‘ਅਗਲੇ ਜਨਮ 'ਚ ਵੀ ਵਿਦੇਸ਼ ਨਹੀਂ ਜਾਣਾ’ ਕਤਰ ਦੀ ਜੇਲ੍ਹ ਵਿੱਚ 17 ਮਹੀਨੇ ਕੱਟ ਕੇ ਆਏ ਸਾਬਕਾ ਅਫਸਰਾਂ ਨੇ ਜੋ ਕੁਝ ਝੱਲਿਆ

ਤਸਵੀਰ ਸਰੋਤ, CAPTAIN (RETD) SAURABH VASHISHTHA
- ਲੇਖਕ, ਰਾਜੇਸ਼ ਡੋਬਰਿਆਲ
- ਰੋਲ, ਬੀਬੀਸੀ ਲਈ
ਇਸੇ ਮਹੀਨੇ ਕਤਰ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਵਾਪਸ ਪਰਤੇ ਸੱਤ ਸਾਬਕਾ ਭਾਰਤੀ ਜਲ ਸੈਨਾ ਮੁਲਾਜ਼ਮਾਂ ਵਿੱਚ ਕੈਪਟਨ(ਰਿਟਾਇਰਡ) ਸੌਰਭ ਵਸ਼ਿਸ਼ਠ ਵੀ ਸ਼ਾਮਲ ਹਨ ।
ਉਹ ਪਿਛਲੇ ਕੁਝ ਸਾਲਾਂ ਤੋਂ ਕਤਰ ਦੀ ਹਾਰਾ ਗਲੋਬਲ ਨਾਮ ਦੀ ਕੰਪਨੀ ਵਿੱਚ ਕੰਮ ਕਰ ਰਹੇ ਸਨ।
ਪਰ ਸਾਲ 2022 ਵਿੱਚ 30 ਅਗਸਤ ਨੂੰ ਉਨ੍ਹਾਂ ਨੂੰ ਕੁਝ ਹੋਰ ਲੋਕਾਂ ਦੇ ਨਾਲ ਅਚਾਨਕ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਤੋਂ ਬਾਅਦ ਕਤਰ ਦੀ ਇੱਕ ਅਦਾਲਤ ਨੇ ਇਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਿਸ ਨੂੰ ਬਾਅਦ ਵਿੱਚ ਘਟਾ ਦਿੱਤਾ ਗਿਆ।
ਪਰ ਗ੍ਰਿਫ਼ਤਾਰ ਹੋਣ ਤੋਂ ਰਿਹਾਅ ਹੋਣ ਤੱਕ ਕੈਪਟਨ (ਰਿਟਾਇਰਡ) ਵਸ਼ਿਸ਼ਠ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਤਰ ਦੀ ਜੇਲ੍ਹ ਵਿੱਚ 17 ਮਹੀਨੇ ਦਾ ਵਕਤ ਗੁਜ਼ਾਰਨਾ ਪਿਆ।
‘ਕੀ ਹੋ ਰਿਹਾ ਸੀ, ਕੁਝ ਪਤਾ ਨਹੀਂ ਲੱਗਦਾ ਸੀ’

ਸੌਰਭ ਵਸ਼ਿਸ਼ਠ ਨੇ ਸਾਲ 2019 ਦੇ ਫਰਵਰੀ ਮਹੀਨੇ ਤੋਂ ਦਾਹਰਾ ਗਲੋਬਲ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਕਤਰ ਜਾਣ ਤੋਂ ਛੇ ਮਹੀਨਿਆਂ ਬਾਅਦ ਹੀ ਉਨ੍ਹਾਂ ਦੀ ਪਤਨੀ ਅਤੇ ਦੋ ਕੁੜੀਆਂ ਵੀ ਉੱਥੇ ਆ ਗਈਆਂ।
ਕੁਝ ਸਮੇਂ ਬਾਅਦ ਉਨ੍ਹਾਂ ਦੀ ਪਤਨੀ ਨੇ ਉੱਥੇ ਹੀ ਹੈਲਥ ਸੈਕਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਵਸ਼ਿਸ਼ਠ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ 30 ਅਗਸਤ 2022 ਤੋਂ ਪਹਿਲਾਂ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ।
ਪਰ 30 ਅਗਸਤ ਨੂੰ ਅਚਾਨਕ ਹੋਈ ਗ੍ਰਿਫ਼ਤਾਰੀ ਤੋਂ ਬਾਅਦ 17 ਮਹੀਨੇ ਤੋਂ ਵੱਧ ਸਮੇਂ ਤੱਕ ਉਹ ਜੇਲ਼੍ਹ ਵਿੱਚ ਰਹੇ।
ਉਹ 11 ਫਰਵਰੀ 2024 ਨੂੰ ਜੇਲ੍ਹ ਤੋਂ ਰਿਹਾਅ ਹੋਏ।
ਸੌਰਭ ਕਹਿੰਦੇ ਹਨ, “ਮੈਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ, ਇਹ ਅੱਜ ਤੱਕ ਪਤਾ ਨਹੀਂ ਲੱਗਾ, ਮੈਨੂੰ ਹਾਲੇ ਵੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ।”
ਉਨ੍ਹਾਂ ਨੇ ਦੱਸਿਆ ਕਿ ਉਹ ਲੋਕ ਕਤਰ ਵਿੱਚ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਤਾਂ ਹੁੰਦੇ ਸੀ ਪਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ ਕਿਉਂਕਿ ਸਾਰੀ ਕਾਰਵਾਈ ਅਰਬੀ ਭਾਸ਼ਾ ਵਿੱਚ ਹੁੰਦੀ ਸੀ।

ਤਸਵੀਰ ਸਰੋਤ, HARISH RAWAT/FB
ਵਸ਼ਿਸ਼ਠ ਦੀ ਜਦੋਂ ਪਰਿਵਾਰ ਜਾਂ ਦੂਤਾਵਾਸ ਦੇ ਅਧਿਕਾਰੀਆਂ, ਖ਼ਾਸ ਕਰਕੇ ਰਾਜਦੂਤ ਨਾਲ ਮੁਲਾਕਾਤ ਹੁੰਦੀ ਉਦੋਂ ਹੀ ਉਨ੍ਹਾਂ ਨੂੰ ਥੋੜ੍ਹੀ ਬਹੁਤ ਜਾਣਕਾਰੀ ਮਿਲਦੀ ਸੀ ਹੁਣ ਤੱਕ ਕੀ ਹੋਇਆ ਹੈ।
ਕੈਪਟਨ (ਰਿਟਾਇਰਡ) ਸੌਰਭ ਕਹਿੰਦੇ ਹਨ, “ਹਾਲੇ ਤੱਕ ਇਸਦੇ ਬਾਰੇ ਪੂਰੀ ਜਾਣਕਾਰੀ ਨਹੀਂ ਹਨ ਕਿ ਅਸੀਂ ਇੰਨੇ ਦਿਨ ਸਜ਼ਾ ਕਿਉਂ ਕੱਟੀ..”
ਉਹ ਕਹਿੰਦੇ ਹਨ, “ਇੰਨੀ ਜਿਹੀ ਗੱਲ ਹੈ ਕਿ ਅਸੀਂ ਅੱਜ ਵਾਪਸ ਆ ਗਏ ਹਾਂ, ਬਹੁਤ ਹੀ ਸਦਮੇ ਭਰਿਆ ਤਜਰਬਾ ਸੀ ਪਰ ਹੁਣ ਖ਼ਤਮ ਹੋ ਗਿਆ ਹੈ ਅਤੇ ਸਾਨੂੰ ਇੱਕ ਤਰੀਕੇ ਨਵੀਂ ਜ਼ਿੰਦਗੀ ਮਿਲੀ ਹੈ ਇਸ ਲਈ ਹੁਣ ਭਵਿੱਖ ਦੀਆਂ ਯੋਜਨਾਵਾਂ ਉੱਤੇ ਧਿਆਨ ਲਗਾ ਰਹੇ ਹਾਂ।”
ਟੀਵੀ ਉੱਤੇ ਮਿਲੀ ਸਜ਼ਾ ਦੀ ਜਾਣਕਾਰੀ

ਤਸਵੀਰ ਸਰੋਤ, CAPTAIN (RETD) SAURABH VASHISHTHA
ਸੌਰਭ ਵਸ਼ਿਸ਼ਠ ਦੇ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਬਹੁਤ ਸਮੇਂ ਤੱਕ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ ਹੈ।
ਜਦੋਂ ਉਨ੍ਹਾਂ ਨੁੰ ਕਾਊਂਸਲਰ ਐਕਸੈੱਸ (ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣ ਵਾਲੀ ਮਦਦ) ਅਤੇ ਪਰਿਵਾਰ ਨਾਲ ਮਿਲਣ ਦੀ ਮਨਜ਼ੂਰੀ ਮਿਲੀ ਤਾਂ ਉਨ੍ਹਾਂ ਨੂੰ ਥੋੜ੍ਹਾ ਬਹੁਤ ਪਤਾ ਲੱਗਣ ਲੱਗਾ।
ਕਤਰ ਦੀ ਅਦਾਲਤ ਨੇ 26 ਅਕਤੂਬਰ 2023 ਨੂੰ ਭਾਰਤੀ ਜਲ ਸੈਨਾ ਦੇ ਅਫ਼ਸਰਾਂ ਨੂੰ ਮੋਤ ਦੀ ਸਜ਼ਾ ਸੁਣਾਈ ਸੀ।
ਕੈਪਟਨ (ਰਿਟਾਇਰਡ) ਸੌਰਭ ਕਹਿੰਦੇ ਹਨ ਕਿ ਅਦਾਲਤ ਦੀ ਸੁਣਵਾਈ ਅਰਬੀ ਵਿੱਚ ਹੁੰਦੀ ਸੀ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਸੀ।

ਪਰ ਉਦੋਂ ਤੱਕ ਉਨ੍ਹਾਂ ਦੇ ਕਮਰੇ ਵਿੱਚ ਟੀਵੀ ਦੀ ਸੁਵਿਧਾ ਮਿਲ ਗਈ ਸੀ।
ਉਸ ਵਿੱਚ ਇੱਕ ਭਾਰਤੀ ਚੈਨਲ ਵੀ ਪ੍ਰਸਾਰਿਤ ਹੁੰਦਾ ਸੀ। ਉਸੇ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਅੱਠ ਸਾਬਕਾ ਜਲ ਸੈਨਾ ਦੇ ਅਫ਼ਸਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਕੈਪਟਨ ਸੌਰਭ ਕਹਿੰਦੇ ਹਨ, “ਅਸੀਂ ਸਦਮੇ ਵਿੱਚ ਆ ਗਏ ਸੀ, ਸਾਨੂੰ ਯਕੀਨ ਨਹੀਂ ਹੋ ਰਿਹਾ ਸੀ, ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਗਿਆ ਹੈ।”
ਉਨ੍ਹਾਂ ਦੱਸਿਆ, “ਪਹਿਲਾਂ ਲੱਗ ਰਿਹਾ ਸੀ ਕਿ ਜਿਸ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵਿੱਚ ਕੋਈ ਥੋੜ੍ਹੀ-ਬਹੁਤ ਸਜ਼ਾ ਹੋਵੇਗੀ ਜਾਂ ਦੇਸ਼ ਤੋਂ ਕੱਢ ਦਿੱਤਾ ਜਾਵੇਗਾ, ਪਰ ਕਦੇ ਵੀ ਦੂਰ-ਦੂਰ ਤੱਕ ਖਿਆਲ ਨਹੀਂ ਆਇਆ ਸੀ ਕਿ ਅਜਿਹੀ ਸਜ਼ਾ ਹੋਵੇਗੀ।”
ਕਿਸੇ ਨੂੰ ਨਾ ਮਿਲੇ ਜੇਲ੍ਹ ਦੀ ਸਜ਼ਾ

ਤਸਵੀਰ ਸਰੋਤ, ANI
ਕੈਪਟਨ(ਰਿਟਾਇਰਡ) ਸੌਰਭ ਦੱਸਦੇ ਹਨ, “ਤਿੰਨ ਚਾਰ ਗੱਲਾਂ ਨੇ ਮੈਨੂੰ ਹਿੰਮਤ ਦਿੱਤੀ, ਪਹਿਲੀ ਸੀ ਰੱਬ ਅੱਗੇ ਅਰਦਾਸ, ਹਨੂਮਾਨ ਚਲੀਸਾ ਪੜ੍ਹਦਾ ਰਿਹਾ, ਦੂਜਾ ਪਰਿਵਾਰ ਪਤਨੀ ਅਤੇ ਬੱਚਿਆਂ ਨਾਲ ਜਦੋਂ ਵੀ ਗੱਲ ਹੁੰਦੀ ਸੀ ਤਾਂ ਰਾਹਤ ਮਿਲਦੀ ਸੀ ਕਿ ਉਹ ਠੀਕ ਹਨ।”
ਉਹ ਕਹਿੰਦੇ ਹਨ, “ਮਾਪਿਆਂ ਨਾਲ ਹਫ਼ਤੇ ਵਿੱਚ ਥੋੜ੍ਹੀ ਦੇਰ ਹੀ ਗੱਲ ਹੁੰਦੀ ਸੀ, ਪਾਪਾ ਕਹਿੰਦੇ ਸੀ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਹਰ ਫੋਨ ਕਾਲ ਉੱਤੇ ਇਹੀ ਗੱਲ ਕਹਿੰਦੇ ਸੀ ਤਾਂ ਲੱਗਦਾ ਸੀ ਕਿ ਇਹ ਦੇਰ ਕਦੋਂ ਖ਼ਤਮ ਹੋਵੇਗੀ ਅਤੇ ਉਨ੍ਹਾਂ ਨੇ ਰੱਬ ਉੱਤੇ ਭਰੋਸਾ ਰੱਖਣ ਨੂੰ ਕਿਹਾ ਅਤੇ ਆਖ਼ਰੀ ਕਾਲ ਵਿੱਚ ਕਿਹਾ ਸੀ ਕਿ ਇਹ ਕਾਲੇ ਬੱਦਲ ਹੱਟ ਜਾਣਗੇ, ਇਨ੍ਹਾਂ ਸਾਰਿਆਂ ਤੋਂ ਹਿੰਮਤ ਮਿਲਦੀ ਸੀ।”
ਉਹ ਕਹਿੰਦੇ ਹਨ, “ਅਸੀਂ ਰੂਟੀਨ ਬਣਾ ਲਈ ਸੀ, 8-9 ਘੰਟੇ ਪ੍ਰਾਰਥਨਾ ਕਰਦੇ ਸੀ, ਥੋੜ੍ਹੀ ਵਰਜਿਸ਼, ਯੋਗਾ, ਮੈਡੀਟੇਸ਼ਨ ਅਤੇ ਬਾਅਦ ਵਿੱਚ ਜਦੋਂ ਟੀਵੀ ਮਿਲ ਗਿਆ ਤਾਂ ਹਿੰਦੀ ਚੈਨਲਾਂ ਉੱਤੇ ਫ਼ਿਲਮਾਂ ਦੇਖਦੇ ਸੀ।”
ਉਨ੍ਹਾਂ ਕਿਹਾ, “ਜਿਹੜੀ ਵੀ ਚੀਜ਼ ਭਾਰਤ ਨਾਲ ਸਬੰਧਤ ਹੁੰਦੀ ਸੀ ਉਸ ਨੂੰ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਇੱਕ ਦਿਨ ਅਸੀਂ ਜਾ ਕੇ ਉੱਥੇ ਹੀ ਰਹਾਂਗੇ, ਕਦੋਂ ਆਵੇਗਾ ਉਹ ਦਿਨ ਇਹ ਨਹੀਂ ਪਤਾ ਸੀ ਪਰ ਇਨ੍ਹਾਂ ਸਾਰੀਆਂ ਗੱਲਾਂ ਨੇ ਹਿੰਮਤ ਬਣਾ ਕੇ ਰੱਖੀ।
ਰੱਬ ਅਤੇ ਪੀਐੱਮ ਦਾ ਧੰਨਵਾਦ

ਤਸਵੀਰ ਸਰੋਤ, CAPTAIN (RETD) SAURABH VASHISHTHA
ਕੈਪਟਨ (ਰਿਟਾਇਰਡ) ਸੌਰਭ ਕਹਿੰਦੇ ਹਨ ਕਿ ਵਾਪਸ ਆਉਣ ਦੇ ਲਈ ਸਭ ਤੋਂ ਪਹਿਲਾਂ ਤਾਂ ਉਹ ਰੱਬ ਦਾ ਧੰਨਵਾਦ ਕਰਦੇ ਹਨ।
ਇਹ ਪਤਾ ਸੀ ਕਿ ਕਿਸਮਤ ਵਿੱਚ ਇਹ ਮਾੜਾ ਸਮਾਂ ਲਿਖਿਆ ਹੈ ਪਰ ਕਦੇ ਨਾ ਕਦੇ ਇਹ ਵੀ ਖ਼ਤਮ ਹੋਵੇਗਾ।
ਰੱਬ ਤੋਂ ਜ਼ਿਆਦਾ ਧੰਨਵਾਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰਦੇ ਹਨ।
ਉਹ ਕਹਿੰਦੇ ਹਨ, "ਜੇਕਰ ਉਹ(ਨਰਿੰਦਰ ਮੋਦੀ) ਨਿੱਜੀ ਪੱਧਰ ਉੱਤੇ ਦਿਲਚਸਪੀ ਨਾ ਲੈਂਦੇ ਅਤੇ ਦਖ਼ਲ ਨਾ ਦਿੰਦੇ ਤਾਂ ਸ਼ਾਇਦ ਅਸੀਂ ਰਿਹਾਅ ਨਾ ਹੁੰਦੇ।"
ਉਹ ਕਹਿੰਦੇ ਹਨ, “ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆ, ਕਤਰ ਵਿੱਚ ਭਾਰਤੀ ਦੂਤਾਵਾਸ ਦੀਆਂ ਕੋਸ਼ਿਸ਼ਾਂ ਅਤੇ ਦੂਤਾਵਾਸ ਵੱਲੋਂ ਸਾਡੇ ਪਰਿਵਾਰ ਨਾਲ ਸਹਿਯੋਗ ਦੇ ਕਾਰਨ ਹੀ ਇਹ ਸੰਭਵ ਹੋ ਸਕਿਆ।''
‘ਅਗਲੇ ਜਨਮ ਵਿੱਚ ਵੀ ਵਿਦੇਸ਼ ਨਹੀਂ ਜਾਣਾ’

ਤਸਵੀਰ ਸਰੋਤ, ANI
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਕੋਈ ਚੰਗਾ ਮੌਕਾ ਮਿਲੇ ਤਾਂ ਉਹ ਵਿਦੇਸ਼ ਜਾਣਾ ਪਸੰਦ ਕਰਨਗੇ?
ਇਸ ਬਾਰੇ ਉਨ੍ਹਾਂ ਨੇ ਜਵਾਬ ਦਿੱਤਾ, “ਵਿਦੇਸ਼ ਤਾਂ ਦੂਰ-ਦੂਰ ਤੱਕ ਨਹੀਂ, ਇਸ ਜਨਮ ਵਿੱਚ ਅਤੇ ਅਗਲੇ ਜਨਮਾਂ ਵਿੱਚ ਮੈਂ ਚਾਹਾਂਗਾ ਕਿ ਭਾਰਤ ਵਿੱਚ ਹੀ ਰਹਾਂ ਤਾਂ ਕਿ ਜ਼ਿੰਦਗੀ ਦਾ ਜਿਹੜਾ ਡੇਢ ਸਾਲ ਨਿਕਲ ਗਿਆ ਹੈ ਉਸ ਦੀ ਭਰਪਾਈ ਹੋ ਸਕੇ, ਬਾਹਰ ਜਾਣ ਦਾ ਕੋਈ ਇਰਾਦਾ ਨਹੀਂ ਹੈ।”












