ ਡਰਾਉਣਾ ਸੁਪਨਾ ਸੀ।

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦਾ ਬੱਲੇਬਾਜ਼ੀ ਕ੍ਰਮ ਦਬਾਅ ਹੇਠ ਢਹਿ ਢੇਰੀ ਹੋ ਗਿਆ। ਨਿਰਾਸ਼ ਅਤੇ ਦੁਖੀ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਸਭ ਤੋਂ ਮਾੜੇ ਤਰੀਕਿਆਂ ਨਾਲ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਬੋਤਲਾਂ ਸੁੱਟਣੀਆਂ, ਸਟੈਂਡ ਵਿੱਚ ਅੱਗ ਲਗਾਉਣਾ ਅਤੇ ਪੂਰੇ ਸਟੇਡੀਅਮ ਵਿੱਚ ਅਰਾਜਕਤਾ ਫੈਲਾਉਣਾ।

ਮੈਚ ਨੂੰ ਰੋਕਣਾ ਪਿਆ ਅਤੇ ਸ੍ਰੀਲੰਕਾ ਨੂੰ ਜੇਤੂ ਐਲਾਨ ਦਿੱਤਾ ਗਿਆ। ਮੈਚ ਰੱਦ ਹੋਣ ਦੇ ਸਮੇਂ ਭਾਰਤ ਨੂੰ 156 ਗੇਂਦਾਂ 'ਤੇ 132 ਦੌੜਾਂ ਦੀ ਲੋੜ ਸੀ, ਜਦੋਂ ਕਿ ਕ੍ਰੀਜ਼ 'ਤੇ ਸਿਰਫ਼ ਦੋ ਬੱਲੇਬਾਜ਼ ਬਚੇ ਸਨ। ਕਾਂਬਲੀ ਅਜੇ ਵੀ ਸਿਰਫ਼ 10 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ ਅਤੇ ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਸੀ। ਜਦੋਂ ਮੈਚ ਰੱਦ ਹੋਇਆ ਤਾਂ ਮੈਦਾਨ 'ਤੇ ਬੈਠੇ ਬੇਕਾਬੂ ਹੋ ਕੇ ਰੋਂਦੇ ਕਾਂਬਲੀ ਦੀ ਤਸਵੀਰ ਵਿਅਕਤੀਗਤ ਅਤੇ ਸਮੂਹਿਕ ਨਿਰਾਸ਼ਾ ਦਾ ਪ੍ਰਤੀਕ ਬਣ ਗਈ।

ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕਾਂਬਲੀ ਮੈਚ ਦੇ ਨਤੀਜਿਆਂ 'ਤੇ ਆਪਣੀ ਨਾਰਾਜ਼ਗੀ ਬਾਰੇ ਆਵਾਜ਼ ਉਠਾਉਂਦੇ ਰਹੇ ਅਤੇ ਉਨ੍ਹਾਂ ਨੇ ਮੈਚ ਫਿਕਸਿੰਗ ਬਾਰੇ ਕੁਝ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਟਾਸ ਜਿੱਤਣ ਤੋਂ ਬਾਅਦ ਭਾਰਤ ਦੇ ਕਪਤਾਨ ਦੁਆਰਾ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨੂੰ ਅਵਿਸ਼ਵਾਸਯੋਗ ਰੂਪ ਨਾਲ ਯਾਦ ਕੀਤਾ।

ਕਾਂਬਲੀ ਲਈ, ਇਹ ਇੱਕ ਹੈਰਾਨ ਕਰਨ ਵਾਲਾ ਵਿਕਲਪ ਸੀ, ਖ਼ਾਸ ਤੌਰ 'ਤੇ ਚੰਗੀ ਪਿੱਚ ਹੋਣ ਦੇ ਬਾਵਜੂਦ ਅਤੇ ਇਸ ਉਮੀਦ ਨੂੰ ਦੇਖਦੇ ਹੋਏ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਪਹਿਲਾਂ ਬੱਲੇਬਾਜ਼ੀ ਕਰਨਗੇ। ਕਾਂਬਲੀ ਨੇ ਇੰਟਰਵਿਊ 'ਚ ਸਵਾਲ ਕੀਤਾ।

''ਜਦੋਂ ਸਾਡੇ ਕਪਤਾਨ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤਾਂ ਅਸੀਂ ਸਾਰੇ ਹੈਰਾਨ ਰਹਿ ਗਏ। ਅਸੀਂ ਪਹਿਲਾਂ ਹੀ ਬੱਲੇਬਾਜ਼ੀ ਕਰਨ ਦੀ ਯੋਜਨਾ ਬਣਾ ਲਈ ਸੀ। ਸਾਡੇ ਸਲਾਮੀ ਬੱਲੇਬਾਜ਼ ਵੀ ਪੈਡ-ਪਹਿਨ ਕੇ ਖੇਡਣ ਲਈ ਤਿਆਰ ਸਨ। ਤਾਂ ਆਖਰੀ ਸਮੇਂ ਵਿੱਚ ਕੀ ਬਦਲ ਗਿਆ?''

ਉਨ੍ਹਾਂ ਦੀਆਂ ਟਿੱਪਣੀਆਂ ਨੇ ਮੈਚ ਫਿਕਸਿੰਗ ਬਾਰੇ ਅਟਕਲਾਂ ਦੀ ਝੜੀ ਲਗਾ ਦਿੱਤੀ ਕਿਉਂਕਿ ਕਈ ਲੋਕਾਂ ਨੂੰ ਹੈਰਾਨੀ ਹੋਈ ਕਿ ਇੱਕ ਮਹੱਤਵਪੂਰਨ ਪਲ ਵਿੱਚ ਅਜਿਹਾ ਅਜੀਬ ਫੈਸਲਾ ਕਿਉਂ ਲਿਆ ਗਿਆ ਸੀ। ਕਾਂਬਲੀ ਨੇ ਇੱਥੋਂ ਤੱਕ ਕਿਹਾ ਕਿ ਮੈਚ ਦਾ ਨਤੀਜਾ ਪਹਿਲਾਂ ਤੋਂ ਨਿਰਧਾਰਤ ਸੀ ਅਤੇ ਉਨ੍ਹਾਂ ਨੂੰ ਲੱਗਿਆ ਕਿ ਹਾਰ ਕਿਸੇ ਤਰੀਕੇ ਨਾਲ ਸਾਜ਼ਿਸ਼ ਤਹਿਤ ਦਿੱਤੀ ਗਈ ਸੀ।

ਇਸ ਵਿਚਾਰ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਕਾਂਬਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਰੀਅਰ ਨੂੰ ਇਸ ਲਈ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਉਨ੍ਹਾਂ ਨੇ ਕਥਿਤ ਫਿਕਸਿੰਗ ਬਾਰੇ ਬੋਲਣ ਦੀ ਹਿੰਮਤ ਕੀਤੀ ਸੀ।

ਉਸ ਸੈਮੀ-ਫਾਈਨਲ ਦੀ ਤਰਾਸਦੀ, ਉਸ ਤੋਂ ਬਾਅਦ ਲੱਗੇ ਦੋਸ਼ਾਂ ਦੇ ਨਾਲ ਕਾਂਬਲੀ ਦੇ ਕ੍ਰਿਕਟ ਕਰੀਅਰ ਵਿੱਚ ਇੱਕ ਕਾਲਾ ਅਧਿਆਏ ਜੁੜ ਗਿਆ। ਘਟਨਾ ਦੀ ਭਾਵਨਾਤਮਕ ਪੀੜ ਅਤੇ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਨੇ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੇ ਅੰਤ ਦਾ ਸੰਕੇਤ ਦਿੱਤਾ।

ਭਾਵੇਂ ਮੈਚ ਫਿਕਸ ਸੀ ਜਾਂ ਨਹੀਂ, ਕਾਂਬਲੀ ਦੇ ਵਿਸ਼ਵਾਸ ਅਤੇ ਉਨ੍ਹਾਂ ਵੱਲੋਂ ਮਹਿਸੂਸ ਕੀਤੇ ਗਏ ਦਰਦ ਨੂੰ ਨਕਾਰਿਆ ਨਹੀਂ ਜਾ ਸਕਦਾ। ਭਾਵੇਂ ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਦੇ ਕ੍ਰਿਕਟ ਕਰੀਅਰ ਨੂੰ ਪ੍ਰਭਾਵਿਤ ਕੀਤਾ ਹੋਵੇ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਬਹੁਤ ਵੱਡੀਆਂ ਅਤੇ ਅਧੂਰੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ।

ਵਿਨੋਦ ਕਾਂਬਲੀ ਦੇ ਬੇਅੰਤ ਵਿਵਾਦ

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

ਵਿਨੋਦ ਕਾਂਬਲੀ ਦਾ ਜੀਵਨ ਜੋ ਕਦੀ ਉਮੀਦਾਂ ਅਤੇ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਸੀ, ਲਗਾਤਾਰ ਜੁੜ ਰਹੇ ਵਿਵਾਦਾਂ ਕਾਰਨ ਦਾਗਦਾਰ ਹੋ ਗਿਆ। ਉਨ੍ਹਾਂ ਦਾ ਨਾਂ ਜੋ ਕਦੇ ਕ੍ਰਿਕਟ ਦੀ ਪ੍ਰਤਿਭਾ ਦਾ ਸਮਾਨਾਰਥੀ ਸੀ, ਹੁਣ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਤੋਂ ਬਹੁਤ ਦੂਰ ਹੋਰ ਕਾਰਨਾਂ ਨਾਲ ਵਾਰ ਵਾਰ ਸੁਰਖੀਆਂ ਵਿੱਚ ਆਉਣ ਲੱਗਾ।

ਨਿੱਜੀ ਸੰਘਰਸ਼ਾਂ ਤੋਂ ਲੈ ਕੇ ਮੁੜ ਖੜ੍ਹੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਤੱਕ, ਕਾਂਬਲੀ ਦੀ ਜ਼ਿੰਦਗੀ ਇੱਕ ਡਰਾਉਣੀ ਕਹਾਣੀ ਵਾਂਗ ਹੈ, ਜੋ ਇਹ ਦਰਸਾਉਂਦੀ ਹੈ ਕਿ ਕਿਵੇਂ ਪ੍ਰਸਿੱਧੀ ਅਤੇ ਬਦਕਿਸਮਤੀ ਵਿਨਾਸ਼ਕਾਰੀ ਨਤੀਜੇ ਲਿਆ ਸਕਦੀ ਹੈ।

ਨਿੱਜੀ ਉਥਲ-ਪੁਥਲ ਨਾਲ ਭਰਿਆ ਜੀਵਨ

2022 ਵਿੱਚ ਕਾਂਬਲੀ ਨੇ ਖ਼ੁਦ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਿਆ ਹੋਇਆ ਪਾਇਆ। ਉਨ੍ਹਾਂ ਦੀ ਪਤਨੀ ਐਂਡਰੀਆ ਨੇ ਵਾਂਦਰੇ ਪੁਲੀਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਕਾਂਬਲੀ 'ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਗਿਆ।

ਅਧਿਕਾਰਤ ਪੁਲੀਸ ਰਿਪੋਰਟ ਦੇ ਅਨੁਸਾਰ ਕਾਂਬਲੀ ਨੇ ਸ਼ਰਾਬੀ ਪੀ ਕੇ ਆਪਣੀ ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਖਾਣਾ ਪਕਾਉਣ ਵਾਲੇ ਪੈਨ ਦੇ ਹੈਂਡਲ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਈ।

ਇਸ ਘਟਨਾ ਨੇ ਮੀਡੀਆ ਵਿੱਚ ਸਨਸਨੀ ਫੈਲਾ ਦਿੱਤੀ, ਜਿਸ ਨਾਲ ਕਾਂਬਲੀ ਦੀ ਪ੍ਰੇਸ਼ਾਨ ਚੱਲ ਰਹੀ ਨਿੱਜੀ ਜ਼ਿੰਦਗੀ ਵਿੱਚ ਇੱਕ ਹੋਰ ਅਧਿਆਏ ਜੁੜ ਗਿਆ। ਉਸ ਸਾਲ ਦੀ ਸ਼ੁਰੂਆਤ ਵਿੱਚ ਕਾਂਬਲੀ ਨੇ ਖ਼ੁਦ ਇੱਕ ਵਾਰ ਫਿਰ ਆਪਣੇ ਆਪ ਨੂੰ ਸਲਾਖਾਂ ਪਿੱਛੇ ਪਾਇਆ। ਇਸ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਘਟਨਾ ਨੇ ਉਨ੍ਹਾਂ ਦੀ ਸਾਖ ਨੂੰ ਹੋਰ ਗੰਧਲਾ ਕਰ ਦਿੱਤਾ।

ਇਹ ਨਿੱਜੀ ਵਿਵਾਦ ਆਪਣੀ ਕਿਸਮ ਦੇ ਪਹਿਲੇ ਨਹੀਂ ਸਨ, ਇਹ ਉਨ੍ਹਾਂ ਘਟਨਾਵਾਂ ਦੀ ਇੱਕ ਲੜੀ ਵਿੱਚ ਸਿਰਫ਼ ਨਵੇਂ ਸਨ, ਜਿਨ੍ਹਾਂ ਨੇ ਕਾਂਬਲੀ ਦੀ ਜ਼ਿੰਦਗੀ ਨੂੰ ਵਿਵਾਦਾਂ ਵਿੱਚ ਉਲਝਾ ਦਿੱਤਾ। ਪਰ ਕਾਂਬਲੀ ਦੀਆਂ ਮੁਸ਼ਕਲਾਂ ਉਸ ਦੀ ਨਿੱਜੀ ਜ਼ਿੰਦਗੀ ਤੱਕ ਹੀ ਸੀਮਤ ਨਹੀਂ ਰਹੀਆਂ।

2010 ਵਿੱਚ ਜਦੋਂ ਉਨ੍ਹਾਂ ਨੇ ਡੋਂਬੀਵਲੀ ਨਗਰੀ ਸਹਿਕਾਰੀ ਬੈਂਕ ਤੋਂ 50 ਲੱਖ ਰੁਪਏ ਦਾ ਕਰਜ਼ਾ ਲਿਆ ਤਾਂ ਉਹ ਵਿੱਤੀ ਸੰਕਟ ਵਿੱਚ ਫਸ ਗਏ। ਹਾਲਾਂਕਿ, ਕਰਜ਼ੇ ਦੀ ਅਦਾਇਗੀ ਕਰਨ ਵਿੱਚ ਉਨ੍ਹਾਂ ਦੀ ਅਸਫਲਤਾ ਕਾਰਨ ਬੈਂਕ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ।

ਇਹ ਵੀ ਸੁਰਖੀਆਂ ਬਣੀਆਂ ਅਤੇ ਇੱਕ ਅਜਿਹੇ ਵਿਅਕਤੀ ਦੀ ਤਸਵੀਰ ਉੱਭਰੀ, ਜਿਸ ਦੇ ਵਿੱਤੀ ਅਤੇ ਨਿੱਜੀ ਜੀਵਨ ਵਿੱਚ ਮੁਸ਼ਕਲਾਂ ਤੇਜ਼ੀ ਨਾਲ ਵਧ ਰਹੀਆਂ ਸਨ। ਇੱਕ ਸਮੇਂ ਵਿੱਚ ਹੋਣਹਾਰ ਕ੍ਰਿਕਟਰ ਹੁਣ ਇਸ ਗੱਲ ਦਾ ਪ੍ਰਤੀਕ ਬਣ ਰਿਹਾ ਸੀ ਕਿ ਜੇਕਰ ਜ਼ਿੰਮੇਵਾਰੀ ਨਾਲ ਕੰਮ ਨਾ ਲਿਆ ਜਾਵੇ ਤਾਂ ਪ੍ਰਸਿੱਧੀ ਕਿਵੇਂ ਖਤਮ ਹੋ ਸਕਦੀ ਹੈ।

ਅਧੂਰੇ ਸੁਪਨੇ: ਨਵੀਂ ਸ਼ੁਰੂਆਤ ਦੀ ਤਲਾਸ਼

ਵਿਨੋਦ ਕਾਂਬਲੀ

ਤਸਵੀਰ ਸਰੋਤ, Getty Images

2009 ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕਾਂਬਲੀ ਨੇ ਕਈ ਹੋਰ ਖੇਤਰਾਂ ਵਿੱਚ ਆਪਣੇ ਆਪ ਨੂੰ ਮੁੜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਫ਼ੀ ਹੱਦ ਤੱਕ ਅਸਫਲ ਰਹੀਆਂ। ਉਦਾਹਰਨ ਲਈ ਰਾਜਨੀਤੀ ਵਿੱਚ ਉਨ੍ਹਾਂ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ।

2009 ਵਿੱਚ ਵਿਖਰੋਲੀ ਵਿੱਚ ਲੋਕਭਾਰਤੀ ਪਾਰਟੀ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕਾਂਬਲੀ ਦੀ ਮੁਹਿੰਮ ਬੁਰੀ ਤਰ੍ਹਾਂ ਅਸਫ਼ਲ ਰਹੀ। ਸਿਰਫ 3,800 ਵੋਟਾਂ ਨਾਲ, ਉਹ ਬੁਰੀ ਤਰ੍ਹਾਂ ਹਾਰ ਗਏ, ਜੋ ਕ੍ਰਿਕਟ ਦੇ ਮੈਦਾਨ 'ਤੇ ਉਨ੍ਹਾਂ ਨੂੰ ਮਿਲਣ ਵਾਲੀ ਪ੍ਰਸ਼ੰਸ਼ਾ ਤੋਂ ਬਿਲਕੁਲ ਉਲਟ ਸੀ।

ਇਸੇ ਤਰ੍ਹਾਂ, ਅਦਾਕਾਰੀ ਦੇ ਕਰੀਅਰ ਵਿੱਚ ਉਨ੍ਹਾਂ ਨੂੰ ਬਹੁਤ ਘੱਟ ਸਫ਼ਲਤਾ ਮਿਲੀ। ਕਾਂਬਲੀ ਨੇ 2002 ਵਿੱਚ ਫਿਲਮ 'ਅਨਰਥ' ਨਾਲ ਬੌਲੀਵੁੱਡ ਵਿੱਚ ਸ਼ੁਰੂਆਤ ਕੀਤੀ, ਉਸ ਤੋਂ ਬਾਅਦ 2009 ਵਿੱਚ 'ਪਲ ਪਲ ਦਿਲ ਕੇ ਪਾਸ' ਵਿੱਚ ਨਜ਼ਰ ਆਏ।

ਉਨ੍ਹਾਂ ਨੇ ਇੱਕ ਦੱਖਣ ਭਾਰਤੀ ਫਿਲਮ 'ਬੇਟਾਨਾਗੇਰੇ' ਵਿੱਚ ਵੀ ਕੰਮ ਕੀਤਾ, ਪਰ ਇਨ੍ਹਾਂ ਵਿੱਚੋਂ ਕੋਈ ਵੀ ਫਿਲਮ ਸਫਲ ਨਹੀਂ ਹੋਈ, ਜਿਸ ਨਾਲ ਕਾਂਬਲੀ ਦਾ ਅਦਾਕਾਰੀ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ।

ਮਨੋਰੰਜਨ ਜਗਤ ਵਿੱਚ ਜਗ੍ਹਾ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ 'ਕਾਮੇਡੀ ਸਰਕਸ', 'ਕਾਮੇਡੀ ਨਾਈਟਸ ਬਚਾਓ' ਅਤੇ 'ਮਿਸ ਇੰਡੀਆ' ਵਰਗੇ ਸ਼ੋਅਜ਼ 'ਤੇ ਟੀਵੀ 'ਤੇ ਆਉਣ ਦੇ ਨਾਲ ਜਾਰੀ ਰਹੀਆਂ ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਸਥਾਈ ਪ੍ਰਭਾਵ ਨਹੀਂ ਛੱਡਿਆ।

ਹਰ ਨਵੀਂ ਕੋਸ਼ਿਸ਼ ਜਿੰਨੀ ਜਲਦੀ ਸ਼ੁਰੂ ਹੋਈ, ਓਨੀ ਜਲਦੀ ਹੀ ਫੇਲ੍ਹ ਹੁੰਦੀ ਜਾਪਦੀ ਸੀ। ਇਸ ਨਾਲ ਇਹ ਚਰਚਾ ਹੋਰ ਵੀ ਵਧ ਗਈ ਕਿ ਕਾਂਬਲੀ ਕ੍ਰਿਕਟ ਤੋਂ ਬਾਅਦ ਕਿਤੇ ਵੀ ਆਪਣੀ ਜਗ੍ਹਾ ਨਹੀਂ ਬਣਾ ਸਕੇ।

ਪ੍ਰਸਿੱਧੀ ਦਾ ਦਬਾਅ ਲੈ ਡੁੱਬਿਆ

ਕਾਂਬਲੀ ਦੇ ਜੀਵਨ ਦੀਆਂ ਗੁੰਝਲਾਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਬੀਬੀਸੀ ਮਰਾਠੀ ਨੇ ਸੀਨੀਅਰ ਖੇਡ ਵਿਸ਼ਲੇਸ਼ਕ ਵਿਨਾਇਕ ਡਾਲਵੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਾਬਕਾ ਕ੍ਰਿਕਟਰ ਦੀ ਪਰੇਸ਼ਾਨ ਮਾਨਸਿਕਤਾ 'ਤੇ ਡੂੰਘੀ ਚਰਚਾ ਕੀਤੀ।

ਡਾਲਵੀ ਦੇ ਲੇਖ, ਜਿਸ ਨੇ ਕਾਂਬਲੀ ਦੇ ਕਰੀਅਰ ਅਤੇ ਨਿੱਜੀ ਜੀਵਨ ਨੂੰ ਆਕਾਰ ਦੇਣ ਵਾਲੇ ਕਈ ਕਾਰਕਾਂ ਦੀ ਜਾਂਚ ਕੀਤੀ, ਨੇ ਕਾਂਬਲੀ ਨੂੰ ਸ਼ੁਰੂਆਤੀ ਸਾਲਾਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਇੱਕ ਪਰੇਸ਼ਾਨ ਕਰਨ ਵਾਲੀ ਸੱਚਾਈ ਦਾ ਖੁਲਾਸਾ ਕੀਤਾ।

ਡਾਲਵੀ ਨੇ ਦੱਸਿਆ, ''ਬਹੁਤ ਸਾਰੇ ਲੋਕ ਸਫਲਤਾ ਅਤੇ ਪ੍ਰਸਿੱਧੀ ਨੂੰ ਸੰਭਾਲਣ ਲਈ ਸੰਘਰਸ਼ ਕਰਦੇ ਹਨ, ਖ਼ਾਸ ਕਰਕੇ ਜਦੋਂ ਇਹ ਛੋਟੀ ਉਮਰ ਵਿੱਚ ਮਿਲਦੀ ਹੈ। ਸਫਲਤਾ ਦੇ ਨਾਲ ਉਸ ਦਾ ਇੱਕ ਹੋਰ ਪਹਿਲੂ ਵੀ ਆਉਂਦਾ ਹੈ, ਉਹ ਹੈ ਦਬਾਅ, ਪ੍ਰਲੋਭਨ, ਵਧੀਕੀਆਂ।

ਬਦਕਿਸਮਤੀ ਨਾਲ ਕਾਂਬਲੀ ਉਨ੍ਹਾਂ ਖ਼ਤਰਿਆਂ ਦਾ ਸ਼ਿਕਾਰ ਹੋ ਗਏ। ''ਸ਼ਰਾਬ ਪੀਣਾ, ਪਾਰਟੀਆਂ ਕਰਨਾ ਅਤੇ ਲਾਪਰਵਾਹੀ ਵਾਲਾ ਵਿਵਹਾਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਬਣ ਗਿਆ। ਕਈ ਵਾਰ ਅਜਿਹਾ ਲੱਗਦਾ ਹੈ ਕਿ ਉਹ ਦੋ ਤਰ੍ਹਾਂ ਦਾ ਜੀਵਨ ਜਿਊਂਦੇ ਹਨ, ਇੱਕ ਦਿਨ ਵੇਲੇ ਸੰਜੀਦਾ ਅਤੇ ਦੂਜਾ ਰਾਤ ਨੂੰ ਨਸ਼ੇ ਵਿੱਚ ਹੋਣ 'ਤੇ ਅਨਿਯਮਤ ਅਤੇ

ਘਮੰਡੀ। ਇਸ ਦਵੰਦ ਨੇ ਉਸ ਦਾ ਕਰੀਅਰ ਤਬਾਹ ਕਰ ਦਿੱਤਾ।''

ਡਾਲਵੀ ਨੇ ਕਾਂਬਲੀ ਦੇ ਜੀਵਨ ਦੀ ਤੁਲਨਾ ਉਨ੍ਹਾਂ ਦੇ ਬਚਪਨ ਦੇ ਦੋਸਤ ਅਤੇ ਕ੍ਰਿਕਟ ਦੇ ਸਾਥੀ ਸਚਿਨ ਤੇਂਦੁਲਕਰ ਨਾਲ ਕੀਤੀ। ਉਨ੍ਹਾਂ ਨੇ ਕਿਹਾ, ''ਜਦੋਂ ਤੁਸੀਂ ਇੰਨੀ ਛੋਟੀ ਉਮਰ ਵਿੱਚ ਬਹੁਤ ਸਫਲਤਾ ਦਾ ਅਨੁਭਵ ਕਰਦੇ ਹੋ, ਤਾਂ ਜ਼ਮੀਨ 'ਤੇ ਟਿਕੇ ਰਹਿਣ ਲਈ ਪਰਿਵਾਰ ਦਾ ਮਜ਼ਬੂਤ ਸਮਰਥਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।"

''ਸਚਿਨ ਨੂੰ ਆਪਣੇ ਵੱਡੇ ਭਰਾ ਅਜੀਤ ਦੇ ਰੂਪ ਵਿੱਚ ਇਹ ਸਮਰਥਨ ਮਿਲਿਆ, ਜਿਸ ਨੇ ਉਨ੍ਹਾਂ ਨੂੰ ਕ੍ਰਿਕਟ 'ਤੇ ਧਿਆਨ ਕੇਂਦਰਿਤ ਰੱਖਣ ਵਿੱਚ ਮਦਦ ਕੀਤੀ, ਪਰ ਕਾਂਬਲੀ ਨੂੰ ਇਸ ਤਰ੍ਹਾਂ ਦਾ ਸਮਰਥਨ ਨਹੀਂ ਮਿਲਿਆ। ਉਹ ਆਪਣੇ ਰਸਤੇ ਤੋਂ ਭਟਕ ਗਏ ਤਾਂ ਉਨ੍ਹਾਂ ਨੂੰ ਵਾਪਸ ਲਿਆਉਣ ਵਾਲਾ ਕੋਈ ਨਹੀਂ ਸੀ।''

ਕਾਂਬਲੀ ਦਾ ਪਹਿਲਾ ਵਿਆਹ, ਜੋ ਤਲਾਕ ਨਾਲ ਖਤਮ ਹੋਇਆ, ਭਾਵਨਾਤਮਕ ਅਸਥਿਰਤਾ ਦੇ ਲੰਬੇ ਸਮੇਂ ਦੀ ਸ਼ੁਰੂਆਤ ਸੀ। ਡਾਲਵੀ ਨੇ ਅੱਗੇ ਕਿਹਾ, ''ਉਹ ਕਦੇ ਵੀ ਇਸ ਅਫਸਲਤਾ ਤੋਂ ਪੂਰੀ ਤਰ੍ਹਾਂ ਨਾਲ ਉਭਰ ਨਹੀਂ ਸਕਿਆ। ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਇਕੱਲਾ ਸੀ, ਜਿਸ ਕਾਰਨ ਉਸ ਨੂੰ ਸ਼ਰਾਬ ਵਿੱਚੋਂ ਢਾਰਸ ਲੱਭਣ ਲੱਗ ਪਿਆ। ਬਦਕਿਸਮਤੀ ਨਾਲ, ਇਸ ਨੇ ਉਸ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ।''

ਸ਼ਾਨਦਾਰ ਕਰੀਅਰ ਦਾ ਪਤਨ

ਵਿਨੋਦ ਕਾਂਬਲੀ ਹਸਪਤਾਲ ਵਿੱਚ ਦਾਖਲ

ਤਸਵੀਰ ਸਰੋਤ, Getty Images

ਕਾਂਬਲੀ ਦਾ ਕ੍ਰਿਕਟ ਕਰੀਅਰ ਵੀ ਘੱਟ ਦੁਖਦਾਈ ਨਹੀਂ ਰਿਹਾ। ਇੱਕ ਵਾਰ ਉਨ੍ਹਾਂ ਨੂੰ ਆਪਣੇ ਸਭ ਤੋਂ ਚੰਗੇ ਦੋਸਤ, ਸਚਿਨ ਤੇਂਦੁਲਕਰ ਦੀ ਤਰ੍ਹਾਂ ਸਫਲ ਹੋਣ ਦੀ ਸਮਰੱਥਾ ਰੱਖਣ ਵਾਲਾ ਪ੍ਰਤਿਭਾਸ਼ਾਲੀ ਖਿਡਾਰੀ ਮੰਨਿਆ ਜਾਂਦਾ ਸੀ, ਪਰ ਕਾਂਬਲੀ ਦਾ ਕਰੀਅਰ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ।

ਡਾਲਵੀ ਅਨੁਸਾਰ, ਕਾਂਬਲੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਢਲਣ ਲਈ ਸੰਘਰਸ਼ ਕਰਨਾ ਪਿਆ। ''ਘਰੇਲੂ ਕ੍ਰਿਕਟ ਵਿੱਚ ਕਾਂਬਲੀ ਅਤੇ ਸਚਿਨ ਨੇ ਅਜਿਹੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਜੋ ਵੱਧ ਤੋਂ ਵੱਧ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਸਨ, ਪਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੈ।"

''ਸਚਿਨ ਨੇ ਵਧੀ ਹੋਈ ਰਫ਼ਤਾਰ ਨਾਲ ਸਿੱਝਣ ਲਈ ਆਪਣੀ ਤਕਨੀਕ ਨੂੰ ਬਦਲ ਕੇ ਖ਼ੁਦ ਨੂੰ ਢਾਲ ਲਿਆ, ਪਰ ਕਾਂਬਲੀ ਅਜਿਹਾ ਨਹੀਂ ਕਰ ਸਕੇ। ਉਹ ਇੱਕ ਹਮਲਾਵਰ ਬੱਲੇਬਾਜ਼ ਸੀ ਜੋ ਉਨ੍ਹਾਂ ਗੇਂਦਾਂ ਨੂੰ ਓਵਰਹਿੱਟ ਕਰਨ ਲਈ ਇਛੁੱਕ ਸੀ ਜਿਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਾਂ ਇਨ੍ਹਾਂ ਤੋਂ ਬਚਾਅ ਕਰਨਾ ਚਾਹੀਦਾ ਸੀ। ਇਸ ਲਾਪਰਵਾਹੀ ਕਾਰਨ ਉਨ੍ਹਾਂ ਦਾ ਪਤਨ

ਹੋਇਆ।''

ਉਸ ਸਮੇਂ ਨੌਜਵਾਨ ਪ੍ਰਤਿਭਾਵਾਂ ਦੀ ਇੱਕ ਲਹਿਰ ਉੱਭਰੀ, ਜਿਸ ਵਿੱਚ ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਵੀਵੀਐੱਸ ਲਕਸ਼ਮਣ ਅਤੇ ਵਰਿੰਦਰ ਸਹਿਵਾਗ ਵਰਗੇ ਦਿੱਗਜ ਸ਼ਾਮਲ ਸਨ। ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਮੁਕਾਬਲਾ ਬਹੁਤ ਸਖ਼ਤ ਸੀ।

ਕਾਂਬਲੀ ਦੇ ਪ੍ਰਦਰਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਫਿਟਨੈੱਸ ਵਿੱਚ ਵੀ ਗਿਰਾਵਟ ਆਉਣ ਲੱਗੀ। ਜਿਵੇਂ ਜਿਵੇਂ ਇਨ੍ਹਾਂ ਨਵੇਂ ਖਿਡਾਰੀਆਂ ਨੂੰ ਪ੍ਰਮੁੱਖਤਾ ਮਿਲੀ, ਕਾਂਬਲੀ ਹੌਲੀ-ਹੌਲੀ ਹਾਸ਼ੀਏ 'ਤੇ ਚਲੇ ਗਏ ਅਤੇ ਉਨ੍ਹਾਂ ਦਾ ਕ੍ਰਿਕਟ ਕਰੀਅਰ ਖਤਮ ਹੁੰਦਾ ਗਿਆ।

ਕਾਂਬਲੀ ਦੇ ਡਾਕਟਰ ਅਨੁਸਾਰ, ''ਕਿਸੇ ਵੀ ਖਿਡਾਰੀ ਲਈ ਭਾਵਨਾਤਮਕ ਅਤੇ ਮਾਨਸਿਕ ਸਮਰਥਨ ਬਹੁਤ ਜ਼ਰੂਰੀ ਹੁੰਦਾ ਹੈ, ਖ਼ਾਸ ਤੌਰ 'ਤੇ ਉੱਚ ਪੱਧਰ 'ਤੇ। ਕਾਂਬਲੀ ਕੋਲ ਉਸ ਸਮਰਥਨ ਦੀ ਘਾਟ ਸੀ।"

''ਇਸ ਤੋਂ ਬਿਨਾਂ ਵਿਸ਼ਵ ਕ੍ਰਿਕਟ ਦੇ ਸਿਖਰ 'ਤੇ ਕਰੀਅਰ ਨੂੰ ਕਾਇਮ ਰੱਖਣਾ ਲਗਭਗ ਅਸੰਭਵ ਹੈ। ਸਮਰਥਨ ਦੀ ਇਹ ਘਾਟ ਉਨ੍ਹਾਂ ਦੇ ਪੇਸ਼ੇਵਰ ਅਤੇ ਨਿੱਜੀ ਪਤਨ ਦਾ ਮੁੱਖ ਕਾਰਕ ਸੀ।''

ਗੁੰਮ ਹੋਏ ਸਿਤਾਰੇ ਦੀਆਂ ਅਧੂਰੀਆਂ ਸੱਧਰਾਂ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਬਲੀ ਨੂੰ ਇੱਕ ਸਮੇਂ ਮਹਾਨ ਬਣਨਾ ਸੀ। ਕ੍ਰਿਕਟ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਨੇ ਸੰਕੇਤ ਦਿੱਤਾ ਕਿ ਉਹ ਖੇਡ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਬਣ ਸਕਦੇ ਹਨ, ਸ਼ਾਇਦ ਆਪਣੇ ਬਚਪਨ ਦੇ ਦੋਸਤ, ਸਚਿਨ ਤੇਂਦੁਲਕਰ ਦਾ ਵੀ ਵਿਰੋਧੀ ਬਣ ਸਕਦੇ ਹਨ।

ਫਿਰ ਵੀ ਉਨ੍ਹਾਂ ਦਾ ਕਰੀਅਰ ਦੁਖਦਾਈ ਤੌਰ 'ਤੇ ਛੋਟਾ ਰਿਹਾ। ਜੋ ਉਮੀਦਾਂ ਅਤੇ ਸੁਪਨੇ ਕਦੇ ਉਨ੍ਹਾਂ ਦੇ ਆਲੇ ਦੁਆਲੇ ਬੁਣੇ ਗਏ ਸਨ, ਹੁਣ ਉਨ੍ਹਾਂ ਦੀ ਥਾਂ ਅਧੂਰੀਆਂ ਸੱਧਰਾਂ ਨੇ ਲੈ ਲਈ ਹੈ। ਕਾਂਬਲੀ ਦੀ ਸਿਹਤ ਖਰਾਬ ਹੋਣ ਦੇ ਨਾਲ ਹੀ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਆਨਲਾਈਨ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਕਮਜ਼ੋਰ ਅਤੇ ਬਿਮਾਰ ਦਿਖਾਈ ਦੇ ਰਹੇ ਹਨ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਦੁੱਖ ਅਤੇ ਅਵਿਸ਼ਵਾਸ ਦੀ ਭਾਵਨਾ ਫੈਲ ਗਈ ਹੈ।

ਕਦੇ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵਧੀਆ ਸੰਭਾਵਨਾਵਾਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ, ਕਾਂਬਲੀ ਦਾ ਜੀਵਨ ਇਸ ਗੱਲ ਦੀ ਪੂਰੀ ਯਾਦ ਦਿਵਾਉਂਦਾ ਹੈ ਕਿ ਪ੍ਰਸਿੱਧੀ ਅਤੇ ਸਫਲਤਾ ਕਿੰਨੀ ਪਲ ਭਰ ਦੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦਾ ਕਰੀਅਰ ਉਨ੍ਹਾਂ ਉਚਾਈਆਂ ਤੱਕ ਪਹੁੰਚਣ ਵਿੱਚ ਅਸਫਲ ਰਿਹਾ ਹੋਵੇ ਜਿਸ ਦੀ ਕਦੇ ਉਮੀਦ ਕੀਤੀ ਜਾਂਦੀ ਸੀ, ਪਰ ਅਜੇ ਵੀ ਉਮੀਦ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆ ਸਕਦੇ ਹਨ।

ਸ਼ਾਇਦ ਆਉਣ ਵਾਲੇ ਸਾਲਾਂ ਵਿੱਚ ਉਹ ਜ਼ਿਆਦਾ ਸਿਹਤਮੰਦ, ਵਧੇਰੇ ਸੰਤੁਸ਼ਟੀਪੂਰਨ ਜੀਵਨ ਜੀਅ ਸਕਣਗੇ। ਅੰਤ ਵਿੱਚ ਵਿਨੋਦ ਕਾਂਬਲੀ ਦੀ ਕਹਾਣੀ ਸਿਰਫ਼ ਗੁਆਚੀਆਂ ਸੰਭਾਵਨਾਵਾਂ ਦੀ ਕਹਾਣੀ ਨਹੀਂ ਹੈ, ਬਲਕਿ ਪ੍ਰਸਿੱਧੀ ਦੇ ਨਾਲ ਆਉਣ ਵਾਲੇ ਭਾਰੀ ਦਬਾਅ ਅਤੇ ਉਨ੍ਹਾਂ ਦੁਖਦਾਈ ਨਤੀਜਿਆਂ ਦੀ ਵੀ ਕਹਾਣੀ ਹੈ ਜੋ ਉਦੋਂ ਪੈਦਾ ਹੋ ਸਕਦੇ ਹਨ ਜਦੋਂ ਕਿਸੇ ਵਿਅਕਤੀ ਨੂੰ ਉਨ੍ਹਾਂ ਦਬਾਆਂ ਨਾਲ ਨਜਿੱਠਣ ਲਈ ਜ਼ਰੂਰੀ ਭਾਵਨਾਤਮਕ ਅਤੇ ਮਾਨਸਿਕ ਸਮਰਥਨ ਨਹੀਂ ਮਿਲਦਾ।

ਵਿਵਾਦਾਂ ਅਤੇ ਨਿੱਜੀ ਸੰਘਰਸ਼ਾਂ ਨਾਲ ਭਰਿਆ ਉਨ੍ਹਾਂ ਦਾ ਜੀਵਨ ਸਫਲਤਾ ਦੀ ਨਾਜ਼ੁਕਤਾ ਅਤੇ ਪ੍ਰਸਿੱਧੀ ਦੇ ਸਾਹਮਣੇ ਅੰਦਰੂਨੀ ਤਾਕਤ ਦੇ ਮਹੱਤਵ ਦਾ ਦਰਦਮਈ ਪ੍ਰਤੀਬਿੰਬ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)