You’re viewing a text-only version of this website that uses less data. View the main version of the website including all images and videos.
ਦਿਲਜੀਤ ਦੋਸਾਂਝ : ਦਿਲ-ਲੂਮੀਨਾਟੀ ਟੂਰ ਬਾਰੇ ਕੀ ਛਿੜਿਆ ਵਿਵਾਦ, ਪ੍ਰਬੰਧਕਾਂ ਨੇ ਇਹ ਦਿੱਤੀ ਸਫ਼ਾਈ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਚਰਚਿਤ ਦੌਰਾ ਦਿਲ-ਲੂਮੀਨਾਟੀ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਉੱਤੇ ਰਜਤ ਰੌਕੀ ਬੱਤਾ ਨਾਮ ਦੇ ਕੋਰੀਓਗ੍ਰਾਫ਼ਰ ਨੇ ਇਸ ਦੌਰੇ ਦੌਰਾਨ ਕੁਝ ਡਾਂਸਰਾਂ ਨੂੰ ਪੂਰੇ ਪੈਸੇ ਨਾ ਦੇਣ ਦੇ ਇਲਜ਼ਾਮ ਲਾਏ ਸਨ। ਇਸਦੇ ਮੱਦੇ ਨਜ਼ਰ ਦਿਲਜੀਤ ਦੇ ਮੈਨੇਜਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ।
ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਇੰਸਟਾਗ੍ਰਾਮ ਉੱਤੇ ਇਸ ਸੰਬੰਧ ਵਿੱਚ ਇੱਕ ਪੋਸਟ ਪਾਈ ਸੀ। ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਇਹ ਪੋਸਟ ਡਿਲੀਟ ਕਰ ਦਿੱਤੀ।
ਲੇਕਿਨ ਇਸ ਪੋਸਟ ਦੇ ਸਕਰੀਨਸ਼ਾਟ ਉਪਲੱਬਧ ਹਨ ਅਤੇ ਕਈ ਖ਼ਬਰ ਅਦਾਰਿਆਂ ਵੱਲੋਂ ਆਪਣੀਆਂ ਰਿਪੋਰਟਾਂ ਵਿੱਚ ਵੀ ਵਰਤੇ ਗਏ ਹਨ।
ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੇ ਵੀ ਇਹ ਸਪੱਸ਼ਟੀਕਰਨ ਵਾਲੀ ਪੋਸਟ ਸੋਨਾਲੀ ਦੇ ਇੰਸਟਾਗ੍ਰਾਮ ਪੋਸਟ ਉੱਤੇ ਪੜ੍ਹੀ ਸੀ।
ਇਸ ਪੋਸਟ ਵਿੱਚ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਨਾ ਤਾਂ ਰਜਤ ਬੱਤਾ, ਮਨਪ੍ਰੀਤ ਤੂਰ ਅਤੇ ਹੋਰ ਕੋਰੀਓਗ੍ਰਾਫ਼ਰ, ਜੋ ਵੀ ਇਸ ਦੌਰੇ ਬਾਰੇ ਬਿਆਨ ਦੇ ਰਹੇ, ਕਦੇ ਵੀ ਇਸ ਦਾ ਹਿੱਸਾ ਨਹੀਂ ਰਹੇ।
ਸੋਨਾਲੀ ਨੇ ਅੱਗੇ ਲਿਖਿਆ ਹੈ ਕਿ ਉਨ੍ਹਾਂ ਦੀ ਅਧਿਕਾਰਿਤ ਟੀਮ ਵੱਲੋਂ ਕਦੇ ਵੀ ਸੋਸ਼ਲ ਮੀਡੀਆ ਉੱਤੇ ਗਲਤ ਬਿਆਨੀ ਕਰਨ ਵਾਲੇ ਇਨ੍ਹਾਂ ਲੋਕਾਂ ਨਾਲ ਸੰਪਰਕ ਨਹੀਂ ਕੀਤਾ ਗਿਆ।
ਰਜਤ ਅਤੇ ਮਨਪ੍ਰੀਤ ਕਦੇ ਵੀ ਦਿਲ-ਲੂਮੀਨਾਟੀ ਟੂਰ ਦਾ ਹਿੱਸਾ ਨਹੀਂ ਸਨ। ਇਸ ਟੂਰ ਦੇ ਅਧਿਕਾਰਿਤ ਕੋਰੀਓਗ੍ਰਾਫਰ ਬਲਵਿੰਦਰ ਸਿੰਘ, ਪ੍ਰੀਤ ਚਹਿਲ, ਦਿਵਿਆ ਅਤੇ ਪਾਰਥ ਵੈਨਕੂਵਰ ਤੋਂ ਹਨ।
ਟੂਰ ਵਿੱਚ ਸ਼ਾਮਲ ਨਾ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਫਵਾਹਾਂ ਫੈਲਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਕੀ ਸਨ ਇਲਜ਼ਾਮ
ਇਸ ਤੋਂ ਪਹਿਲਾਂ ਇੰਸਟਾਗ੍ਰਾਮ ਉੱਤੇ ਹੀ ਮਾਡਲ ਅਤੇ ਡਾਂਸਰ ਮਨਪ੍ਰੀਤ ਤੂਰ ਨੇ ਵੀ ਦਿਲਜੀਤ ਅਤੇ ਪ੍ਰਬੰਧਕਾਂ ਉੱਤੇ ਬਕਾਇਆ ਨਾਲ ਦੇਣ ਦੇ ਇਲਜ਼ਾਮ ਲਾਉਂਦਿਆਂ ਇੱਕ ਬਿਆਨ ਪੋਸਟ ਕੀਤਾ ਸੀ।
ਉਨ੍ਹਾਂ ਨੇ ਲਿਖਿਆ, “ਮੇਰੀ ਵਫ਼ਾਦਾਰੀ ਡਾਂਸ ਭਾਈਚਾਰੇ ਦੇ ਨਾਲ ਹੈ। ਹਾਲਾਂਕਿ ਮੇਰਾ ਦਿਲ-ਲੂਮੀਨਾਟੀ ਟੂਰ ਨਾਲ ਕੋਈ ਨਿੱਜੀ ਸੰਬੰਧ ਨਹੀਂ ਹਨ। ਲੇਕਿਨ ਮੈਨੂੰ ਬਹੁਤ ਸਾਰੇ ਸੁਨੇਹੇ ਮਿਲੇ ਹਨ ਕਿ ਉਨ੍ਹਾਂ ਨੂੰ ਨਾ ਸਿਰਫ ਤਿਆਰੀਆਂ ਲਈ, ਪੇਸ਼ਕਾਰੀਆਂ ਲਈ ਸਗੋਂ ਇਸ ਟੂਰ ਵਿੱਚ ਹਿੱਸਾ ਲੈਣ ਲਈ ਆਏ ਖਰਚੇ ਦੇ ਵੀ ਠੀਕ ਤਰ੍ਹਾਂ ਪੈਸੇ ਨਹੀਂ ਮਿਲੇ। ਮੈਂ ਸਮਝਦੀ ਹਾਂ ਕਿ ਮੇਰੇ ਸਾਥੀ ਡਾਂਸਰਾਂ ਲਈ ਬੋਲਣਾ ਮੇਰਾ ਫਰਜ਼ ਹੈ ਕਿਉਂਕਿ ਮੇਰੇ ਕੋਲ ਇੱਕ ਮੰਚ ਹੈ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਸੁਣੇ ਜਾਣ ਦੀਆਂ ਹੱਕਦਾਰ ਹਨ।”
ਉਹ ਅੱਗੇ ਲਿਖਦੇ ਹਨ,“ਮੈਂ ਉਨ੍ਹਾਂ ਗਾਇਕਾਂ ਦੀ ਬਹੁਤ ਇੱਜ਼ਤ ਕਰਦੀ ਹਾਂ, ਜੋ ਡਾਂਸਰਾਂ ਨੂੰ ਇੱਕ ਮੰਚ ਦਿੰਦੇ ਹਨ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਨੇਕ ਦਿਲ ਇਨਸਾਨ ਹਨ। ਮੇਰਾ ਮਨਸ਼ਾ ਸਾਡੇ ਭਾਈਚਾਰੇ ਵਿੱਚ ਪਾੜਾ ਪੈਦਾ ਕਰਨਾ ਨਹੀਂ ਹੈ, ਸਗੋਂ ਇੱਕ ਸੰਵਾਦ ਕਰਨਾ ਹੈ ਜੋ ਇਸ ਨੂੰ ਮਜ਼ਬੂਤ ਕਰੇਗਾ। ਮੈਂ ਉਮੀਦ ਕਰਦੀ ਹਾਂ ਕਿ ਇਸ ਗੱਲਬਾਤ ਰਾਹੀਂ ਅਸੀਂ ਸਾਰੇ ਉਸ ਮਿਹਨਤ, ਸਮੇਂ ਅਤੇ ਸਮਰਪਣ ਦੀ ਕਦਰ ਕਰਾਂਗੇ ਜੋ ਡਾਂਸਰ ਆਪਣੇ ਕੰਮ ਵਿੱਚ ਲਾਉਂਦੇ ਹਨ, ਜਦੋਂ ਅਸੀਂ ਕਿਸੇ ਸ਼ੋਅ ਵਿੱਚ ਹਿੱਸਾ ਲੈਂਦੇ ਹਾਂ, ਤਾਂ ਜੋ ਸਾਡੀ ਕਲਾਕਾਰਾਂ ਵਜੋਂ ਕਦਰ ਹੋ ਸਕੇ।”
ਉਹ ਹੋਰ ਅੱਗੇ ਲਿਖਦੇ ਹਨ, “ਮੇਰੇ ਦਿਲ ਵਿੱਚ ਨਾ ਸਿਰਫ ਡਾਂਸ ਭਾਈਚਾਰੇ ਸਗੋਂ ਸਾਰੇ ਕਲਾਕਾਰਾਂ, ਪ੍ਰਬੰਧਕਾਂ ਅਤੇ ਟੂਰ ਸਹਿਯੋਗੀਆਂ ਅਤੇ ਅਣਗਿਣਤ ਹੋਰਾਂ ਲਈ ਪਿਆਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਜੋ ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਵਿੱਚ ਸ਼ਾਮਲ ਹਨ। ਮੈਂ ਸੰਜੀਦਗੀ ਨਾਲ ਉਮੀਦ ਕਰਦੀ ਹਾਂ ਕਿ ਇਹ ਸਾਡੇ ਸਾਰਿਆਂ ਲਈ ਇਕਜੁੱਟ ਹੋਣ ਅਤੇ ਭਵਿੱਖ ਵਿੱਚ ਹੋਰ ਮਜ਼ਬੂਤ ਹੋਣ ਦਾ ਮੌਕਾ ਹੋਵੇਗਾ।”
ਇਸ ਪੋਸਟ ਦੇ ਨਾਲ ਹੀ ਰਜਤ ਰੌਕੀ ਬੱਤਾ ਨੇ ਦਿਲਜੀਤ ਦੀ ਮੈਨੇਜਰ ਦੀ ਪੋਸਟ ਦਾ ਇੱਕ ਲੰਬਾ-ਚੌੜਾ ਜਵਾਬ ਆਪਣੇ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ।
ਸ਼ਨਿੱਚਰਵਾਰ ਨੂੰ ਰਜਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਇਕ ਨੂੰ ਟੈਗ ਕਰਦੇ ਹੋਏ ਕਈ ਨੋਟਿਸ ਸਾਂਝੇ ਕੀਤੇ ਸਨ।
ਆਪਣੀ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਦਿਲਜੀਤ ਦੀ ਟੀਮ ਵੱਲੋਂ ਗੱਲਬਾਤ ਕਰਨ ਦੀ ਇੱਛਾ ਦੀ ਕਦਰ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉਦੇਸ਼, ‘ਨਫ਼ਰਤ ਫੈਲਾਉਣਾ, ਹਮਲਾ ਕਰਨਾ ਜਾਂ ਕਿਸੇ ਨੂੰ ਖਾਸ ਕਰਕੇ ਦਿਲਜੀਤ, ਉਨ੍ਹਾਂ ਦੀ ਪ੍ਰਬੰਧਕੀ ਟੀਮ ਨੂੰ ਅਤੇ ਨਾ ਹੀ ਉਨ੍ਹਾਂ ਡਾਂਸਰਾਂ ਨੂੰ ਨੀਵਾਂ ਦਿਖਾਉਣਾ ਨਹੀਂ ਸੀ, ਜਿਨ੍ਹਾਂ ਨੇ ਕੰਮ ਦੀਆਂ ਸ਼ਰਤਾਂ ਨੂੰ ਸਵੀਕਾਰ ਕੀਤਾ।”
“ਨਾ ਹੀ ਮੈਂ ਕੋਈ ਅਜਿਹਾ ਦਾਅਵਾ ਕਰਦਾ ਹਾਂ ਕਿ ਮੈਂ ਇਸ ਟੂਰ ਦਾ ਹਿੱਸਾ ਹਾਂ। ਅਸੀਂ ਸਿਰਫ ਮੁੱਦੇ ਉੱਤੇ ਰੋਸ਼ਨੀ ਪਾਉਣੀ ਚਾਹੁੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸਦਾ ਹੱਲ ਕੀਤਾ ਜਾ ਸਕਦਾ ਹੈ। ਡਾਂਸਰਾਂ ਨੂੰ ਦਿਲ-ਲੂਮੀਨਾਟੀ ਦੇ ਪ੍ਰੋਡਕਸ਼ਨ ਬਜਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।”
ਦਿਲ-ਲੂਮੀਨਾਟੀ ਟੂਰ ਵਿੱਚ ਸ਼ਾਮਲ ਭੰਗੜਾ ਟੀਮ ਨੇ ਕੀ ਕਿਹਾ ਹੈ
ਇਸ ਸਾਰੇ ਵਿਵਾਦ ਦੇ ਦੌਰਾਨ ਦਿਲਜੀਤ ਦੇ ਦੌਰੇ ਵਿੱਚ ਪਰਫਾਰਮ ਕਰਨ ਵਾਲੀ ਭੰਗੜਾ ਟੀਮ ਅਤੇ ਭੰਗੜਾ ਕਪਤਾਨਾਂ ਨੇ ਇੱਕ ਸਾਂਝਾ ਬਿਆਨ ਪ੍ਰੀਤ ਚਹਿਲ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਜਦੋਂ ਤੋਂ ਸਾਨੂੰ ਪਰਫਾਰਮੈਂਸ ਲਈ ਸੰਪਰਕ ਕੀਤਾ ਗਿਆ, ਸਾਨੂੰ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਤਿਕਾਰ ਅਤੇ ਪੇਸ਼ੇਵਰ ਤਰੀਕੇ ਨਾਲ ਲਿਆ ਗਿਆ। ਇਹ ਅਨੁਭਵ ਸਾਡੀ ਮਿਹਨਤ ਨੂੰ ਵਿਸ਼ਵੀ ਮਾਨਤਾ ਮਿਲਣ ਦਾ ਜਸ਼ਨ ਸੀ, ਜਿਸ ਨਾਲ ਸਾਡੇ ਦਿਲ ਮਾਣ ਨਾਲ ਭਰ ਗਏ ਹਨ। ਜੋ ਪਿਆਰ ਸਾਨੂੰ ਦਿਲਜੀਤ ਤੋਂ ਮਿਲਿਆ, ਅਸੀਂ ਉਸ ਨੂੰ ਹਮੇਸ਼ਾ ਸਾਂਭ ਕੇ ਰੱਖਾਂਗੇ।’
ਅੱਗੇ ਲਿਖਿਆ ਕਿ ‘ਦਿਲਜੀਤ ਦੇ ਨਾਲ ਪਰਫਾਰਮ ਕਰਨ ਨੇ ਸਾਨੂੰ ਆਪਣਾ ਪੰਜਾਬੀ ਸੱਭਿਆਚਾਰ ਵਿਸ਼ਵ ਮੰਚ ਉੱਤੇ ਪੇਸ਼ ਕਰਨ ਦਾ ਇੱਕ ਬਹੁਮੁੱਲਾ ਮੌਕਾ ਦਿੱਤਾ।’
ਅਸੀਂ ਪਰਫਾਰਮ ਕਰਨ ਦੇ ਆਪਣੇ ਪੂਰੀ ਚੌਕਸੀ ਅਤੇ ਮਨਮਰਜੀ ਨਾਲ ਲਏ ਆਪਣੇ ਫੈਸਲੇ ਨਾਲ ਇਕਜੁੱਟ ਖੜ੍ਹੇ ਹਾਂ।
ਇਸ ਅਨੁਭਵ ਨੇ ਸਾਡੀਆਂ ਜ਼ਿੰਦਗੀ ਨੂੰ ਅਮਿਣਵੇਂ ਰੂਪ ਵਿੱਚ ਅਮੀਰ ਕੀਤਾ ਹੈ। ਅਸੀਂ ਇਸ ਮੌਕੇ ਲਈ ਆਪਣੇ ਵਲੋਂ ਡੂੰਘੇ ਧੰਨਵਾਦ ਦਾ ਇਜ਼ਹਾਰ ਕਰਦੇ ਹਾਂ।
ਬਿਆਨ ਵਿੱਚ ਕਿਹਾ ਗਿਆ, ''ਜ਼ਾਹਰ ਕੀਤੀ ਗਈ ਚਿੰਤਾ ਦੀ ਅਸੀਂ ਕਦਰ ਕਰਦੇ ਹਾਂ ਪਰ ਅਸੀਂ ਉਨ੍ਹਾਂ ਅਵਾਜ਼ਾਂ ਦੁਆਰਾ ਆਪਣੀ ਨੁਮਾਇੰਦਗੀ ਨਹੀਂ ਚਾਹੁੰਦੇ, ਜੋ ਸਾਡੇ ਰਿਸ਼ਤੇ, ਕੁਰਬਾਨੀਆਂ ਅਤੇ ਅਜਿਹੇ ਅਨੁਭਵਾਂ ਦੀ ਜੋ ਅਸੀਂ ਬੇਹੱਦ ਕਦਰ ਕਰਦੇ ਹਾਂ, ਉਸ ਨੂੰ ਨਹੀਂ ਸਮਝਦੀਆਂ।''
“ਸਾਨੂੰ ਆਪਣੇ ਹਿੱਸੇਦਾਰੀ ਅਤੇ ਇਸ ਨੇ ਪੰਜਾਬੀ ਭਾਈਚਾਰੇ ਲਈ ਜੋ ਨਵੇਂ ਰਾਹ ਖੋਲ੍ਹੇ ਹਨ, ਉਨ੍ਹਾਂ ਉੱਤੇ ਮਾਣ ਹੈ। ਅਸੀਂ ਇਕਜੁੱਟ ਹਾਂ।”