ਕੀ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ ਸੀ, ਜਾਣੋ ਕੀ ਹਨ ਅਸਲ ਤੱਥ

ਅਟਲ ਬਿਹਾਰੀ ਵਾਜਪਾਈ ਤੇ ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਤੇ ਇੰਦਰਾ ਗਾਂਧੀ ਦੋਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

1977 ਦੀਆਂ ਚੋਣਾਂ ਦੌਰਾਨ ਜਦੋਂ ਅਟਲ ਬਿਹਾਰੀ ਵਾਜਪਾਈ ਦੇ ਮਿੱਤਰ ਅੱਪਾ ਘਟਾਟੇ ਨੇ ਉਨ੍ਹਾਂ ਤੋਂ ਪੁੱਛਿਆ, “ ਕੀ ਤੁਸੀਂ ਮੋਰਾਰਜੀ ਦੇਸਾਈ ਦੇ ਨਾਮ ’ਤੇ ਲੋਕਾਂ ਤੋਂ ਵੋਟਾਂ ਮੰਗੋਗੇ?”

ਵਾਜਪਾਈ ਨੇ ਇੱਕ ਸਕਿੰਟ ਗਵਾਏ ਬਿਨ੍ਹਾਂ ਜਵਾਬ ਦਿੱਤਾ, “ ਕਿਉਂ, ਮੈਂ ਤਾਂ ਆਪਣੇ ਨਾਮ ’ਤੇ ਵੋਟਾਂ ਮੰਗਾਗਾਂ।”

ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅੰਦਾਜ਼ਾ ਸੀ ਕਿ ਜਨਤਾ ਪਾਰਟੀ ’ਚ ਜੇਪੀ ਤੋਂ ਬਾਅਦ ਉਨ੍ਹਾਂ ਨੂੰ ਸੁਣਨ ਲਈ ਸਭ ਤੋਂ ਵਧੇਰੇ ਲੋਕ ਆਉਂਦੇ ਸਨ।

7 ਫਰਵਰੀ 1977 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਵਿਰੋਧੀ ਧਿਰ ਦੇ ਆਗੂਆਂ ਦੀਆ ਸਫ਼ੇਦ ਅੰਬੈਸਡਰ ਕਾਰਾਂ ਹੌਲੀ-ਹੌਲੀ ਆ ਕੇ ਰੁਕੀਆਂ। ਉਹ ਜ਼ਿਆਦਾਤਰ ਵਡੇਰੀ ਉਮਰ ਦੇ ਆਗੂ ਸਨ। ਉਹ ਹੌਲੀ-ਹੌਲੀ ਪੌੜੀਆਂ ਚੜ੍ਹ ਕੇ ਸਟੇਜ ’ਤੇ ਪਹੁੰਚੇ।

ਇੱਕ-ਇੱਕ ਕਰਕੇ ਹਰ ਆਗੂ ਨੇ ਜੇਲ੍ਹ ’ਚ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ।

ਸਾਰੇ ਹੀ ਆਗੂਆਂ ਦੇ ਇੱਕੋ ਜਿਹੇ ਭਾਸ਼ਣਾਂ ਦੇ ਬਾਵਜੂਦ ਲੋਕ ਉੱਥੇ ਹੀ ਬੈਠੇ ਰਹੇ। ਤਕਰੀਬਨ 9:30 ਵਜੇ ਅਟਲ ਬਿਹਾਰੀ ਵਾਜਪਾਈ ਦੀ ਵਾਰੀ ਆਈ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ

ਉਨ੍ਹਾਂ ਨੂੰ ਵੇਖਦਿਆਂ ਹੀ ਸਾਰੀ ਭੀੜ੍ਹ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗ ਪਈ। ਵਾਜਪਾਈ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਆਪਣੇ ਦੋਵੇਂ ਹੱਥ ਉੱਪਰ ਵੱਲ ਚੁੱਕ ਕੇ ਚੁੱਪ ਹੋ ਜਾਣ ਦਾ ਇਸ਼ਾਰਾ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆ ਅੱਖਾਂ ਬੰਦ ਕੀਤੀਆਂ ਅਤੇ ਬੇਧਿਆਨੇ ਅੰਦਾਜ਼ ’ਚ ਇੱਕ ਮਿਸਰਾ ਪੜ੍ਹਿਆ. “ ਬੜੀ ਮੁੱਦਤ ਕੇ ਬਾਅਦ ਮਿਲੇ ਹੈਂ ਦੀਵਾਨੇ।”

ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਜਾਣਿਆ-ਪਛਾਣਿਆ ਪੋਜ਼ ਲਿਆ ਅਤੇ ਭੀੜ੍ਹ ਬੇਚੈਨ ਹੋ ਗਈ।

ਫਿਰ ਉਨ੍ਹਾਂ ਨੇ ਭੀੜ੍ਹ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕਰਦਿਆਂ ਆਪਣਾ ਮਿਸਰਾ ਪੂਰਾ ਕੀਤਾ, “ ਕਹਨੇ ਸੁਣਨੇ ਕੋ ਬਹੁਤ ਹੈ ਅਫ਼ਸਾਨੇ।” ਇਸ ਵਾਰ ਹੋਰ ਵਧੇਰੇ ਤਾੜੀਆਂ ਵੱਜੀਆਂ।

ਉਨ੍ਹਾਂ ਨੇ ਫਿਰ ਆਪਣੀਆ ਅੱਖਾਂ ਬੰਦ ਕੀਤੀਆਂ ਅਤੇ ਮਿਸਰੇ ਦੀ ਆਖਰੀ ਲਾਈਨ ਪੜ੍ਹੀ, “ ਖੁਲੀ ਹਵਾ ਮੇਂ ਜ਼ਰਾ ਸਾਂਸ ਤੋ ਲੇ ਲੈਂ, ਕੱਬ ਤੱਕ ਰਹੇਗੀ ਆਜ਼ਾਦੀ ਕੌਣ ਜਾਣੇ।”

ਉਦੋਂ ਤੱਕ ਭੀੜ੍ਹ ਆਪਣਾ ਆਪਾ ਗੁਆ ਚੁੱਕੀ ਸੀ। ਉੱਥੋਂ 8 ਕਿਲੋਮੀਟਰ ਦੂਰ ਆਪਣੀ 1 ਸਫ਼ਦਰਜੰਗ ਰੋਡ ਸਥਿਤ ਰਿਹਾਇਸ਼ ’ਚ ਬੈਠੀ ਇੰਦਰਾ ਗਾਂਧੀ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਵਾਜਪਾਈ ਉਨ੍ਹਾਂ ਦੀ ਹਾਰ ਦੀ ਨੀਂਹ ਪੱਕੀ ਕਰ ਰਹੇ ਸਨ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ

ਬੈਂਕਾਂ ਦੇ ਰਾਸ਼ਟਰੀਕਰਨ ਦਾ ਮੁੱਦਾ

1966 ’ਚ ਜਦੋਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਤਾਂ ਰਾਮਮਨੋਹਰ ਲੋਹੀਆ ਨੇ ‘ਗੂੰਗੀ ਗੁੜੀਆ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।

ਫਿਰ ਇੱਕ ਸਾਲ ਦੇ ਅੰਦਰ ਹੀ ਇੰਦਰਾ ਗਾਂਧੀ ਨੇ ਇਸ ਅਕਸ ਤੋਂ ਛੁਟਕਾਰਾ ਪਾ ਲਿਆ ਅਤੇ ਉਹ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਉਨ੍ਹਾਂ ਦੀ ਭਾਸ਼ਾ ’ਚ ਹੀ ਦੇਣ ਲੱਗ ਪਏ ਸਨ।

ਇੰਦਰਾ ਗਾਂਧੀ ਦੀਆਂ ਆਰਥਿਕ ਨੀਤੀਆਂ ਨੇ ਜਨਸੰਘ ਦੇ ਖੇਮੇ ’ਚ ਮਤਭੇਦ ਪੈਦਾ ਕਰ ਦਿੱਤੇ ਸਨ।

ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਅਤੇ ਜਨਸੰਘ ਦੇ ਰਾਜ ਸਭਾ ਮੈਂਬਰ ਦੱਤੋਪੰਤ ਥੇਂਗੜੀ ਨੇ ਬੈਂਕਾਂ ਦੇ ਰਾਸ਼ਟਰੀਕਰਨ ਦੇ ਹੱਕ ’ਚ ਪ੍ਰਸਤਾਵ ਪੇਸ਼ ਕੀਤਾ ਸੀ।

ਪਾਰਟੀ ਦੇ ਸੀਨੀਅਰ ਆਗੂ ਮਲਰਾਜ ਮਧੋਕ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ 1967 ਦੇ ਚੋਣ ਮਨੋਰਥ ਪੱਤਰ ’ਚ ਬੈਂਕਾਂ ਦੇ ਰਾਸ਼ਟਰੀਕਰਨ ਦਾ ਵਿਰੋਧ ਕੀਤਾ ਗਿਆ ਹੈ।

ਬਲਰਾਜ ਮਧੋਕ

ਤਸਵੀਰ ਸਰੋਤ, DOORDARSHAN

ਤਸਵੀਰ ਕੈਪਸ਼ਨ, ਬਲਰਾਜ ਮਧੋਕ, ਭਾਰਤੀ ਜਨ ਸੰਘ ਦੇ ਸਾਬਕਾ ਪ੍ਰਧਾਨ

ਮਧੋਕ ਆਪਣੀ ਸਵੈਜੀਵਨੀ ‘ਜ਼ਿੰਦਗੀ ਦਾ ਸਫ਼ਰ ਭਾਗ-3 ’ਚ ਲਿਖਦੇ ਹਨ, “ ਦੁਪਹਿਰ ਦੇ ਖਾਣੇ ਦੌਰਾਨ ਵਾਜਪਾਈ ਇਹ ਦੱਸਣ ਲਈ ਆਏ ਕਿ ਬੈਂਕਾਂ ਦੇ ਬਾਰੇ ’ਚ ਥੇਂਗੜੀ ਦੇ ਪ੍ਰਸਤਾਵ ਨੂੰ ਆਰਐੱਸਐੱਸ ਦੀ ਹਮਾਇਤ ਹਾਸਲ ਹੈ।”

ਹਾਲ ਹੀ ’ਚ ਪ੍ਰਕਾਸ਼ਿਤ ਕਿਤਾਬ ‘ਵਾਜਪਾਈ ਦ ਐਸੈਂਟ ਆਫ਼ ਦਾ ਹਿੰਦੂ ਰਾਈਟ 1924-1977’ ਦੇ ਲੇਖਕ ਅਭਿਸ਼ੇਕ ਚੌਧਰੀ ਲਿਖਦੇ ਹਨ, “ ਵਾਜਪਾਈ ਨੇ ਪਹਿਲਾਂ ਸੰਸਦ ’ਚ ਬੈਂਕਾਂ ਦੇ ਰਾਸ਼ਟਰੀਕਰਨ ਨੂੰ ਲੋਕ-ਵਿਰੋਧੀ ਕਹਿ ਕੇ ਉਸ ਦੀ ਅਲੋਚਨਾ ਕੀਤੀ ਸੀ, ਪਰ ਜਲਦੀ ਉਨ੍ਹਾਂ ਨੂੰ ਇਸ ਕਦਮ ਦੇ ਲੋਕਪ੍ਰਿਅ ਹੋਣ ਦੀ ਅੰਦਾਜ਼ਾ ਹੋ ਗਿਆ ਸੀ।”

“ਉੱਤਰੀ ਭਾਰਤ ’ਚ ਜਨਸੰਘ ਦੇ ਸਮਰਥਕ ਵਪਾਰੀ ਵਰਗ ਨੇ ਵੀ ਮਹਿਸੂਸ ਕੀਤਾ ਕਿ ਬੈਂਕਾਂ ਦੀਆ ਉਧਾਰ ਦੇਣ ਦੀਆਂ ਨੀਤੀਆਂ ’ਚ ਬਦਲਾਅ ਉਨ੍ਹਾਂ ਲਈ ਵੀ ਫਾਈਦੇਮੰਦ ਸਾਬਤ ਹੋਵੇਗਾ।”

ਜਨਸੰਘ ਦੇ ਅਖ਼ਬਾਰ ਆਰਗੇਨਾਈਜ਼ਰ ਨੇ ਆਪਣੇ 23 ਅਗਸਤ, 1969 ਦੇ ਅੰਕ ’ਚ ਲਿਖਿਆ , “ ਵਾਜਪਾਈ ਦਾ ਮੰਨਣਾ ਸੀ ਕਿ ਇੰਦਰਾ ਗਾਂਧੀ ਦਾ ਬੈਂਕ ਰਾਸ਼ਟਰੀਕਰਨ ਦਾ ਫੈਸਲਾ ਸਿਰਫ ਆਰਥਿਕ ਨਹੀਂ ਬਲਕਿ ਪੂਰੀ ਤਰ੍ਹਾਂ ਨਾਲ ਸਿਆਸੀ ਸੀ।”

“ਉਹ ਤਾਂ ਇੱਕ ਤਰ੍ਹਾਂ ਨਾਲ ਸੱਤਾ ’ਚ ਬਣੇ ਰਹਿਣ ਲਈ ਉਨ੍ਹਾਂ ਦਾ ਹਥਿਆਰ ਸੀ। ਵਾਜਪਾਈ ਨੇ ਹਵਾ ਦੇ ਉਲਟ ਜਾਣਾ ਅਕਲਮੰਦੀ ਦੀ ਗੱਲ ਨਾ ਸਮਝੀ।”

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, PAN MACMILLAN

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਦੇ ਸਿਆਸੀ ਜੀਵਨ 'ਤੇ ਲਿਖੀ ਕਿਤਾਬ

ਪ੍ਰਿਵੀ ਪਰਸ ਦੇ ਮੁੱਦੇ ’ਤੇ ਇੰਦਰਾ ਗਾਂਧੀ ਨਾਲ ਟਕਰਾਅ

ਅਟਲ ਬਿਹਾਰੀ ਵਾਜਪਾਈ ਅਤੇ ਇੰਦਰਾ ਗਾਂਧੀ ਦਰਮਿਆਨ ਪਹਿਲਾ ਖੁੱਲ੍ਹਾ ਟਕਰਾਅ ਸਾਬਕਾ ਰਾਜਿਆਂ ਨੂੰ ਦਿੱਤੇ ਜਾਣ ਵਾਲੇ ਪ੍ਰਿਵੀ ਪਰਸ ਭਾਵ ਸਰਕਾਰੀ ਭੱਤੇ ਦੇ ਮੁੱਦੇ ’ਤੇ ਹੋਇਆ ਸੀ।

1 ਸਤੰਬਰ, 1969 ਨੂੰ ਲੋਕ ਸਭਾ ਨੇ ਦੋ ਤਿਹਾਈ ਬਹੁਮਤ ਨਾਲ ਰਾਜਿਆਂ ਨੂੰ ਪ੍ਰਿਵੀ ਪਰਸ ਨਾ ਦਿੱਤੇ ਜਾਣ ਦੇ ਬਿੱਲ ਨੂੰ ਪਾਸ ਕੀਤਾ।

ਪਰ ਤਿੰਨ ਦਿਨਾਂ ਬਾਅਦ ਇਹ ਬਿੱਲ ਰਾਜ ਸਭਾ ’ਚ ਸਿਰਫ਼ ਇੱਕ ਵੋਟ ਨਾਲ ਡਿੱਗ ਗਿਆ ਸੀ। ਇੰਦਰਾ ਗਾਂਧੀ ਇਸ ’ਤੇ ਚੁੱਪ ਨਹੀਂ ਬੈਠੇ।

ਉਨ੍ਹਾਂ ਨੇ 5 ਸਤੰਬਰ ਨੂੰ ਇੱਕ ਆਰਡੀਨੈਂਸ ਜਾਰੀ ਕਰਕੇ ਰਾਜਿਆਂ ਦਾ ਪ੍ਰਿਵੀ ਪਰਸ ਖ਼ਤਮ ਕਰ ਦਿੱਤਾ।

ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਸੰਸਦ ਅਤੇ ਸੰਵਿਧਾਨ ਦਾ ਅਪਮਾਨ ਦੱਸਿਆ।

ਮੈਂ ਅਭਿਸ਼ੇਕ ਚੌਧਰੀ ਨੂੰ ਪੁੱਛਿਆ ਕਿ ਇਹ ਜਾਣਦੇ ਹੋਏ ਕਿ ਪ੍ਰਿਵੀ ਪਰਸ ਦੇ ਮੁੱਦੇ ’ਤੇ ਇੰਦਰਾ ਗਾਂਧੀ ਨੂੰ ਜਨਸਮਰਥਨ ਹਾਸਲ ਹੈ, ਫਿਰ ਵੀ ਵਾਜਪਾਈ ਨੇ ਉਸ ਦਾ ਵਿਰੋਧ ਕਿਉਂ ਕੀਤਾ?

ਇਸ ’ਤੇ ਚੌਧਰੀ ਨੇ ਜਵਾਬ ਦਿੱਤਾ ਕਿ, “ ਜਨਸੰਘ ਰਾਜਮਾਤਾ ਸਿੰਧੀਆ ਅਤੇ ਦੂਜੇ ਰਾਜਿਆਂ ਦੇ ਕਾਰਨ ਪ੍ਰਿਵੀ ਪਰਸ ਹਟਾਉਣ ਦੇ ਵਿਰੋਧ ’ਚ ਸੀ। ਫਰਵਰੀ 1970 ’ਚ ਗਵਾਲੀਅਰ ’ਚ ਹੋਏ ਇੱਕ ਸਮਾਗਮ ’ਚ , ਜਿਸ ’ਚ ਵਾਜਪਾਈ ਨੇ ਵੀ ਸ਼ਮੂਲੀਅਤ ਕੀਤੀ ਸੀ, ਵਿਜੈਰਾਜੇ ਸਿੰਧੀਆ ਦੇ ਪੁੱਤਰ ਮਾਧਵਰਾਜ ਸਿੰਧੀਆ ਨੇ ਜਨਸੰਘ ਦੀ ਮੈਂਬਰਸ਼ਿਪ ਲਈ ਸੀ।”

ਚੌਧਰੀ ਦੱਸਦੇ ਹਨ ਕਿ ਇਸ ਫੈਸਲੇ ਦਾ ਮੱਧ ਪ੍ਰਦੇਸ਼ ਦੀ ਰਾਜਨੀਤੀ ’ਤੇ ਅਸਰ ਪੈਣਾ ਲਾਜ਼ਮੀ ਸੀ, ਜਿੱਥੇ ਗਵਾਲੀਅਰ ਦਰਬਾਰ ਦੇ ਸਿਆਸੀ ਪ੍ਰਭਾਵ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਸੀ।

ਪ੍ਰਿਵੀ ਪਰਸ ’ਤੇ ਰਾਸ਼ਟਰਪਤੀ ਦੇ ਆਰਡੀਨੈਂਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ।

ਸੁਪਰੀਮ ਕੋਰਟ ਨੇ 15 ਦਸੰਬਰ ਨੂੰ ਆਪਣੇ ਸੁਣਾਏ ਫੈਸਲੇ ’ਚ ਆਰਡੀਨੈਂਸ ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਰਾਰ ਦਿੱਤਾ।

ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ ਦੱਸਿਆ।

ਵਾਜਪਾਈ ਤੇ ਇੰਦਰਾ ਗਾਂਧੀ

ਵਾਜਪਾਈ ਤੇ ਇੰਦਰਾ ਗਾਂਧੀ ਬਾਰੇ ਖਾਸ ਗੱਲਾਂ:

  • ਅਟਲ ਬਿਹਾਰੀ ਵਾਜਪਾਈ ਤੇ ਇੰਦਰਾ ਗਾਂਧੀ ਦੋਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ
  • 1971 ਦੀ ਚੋਣ ਮੁਹਿੰਮ ਦੌਰਾਨ ਵਾਜਪਾਈ ਨੇ ਇੰਦਰਾ ਗਾਂਧੀ ’ਤੇ ਜ਼ੋਰਦਾਰ ਹਮਲੇ ਕੀਤੇ ਸਨ
  • 1971 ਦੇ ਚੋਣ ਨਤੀਜਿਆਂ ਬਾਰੇ ਵਾਜਪਾਈ ਦਾ ਮੁਲਾਂਕਣ ਬਿਲਕੁਲ ਹੀ ਗਲਤ ਨਿਕਲਿਆ
  • ਵਾਜਪਾਈ ਦੀ ਸਰਕਾਰ ਪਹਿਲੀ ਗੈਰ-ਕਾਂਗਰਸੀ ਸਰਕਾਰ ਸੀ ਜਿਸ ਨੇ ਆਪਣਾ ਕਾਰਜਕਾਲ ਪੂਰਾ ਕੀਤਾ
ਵਾਜਪਾਈ ਤੇ ਇੰਦਰਾ ਗਾਂਧੀ

ਇੰਦਰਾ ਗਾਂਧੀ ’ਤੇ ਸ਼ਬਦੀ ਵਾਰ

1971 ਦੀ ਚੋਣ ਮੁਹਿੰਮ ਦੌਰਾਨ ਵਾਜਪਾਈ ਨੇ ਇੰਦਰਾ ਗਾਂਧੀ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ, “ ਪ੍ਰਧਾਨ ਮੰਤਰੀ ਭਾਰਤੀ ਲੋਕਤੰਤਰ ’ਚ ਜੋ ਕੁਝ ਵੀ ਪਵਿੱਤਰ ਹੈ, ਉਸ ਦੇ ਦੁਸ਼ਮਣ ਹਨ।”

“ ਜਦੋਂ ਉਨ੍ਹਾਂ ਦੀ ਪਾਰਟੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੇ ਉਮੀਦਵਾਰ ਨੂੰ ਸਵੀਕਾਰ ਨਾ ਕੀਤਾ ਤਾਂ ਉਨ੍ਹਾਂ ਨੇ ਪਾਰਟੀ ਹੀ ਤੋੜ ਦਿੱਤੀ। ਜਦੋਂ ਸੰਸਦ ਨੇ ਪ੍ਰਿਵੀ ਪਰਸ ਖ਼ਤਮ ਕਰਨ ਦੇ ਬਿੱਲ ਨੂੰ ਪਾਸ ਨਹੀਂ ਕੀਤਾ ਤਾਂ ਉਨ੍ਹਾਂ ਨੇ ਆਰਡੀਨੈਂਸ ਦੀ ਮਦਦ ਲਈ।”

“ ਜਦੋਂ ਸੁਪਰੀਮ ਕੋਰਟ ਨੇ ਆਰਡੀਨੈਂਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਤਾਂ ਉਨ੍ਹਾਂ ਨੇ ਲੋਕ ਸਭਾ ਭੰਗ ਕਰ ਦਿੱਤੀ। ਜੇਕਰ ‘ਲੇਡੀ ਡਿਕਟੇਟਰ’ ਦਾ ਵੱਸ ਚੱਲੇ ਤਾਂ ਉਹ ਸ਼ਾਇਦ ਸੁਪਰੀਮ ਕੋਰਟ ਨੂੰ ਵੀ ਭੰਗ ਕਰ ਦੇਣ।”

ਵਾਜਪਾਈ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਲਈ ਹਵਾਈ ਸੈਨਾ ਦੇ ਜਹਾਜ਼ ਦੀ ਵਰਤੋਂ ਕਰ ਰਹੇ ਹਨ, ਜਦਕਿ ਵਾਜਪਾਈ ਨੂੰ ਇੰਡੀਅਨ ਏਅਰਲਾਈਨਜ਼ ਦੇ ਮਾਮੂਲੀ ਜਹਾਜ਼ ’ਚ ਵੀ ਸੀਟ ਬੁੱਕ ਕਰਨ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਜਹਾਜ਼ ਵੀ ਰਹੱਸਮਈ ਢੰਗ ਨਾਲ ਘੰਟਿਆਂ ਬੱਧੀ ਦੇਰੀ ਨਾਲ ਉਡਾਣ ਭਰ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਹੀ ਜਦੋਂ ਵਾਜਪਾਈ ਦਿੱਲੀ ਦੇ ਬੋਟ ਕਲੱਬ ’ਚ ਸਰਕਾਰੀ ਮੁਲਾਜ਼ਮਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਇੱਕ ਪੀਲੇ ਰੰਗ ਦੇ 2 ਸੀਟਾਂ ਵਾਲੇ ਜਹਾਜ਼ ਨੇ ਉੱਪਰੋਂ ਪਰਚੇ ਸੁੱਟਣੇ ਸ਼ੁਰੂ ਕਰ ਦਿੱਤੇ।

ਅਭਿਸ਼ੇਕ ਚੌਧਰੀ ਦੱਸਦੇ ਹਨ , “ ਇਹ ਪ੍ਰਧਾਨ ਮੰਤਰੀ ਦੇ ਵੱਡੇ ਪੁੱਤਰ ਰਾਜੀਵ ਗਾਂਧੀ ਦੀ ਯੋਜਨਾ ਸੀ। ਪਹਿਲਾਂ ਤਾਂ ਵਾਜਪਾਈ ਨੇ ਇਸ ਦਾ ਮਜ਼ਾਕ ਉਡਾਉਂਦਿਆਂ ਕਿਹਾ, “ ਇਹ ਪਰਚੇ ਹਵਾ ’ਚ ਉੱਡਣ ਦਿਓ। ਮੈਂ ਤਾਂ ਤੁਹਾਡੇ ਵੋਟ ਇਕੱਠੇ ਕਰਨ ਆਇਆ ਹਾਂ।”

ਪਰ ਜਦੋਂ ਜਹਾਜ਼ ਨੇ ਉੱਥੋਂ ਹਟਣ ਦਾ ਨਾਮ ਨਾ ਲਿਆ ਅਤੇ ਜਹਾਜ਼ ਨੇ ਉੱਥੋਂ ਦੇ ਕੁੱਲ 23 ਚੱਕਰ ਕੱਟੇ ਤਾਂ ਵਾਜਪਾਈ ਨੇ ਇਸ ਨੂੰ ਲੋਕਤੰਤਰ ਦਾ ਅਪਮਾਨ ਦੱਸਿਆ।

ਉਨ੍ਹਾਂ ਨੇ ਪਰਚੇ ਸੁੱਟਦੇ ਜਹਾਜ਼ ਵੱਲ ਇਸ਼ਾਰਾ ਕਰਦਿਆਂ ਕਿਹਾ, “ ਕੀ ਇਹ ਲੋਕਤੰਤਰ ਹੈ?”

ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਦਰਾ ਗਾਂਧੀ

1971 ਦੀ ਜੰਗ ’ਚ ਇੰਦਰਾ ਗਾਂਧੀ ਨੂੰ ਦਿੱਤਾ ਸਮਰਥਨ

1971 ਦੇ ਚੋਣ ਨਤੀਜਿਆਂ ਬਾਰੇ ਵਾਜਪਾਈ ਦਾ ਮੁਲਾਂਕਣ ਬਿਲਕੁਲ ਹੀ ਗਲਤ ਨਿਕਲਿਆ।

ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਸਨਮਾਨਜਨਕ ਹਾਰ ਹੋਵੇਗੀ ਪਰ ਉਨ੍ਹਾਂ ਨੂੰ ਇਸ ਗੱਲ ਨਾਲ ਬਹੁਤ ਧੱਕਾ ਲੱਗਿਆ ਕਿ ਮਹਾਂ ਗਠਜੋੜ ਨੂੰ ਸਿਰਫ਼ 49 ਸੀਟਾਂ ਹਾਸਲ ਹੋਈਆਂ ਸਨ ਅਤੇ ਜਨਸੰਘ ਦੀਆਂ ਸੀਟਾਂ ਦੀ ਗਿਣਤੀ 35 ਤੋਂ ਘੱਟ ਕੇ ਸਿਰਫ਼ 22 ਰਹਿ ਗਈ ਸੀ।

ਉਨ੍ਹਾਂ ’ਚੋਂ ਵੀ ਵਧੇਰੇ ਸੀਟਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਉਨ੍ਹਾਂ ਖੇਤਰਾਂ ’ਚੋਂ ਮਿਲੀਆਂ ਸਨ, ਜਿੱਥੇ ਸਾਬਕਾ ਰਾਜਿਆਂ ਨੂੰ ਅਜੇ ਵੀ ਮੰਨਿਆ ਜਾ ਰਿਹਾ ਸੀ।

ਬਾਕੀ ਦੇ ਹਿੰਦੀ ਭਾਸ਼ੀ ਇਲਾਕਿਆਂ ’ਚ ਪਾਰਟੀ ਨੂੰ ਸਿਰਫ਼ 7 ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਸੀ।

ਨਵੰਬਰ 1971 ’ਚ ਇੰਦਰਾ ਗਾਂਧੀ ਨੇ ਤੈਅ ਕੀਤਾ ਕਿ ਭਾਰਤ 4 ਦਸੰਬਰ ਨੂੰ ਪਾਕਿਸਤਾਨ ’ਤੇ ਹਮਲਾ ਕਰੇਗਾ, ਪਰ ਪਾਕਿਸਤਾਨ ਨੇ ਇਸ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਹਵਾਈ ਅੱਡਿਆਂ ’ਤੇ ਹਮਲਾ ਬੋਲ ਦਿੱਤਾ।

ਅਗਲੇ ਦੋ ਹਫ਼ਤਿਆਂ ਤੱਕ ਵਾਜਪਾਈ ਨੇ ਸੰਸਦ ਦੀ ਕਾਰਵਾਈ ’ਚ ਸ਼ਾਮਲ ਹੋਣ ਅਤੇ ਦਿੱਲੀ ’ਚ ਜਨਤਕ ਬੈਠਕਾਂ ਨੂੰ ਸੰਬੋਧਨ ਕਰਨ ’ਚ ਆਪਣਾ ਸਮਾਂ ਬਿਤਾਇਆ।

ਇਸ ਦੌਰਾਨ ਉਨ੍ਹਾਂ ਵੱਲੋਂ ਇਕ ਦਿਲਚਸਪ ਬਿਆਨ ਇਹ ਵੀ ਆਇਆ ਕਿ ‘ਇੰਦਰਾ ਜੀ ਹੁਣ ਜਨਸੰਘ ਦੀਆਂ ਨੀਤੀਆਂ ’ਤੇ ਚੱਲ ਰਹੇ ਹਨ।”

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੰਗੀ ਮੁਹਿੰਮ ਦੌਰਾਨ ਉਨ੍ਹਾਂ ਦੀ ਪਾਰਟੀ ਦਾ ਸਰਕਾਰ ਨੂੰ ਪੂਰਾ ਸਮਰਥਨ ਹੈ।

ਜਦੋਂ ਸੋਵੀਅਤ ਸੰਘ ਨੇ ਸੁਰੱਖਿਆ ਪ੍ਰੀਸ਼ਦ ’ਚ ਜੰਗਬੰਦੀ ਦੇ ਅਮਰੀਕੀ ਪ੍ਰਸਤਾਵ ਨੂੰ ਵੀਟੋ ਕੀਤਾ ਤਾਂ ਵਾਜਪਾਈ ਨੇ ਯੂ-ਟਰਨ ਲੈਂਦਿਆ ਸੋਵੀਅਤ ਸੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ‘ਜੋ ਕੋਈ ਵੀ ਦੇਸ਼ ਮੁਸ਼ਕਲ ਦੀ ਘੜੀ ’ਚ ਸਾਡੇ ਨਾਲ ਹੈ, ਉਹ ਸਾਡਾ ਦੋਸਤ ਹੈ। ਅਸੀਂ ਆਪਣੀ ਵਿਚਾਰਧਾਰਕ ਲੜਾਈ ਬਾਅਦ ’ਚ ਵੀ ਲੜ੍ਹ ਸਕਦੇ ਹਾਂ’।

ਵਾਜਪਾਈ ਨੇ ਇੰਦਰਾ ਦੇ ਸਮਰਥਨ ’ਚ ਬੋਲਦਿਆਂ ਕਿਹਾ, “ ਮੈਂ ਖੁਸ਼ ਹਾਂ ਕਿ ਇੰਦਰਾ ਗਾਂਧੀ ਯਾਹੀਆ ਖਾਨ ਨੂੰ ਸਬਕ ਸਿਖਾ ਰਹੇ ਹਨ। ਸਾਡੇ ਕੋਲ ਇੱਕ ਇਤਿਹਾਸਕ ਮੌਕਾ ਹੈ ਕਿ ਅਸੀਂ ਇੱਕ ਧਾਰਮਿਕ ਰਾਜ ਨੂੰ ਤਬਾਹ ਕਰ ਦੇਈਏ ਜਾਂ ਫਿਰ ਜਿੰਨੇ ਸੰਭਵ ਹੋ ਸਕਣ ਉਨ੍ਹੇ ਟੁੱਕੜੇ ਕਰ ਦੇਈਏ।”

ਅਟਲ ਬਿਹਾਰੀ ਵਾਜਪਾਈ ਤੇ ਇੰਦਰਾ ਗਾਂਧੀ

ਤਸਵੀਰ ਸਰੋਤ, PHOTO DIVISION

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਤੇ ਇੰਦਰਾ ਗਾਂਧੀ

ਇੰਦਰਾ ਨੂੰ ਕਦੇ ਵੀ ਦੁਰਗਾ ਦਾ ਅਵਤਾਰ ਨਹੀਂ ਕਿਹਾ

ਆਮ ਧਾਰਨਾ ਇਹ ਹੈ ਕਿ ਜਿਸ ਦਿਨ ਢਾਕਾ ’ਚ ਪਾਕਿਸਤਾਨੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ, ਉਸ ਦਿਨ ਵਾਜਪਾਈ ਨੇ ਇੰਦਰਾ ਨੂੰ ਦੁਰਗਾ ਦੇ ਅਵਤਾਰ ਦਾ ਨਾਮ ਦਿੱਤਾ ਸੀ।

ਅਭਿਸ਼ੇਕ ਚੌਧਰੀ ਇਸ ਧਾਰਨਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਹਿੰਦੇ ਹਨ, “ ਅਸਲੀਅਤ ਇਹ ਹੈ ਕਿ 16 ਦਸੰਬਰ ਦੇ ਦਿਨ ਵਾਜਪਾਈ ਸੰਸਦ ’ਚ ਮੌਜੂਦ ਨਹੀਂ ਸਨ। ਉਹ ਜਾਂ ਤਾਂ ਕਿਸੇ ਦੌਰੇ ’ਤੇ ਸਨ ਜਾਂ ਫਿਰ ਬਿਮਾਰ ਸਨ। ਜਦੋਂ ਇੰਦਰਾ ਗਾਂਧੀ ਨੇ ਯੁੱਧਬੰਦੀ ’ਤੇ ਚਰਚਾ ਕਰਨ ਲਈ ਵਿਰੋਧੀ ਧਿਰਾਂ ਦੀ ਬੈਠਕ ਬੁਲਾਈ ਤਾਂ ਵਾਜਪਾਈ ਉਸ ’ਚ ਵੀ ਮੌਜੂਦ ਨਹੀਂ ਸਨ।”

“ ਅਗਲੇ ਹੀ ਦਿਨ ਜਦੋਂ ਇੰਦਰਾ ਗਾਂਧੀ ਨੇ ਜੰਗਬੰਦੀ ਦਾ ਸਮਰਥਨ ਕਰਨ ਲਈ ਸਾਰੀਆਂ ਹੀ ਧਿਰਾਂ ਦਾ ਧੰਨਵਾਦ ਕੀਤਾ ਤਾਂ ਵਾਜਪਾਈ ਨੇ ਖੜ੍ਹੇ ਹੋ ਕੇ ਕਿਹਾ, “ ਅਸੀਂ ਜੰਗਬੰਦੀ ਨਹੀਂ ਚਾਹੁੰਦੇ ਹਾਂ। ਅਸੀਂ ਹਮੇਸ਼ਾਂ ਦੇ ਲਈ ਆਪਣੇ ਵਿਰੁੱਧ ਪਣਪ ਰਹੀ ਦੁਸ਼ਮਣੀ ਨੂੰ ਜੜ੍ਹੋਂ ਖ਼ਤਮ ਕਰਨਾ ਚਾਹੁੰਦੇ ਹਾਂ। ਇਸ ਲਈ ਜਰੂਰੀ ਹੈ ਕਿ ਪੱਛਮੀ ਸੈਕਟਰ ’ਚ ਜੰਗ ਜਾਰੀ ਰੱਖੀ ਜਾਵੇ।”

ਤਤਕਾਲੀ ਲੋਕ ਸਭਾ ਦੇ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਨੇ ਇਸ ਮੁਦੇ ’ਤੇ ਬਹਿਸ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਵਾਜਪਾਈ ਨੂੰ ਝਿੜਕਦਿਆਂ ਕਿਹਾ ਕਿ “ ਇਸ ਸ਼ੁੱਭ ਮੌਕੇ ’ਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਅਸੰਵੇਦਨਸ਼ੀਲ ਗੱਲ ਨਹੀਂ ਕਰਨੀ ਚਾਹੀਦੀ ਹੈ।”

ਦੋ ਦਿਨਾਂ ਬਾਅਦ ਜਦੋਂ ਸੰਸਦ ਦੇ ਕੇਂਦਰੀ ਹਾਲ ’ਚ ਇੰਦਰਾ ਗਾਂਧੀ ਨੂੰ ਵਧਾਈ ਦੇਣ ਲਈ ਦੋਵੇਂ ਸਦਨਾਂ ਦੀ ਸਾਝੀ ਬੈਠਕ ਹੋਈ ਤਾਂ ਵਾਜਪਾਈ ਜਾਣਬੁੱਝ ਕੇ ਉਸ ’ਚ ਸ਼ਾਮਲ ਨਾ ਹੋਏ।

ਵਾਜਪਾਈ

ਤਸਵੀਰ ਸਰੋਤ, Getty Images

ਇੰਦਰਾ ਗਾਂਧੀ ਪ੍ਰਤੀ ਜੋਸ਼ ਕੁੜੱਤਣ ’ਚ ਬਦਲਿਆ

ਕੁਝ ਦਿਨਾਂ ਬਾਅਦ ਵਾਜਪਾਈ ਵਿਜੈ ਰੈਲੀ ਨੂੰ ਸੰਬੋਧਨ ਕਰਨ ਲਈ ਬੰਬਈ ਗਏ।

ਉੱਥੇ ਉਨ੍ਹਾਂ ਨੇ ਇੱਕ ਜਨ ਸਭਾ ’ਚ ਕਿਹਾ, “ ਦੇਸ਼ ਨੇ ਕਈ ਸਦੀਆਂ ’ਚ ਇਸ ਤਰ੍ਹਾਂ ਦੀ ਜਿੱਤ ਹਾਸਲ ਨਹੀਂ ਕੀਤੀ ਹੈ। ਇਸ ਜਿੱਤ ਦੀ ਅਸਲ ਹੱਕਦਾਰ ਭਾਰਤੀ ਫੌਜ ਹੈ।”

ਉਨ੍ਹਾਂ ਨੇ ਇਹ ਕਹਿੰਦਿਆਂ ਇੰਦਰਾ ਗਾਂਧੀ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ 2 ਹਫ਼ਤਿਆਂ ਦੀ ਲੜਾਈ ’ਚ ਠੰਡੇ ਦਿਮਾਗ ਨਾਲ ਕੰਮ ਲਿਆ ਅਤੇ ਦੇਸ਼ ਨੂੰ ਇੱਕ ਭਰੋਸੇਮੰਦ ਅਗਵਾਈ ਪ੍ਰਦਾਨ ਕੀਤੀ।

ਪਰ ਤਿੰਨ ਮਹੀਨਿਆਂ ਬਾਅਦ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਇੰਦਰਾ ਗਾਂਧੀ ਪ੍ਰਤੀ ਉਨ੍ਹਾਂ ਦਾ ਜੋਸ਼ ਲਗਭਗ ਖ਼ਤਮ ਹੀ ਹੋ ਗਿਆ ਸੀ।

ਉਨ੍ਹਾਂ ਦੀ ਸ਼ਿਕਾਇਤ ਸੀ ਕਿ ਇੰਦਰਾ ਗਾਂਧੀ ਨੇ 1967 ਤੋਂ 1972 ਦਰਮਿਆਨ ਜਨਸੰਘ ਵੱਲੋਂ ਦਿੱਲੀ ’ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਮਾਮਲੇ ’ਚ ਕਦੇ ਵੀ ਜਨਸੰਘ ਲਈ ਵਧੀਆ ਸ਼ਬਦ ਨਹੀਂ ਬੋਲੇ ਹਨ।

ਵਾਜਪਾਈ ਨੇ ਕਿਹਾ ਕਿ ਉਹ ਹਰ ਥਾਂ ’ਤੇ ਇਹ ਹੀ ਕਹਿੰਦੇ ਰਹੇ ਹਨ ਕਿ ਜਨਸੰਘ ਨੇ ਸੜਕਾਂ ਅਤੇ ਕਾਲੋਨੀਆਂ ਦੇ ਨਾਮ ਬਦਲਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਹੈ।

ਆਰਗੇਨਾਈਜ਼ਰ ਨੇ 4 ਮਾਰਚ, 1972 ਦੇ ਆਪਣੇ ਅੰਕ ’ਚ ਵਾਜਪਾਈ ਦੇ ਹਵਾਲੇ ਨਾਲ ਕਿਹਾ, “ ਇੰਦਰਾ ਗਾਂਧੀ ਨੇ ਪਾਕਿਸਤਾਨ ਨਾਲ ਜੰਗ ਸ਼ੁਰੂ ਕਰਨ ’ਚ ਦੇਰ ਕਰ ਦਿੱਤੀ ਅਤੇ ਜੰਗਬੰਦੀ ਵੀ ਸਮੇਂ ਤੋਂ ਪਹਿਲਾਂ ਹੀ ਕਰ ਦਿੱਤੀ।”

ਉਨ੍ਹਾਂ ਨੇ ਸੋਵੀਅਤ ਦੇ ਦਬਾਅ ਹੇਠ ਆ ਕੇ ਜੰਗਬੰਦੀ ਕੀਤੀ, ਉਹ ਵੀ ਫੌਜ ਮੁਖੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਿਨ੍ਹਾਂ। ਜੇਕਰ ਪਾਕਿਸਤਾਨ ਨਾਲ ਲੜਾਈ ਕੁਝ ਹੋਰ ਦਿਨਾਂ ਤੱਕ ਚੱਲਦੀ ਤਾਂ ਪਾਕਿਸਤਾਨੀ ਫੌਜ ਦਾ ਲੱਕ ਟੁੱਟ ਜਾਣਾ ਸੀ।”

ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਦਰਾ ਗਾਂਧੀ

ਵਾਜਪਾਈ ਨੂੰ ਇੰਦਰਾ ਗਾਂਧੀ ਦਾ ਜਵਾਬ

ਜੁਲਾਈ 1972 ’ਚ ਪਾਕਿਸਤਾਨ ਨਾਲ ਸਹੀਬੱਧ ਹੋਏ ਸ਼ਿਮਲਾ ਸਮਝੌਤੇ ਨੂੰ ਵਾਜਪਾਈ ਨੇ ਪਸੰਦ ਨਹੀਂ ਕੀਤਾ।

ਉਨ੍ਹਾਂ ਦੀ ਸ਼ਿਕਾਇਤ ਸੀ ਕਿ ਭਾਰਤ ਨੇ ਪਾਕਿਸਤਾਨ ਮਕਬੂਜਾ ਕਸ਼ਮੀਰ ਲਏ ਬਿਨ੍ਹਾਂ ਹੀ ਪੰਜਾਬ ਅਤੇ ਸਿੰਧ ਸੂਬਿਆਂ ’ਚ ਪਾਕਿਸਤਾਨ ਤੋਂ ਜਿੱਤੀ ਜ਼ਮੀਨ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਹੈ।

ਇਸ ਦੌਰਾਨ ਉਨ੍ਹਾਂ ਨੇ ਰਾਜਸਥਾਨ ਸਰਹੱਦ ’ਤੇ ਪਾਕਿਸਤਾਨ ਤੋਂ ਜਿੱਤੇ ਸ਼ਹਿਰ ਗਾਦਰਾ ਵਿਖੇ ਜਾਣ ਦਾ ਫੈਸਲਾ ਕੀਤਾ।

ਅਭਿਸ਼ੇਕ ਚੌਧਰੀ ਲਿਖਦੇ ਹਨ, “ ਉਹ ਆਪਣੇ ਨਾਲ 64 ਸੱਤਿਆਗ੍ਰਹਿਆਂ ਨੂੰ ਲੈ ਕੇ ਗਏ ਸਨ। ਉਹ ਸਾਰੇ ਨਾਅਰੇ ਲਗਾ ਰਹੇ ਸਨ- ‘ ਦੇਸ਼ ਨਾ ਹਾਰਾ, ਫੌਜ਼ ਨਾ ਹਾਰੀ, ਹਾਰੀ ਹੈ ਸਰਕਾਰ ਹਮਾਰੀ’।”

ਤਿੱਖੀ ਧੁੱਪ ਅਤੇ ਹਨੇਰੀ ਦਾ ਸਾਹਮਣਾ ਕਰਦੇ ਹੋਏ 4 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਗਾਦਰਾ ਸ਼ਹਿਰ ’ਚ ਦਾਖਲ ਹੋਏ।

ਜਿੱਤੇ ਹੋਏ ਖੇਤਰ ’ਚ 180 ਮੀਟਰ ਅੰਦਰ ਆਉਣ ’ਤੇ ਵਾਜਪਾਈ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਟਰੱਕਾਂ ’ਚ ਬਿਠਾ ਕੇ ਭਾਰਤੀ ਹਦੂਦ ਅੰਦਰ ਲਿਆਂਦਾ ਗਿਆ।

ਉੱਥੋਂ ਪਰਤਣ ਤੋਂ ਬਾਅਦ ਵਾਜਪਾਈ ਨੇ ਬੋਟ ਕਲੱਬ ਵਿਖੇ ਭੀੜ੍ਹ ਨੂੰ ਸੰਬੋਧਨ ਕਰਦਿਆਂ ਇੰਦਰਾ ਗਾਂਧੀ ਤੋਂ ਸਵਾਲ ਪੁੱਛਿਆ, “ ਕੀ ਆਖਰੀ ਦਿਨ ਕ੍ਰੇਮਲਿਨ (ਰੂਸ) ਤੋਂ ਸੁਨੇਹਾ ਆਉਣ ਤੋਂ ਬਾਅਦ ਸ਼ਿਮਲਾ ’ਚ ਗਤੀਰੋਧ ਟੁੱਟਿਆ ਸੀ?”

ਹੁਣ ਤੱਕ ਇੰਦਰਾ ਗਾਂਧੀ ਵਾਜਪਾਈ ਦੇ ਇਲਜ਼ਾਮਾਂ ਨੂੰ ਨਜ਼ਰਅੰਦਾਜ਼ ਕਰਦੇ ਆਏ ਸਨ।

ਪਰ ਇਸ ਵਾਰ ਉਨ੍ਹਾਂ ਨੇ ਵਾਜਪਾਈ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, “ ਸਿਰਫ਼ ਹੀਣ ਭਾਵਨਾ ਰੱਖਣ ਵਾਲਾ ਵਿਅਕਤੀ ਹੀ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਸਕਦਾ ਹੈ। ਕੀ ਅਸੀਂ ਆਪਣੇ ਕਰੋੜਾਂ ਲੋਕਾਂ ਦੀ ਆਵਾਜ਼ ਸੁਣੀਏ ਜਾਂ ਫਿਰ ਹਰ ਸਮੇਂ ਸਿਆਪਾ ਕਰਨ ਵਾਲੇ ਕੁਝ ਲੋਕਾਂ ਦੀ? ਵਾਜਪਾਈ ਨੇ ਪਿਛਲਾ ਪੂਰਾ ਸਾਲ ਮੇਰਾ ਮਜ਼ਾਕ ਹੀ ਉਡਾਇਆ ਹੈ। ਕੀ ਵਾਜਪਾਈ ਇਸ ਗੱਲ ਤੋਂ ਮੁਨਕਰ ਹੋਣਗੇ ਕਿ ਬੰਗਲਾਦੇਸ਼ ਅੱਜ ਇੱਕ ਹਕੀਕਤ ਹੈ?”

ਵਾਜਪਾਈ

ਤਸਵੀਰ ਸਰੋਤ, Getty Images

ਮਾਰੂਤੀ ਅਤੇ ਚੀਫ਼ ਜਸਟਿਸ ਦੀ ਨਿਯੁਕਤੀ ਦਾ ਮਾਮਲਾ

ਦੋ ਸਾਲਾਂ ਦੇ ਅੰਦਰ ਹੀ ਵਾਜਪਾਈ ਨੂੰ ਇੱਕ ਵਾਰ ਫਿਰ ਇੰਦਰਾ ਗਾਂਧੀ ’ਤੇ ਹਮਲਾ ਕਰਨ ਦਾ ਮੌਕਾ ਮਿਲਿਆ ।

ਜਦੋਂ ਉਨ੍ਹਾਂ ਦੇ ਪੁੱਤਰ ਸੰਜੇ ਗਾਂਧੀ ਨੇ ਮਾਰੂਤੀ ਕਾਰ ਫੈਕਟਰੀ ਲਗਾਈ ਤਾਂ ਵਾਜਪਾਈ ਨੇ ਉਨ੍ਹਾਂ ’ਤੇ ਵਿਅੰਗ ਕਰਦਿਆਂ ਕਿਹਾ, ‘ ਇਹ ਕੰਪਨੀ ਮਾਰੂਤੀ ਲਿਮਟਿਡ ਨਹੀਂ, ਕਰਪਸ਼ਨ ਅਨਲਿਮਟਿਡ ਹੈ।”

ਜਦੋਂ ਇੰਦਰਾ ਸਰਕਾਰ ਨੇ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਜੱਜਾਂ ਨੂੰ ਨਜ਼ਰਅੰਦਾਜ਼ ਕਰਦਿਆਂ ਏ ਐਨ ਰਾਏ ਨੂੰ ਭਾਰਤ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਤਾਂ ਵਾਜਪਾਈ ਨੂੰ ਇੰਦਰਾ ’ਤੇ ਹਮਲਾ ਕਰਨ ਦਾ ਇੱਕ ਹੋਰ ਮੌਕਾ ਹਾਸਲ ਹੋਇਆ।

ਵਾਜਪਾਈ ਨੇ ਵਿਅੰਗਮਈ ਢੰਗ ਨਾਲ ਕਿਹਾ, “ ਕੱਲ੍ਹ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਮੁੱਖ ਚੋਣ ਕਮਿਸ਼ਨਰ ਅਤੇ ਸੰਘ ਲੋਕ ਸੇਵਾ ਕਮਿਸ਼ਨ ਦੇ ਮੁਖੀ ਦਾ ਸਮਾਜਿਕ ਫਲਸਫਾ ਵੀ ਸਰਕਾਰ ਦੇ ਅਨੁਸਾਰ ਹੋਵੇਗਾ। ਕੀ ਇਹ ਨਿਯਮ ਹਥਿਆਰਬੰਦ ਬਲਾਂ ’ਤੇ ਵੀ ਲਾਗੂ ਹੋਵੇਗਾ? ਕਾਨੂੰਨ ਜੀ-ਹਜ਼ੂਰੀ ਕਰਨ ਵਾਲੇ ਲੋਕਾਂ ਦੀ ਮਦਦ ਨਾਲ ਨਹੀਂ ਬਣ ਸਕਦਾ ਹੈ। ਇਸ ਦੇ ਲਈ ਸੁਤੰਤਰ ਨਿਆਂਪਾਲਿਕਾ ਦਾ ਹੋਣਾ ਲਾਜ਼ਮੀ ਹੈ”।

1974 ’ਚ ਜਦੋਂ ਭਾਰਤ ਨੇ ਆਪਣਾ ਪਹਿਲਾ ਪਰਮਾਣੂ ਪ੍ਰੀਖਣ ਕੀਤਾ ਤਾਂ ਵਾਜਪਾਈ ਨੇ ਭਾਰਤੀ ਪਰਮਾਣੂ ਵਿਗਿਆਨੀਆਂ ਦੀ ਤਾਰੀਫ਼ ਤਾਂ ਕੀਤੀ ਪਰ ਪ੍ਰਧਾਨ ਮੰਤਰੀ ਨੂੰ ਇਸ ਦਾ ਸਿਹਰਾ ਨਹੀਂ ਦਿੱਤਾ।

ਵਾਜਪਾਈ

ਤਸਵੀਰ ਸਰੋਤ, Getty Images

ਜਗਜੀਵਨ ਰਾਮ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ

1977 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਜਨਤਾ ਪਾਰਟੀ ਦੀ ਜਿੱਤ ’ਚ ਭਾਰਤੀ ਜਨਸੰਘ ਨੇ ਸਭ ਤੋਂ ਵੱਧ 90 ਸੀਟਾਂ ਹਾਸਲ ਕੀਤੀਆਂ। ਭਾਰਤੀ ਲੋਕ ਦਲ ਨੂੰ 55 ਅਤੇ ਸੋਸ਼ਲਿਸਟ ਪਾਰਟੀ ਨੂੰ 51 ਸੀਟਾਂ ਹਾਸਲ ਹੋਈਆਂ ਸਨ।

ਸਭ ਤੋਂ ਵੱਡੀ ਪਾਰਟੀ ਹੋਣ ਦੇ ਕਾਰਨ ਵਾਜਪਾਈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਸਨ।

ਅਭਿਸ਼ੇਕ ਚੌਧਰੀ ਦੱਸਦੇ ਹਨ, “ ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਵਾਜਪਾਈ ਦੀ ਉਮਰ ਸਿਰਫ਼ 52 ਸਾਲ ਸੀ। ਮੋਰਾਰਜੀ ਦੇਸਾਈ, ਜਗਜੀਵਨ ਰਾਮ ਅਤੇ ਚਰਨ ਸਿੰਘ ਦੇ ਮੁਕਾਬਲੇ ਉਨ੍ਹਾਂ ਨੂੰ ਉਦੋਂ ਤੱਕ ਪ੍ਰਸ਼ਾਸਨ ਦਾ ਕੋਈ ਤਜਰਬਾ ਨਹੀਂ ਸੀ।”

“ਜੇਕਰ ਲੀਡਰਸ਼ਿਪ ਦੀ ਦੌੜ ’ਚ ਵਾਜਪਾਈ ਵੀ ਕੁੱਦ ਜਾਂਦੇ ਤਾਂ ਨਵੀਂ ਬਣੀ ਜਨਤਾ ਪਾਰਟੀ ਲਈ ਮੁਸ਼ਕਲਾਂ ਹੋਰ ਵੱਧ ਜਾਣੀਆਂ ਸਨ। ਰਣਨੀਤੀ ਦਾ ਤਕਾਜ਼ਾ ਸੀ ਕਿ ਇਸ ਵਾਰ ਵਾਜਪਾਈ ਪਿੱਛੇ ਰਹਿਣ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ।”

ਵਾਜਪਾਈ ਨੇ ਸ਼ੁਰੂ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਸਮਰਥਨ ਜਗਜੀਵਨ ਰਾਮ ਨੂੰ ਦਿੱਤਾ। ਸੰਸਦ ’ਚ ਵਿਰੋਧੀ ਹੋਣ ਦੇ ਬਾਵਜੂਦ ਜਗਜੀਵਨ ਰਾਮ ਨਾਲ ਉਨ੍ਹਾਂ ਦੀ ਖੂਬ ਬਣਦੀ ਸੀ।

ਮੋਰਾਰਜੀ ਦੇਸਾਈ ਜ਼ਿੱਦੀ ਕਿਸਮ ਦੇ ਵਿਅਕਤੀ ਸਨ ਅਤੇ ਉਨ੍ਹਾਂ ’ਚ ਲਚਕੀਲੇਪਨ ਦੀ ਘਾਟ ਸੀ। ਜਗਜੀਵਨ ਰਾਮ ਨੂੰ ਸਮਰਥਨ ਦੇਣ ਨਾਲ ਦਲਿਤਾਂ ’ਚ ਸੰਘ ਪਰਿਵਾਰ ਦਾ ਅਕਸ ਸੁਧਰਨ ਸਕਦਾ ਸੀ। ਪਰ ਚਰਨ ਸਿੰਘ ਨੇ ਸਾਰੇ ਕੀਤੇ ਕਰਾਏ ’ਤੇ ਪਾਣੀ ਫੇਰ ਦਿੱਤਾ।

ਉਨ੍ਹਾਂ ਨੇ ਹਸਪਤਾਲ ’ਚ ਆਪਣੇ ਬਿਸਤਰੇ ਤੋਂ ਲਿਖੇ ਇੱਕ ਪੱਤਰ ’ਚ ਜਗਜੀਵਨ ਰਾਮ ਦੀ ਉਮੀਦਵਾਰੀ ਨੂੰ ਇਸ ਦਲੀਲ ਨਾਲ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਸੰਸਦ ’ਚ ਐਮਰਜੈਂਸੀ ਦਾ ਪ੍ਰਸਤਾਵ ਰੱਖਿਆ ਸੀ।

ਵਾਜਪਾਈ ਕੋਲ ਮੋਰਾਰਜੀ ਦੇਸਾਈ ਦੀ ਹਮਾਇਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਚੌਧਰੀ ਚਰਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੌਧਰੀ ਚਰਨ ਸਿੰਘ

ਜਨਤਾ ਪਾਰਟੀ ਸਰਕਾਰ ’ਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਿਆ

ਚਰਨ ਸਿੰਘ ਦੇ ਰਹਿੰਦਿਆਂ ਵਾਜਪਾਈ ਨੂੰ ਜਨਤਾ ਪਾਰਟੀ ਦੀ ਸਰਕਾਰ ’ਚ ਗ੍ਰਹਿ ਮੰਤਰਾਲਾ ਨਹੀਂ ਮਿਲ ਸਕਦਾ ਸੀ।

ਮੋਰਾਰਜੀ ਦੇਸਾਈ ਨੇ ਉਨ੍ਹਾਂ ਦੇ ਸਾਹਮਣੇ ਰੱਖਿਆ ਜਾਂ ਵਿਦੇਸ਼ ਮੰਤਰਾਲੇ ’ਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ।

ਵਾਜਪਾਈ ਨੂੰ ਵਿਦੇਸ਼ ਮੰਤਰਾਲੇ ਚੁਣਨ ’ਚ ਇੱਕ ਸਕਿੰਟ ਦਾ ਵੀ ਸਮਾਂ ਨਾ ਲੱਗਿਆ।

ਅਟਲ ਬਿਹਾਰੀ ਵਾਜਪਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਟਲ ਬਿਹਾਰੀ ਵਾਜਪਾਈ ਨੇ 1977 ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ।

ਚੋਣਾਂ ਤੋਂ ਬਾਅਦ ਰਾਮਲੀਲਾ ਮੈਦਾਨ ’ਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, “ ਜੋ ਲੋਕ ਆਪਣੇ ਆਪ ਨੂੰ ਭਾਰਤ ਦਾ ਸਮਾਨਾਰਥੀ ਕਹਿੰਦੇ ਹਨ, ਉਨ੍ਹਾਂ ਨੂੰ ਜਨਤਾ ਨੇ ਇਤਿਹਾਸ ਦੇ ਕੂੜੇਦਾਨ ’ਚ ਸੁੱਟ ਦਿੱਤਾ ਹੈ।”

ਇਹ ਵੱਖਰੀ ਗੱਲ ਹੈ ਕਿ ਇੰਦਰਾ ਗਾਂਧੀ ਨੇ ਵਾਜਪਾਈ ਨੂੰ ਗਲਤ ਸਾਬਤ ਕੀਤਾ ਅਤੇ 3 ਸਾਲ ਬਾਅਦ ਇੱਕ ਵਾਰ ਫਿਰ ਸੱਤਾ ’ਚ ਵਾਪਸੀ ਕੀਤੀ।

ਵਾਜਪਾਈ ਦੀ ਵੀ ਵਾਰੀ ਆਈ ਅਤੇ ਉਨ੍ਹਾਂ ਨੇ 1996 ਅਤੇ ਫਿਰ 1998 ਅਤੇ 1999 ’ਚ ਭਾਰਤ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕੀ।

ਉਨ੍ਹਾਂ ਦੀ ਸਰਕਾਰ ਪਹਿਲੀ ਗੈਰ-ਕਾਂਗਰਸੀ ਸਰਕਾਰ ਸੀ, ਜਿਸ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)