ਪੰਜਾਬ ਹੜ੍ਹ: ਕੀ ਪਾਣੀ ਨੂੰ ਨਹਿਰਾਂ ਵੱਲ ਜਾਂ ਰਾਜਸਥਾਨ ਵੱਲ ਮੋੜ ਕੇ ਨੁਕਸਾਨ ਘਟਾਇਆ ਜਾ ਸਕਦਾ ਸੀ, ਮਾਹਿਰ ਤੋਂ ਸਮਝੋ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਹੜ੍ਹਾਂ ਅਤੇ ਮੀਂਹ ਨਾਲ ਦਰਜਨਾਂ ਮੌਤਾਂ ਹੋਈਆਂ ਹਨ ਤੇ ਭਾਰੀ ਨੁਕਸਾਨ ਵੀ ਹੋਇਆ ਹੈ।

ਸੂਬੇ ਵਿੱਚ ਕੁਝ ਕਿਸਾਨ ਆਗੂ ਤੇ ਰਾਜਨੀਤਿਕ ਆਗੂ ਅਜਿਹੇ ਦਾਅਵੇ ਕਰ ਰਹੇ ਹਨ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਜੇਕਰ ਪੰਜਾਬ ਤੋਂ ਬਾਹਰ ਨਹਿਰਾਂ ਵੱਲ ਪਾਣੀ ਭੇਜਿਆ ਜਾਂਦਾ ਜਾਂ ਕੁਝ ਹੋਰ ਕਦਮ ਚੁੱਕੇ ਜਾਂਦੇ।

ਕੀ ਇਹ ਸੰਭਵ ਸੀ? ਇਹਨਾਂ ਸਵਾਲਾਂ ਦੇ ਜਵਾਬ ਲੈਣੇ ਜ਼ਰੂਰੀ ਹਨ। ਅਸੀਂ ਇਹ ਸਵਾਲ ਲੈ ਕੇ ਮਾਹਿਰਾਂ ਕੋਲ ਗਏ।

ਚਰਚਾ ਕੀ ਹੈ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਮਲੋਟ-ਡੱਬਵਾਲੀ ਫੀਡਰ ਕਨਾਲ ਦਾ ਦੌਰਾ ਕੀਤਾ ਤੇ ਕਿਹਾ ਕਿ ਸਰਕਾਰ “ਸਾਡੇ ਯਤਨਾਂ ਕਰਕੇ ਸਰਕਾਰ ਕੁਝ ਪਾਣੀ ਛੱਡਣ ਵਾਸਤੇ ਮਜਬੂਰ ਹੋਈ ਹੈ।”

ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਤੱਕ ਸਰਕਾਰ ਨੇ ਪਾਣੀ ਦੇ ਰਾਹ ਵਿਚੋਂ ਇੱਕ ਵੀ ਬੂੰਦ ਪਾਣੀ ਬਾਹਰ ਨਹੀਂ ਜਾਣ ਦਿੱਤਾ। ਜਿਸ ਕਾਰਨ ਸੂਬੇ ਦਾ ਇੱਕ ਤਿਹਾਈ ਹਿੱਸਾ ਡੁੱਬ ਗਿਆ ਅਤੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਤ ਹੋਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇ ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਹੀ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆ ਗਈ ਹੈ ਤਾਂ ਇਹ ਅੱਜ ਤੱਕ ਦੀਆਂ ਸਰਕਾਰਾਂ ਦੀ ਨਾਲਾਇਕੀ ਦਾ ਹੀ ਸਿੱਟਾ ਹੈ।

ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸੂਏ ਤੇ ਨਹਿਰਾਂ ਖ਼ਾਲੀ ਹਨ ਤੇ ਪੰਜਾਬ ਡੁੱਬਿਆ ਪਿਆ ਹੈ।

ਉਨ੍ਹਾਂ ਨੇ ਕਿਹਾ ਕਿ ਗੁਆਂਢੀ ਸੂਬਿਆਂ ਦੀਆਂ ਨਹਿਰਾਂ ਵੀ ਖ਼ਾਲੀ ਹਨ।

ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਬੰਨ੍ਹਾਂ ਉੱਤੇ ਕੰਮ ਕਰ ਚੁੱਕੇ ਸਾਬਕਾ ਚੀਫ਼ ਇੰਜੀਨੀਅਰ ਐੱਸਕੇ ਸਲੂਜਾ ਨਾਲ ਗੱਲਬਾਤ ਕੀਤੀ।

ਸਵਾਲ: ਪੰਜਾਬ ਵਿੱਚ ਹੜ੍ਹ ਆਉਣ ਦੇ ਕੀ ਕਾਰਨ ਹਨ?

ਜਵਾਬ: ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਫ਼ ਦੋ ਦਿਨਾਂ ਦੇ ਵਿੱਚ ਹੀ 520 ਮਿਲੀਮੀਟਰ ਬਾਰਸ਼ ਹੋ ਗਈ। ਪੰਜਾਬ ਵਿੱਚ ਔਸਤ ਬਾਰਸ਼ 650 ਐੱਮਐੱਮ ਹੁੰਦੀ ਹੈ ਜੋ ਕਿ ਪੂਰੇ ਸੀਜ਼ਨ ਦੌਰਾਨ ਹੁੰਦੀ ਹੈ।

ਏਨੀ ਬਾਰਸ਼ ਨਾਲ ਸਾਡੀਆਂ ਸਥਾਨਕ ਖੱਡਾਂ ਦੇ ਵਿੱਚ ਪਾਣੀ ਆਇਆ ਹੈ ਤੇ ਇਸ ਨੇ ਜਾ ਕੇ ਅੱਗੇ ਦਰਿਆਵਾਂ ਦੇ ਵਿੱਚ ਮਾਰ ਕੀਤੀ ਹੈ। ਮੈਂ ਤਾਂ ਕਹਾਂਗਾ ਕਿ ਸਾਡੀ ਕਿਸਮਤ ਚੰਗੀ ਸੀ ਕਿ ਇਹ ਬਾਰਸ਼ ਪਹਿਲਾਂ ਹੀ ਹੋ ਗਈ, ਜੋ ਸਾਡੇ ਡੈਮ ਸੀ ਉਹ ਤਕਰੀਬਨ ਖ਼ਾਲੀ ਸੀ ਜਿਸ ਨਾਲ ਸਾਨੂੰ ਬਹੁਤ ਫ਼ਾਇਦਾ ਹੋਇਆ ਹੈ।

ਜਿੰਨਾ ਵੀ ਪਾਣੀ ਹਿਮਾਚਲ ਤੋਂ ਆਇਆ ਉਹ ਸਾਡੇ ਤਿੰਨੇ ਡੈਮਾਂ 'ਚ ਸਮਾ ਗਿਆ ਹੈ। ਡੈਮਾਂ ਤੋਂ ਪਾਣੀ ਘੱਟ ਤੋਂ ਘੱਟ ਹੀ ਛੱਡਿਆ ਗਿਆ ਹੈ। ਕਿਸੇ ਵੀ ਡੈਮ ਨੇ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਇਆ ਹੈ।

  • ਉੱਤਰ-ਪੱਛਮੀ ਸੂਬਿਆਂ ਵਿੱਚ ਪਿਛਲੇ ਸਮੇਂ ਭਾਰੀ ਮੀਂਹ ਪਿਆ
  • ਪੰਜਾਬ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ
  • ਲੋਕਾਂ ਦੀਆਂ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ ਹੈ
  • ਸਤਲੁਜ, ਘੱਗਰ ਅਤੇ ਬਿਆਸ ਦੇ ਪਾਣੀ ਨੇ ਲੋਕਾਂ ਦੀ ਭਾਰੀ ਆਰਥਿਕ ਨੁਕਸਾਨ ਕੀਤਾ
  • ਨਹਿਰਾਂ ਦਾ ਪਾਣੀ ਦੂਜੇ ਸੂਬਿਆਂ ਵਿੱਚ ਛੱਡਣ ਦੀ ਗੱਲ ਆਖੀ ਜਾ ਰਹੀ ਹੈ
  • ਮਾਹਿਰ ਇਸ ਉਪਰ ਵੱਖਰੀ ਰਾਇ ਰੱਖਦੇ ਹਨ

ਸਵਾਲ: ਕੀ ਇਹ ਦਾਅਵਾ ਕਿ ਪਾਣੀ ਨੂੰ ਨਹਿਰਾਂ ਵੱਲ ਜਾਂ ਰਾਜਸਥਾਨ ਵੱਲ ਮੋੜ ਕੇ ਨੁਕਸਾਨ ਘਟਾਇਆ ਜਾ ਸਕਦਾ ਸੀ, ਸਹੀ ਹੈ?

ਜਵਾਬ: ਪਾਣੀ ਨੂੰ ਖਿੰਡਾਣ ਵਾਲੀ ਜੋ ਗਲ ਹੈ ਜੇ ਆਪਾਂ ਇਹ ਸੋਚੀਏ ਕਿ ਹੜ੍ਹਾਂ ਦੇ ਵੇਲੇ ਰਾਜਸਥਾਨ ਵੱਲ ਪਾਣੀ ਭੇਜਣਾ ਹੈ ਤਾਂ ਉਸ ਦੇ ਲਈ ਇੱਕ ਅਲੱਗ ਤਰੀਕੇ ਦੀ ਇੰਜੀਨੀਅਰਿੰਗ ਸ਼ਾਮਿਲ ਕਰਨੀ ਪਏਗੀ।

ਜੇ ਆਪਾਂ ਇਹ ਸੋਚੀਏ ਕਿ ਨਹਿਰਾਂ ਵਿੱਚ ਪਾਣੀ ਛੱਡ ਕੇ ਆਪਾਂ ਨੁਕਸਾਨ ਬਚਾ ਸਕਦੇ ਹਾਂ ਤਾਂ ਸਾਨੂੰ ਇਹ ਧਿਆਨ ਵਿੱਚ ਰੱਖਣਾ ਪਏਗਾ ਕਿ ਬਾਰਿਸ਼ ਨਾਲ ਲੱਖਾਂ ਕਿਉਸਕ ਪਾਣੀ ਆਇਆ ਹੈ। ਜਿਹੜਾ ਪਾਣੀ ਅਸੀਂ ਨਹਿਰਾਂ ਵਿੱਚ ਛੱਡਦੇ ਹਾਂ, ਉਹ ਤਾਂ ਸਿਰਫ਼ 10 ਜਾਂ 15 ਫ਼ੀਸਦੀ ਹੀ ਹੋਏਗਾ, ਜੇ ਅਸੀਂ 15 ਫ਼ੀਸਦੀ ਪਾਣੀ ਨਹਿਰਾਂ ਵਿੱਚ ਛੱਡ ਵੀ ਦਈਏ ਤਾਂ ਵੀ 85 ਫ਼ੀਸਦੀ ਤਾਂ ਥੱਲੇ ਡਾਉਨਸਟਰੀਮ ਜਾਣਾ ਹੀ ਸੀ, ਉਸਦੇ ਨਾਲ ਤਾਂ ਵੀ ਨੁਕਸਾਨ ਹੋਣਾ ਹੀ ਸੀ।

ਜੇ ਅਸੀਂ 10-15 ਫ਼ੀਸਦੀ ਪਾਣੀ ਬਚਾਉਣ ਵਾਸਤੇ ਆਪਣੀਆਂ ਨਹਿਰਾਂ ਤੋੜ ਲਈਏ ਅਤੇ ਮੁੜ ਕੇ ਆਪਣਾ ਪੰਜਾਬ ਡੁੱਬੋ ਲਈਏ ਤਾਂ ਸਾਨੂੰ ਕੌਣ ਸਿਆਣਾ ਕਹੇਗਾ।

ਸਵਾਲ : ਇਹ ਦਾਅਵਾ ਕਿ ਪਾਕਿਸਤਾਨ ਨੇ ਚੰਗਾ ਗੁਆਂਢੀ ਬਣਦੇ ਹੋਏ ਆਪਣੇ ਫਲੱਡ ਗੇਟ ਖੋਲ੍ਹ ਲਏ, ਜਿਸ ਨਾਲ ਪੰਜਾਬ ਵਿੱਚ ਨੁਕਸਾਨ ਘੱਟ ਹੋਇਆ, ਕੀ ਵਾਜਿਬ ਹੈ ?

ਜਵਾਬ: ਪਾਕਿਸਤਾਨ ਤਾਂ ਡਾਊਨਸਟਰੀਮ ’ਤੇ ਆਉਂਦਾ ਹੈ। ਹਮੇਸ਼ਾ ਜਿਹੜੇ ਬਰਾਜ ਜਾਂ ਡੈਮ ਬਣਦੇ ਹਨ ਉਹ ਹਮੇਸ਼ਾ ਡਾਊਨ ਸਟਰੀਮ ’ਤੇ ਪਾਣੀ ਨੂੰ ਕੰਟਰੋਲ ਕਰਦੇ ਹਨ।

ਉੱਪਰ ਜਾਂ ਅਪਸਟਰੀਮ ’ਤੇ ਉਹ ਕਦੇ ਵੀ ਫਲੱਡ ਨੂੰ ਕੰਟਰੋਲ ਨਹੀਂ ਕਰ ਸਕਦੇ।

ਜੇ ਪਾਕਿਸਤਾਨ ਨੇ ਪਾਣੀ ਨੂੰ ਅੱਗੇ ਰਿਲੀਜ਼ ਕੀਤਾ ਹੈ ਤਾਂ ਇਹ ਉਨ੍ਹਾਂ ਦੀ ਮਜਬੂਰੀ ਸੀ, ਕਿਉਂਕਿ ਬਰਾਜ ਦੇ ਉੱਪਰ ਇੱਕ ਫਿਕਸ ਲੈਵਲ ਤੈਅ ਕੀਤਾ ਜਾਂਦਾ ਹੈ। ਜੇ ਉਹ ਪਾਣੀ ਨਾ ਛੱਡਿਆ ਜਾਵੇ ਤਾਂ ਬਰਾਜ ਰੁੜ੍ਹ ਸਕਦਾ ਹੈ।

ਸਵਾਲ: ਕੀ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ?

ਜਵਾਬ: ਹੜ੍ਹਾਂ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਸੀ। ਹਾਂ, ਹੜ੍ਹ ਤੇ ਨੁਕਸਾਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਸੀ। ਸਾਡੇ ਇੰਜੀਨੀਅਰ ਹਮੇਸ਼ਾ ਮਾਨਸੂਨ ਤੋਂ ਪਹਿਲਾਂ ਤਿਆਰੀ ਕਰਦੇ ਹਨ, ਤਾਂ ਜੋ ਇਸ ਨੂੰ ਕੰਟਰੋਲ ਕੀਤਾ ਜਾ ਸਕੇ । ਹੁਣ ਸਮੱਸਿਆ ਇਹ ਆ ਗਈ ਹੈ ਕਿ ਆਬਾਦੀ ਵੱਧ ਗਈ ਹੈ, ਦਰਿਆਵਾਂ ਅਤੇ ਖੱਡਾਂ ਉੱਤੇ ਨਾਜਾਇਜ਼ ਕਬਜ਼ੇ ਬਹੁਤ ਹੋ ਗਏ ਹਨ। ਜਦੋਂ ਤੁਸੀਂ ਕਬਜ਼ੇ ਕਰੋਗੇ ਤਾਂ ਜਿਹੜਾ ਪਾਣੀ ਆਏਗਾ, ਉਸ ਨੇ ਆਪਣਾ ਰਸਤਾ ਤਾਂ ਬਣਾਉਣਾ ਹੀ ਹੈ।

ਸਵਾਲ: ਕੀ ਪੰਜਾਬ ਉੱਤੇ ਹਾਲੇ ਵੀ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ?

ਜਵਾਬ: ਦੇਖੋ, ਇਹ ਜੋ ਬਾਰਸ਼ ਹੋਈ ਹੈ, ਉਹ ਮਾਨਸੂਨ ਦੇ ਸ਼ੁਰੂ ’ਚ ਹੀ ਹੋ ਗਈ ਹੈ। ਮਾਨਸੂਨ ਦਾ ਵੇਲਾ ਹਾਲੇ ਬਾਕੀ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਚੁੱਕਾ ਹੈ।

ਸਾਨੂੰ ਕਿਤੇ ਨਾ ਕਿਤੇ ਡਰਾਈ ਸਪੈੱਲ ਮਿਲੇ ਤਾਂ ਇਹ ਪਾਣੀ ਰਿਲੀਜ਼ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

ਜੇ ਅਜਿਹੀ ਬਾਰਸ਼ ਫਿਰ ਤੋਂ ਆ ਗਈ ਤਾਂ ਇਸ ਤੋਂ ਕਈ ਗੁਣਾ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)