ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ਵਾਗਨਰ ਸਮੂਹ ਦੇ ਮੁਖੀ ਦੀ ਪਲੇਨ ਕ੍ਰੈਸ਼ ‘ਚ ਮੌਤ, ਘਟਨਾ ਬਾਰੇ ਹੁਣ ਤੱਕ ਕੀ ਪਤਾ

ਤਸਵੀਰ ਸਰੋਤ, Getty Images
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਬਗ਼ਾਵਤੀ ਸੁਰ ਛੇੜਨ ਵਾਲੇ ਵਾਗਨਰ ਸਮੂਹ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਜਹਾਜ਼ ਰੂਸ ਦੇ ਟਿਵੈਰ ਸ਼ਹਿਰ ਵਿੱਚ ਕ੍ਰੈਸ਼ ਹੋ ਗਿਆ।
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਨੂੰ ਮਾਰ ਗਿਰਾਇਆ ਗਿਆ ਜਾਂ ਇਹ ਹਵਾ 'ਚ ਹੀ ਫਟ ਗਿਆ।
ਰੂਸੀ ਟਰਾਂਸਪੋਰਟ ਏਜੰਸੀ ਨੇ ਮ੍ਰਿਤਕਾਂ ਦੀ ਸੂਚੀ 'ਚ ਵਾਗਨਰ ਗਰੁੱਪ ਦੇ ਸਹਿ-ਸੰਸਥਾਪਕ ਦਮਿਤਰੀ ਐਟਕਿਨ ਦਾ ਨਾਂ ਵੀ ਸ਼ਾਮਲ ਕੀਤਾ ਹੈ।
ਪ੍ਰਿਗੋਜ਼ਿਨ ਤੋਂ ਇਲਾਵਾ ਛੇ ਹੋਰ ਯਾਤਰੀਆਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੇ ਨਾਂ ਵੀ ਮਰਨ ਵਾਲਿਆਂ ਦੀ ਗਿਣਤੀ ਵਿੱਚ ਸ਼ਾਮਲ ਕੀਤੇ ਗਏ ਹਨ।
ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਾਰੇ ਦਸ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਹਾਦਸੇ ਵਾਲੀ ਥਾਂ ਤੋਂ ਜਹਾਜ਼ ਦਾ ਮਲਬਾ ਵੀ ਬਰਾਮਦ ਕਰ ਲਿਆ ਗਿਆ ਹੈ।
ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਸਮਾਚਾਰ ਏਜੰਸੀ ਇੰਟਰਫੈਕਸ ਨੇ ਕਿਹਾ ਹੈ ਕਿ ਜਹਾਜ਼ ਦੀ ਤਲਾਸ਼ੀ ਮੁਹਿੰਮ ਪੂਰੀ ਹੋ ਗਈ ਹੈ।

ਤਸਵੀਰ ਸਰੋਤ, Still from amateur video

ਤਸਵੀਰ ਸਰੋਤ, Still from amateur video

ਤਸਵੀਰ ਸਰੋਤ, Getty Images

ਹਾਦਸੇ ਬਾਰੇ ਹੁਣ ਤੱਕ ਹੋਰ ਕੀ-ਕੀ ਪਤਾ
- ਮਾਸਕੋ ਦੇ ਉੱਤਰ-ਪੱਛਮ ਵਿੱਚ ਕ੍ਰੈਸ਼ ਹੋਏ ਇੱਕ ਨਿੱਜੀ ਜਹਾਜ਼ ਵਿੱਚ ਵਾਗਨਰ ਚੀਫ਼ ਯੇਵਗੇਨੀ ਪ੍ਰਿਗੋਜ਼ਿਨ ਦੀ ਮੌਤ ਹੋ ਗਈ ਹੈ।
- ਇਹ ਜਹਾਜ਼ ਪ੍ਰਿਗੋਜ਼ਿਨ ਦੀ ਮਲਕੀਅਤ ਵਾਲਾ ਹੀ ਸੀ, ਜਿਸ ਵਿੱਚ ਉਨ੍ਹਾਂ ਤੋਂ ਇਲਾਵਾ ਜਹਾਜ਼ 6 ਹੋਰ ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਨ।
- ਇਹ ਜਹਾਜ਼ ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਸੀ ਜਦੋਂ ਇਹ ਟਿਵੈਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
- ਰਿਪੋਰਟਾਂ ਮੁਤਾਬਕ, ਸਾਰੀਆਂ 10 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
- ਵਾਗਨਰ ਨਾਲ ਜੁੜੇ ਟੈਲੀਗ੍ਰਾਮ ਚੈਨਲ 'ਗ੍ਰੇ ਜ਼ੋਨ' ਨੇ ਪਹਿਲਾਂ ਦੱਸਿਆ ਸੀ ਕਿ ਜਹਾਜ਼ ਨੂੰ ਰੂਸੀ ਫੌਜ ਨੇ ਨਿਸ਼ਾਨਾ ਬਣਾਇਆ ਹੈ ਅਤੇ ਇਸ ਦਾ ਕੋਈ ਸਬੂਤ ਵੀ ਨਹੀਂ ਛੱਡਿਆ।
- ਬੁੱਧਵਾਰ ਨੂੰ ਇਹ ਜਹਾਜ਼ ਮਾਸਕੋ ਨੇੜੇ ਉੱਡਦਾ ਦਿਖਾਈ ਦਿੱਤਾ ਸੀ। ਉਸ ਵੇਲੇ ਇਹ ਅਸਮਾਨ ਵਿੱਚ 29 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ, ਪਰ ਫਿਰ ਇਹ ਟਰੈਕਿੰਗ ਵੈਬਸਾਈਟ ਤੋਂ ਗਾਇਬ ਹੋ ਗਿਆ।
- ਇਸ ਮਗਰੋਂ ਜਹਾਜ਼ ਦੇ ਜ਼ਮੀਨ 'ਤੇ ਡਿੱਗਣ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਕਿਉਂਕਿ ਉਸ ਵੇਲੇ ਇਸ ਦੀ ਉਚਾਈ 0 ਦਿਖਾਈ ਦੇਣ ਲੱਗੀ।
- ਰੂਸ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜਹਾਜ਼ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਤੱਕ ਹਵਾ ਰਿਹਾ ਅਤੇ ਫਿਰ ਜ਼ਮੀਨ ਨਾਲ ਟਕਰਾ ਗਿਆ, ਜਿਸ ਕਾਰਨ ਉਸ ਵਿੱਚ ਅੱਗ ਲੱਗ ਗਈ।
- ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- ਦੱਸ ਦੇਈਏ ਕਿ ਪ੍ਰਿਗੋਜਿਨ, ਰਾਸ਼ਟਰਪਤੀ ਪੁਤਿਨ ਦੇ ਮੁੱਖ ਸਹਿਯੋਗੀ ਦਿਨ ਪਰ ਜੂਨ ਵਿੱਚ ਰੂਸ ਦੇ ਫੌਜੀ ਆਗੂਆਂ ਵਿਰੁੱਧ ਅਸਫਲ ਬਗਾਵਤ ਕਰਨ ਤੋਂ ਬਾਅਦ ਉਨ੍ਹਾਂ ਦੇ ਸਬੰਧਾਂ ਵਿੱਚ ਤਣਾਅ ਆ ਗਿਆ ਸੀ।


ਤਸਵੀਰ ਸਰੋਤ, Getty Images
'ਪ੍ਰਿਗੋਜ਼ਿਨ ਨੇ ਆਪਣੇ ਮੌਤ ਦੇ ਵਾਰੰਟ 'ਤੇ ਦਸਤਖਤ ਕੀਤੇ ਸਨ'
ਇਸ ਪੂਰੀ ਘਟਨਾ 'ਤੇ ਦੁਨੀਆਂ ਦੇ ਵੱਖ-ਵੱਖ ਆਗੂ ਅਤੇ ਦੇਸ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਯੂਕਰੇਨ ਨੇ ਕਿਹਾ ਹੈ ਕਿ ਵਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਆਪਣੇ ਮੌਤ ਦੇ ਵਾਰੰਟ 'ਤੇ ਦਸਤਖਤ ਕੀਤੇ ਸਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਮਾਈਖਾਈਲੋ ਪੋਡੋਲੇਕ ਨੇ ਇਸ ਬਾਰੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਜਾਰੀ ਕੀਤੀ।

ਤਸਵੀਰ ਸਰੋਤ, @Podolyak_M
ਉਨ੍ਹਾਂ ਲਿਖਿਆ, "ਜੰਗ ਦੀ ਧੁੰਦ ਦੂਰ ਹੋਣ ਦਾ ਇੰਤਜ਼ਾਰ ਕਰਨਾ ਪਏਗਾ, ਪਰ ਇਹ ਸਪਸ਼ਟ ਹੈ ਕਿ ਪ੍ਰਿਗੋਜ਼ਿਨ ਨੇ ਉਸੇ ਪਲ ਆਪਣੀ ਵਿਸ਼ੇਸ਼ ਮੌਤ ਦੇ ਵਾਰੰਟ 'ਤੇ ਦਸਤਖਤ ਕਰ ਦਿੱਤੇ ਸਨ, ਜਦੋਂ ਉਨ੍ਹਾਂ ਨੇ ਲੁਕਾਸੈਂਕੋ ਦੀਆਂ ਅਜੀਬ 'ਗਾਰੰਟੀਆਂ' ਅਤੇ ਪੁਤਿਨ ਦੇ ਸਤਿਕਾਰ ਦੇ ਸ਼ਬਦਾਂ 'ਤੇ ਭਰੋਸਾ ਕਰ ਲਿਆ ਸੀ।''
ਮਿਖਾਈਲੋ ਨੇ ਲਿਖਿਆ, "ਤਖਤਾਪਲਟ ਦੀ ਕੋਸ਼ਿਸ਼ ਤੋਂ ਦੋ ਮਹੀਨੇ ਬਾਅਦ ਪ੍ਰਿਗੋਜ਼ਿਨ ਅਤੇ ਵਾਗਨਰ ਦਾ ਨਜ਼ਰ ਨਾ ਆਉਣਾ, ਪੁਤਿਨ ਵੱਲੋਂ 2024 ਦੀਆਂ ਚੋਣਾਂ ਤੋਂ ਪਹਿਲਾਂ ਰੂਸ ਦੇ ਕੁਲੀਨ ਵਰਗ ਲਈ ਇੱਕ ਸੰਕੇਤ ਹੈ। 'ਸਾਵਧਾਨ! ਵਫ਼ਾਦਾਰੀ ਨਾ ਦਿਖਾਉਣਾ ਮੌਤ ਦੇ ਬਰਾਬਰ ਹੈ'।''

ਅਮਰੀਕਾ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੀ ਨਿੱਜੀ ਫੌਜ, ਵਾਗਨਰ ਸਮੂਹ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਮੌਤ ਦੀ ਖ਼ਬਰ 'ਤੇ ਹੈਰਾਨੀ ਪ੍ਰਗਟ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ 'ਤੇ ਹੈਰਾਨ ਨਹੀਂ ਹਨ। ਜਦੋਂ ਬਾਇਡਨ ਨੂੰ ਪੁੱਛਿਆ ਗਿਆ ਕਿ ਕੀ ਰੂਸੀ ਰਾਸ਼ਟਰਪਤੀ ਪੁਤਿਨ ਇਸ ਲਈ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਕਿਹਾ ਕਿ ਰੂਸ 'ਚ ਬਹੁਤ ਘੱਟ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਪਿੱਛੇ ਪੁਤਿਨ ਦਾ ਹੱਥ ਨਹੀਂ ਹੁੰਦਾ।
ਪ੍ਰਿਗੋਜ਼ਿਨ ਦਾ ਇਸ ਤਰ੍ਹਾਂ ਮਰਨਾ ਤੈਅ ਸੀ - ਬ੍ਰਿਟੇਨ ਦੇ ਸਾਬਕਾ ਖੂਫੀਆ ਅਧਿਕਾਰੀ

ਤਸਵੀਰ ਸਰੋਤ, Getty Images
ਬ੍ਰਿਟੇਨ ਦੀ ਐਮਆਈ-6 ਖੁਫੀਆ ਏਜੰਸੀ ਵਿੱਚ ਰੂਸੀ ਡੈਸਕ ਦੇ ਸਾਬਕਾ ਮੁਖੀ ਕ੍ਰਿਸਟੋਫਰ ਸਟੀਲ ਦਾ ਕਹਿਣਾ ਹੈ ਕਿ ਪ੍ਰਿਗੋਜ਼ਿਨ ਦਾ ਅੰਤ ਇਸੇ ਤਰ੍ਹਾਂ ਹੋਣਾ ਸੀ।
ਬੀਬੀਸੀ ਨਾਲ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਜਹਾਜ਼ ਹਾਦਸਾ ਕਿਸੇ ਉੱਚ-ਪੱਧਰੀ ਸੁਰੱਖਿਆ ਅਧਿਕਾਰੀ ਦੇ ਕਹਿਣ 'ਤੇ ਹੋਇਆ ਹੋ ਹੋਵੇ ਅਤੇ "ਪੁਤਿਨ ਨੇ ਇਸ ਨੂੰ ਮੂਕ ਮਨਜ਼ੂਰੀ ਦਿੱਤੀ ਹੋਵੇ।''
"ਸਾਨੂੰ ਕੁਝ ਹਫ਼ਤੇ ਪਹਿਲਾਂ ਦੱਸਿਆ ਗਿਆ ਸੀ ਕਿ ਰੂਸ ਵਿੱਚ ਵਪਾਰਕ ਭਾਈਚਾਰੇ ਦੀਆਂ ਸੀਨੀਅਰ ਸ਼ਖਸੀਅਤਾਂ ਨੇ ਪ੍ਰਿਗੋਜ਼ਿਨ ਨੂੰ ਮਾਰਨ ਲਈ ਸੁਪਾਰੀ ਦਿੱਤੀ ਹੈ। ਰੂਸੀ ਸਰਕਾਰ ਵਿੱਚ ਉਨ੍ਹਾਂ ਦੇ ਕਈ ਦੁਸ਼ਮਣ ਸਨ ਅਤੇ ਦੋਸਤ ਘੱਟ ਸਨ, ਅਤੇ ਦੇਖਿਆ ਜਾਵੇ ਤਾਂ ਸਭ ਨੂੰ ਅੰਦਾਜ਼ਾ ਸੀ ਕਿ ਉਨ੍ਹਾਂ ਦਾ ਅੰਤ ਕੁਝ ਅਜਿਹਾ ਹੀ ਹੋਵੇਗਾ।''
ਕੌਣ ਸਨ ਪ੍ਰਿਗੋਜ਼ਿਨ

ਤਸਵੀਰ ਸਰੋਤ, BBC Russian
ਪ੍ਰਿਗੋਜ਼ਿਨ, ਵਲਾਦੀਮੀਰ ਪੁਤਿਨ ਦੇ ਜੱਦੀ ਸ਼ਹਿਰ ਸੇਂਟ ਪੀਟਰਸਬਰਗ ਤੋਂ ਹਨ। ਉਨ੍ਹਾਂ ਨੂੰ ਪਹਿਲੀ ਵਾਰ 1979 ਵਿਚ ਚੋਰੀ ਦੇ ਰੋਸ਼ ਵਸਿਹ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 18 ਸਾਲ ਸੀ।
ਦੋ ਸਾਲ ਬਾਅਦ, ਪ੍ਰਿਗੋਜ਼ਿਨ ਨੂੰ ਡਕੈਤੀ ਅਤੇ ਚੋਰੀ ਲਈ 13 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚੋਂ ਉਨ੍ਹਾਂ ਨੇ ਨੌਂ ਸਾਲ ਜੇਲ੍ਹ ਵਿੱਚ ਬਿਤਾਏ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਨ੍ਹਾਂ ਨੇ ਸੇਂਟ ਪੀਟਰਸਬਰਗ ਵਿੱਚ ਹਾਟ ਡੌਗ ਵੇਚਣਾ ਸ਼ੁਰੂ ਕਰ ਦਿੱਤਾ। ਕਾਰੋਬਾਰ ਚੰਗਾ ਚੱਲਿਆ ਤਾਂ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਸ਼ਹਿਰ ਵਿਚ ਮਹਿੰਗੇ ਰੈਸਟੋਰੈਂਟ ਖੋਲ੍ਹ ਲਏ।
ਇਹ ਉਹ ਸਮਾਂ ਸੀ ਜਦੋਂ ਉਹ ਸੇਂਟ ਪੀਟਰਸਬਰਗ ਅਤੇ ਫਿਰ ਰੂਸ ਦੇ ਸ਼ਕਤੀਸ਼ਾਲੀ ਲੋਕਾਂ ਦੇ ਸੰਪਰਕ ਵਿੱਚ ਆਏ।
ਪ੍ਰਿਗੋਜ਼ਿਨ ਨੇ ਇੱਕ ਕਿਸ਼ਤੀ ਨੂੰ ਰੈਸਟੋਰੈਂਟ ਵਰਗਾ ਬਣਾਇਆ ਹੋਇਆ ਸੀ, ਜਿਸ ਨੂੰ ਉਨ੍ਹਾਂ ਨੇ ਨਿਊ ਆਈਲੈਂਡ ਦਾ ਨਾਮ ਦਿੱਤਾ ਸੀ।
ਇਹ ਰੈਸਟੋਰੈਂਟ ਬੋਟ ਨੇਵਾ ਨਦੀ ਵਿੱਚ ਚੱਲਦੀ ਰਹਿੰਦੀ ਸੀ। ਵਲਾਦੀਮੀਰ ਪੁਤਿਨ ਨੂੰ ਇਹ ਰੈਸਟੋਰੈਂਟ ਇੰਨਾ ਪਸੰਦ ਸੀ ਕਿ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਇੱਥੇ ਜਾਣਾ ਬੰਦ ਨਹੀਂ ਕੀਤਾ।
ਪੁਤਿਨ ਕਈ ਵਾਰ ਆਪਣੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਇਸ ਰੈਸਟੋਰੈਂਟ ਵਿੱਚ ਲੈ ਕੇ ਜਾਂਦੇ ਸਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਅਤੇ ਦੋਸਤੀ ਪ੍ਰਿਗੋਜ਼ਿਨ ਨਾਲ ਹੋਈ ਸੀ।

ਤਸਵੀਰ ਸਰੋਤ, Reuters
ਪ੍ਰਿਗੋਜ਼ਿਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਪੁਤਿਨ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਰੋ ਮੋਰੀ ਦੇ ਨਾਲ ਰੈਸਟੋਰੈਂਟ ਵਿੱਚ ਆਏ ਸਨ, ਉਸ ਵੇਲੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਇਹ ਸਾਲ 2000 ਸੀ।
ਤਿੰਨ ਸਾਲ ਬਾਅਦ ਰਾਸ਼ਟਰਪਤੀ ਪੁਤਿਨ ਨੇ ਨਿਊ ਆਈਲੈਂਡ 'ਤੇ ਹੀ ਆਪਣਾ ਜਨਮ ਦਿਨ ਮਨਾਇਆ। ਕੁਝ ਸਾਲਾਂ ਬਾਅਦ, ਪ੍ਰਿਗੋਜ਼ਿਨ ਦੀ ਕੰਪਨੀ ਕੋਨਕੋਰਡ ਨੂੰ ਕ੍ਰੇਮਲਿਨ ਨੂੰ ਭੋਜਨ ਸਪਲਾਈ ਕਰਨ ਦਾ ਠੇਕਾ ਮਿਲਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੁਤਿਨ ਦਾ ਸ਼ੈੱਫ ਕਿਹਾ ਜਾਣ ਲੱਗਾ।
ਇਸ ਤੋਂ ਬਾਅਦ ਪ੍ਰਿਗੋਜ਼ਿਨ ਨੇ ਫੌਜੀ ਅਤੇ ਸਰਕਾਰੀ ਸਕੂਲਾਂ ਵਿੱਚ ਕੈਟਰਿੰਗ ਨਾਲ ਸਬੰਧਤ ਸਰਕਾਰੀ ਠੇਕੇ ਵੀ ਹਾਸਲ ਕੀਤੇ।
2010 ਦੇ ਦਹਾਕੇ ਤੱਕ, ਕਈ ਪੱਤਰਕਾਰੀ ਜਾਂਚਾਂ ਨੇ ਪ੍ਰਿਗੋਜ਼ਿਨ ਨੂੰ ਸੇਂਟ ਪੀਟਰਸਬਰਗ ਵਿੱਚ ਇੱਕ ਕਥਿਤ ਟ੍ਰੋਲ ਫੈਕਟਰੀ ਸਬੰਧਿਤ ਦੱਸਿਆ ਗਿਆ ਸੀ।
ਇਸ ਟ੍ਰੋਲ ਫੈਕਟਰੀ ਦਾ ਕੰਮ ਰੂਸ ਦੇ ਸਿਆਸੀ ਵਿਰੋਧੀ ਨੂੰ ਬਦਨਾਮ ਕਰਨਾ, ਪੁਤਿਨ ਸ਼ਾਸਨ ਦੀ ਤਾਰੀਫ਼ ਕਰਨ ਵਾਲੀ ਸਮੱਗਰੀ ਤਿਆਰ ਕਰਨਾ ਅਤੇ ਇਸ ਦਿਸ਼ਾ ਵਿੱਚ ਮੁਹਿੰਮ ਚਲਾਉਣਾ ਸੀ।
2016 ਵਿੱਚ, ਅਮਰੀਕਾ ਦੇ ਵਿਸ਼ੇਸ਼ ਸਰਕਾਰੀ ਵਕੀਲ ਰੌਬਰਟ ਮਿਊਲਰ ਦੀ ਇੱਕ ਜਾਂਚ ਦੇ ਅਨੁਸਾਰ, ਟ੍ਰੋਲ ਫੈਕਟਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦੇਣ ਦੇ ਰੂਸ ਦੇ ਯਤਨਾਂ ਦਾ ਹਿੱਸਾ ਸੀ।
ਹਾਲਾਂਕਿ, ਪ੍ਰਿਗੋਜ਼ਿਨ ਨੇ ਟ੍ਰੋਲ ਫੈਕਟਰੀ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਸੀ।
ਪ੍ਰਿਗੋਜ਼ਿਨ - ਪੁਤਿਨ ਦੇ ਖਿਲਾਫ ਅਸਫਲ 'ਬਗ਼ਾਵਤ' ਛੇੜਨ ਵਾਲੇ

ਤਸਵੀਰ ਸਰੋਤ, Reuters
ਵਾਗਨਰ ਸਮੂਹ, ਰੂਸ ਦੀ ਖੂਫੀਆ ਫੌਜ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਕਿਰਾਏ ਦੀ ਫੌਜ ਹੈ। ਯੇਵਗੇਨੀ ਪ੍ਰਿਗੋਜ਼ਿਨ ਇਸ ਦੇ ਮੁਖੀ ਸਨ।
24 ਜੂਨ, 2023 ਨੂੰ ਪ੍ਰਿਗੋਜ਼ਿਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ ਸੀ।
ਪ੍ਰਿਗੋਜ਼ਿਨ ਨੇ ਉਦੋਂ ਕਿਹਾ ਸੀ ਕਿ ਉਹ 'ਰੂਸ ਦੀ ਫੌਜੀ ਅਗਵਾਈ ਨੂੰ ਖਤਮ ਕਰਕੇ ਹੀ ਦਮ ਲੈਣਗੇ।'
ਉਸ ਵੇਲੇ ਵਾਗਨਰ ਗਰੁੱਪ ਦੇ ਲੜਾਕਿਆਂ ਨੇ ਯੂਕਰੇਨ ਦੀ ਸਰਹੱਦ ਪਾਰ ਕਰ ਕੇ ਰੂਸ ਦੇ ਸ਼ਹਿਰ ਰੋਸਤੋਵ-ਆਨ-ਡੌਨ ਵਿੱਚ ਦਾਖ਼ਲ ਹੋ ਕੇ ਉਸ ਫ਼ੌਜੀ ਹੈੱਡਕੁਆਰਟਰ 'ਤੇ ਕਬਜ਼ਾ ਕਰ ਲਿਆ ਸੀ, ਜਿੱਥੋਂ ਯੂਕਰੇਨ ਦਾ ਸੰਚਾਲਨ ਹੋ ਰਿਹਾ ਹੈ।
ਰੋਸਤੋਵ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਪ੍ਰਿਗੋਜ਼ਿਨ ਨੇ ਕਿਹਾ ਸੀ ਕਿ ਜੇਕਰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅਤੇ ਜਨਰਲ ਵਾਲੇਰੀ ਗਾਰਾਸਿਮੋਵ ਉਨ੍ਹਾਂ ਨੂੰ ਮਿਲਣ ਲਈ ਨਹੀਂ ਪਹੁੰਚੇ, ਤਾਂ ਉਹ ਮਾਸਕੋ ਵੱਲ ਵਧਣਗੇ।
ਉਨ੍ਹਾਂ ਕਿਹਾ ਸੀ ਕਿ ਜੋ ਵੀ ਉਸ ਦੇ ਰਾਹ ਵਿਚ ਆਵੇਗਾ, ਉਸ ਦੇ ਲੜਾਕੇ ਉਸ ਨੂੰ ਤਬਾਹ ਕਰ ਦੇਣਗੇ।
ਪ੍ਰਿਗੋਜ਼ਿਨ ਨੇ ਫਿਰ ਇਸ ਨੂੰ ਫੌਜੀ ਤਖਤਾਪਲਟ ਦੀ ਬਜਾਏ ਨਿਆਂ ਲਈ ਲੜਾਈ ਦੱਸਿਆ ਸੀ ਅਤੇ ਕਿਹਾ ਸੀ ਕਿ “ਰਾਸ਼ਟਰਪਤੀ ਦਫਤਰ, ਸਰਕਾਰ, ਪੁਲਿਸ ਅਤੇ ਰੂਸੀ ਗਾਰਡ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ। ਇਹ ਫ਼ੌਜੀ ਤਖ਼ਤਾ ਪਲਟ ਨਹੀਂ ਸਗੋਂ ਇਨਸਾਫ਼ ਦੀ ਲੜਾਈ ਹੈ। ਸਾਡੀਆਂ ਗਤੀਵਿਧੀਆਂ ਸੈਨਿਕਾਂ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਗੀਆਂ।''
ਉਸ ਵੇਲੇ ਰੂਸੀ ਰਾਸ਼ਟਰਪਤੀ ਨੇ ਵਾਗਨਰ ਗਰੁੱਪ ਦੇ ਮੁਖੀ ਪ੍ਰਿਗੋਜ਼ਿਨ 'ਤੇ ਹਥਿਆਰਬੰਦ ਬਗਾਵਤ ਸ਼ੁਰੂ ਕਰਕੇ ਰੂਸ ਨਾਲ ਵਿਸ਼ਵਾਸਘਾਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਇਹ 'ਦੇਸ਼ ਦੀ ਪਿੱਠ 'ਚ ਛੁਰਾ ਮਾਰਨ' ਦੀ ਕਾਰਵਾਈ ਹੈ।
ਰੂਸੀ ਫੌਜ ਅਤੇ ਪ੍ਰਿਗੋਜ਼ਿਨ ਵਿਚਕਾਰ ਇਸ ਗੱਲ ਨੂੰ ਲੈ ਕੇ ਵਿਵਾਦ ਸੀ ਕਿ ਫੌਜ ਉਨ੍ਹਾਂ ਦੇ ਸਮੂਹ ਦੇ ਲੜਾਕਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਨਹੀਂ ਪਹੁੰਚਾ ਪਾ ਰਹੀ ਸੀ।
ਪਰ ਰਾਤ ਹੋਣ ਤੱਕ, ਪ੍ਰਿਗੋਜ਼ਿਨ ਨੇ ਮਾਸਕੋ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਸੀ।
ਇਸ ਅਸਫਲ ਬਗਾਵਤ ਤੋਂ ਬਾਅਦ, ਪ੍ਰਿਗੋਜ਼ਿਨ ਰੂਸ ਛੱਡ ਕੇ ਚਲੇ ਗਏ ਸਨ।













