'ਮੌਤ ਤੋਂ ਬਾਅਦ ਵੀ ਉਸਦੇ ਫ਼ੋਨ 'ਤੇ ਮੈਸੇਜ ਆਉਂਦੇ ਰਹੇ', ਡਿਜੀਟਲ ਅਰੈਸਟ 'ਚ ਆਈ ਮਹਿਲਾ ਦੇ ਪਰਿਵਾਰ ਨੂੰ ਉਸਦੀ ਮੌਤ ਬਾਅਦ ਕੀ-ਕੀ ਪਤਾ ਲੱਗਿਆ

    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

ਇੱਕ 76 ਸਾਲਾ ਸੇਵਾਮੁਕਤ ਮੈਡੀਕਲ ਅਫ਼ਸਰ ਨੂੰ "ਡਿਜੀਟਲ ਅਰੈਸਟ" ਦੇ ਜਾਲ 'ਚ ਫਸਾ ਕੇ ਠੱਗਣ ਵਾਲਿਆਂ ਖ਼ਿਲਾਫ਼ ਸਾਈਬਰ ਕ੍ਰਾਈਮ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਸਾਈਬਰ ਘੁਟਾਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੀੜਤਾ ਦੀ 'ਦਿਲ ਦਾ ਦੌਰਾ' ਪੈਣ ਨਾਲ ਹੋ ਗਈ ਸੀ, ਮਹਿਲਾ ਹੈਦਰਾਬਾਦ ਨਾਲ ਸਬੰਧਿਤ ਸੀ।

ਹੈਦਰਾਬਾਦ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਡੀਸੀਪੀ ਕਵਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਹੈ।

ਉਨ੍ਹਾਂ ਦੱਸਿਆ, ''ਅਸੀਂ 1669/2025 ਨੰਬਰ ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।''

ਹਾਲਾਂਕਿ ਸਾਈਬਰ ਅਪਰਾਧ ਮਾਮਲਿਆਂ ਵਿੱਚ ਨਿੱਜਤਾ ਦਾ ਹਵਾਲਾ ਦਿੰਦੇ ਹੋਏ ਡੀਸੀਪੀ ਨੇ ਪੀੜਤਾ ਦਾ ਨਾਮ ਜਾਂ ਪਰਿਵਾਰਕ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ।

ਸ਼ੈੱਲ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਪੈਸੇ

ਇਹ ਘਟਨਾ ਸਤੰਬਰ ਦੇ ਸ਼ੁਰੂ ਵਿੱਚ ਹੈਦਰਾਬਾਦ ਦੇ ਯੂਸਫ਼ਗੁੜਾ ਵਿੱਚ ਵਾਪਰੀ ਸੀ, ਪਰ ਇਸ ਦੀ ਜਾਣਕਾਰੀ ਹਾਲ ਹੀ ਵਿੱਚ ਸਾਹਮਣੇ ਆਈ ਹੈ। ਪੀੜਤ ਮਹਿਲਾ ਮਲਕਪੇਟ ਹਸਪਤਾਲ ਤੋਂ ਮੈਡੀਕਲ ਅਫ਼ਸਰ ਵਜੋਂ ਸੇਵਾਮੁਕਤ ਸਨ।

ਡੀਸੀਪੀ ਕਵਿਤਾ ਨੇ ਕਿਹਾ ਕਿ 5 ਤੋਂ 8 ਸਤੰਬਰ ਦੇ ਵਿਚਕਾਰ ਸਾਈਬਰ ਅਪਰਾਧੀਆਂ ਨੇ ਡਿਜੀਟਲ ਅਰੈਸਟ ਦੇ ਨਾਮ 'ਤੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ ਅਤੇ ਧਮਕੀਆਂ ਦਿੱਤੀਆਂ ਸਨ।

ਪੁਲਿਸ ਨੂੰ ਪਤਾ ਲੱਗਿਆ ਕਿ ਧੋਖਾਧੜੀ ਕਰਨ ਵਾਲਿਆਂ ਦੀ ਪਹਿਲੀ ਕਾਲ 5 ਸਤੰਬਰ ਨੂੰ ਆਈ ਸੀ।

ਪੁਲਿਸ ਦੇ ਅਨੁਸਾਰ, ਅਗਲੇ ਦਿਨ 6,60,543 ਰੁਪਏ ਉਨ੍ਹਾਂ ਦੇ ਬੈਂਕ ਖਾਤੇ ਤੋਂ ਮਹਾਰਾਸ਼ਟਰ ਦੇ ਇੱਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਸਨ, ਜਿਸ ਦੀ ਪਛਾਣ ਪੁਲਿਸ ਨੇ ਇੱਕ ਸ਼ੈੱਲ ਖਾਤੇ ਵਜੋਂ ਕੀਤੀ।

ਜਾਂਚਕਰਤਾਵਾਂ ਦੇ ਅਨੁਸਾਰ, ਘੁਟਾਲੇਬਾਜ਼ ਆਮ ਤੌਰ 'ਤੇ ਚੋਰੀ ਕੀਤੇ ਪੈਸੇ ਸ਼ੈੱਲ ਖਾਤਿਆਂ ਵਿੱਚ ਭੇਜਦੇ ਹਨ, ਫਿਰ ਇਸਨੂੰ ਕਈ ਖਾਤਿਆਂ ਵਿੱਚ ਟ੍ਰਾਂਸਫਰ ਕਰਦੇ ਹਨ ਅਤੇ ਪਤਾ ਲੱਗਣ ਤੋਂ ਬਚਣ ਲਈ ਇਸਨੂੰ ਕ੍ਰਿਪਟੋਕਰੰਸੀ ਵਿੱਚ ਬਦਲ ਦਿੰਦੇ ਹਨ।

ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਮੈਸੇਜ ਆਉਂਦੇ ਰਹੇ

ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ 8 ਸਤੰਬਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਲਈ ਅੰਤਿਮ ਰਸਮਾਂ ਅਗਲੇ ਦਿਨ ਕੀਤੀਆਂ ਗਈਆਂ।

ਮਹਿਲਾ ਦੇ ਪਰਿਵਾਰ ਨੇ ਦੇਖਿਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਫੋਨ 'ਤੇ ਮੈਸੇਜ ਭੇਜੇ ਜਾ ਰਹੇ ਸਨ। ਇਸ ਕਾਰਨ ਉਨ੍ਹਾਂ ਨੂੰ ਸਾਈਬਰ ਧੋਖਾਧੜੀ ਦਾ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਆਪਣੀ ਸ਼ਿਕਾਇਤ ਵਿੱਚ ਪਰਿਵਾਰ ਨੇ ਕਿਹਾ ਕਿ ਘੁਟਾਲੇਬਾਜ਼ਾਂ ਦੇ ਦਬਾਅ ਅਤੇ ਧਮਕੀਆਂ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀਆਂ।

ਪੁਲਿਸ ਨੇ ਕਿਹਾ, "ਸਾਨੂੰ ਪਤਾ ਲੱਗਾ ਕਿ ਪੀੜਤਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਫੋਨ 'ਤੇ ਮੈਸੇਜ ਭੇਜੇ ਗਏ ਸਨ। ਕਾਲਾਂ ਅਸਲ ਨੰਬਰ ਤੋਂ ਨਹੀਂ ਸਗੋਂ ਇੱਕ ਵੱਖਰੇ ਨੰਬਰ ਤੋਂ ਕੀਤੀਆਂ ਗਈਆਂ ਸਨ।"

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਇਹ ਫ਼ੋਨ ਨੰਬਰ 'ਜਯਸ਼ੰਕਰ ਸਰ' ਦੇ ਨਾਮ ਨਾਲ ਸੇਵ ਕੀਤਾ ਸੀ ਅਤੇ ਉਨ੍ਹਾਂ ਨੂੰ ਵਟਸਐਪ 'ਤੇ ਇੱਕ ਜਾਅਲੀ ਅਦਾਲਤੀ ਨੋਟਿਸ ਵੀ ਮਿਲਿਆ ਸੀ ਅਤੇ ਕਈ ਵੀਡੀਓ ਕਾਲਾਂ ਵੀ ਆਈਆਂ ਸਨ।

ਡੀਸੀਪੀ ਕਵਿਤਾ ਨੇ ਕਿਹਾ ਕਿ ਉਹ ਫਿਲਹਾਲ ਉਹ ਹੋਰ ਵੇਰਵੇ ਸਾਂਝੇ ਨਹੀਂ ਕਰ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ।

ਡਿਜੀਟਲ ਅਰੈਸਟ ਕੀ ਹੈ?

ਸਾਈਬਰ ਅਪਰਾਧ ਤੇਜ਼ੀ ਨਾਲ ਵਧ ਅਤੇ ਬਦਲ ਰਹੇ ਹਨ। ਵਧਦੀ ਜਾਗਰੂਕਤਾ ਦੇ ਬਾਵਜੂਦ ਵੀ ਘੁਟਾਲੇਬਾਜ਼ ਲੋਕਾਂ ਨੂੰ ਧੋਖਾ ਦੇਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਅਕਤੂਬਰ 2024 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ "ਡਿਜੀਟਲ ਅਰੈਸਟ" ਬਾਰੇ ਖਾਸ ਤੌਰ 'ਤੇ ਗੱਲ ਕੀਤੀ ਸੀ।

ਘੁਟਾਲੇਬਾਜ਼ ਪੁਲਿਸ ਸਟੇਸ਼ਨਾਂ ਜਾਂ ਜਾਂਚ ਦਫ਼ਤਰਾਂ ਵਰਗੇ ਜਾਅਲੀ ਸੈੱਟਅੱਪ ਬਣਾਉਂਦੇ ਹਨ, ਵਰਦੀਆਂ ਪਾਉਂਦੇ ਹਨ ਅਤੇ ਵੀਡੀਓ ਕਾਲਾਂ ਦੌਰਾਨ ਜਾਅਲੀ ਆਈਡੀ ਕਾਰਡ ਦਿਖਾਉਂਦੇ ਹਨ। ਉਹ ਸੀਬੀਆਈ, ਆਈਟੀ, ਕਸਟਮ, ਨਾਰਕੋਟਿਕਸ ਬਿਊਰੋ ਜਾਂ ਆਰਬੀਆਈ ਵਰਗੀਆਂ ਏਜੰਸੀਆਂ ਦੇ ਅਧਿਕਾਰੀਆਂ ਵਜੋਂ ਆਪਣੇ ਆਪ ਨੂੰ ਪੇਸ਼ ਕਰਦੇ ਹਨ।

ਉਹ ਪੀੜਤਾਂ ਨੂੰ ਝੂਠੇ ਦਾਅਵਿਆਂ ਨਾਲ ਧਮਕਾਉਂਦੇ ਹਨ, ਜਿਵੇਂ ਕਿ ਗੈਰ-ਕਾਨੂੰਨੀ ਪਾਰਸਲ ਜਾਂ ਉਨ੍ਹਾਂ ਦੇ ਫ਼ੋਨ ਨੰਬਰਾਂ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ। ਉਹ ਪੀੜਤਾਂ ਨੂੰ ਡਰਾਉਣ ਲਈ ਡੀਪਫੇਕ ਵੀਡੀਓ ਅਤੇ ਜਾਅਲੀ ਗ੍ਰਿਫ਼ਤਾਰੀ ਵਾਰੰਟ ਦੀ ਵੀ ਵਰਤੋਂ ਕਰਦੇ ਹਨ।

ਅੰਤ ਵਿੱਚ ਉਹ ਪੀੜਤਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਟ੍ਰਾਂਸਫਰ ਕਰਨ ਲਈ ਮਜਬੂਰ ਕਰਦੇ ਹਨ।

ਸਾਈਬਰ ਕ੍ਰਾਈਮ ਦੀ ਰਿਪੋਰਟ ਕਿਵੇਂ ਕਰੀਏ

ਡੀਸੀਪੀ ਕਵਿਤਾ ਸਲਾਹ ਦਿੰਦੇ ਹਨ ਕਿ ਜਿਸ ਵੀ ਵਿਅਕਤੀ ਨੂੰ ਸਾਈਬਰ ਕ੍ਰਾਈਮ 'ਚ ਫਸਣ ਦਾ ਸ਼ੱਕ ਹੁੰਦਾ ਹੈ ਜਾਂ ਜੋ ਵੀ ਇਸ ਦਾ ਸ਼ਿਕਾਰ ਹੁੰਦਾ ਹੈ, ਉਸ ਨੂੰ ਤੁਰੰਤ ਗ੍ਰਹਿ ਮੰਤਰਾਲੇ ਦੁਆਰਾ ਚਲਾਏ ਜਾਂਦੇ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਕਾਲ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ, ਪੀੜਤ https://cybercrime.gov.in 'ਤੇ ਔਨਲਾਈਨ ਸ਼ਿਕਾਇਤਾਂ ਵੀ ਦਰਜ ਕਰਾ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)