ਕਿੰਗ ਚਾਰਲਸ III ਤਾਜਪੋਸ਼ੀ ਵਾਲੇ ਦਿਨ 700 ਸਾਲ ਪੁਰਾਣੀ ਕੁਰਸੀ 'ਤੇ ਬੈਠਣਗੇ, ਕੀ ਹੈ ਇਸ 'ਚ ਖ਼ਾਸ

ਤਸਵੀਰ ਸਰੋਤ, PA Media
- ਲੇਖਕ, ਸੀਨ ਕੌਫਲਨ
- ਰੋਲ, ਬੀਬੀਸੀ ਪੱਤਰਕਾਰ
ਕਿੰਗ ਚਾਰਲਸ III ਆਪਣੀ ਤਾਜਪੋਸ਼ੀ ਦੌਰਾਨ ਮੱਧ ਯੁੱਗ ਦੀ ਕੁਰਸੀ ਯਾਨਿ 700 ਸਾਲ ਪੁਰਾਣੀ ਕੁਰਸੀ 'ਤੇ ਬੈਠਣਗੇ।
ਇਸ ਦੀ ਵਰਤੋਂ ਤਾਜਪੋਸ਼ੀ ਦੌਰਾਨ ਹੁੰਦੀ ਹੈ ਅਤੇ ਉਸ ਨੂੰ ਰਾਜਾ ਚਾਰਲਸ ਦੀ ਤਾਜਪੋਸ਼ੀ ਲਈ ਤਿਆਰ ਕੀਤਾ ਜਾ ਰਿਹਾ ਹੈ।
ਵੈਸਟਮਿੰਸਟਰ ਐਬੀ ਦੀ ਸੰਭਾਲ ਕਰਨ ਵਾਲੇ ਮਾਹਿਰਾਂ ਮੁਤਾਬਕ 700 ਸਾਲ ਪੁਰਾਣੀ ਓਕ (ਬਲੂਤ) ਦੀ ਬਣੀ ਕੁਰਸੀ "ਬਹੁਤ ਨਾਜ਼ੁਕ" ਹੈ।
ਸੰਭਾਲ ਕਰਨ ਵਾਲਿਆਂ ਦਾ ਕੰਮ ਕੁਰਸੀ ਨੂੰ ਸਾਫ਼ ਕਰਨਾ ਅਤੇ ਸੋਨੇ ਦੀਆਂ ਝੜ ਰਹੀਆਂ ਪਰਤਾਂ ਨੂੰ ਸਥਿਰ ਕਰਨਾ ਹੈ।
ਇਹ 6 ਮਈ ਨੂੰ ਲੰਡਨ ਦੇ ਐਬੀ ਵਿਖੇ ਹੋਣ ਵਾਲੇ ਤਾਜਪੋਸ਼ੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਹਿੱਸਾ ਹੈ।
ਸਾਂਭ ਸੰਭਾਲ ਕਰਨ ਵਾਲੇ ਕ੍ਰਿਸਟਾ ਬਲੇਸਲੇ ਦਾ ਕਹਿਣਾ ਹੈ ਕਿ ਇਤਿਹਾਸਕ ਤਾਜਪੋਸ਼ੀ ਵਾਲੀ ਕੁਰਸੀ, ਸਦੀਆਂ ਤੋਂ ਪ੍ਰੋਗਰਾਮ ਦਾ ਕੇਂਦਰ ਬਿੰਦੂ, 'ਕਲਾ ਦਾ ਵਿਲੱਖਣ ਕੰਮ' ਹੈ।
ਉਹ ਕਹਿੰਦੀ ਹਨ, "ਇਹ ਫਰਨੀਚਰ ਦਾ ਸਭ ਤੋਂ ਪੁਰਾਣਾ ਬਚਿਆ ਹੋਇਆ ਟੁਕੜਾ ਹੈ ਜੋ ਅਜੇ ਵੀ ਆਪਣੇ ਅਸਲ ਉਦੇਸ਼ ਲਈ ਵਰਤਿਆ ਜਾਂਦਾ ਹੈ।"

ਤਸਵੀਰ ਸਰੋਤ, DUNCAN STONE
ਇਹ ਐਡਵਰਡ ਪਹਿਲੇ ਦੇ ਹੁਕਮਾਂ 'ਤੇ ਬਣਾਈ ਗਈ ਸੀ, ਜਿਨ੍ਹਾਂ ਨੇ 1272 ਤੋਂ 1307 ਤੱਕ ਰਾਜ ਕੀਤਾ ਅਤੇ ਉਦੋਂ ਤੋਂ ਲਗਭਗ ਹਰ ਤਾਜਪੋਸ਼ੀ ਪ੍ਰੋਗਰਾਮ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਪਰ ਬਲੇਸਲੇ ਦਾ ਕਹਿਣਾ ਹੈ, "ਇਹ ਮਿਊਜ਼ੀਅਮ ਦਾ ਹਿੱਸਾ ਨਹੀਂ ਹੈ" ਅਤੇ ਇਸ ਨੇ ਬਹੁਤ ਔਖਾ ਸਮਾਂ ਦੇਖਿਆ ਹੈ।
ਸੈਲਾਨੀਆਂ ਅਤੇ ਸਕੂਲੀ ਬੱਚਿਆਂ ਨੇ 18ਵੀਂ ਅਤੇ 19ਵੀਂ ਸਦੀ ਵਿੱਚ ਇਸ ਨੂੰ ਗ੍ਰੈਫ਼ਿਟੀ ਬਣਾ ਕੇ ਖਰਾਬ ਕਰ ਦਿੱਤਾ ਸੀ ।
"ਪੀ ਐਬਟ ਇਸ ਕੁਰਸੀ ਵਿੱਚ 5-6 ਜੁਲਾਈ 1800 ਨੂੰ ਸੁੱਤੇ ਸੀ" ਇਹ ਕੁਰਸੀ ਉੱਤੇ ਉੱਕਰੇ ਗਏ ਅੱਖਰਾਂ ਵਿੱਚੋਂ ਇੱਕ ਹੈ।

ਤਾਜਪੋਸ਼ੀ ਬਾਰੇ ਹੁਣ ਤੱਕ ਕੀ ਜਾਣਦੇ ਹਾਂ
- ਸ਼ਨੀਵਾਰ 6 ਮਈ: ਵੈਸਟਮਿੰਸਟਰ ਐਬੀ ਵਿੱਚ ਤਾਜਪੋਸ਼ੀ, ਜਲੂਸ ਵਿੱਚ ਬੱਗੀ, ਸ਼ਾਹੀ ਪਰਿਵਾਰ ਬਕਿੰਘਮ ਪੈਲੇਸ ਦੀ ਬਾਲਕੋਨੀ ਵਿੱਚ ਨਜਡਰ ਆਏਗਾ
- ਐਤਵਾਰ 7 ਮਈ: ਵਿੰਡਸਰ ਕੈਸਲ ਵਿਖੇ ਸੰਗੀਤ ਪ੍ਰੋਗਰਾਮ ਅਤੇ ਲਾਈਟਸ਼ੋਅ, ਦੁਪਹਿਰ ਦੇ ਖਾਣੇ ਦੀਆਂ ਦਾਵਤਾਂ
- ਸੋਮਵਾਰ 8 ਮਈ: ਵਾਧੂ ਛੁੱਟੀ, ਸਥਾਨਕ ਸਵੈਸੇਵੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ

'ਬਹੁਤ ਹੀ ਨਾਜ਼ੁਕ ਕੁਰਸੀ'
ਇਸ ਕੁਰਸੀ ਨੂੰ 1914 ਵਿੱਚ ਇੱਕ ਬੰਬ ਹਮਲੇ ਵਿੱਚ ਨੁਕਸਾਨ ਪਹੁੰਚਿਆ ਸੀ, ਜਿਸ ਦਾ ਜ਼ਿੰਮੇਵਾਰ ਉਨ੍ਹਾਂ ਕਾਰਕੁਨਾਂ ਨੂੰ ਮੰਨਿਆ ਜਾਂਦਾ ਹੈ ਜੋ ਔਰਤਾਂ ਲਈ ਵੋਟਾਂ ਦਾ ਹੱਕ ਮੰਗ ਰਹੇ ਸਨ।
ਬਲੇਸਲੇ ਦਾ ਕਹਿਣਾ ਹੈ, "ਇਹ ਬਹੁਤ ਹੀ ਨਾਜ਼ੁਕ ਹੈ। ਇਸ ਵਿੱਚ ਗੁੰਝਲਦਾਰ ਪਰਤਾਂ ਦੀ ਸਰੰਚਨਾ ਹੈ, ਜਿਸ ਦਾ ਅਰਥ ਹੈ ਕਿ ਸੋਨੇ ਦੀਆਂ ਪਰਤਾਂ ਅਕਸਰ ਉਖੜ ਜਾਂਦੀਆਂ ਹਨ।"
"ਇਸ ਲਈ ਮੇਰਾ ਬਹੁਤ ਸਾਰਾ ਕੰਮ ਉਨ੍ਹਾਂ ਪਰਤਾਂ ਨੂੰ ਠੀਕ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਹ ਤਾਜਪੋਸ਼ੀ ਤੋਂ ਪਹਿਲਾਂ ਤਿਆਰ ਹੋ ਜਾਏ।"
ਸਾਂਭ ਸੰਭਾਲ ਵਾਲੇ ਇਸ ਕੁਰਸੀ 'ਤੇ ਪਿਛਲੇ 4 ਮਹੀਨਿਆਂ ਤੋਂ ਕੰਮ ਕਰ ਰਹੇ ਹਨ।

ਤਸਵੀਰ ਸਰੋਤ, DUNCAN STONE
ਬਲੇਸਲੇ ਦਾ ਕਹਿਣਾ ਹੈ, "ਜੇਕਰ ਨਮੀ ਵਿੱਚ ਥੋੜ੍ਹਾ ਜਿਹਾ ਵੀ ਬਦਲਾਅ ਹੁੰਦਾ ਹੈ ਤਾਂ ਲੱਕੜ ਹਿਲਦੀ ਹੈ ਅਤੇ ਇਹ ਗੁੰਝਲਦਾਰ ਪਰਤਾਂ ਦੀ ਸਰੰਚਨਾ ਹਿਲਦੀ ਹੈ, ਜਿਸ ਨਾਲ ਨਵੇਂ ਹਿੱਸੇ ਤੋਂ ਇਹ ਉਖੜ ਜਾਂਦੇ ਹਨ।"
"ਮੈਂ ਇਸ ਮਹੀਨੇ ਇਸ ਨੂੰ ਮਜ਼ਬੂਤ ਕਰ ਸਕਦੀ ਹਾਂ ਪਰ ਫਿਰ ਦੋ ਮਹੀਨਿਆਂ ਬਾਅਦ ਇਸ ਨੂੰ ਮਜ਼ਬੂਤ ਕਰਨ ਦੀ ਲੋੜ ਪੈ ਸਕਦੀ ਹੈ।"
ਪਰ ਉਨ੍ਹਾਂ ਨੂੰ ਮੱਧਯੁਗੀ ਕਾਰੀਗਰੀ ਦੀ ਅਜਿਹੀ "ਸ਼ਾਨਦਾਰ ਉਦਾਹਰਨ" 'ਤੇ ਕੰਮ ਕਰਨ 'ਤੇ ਬਹੁਤ ਮਾਣ ਹੈ, ਜਿਸ ਵਿੱਚ ਕੁਰਸੀ ਦੇ ਪਿਛਲੇ ਪਾਸੇ ਪਾਵਿਆਂ 'ਤੇ ਪਹਿਲਾਂ ਤੋਂ ਅਣਜਾਣ ਡਿਜ਼ਾਈਨ ਲੱਭਣਾ ਵੀ ਸ਼ਾਮਲ ਹੈ।
ਇਸਦੇ ਮੂਲ ਮੱਧਕਾਲੀ ਰੂਪ ਵਿੱਚ, ਕੁਰਸੀ ਸੋਨੇ ਦੇ ਪੱਤਿਆਂ ਦੀ ਸੁਨਹਿਰੀ ਅਤੇ ਰੰਗੀਨ ਪਰਤ ਨਾਲ ਢੱਕੀ ਹੋਈ ਸੀ, ਜਿਸ ਵਿੱਚ ਪੰਛੀਆਂ, ਪੱਤਿਆਂ, ਜਾਨਵਰਾਂ, ਸੰਤਾਂ ਅਤੇ ਇੱਕ ਰਾਜੇ ਦੇ ਨਮੂਨੇ ਸਨ।
ਕੁਰਸੀ ਨੂੰ ਸਕੋਨ ਦੇ ਪੱਥਰ ਨੂੰ ਘੇਰਨ ਲਈ ਤਿਆਰ ਕੀਤਾ ਗਿਆ ਸੀ, ਜੋ ਕਿ ਸਕਾਟਲੈਂਡ ਤੋਂ ਐਡਵਰਡ ਪਹਿਲੇ ਵੱਲੋਂ ਜ਼ਬਤ ਕਰ ਲਿਆ ਗਿਆ ਸੀ ਅਤੇ ਪੱਥਰ ਇਸ ਵੇਲੇ ਐਡਿਨਬਰਾ ਵਿੱਚ ਹੈ। ਆਸ ਕੀਤੀ ਜਾ ਰਹੀ ਹੈ ਕਿ ਤਾਜਪੋਸ਼ੀ ਲਈ ਉਸ ਨੂੰ ਵੈਸਟਮਿੰਸਟਰ ਐਬੀ ਵਿੱਚ ਵਾਪਸ ਲਿਆਂਦਾ ਜਾ ਸਕਦਾ ਹੈ।

ਤਸਵੀਰ ਸਰੋਤ, UNIVERSAL HISTORY ARCHIVE
'ਛੋਟਾ ਪ੍ਰੋਗਰਾਮ'
ਕਿੰਗਜ਼ ਕਾਲਜ ਲੰਡਨ ਤੋਂ ਡਾਕਟਰ ਜਾਰਜ ਗ੍ਰੌਸ ਤਾਜਪੋਸ਼ੀ ਦੇ ਇਤਿਹਾਸ ਵਿੱਚ ਇੱਕ ਖੋਜ ਪ੍ਰੋਜੈਕਟ ਦਾ ਹਿੱਸਾ ਹੈ।
ਹਾਲੀਆ ਤਾਜਪੋਸ਼ੀ ਵਿੱਚ ਉੱਚ-ਪਿੱਠ ਵਾਲੀ ਕੁਰਸੀ ਤੋਂ ਪਰਦਾ ਹਟਾ ਦਿੱਤਾ ਗਿਆ ਹੈ, ਪਰ ਉਹ ਕਹਿੰਦੇ ਹਨ ਕਿ ਟਿਊਡਰ (ਬ੍ਰਿਟੇਨ ਦੇ ਸ਼ਾਹੀ ਘਰਾਨੇ ਨਾਲ ਸਬੰਧਤ) ਅਤੇ ਸਟੂਅਰਟ (ਸ਼ਾਹੀ ਘਰਾਨੇ ਨਾਲ ਸਬੰਧਤ) ਯੁੱਗ ਵਿੱਚ ਇਸ ਨੂੰ ਸੋਨੇ ਦੇ ਇੱਕ ਸ਼ਾਨਦਾਰ ਕੱਪੜੇ ਨਾਲ ਢੱਕਿਆ ਗਿਆ ਹੋ ਸਕਦਾ ਹੈ।
ਤਾਜਪੋਸ਼ੀ ਵਿੱਚ ਇੱਕ ਮਜ਼ਬੂਤ ਧਾਰਮਿਕ ਤੱਤ ਹੈ। ਡਾ. ਗ੍ਰੌਸ ਕਹਿੰਦੇ ਹਨ ਕਿ ਇਸ ਪਵਿੱਤਰ ਕੁਰਸੀ ਦਾ ਆਪਣੇ ਪਵਿੱਤਰ ਰੁਤਬਾ ਹੈ - ਇੱਕ "ਡੂੰਘੇ ਰਹੱਸਵਾਦੀ ਅਵਸ਼ੇਸ਼" ਦੇ ਰੂਪ ਵਿੱਚ - ਜਿਸ ਨੂੰ "ਰੂਹਾਨੀ ਰੇਡੀਓਐਕਟੀਵਿਟੀ ਦੇ ਇੱਕ ਰੂਪ" ਵਜੋਂ ਵਿੱਚ ਦੇਖਿਆ ਗਿਆ ਸੀ।
ਤਾਜਪੋਸ਼ੀ ਪ੍ਰੋਗਰਾਮ ਬਾਰੇ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਐਂਡਰਿਊ ਲੋਇਡ ਵੈਬਰ ਵੱਲੋਂ ਇੱਕ ਬਣਾਇਆ ਗਿਆ ਹੈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਣਾਏ ਗਏ ਸੰਗੀਤ ਦੇ 12 ਨਵੇਂ ਟੁਕੜੇ ਸ਼ਾਮਿਲ ਹਨ।
ਇਹ ਪ੍ਰੋਗਰਾਮ, 1953 ਦੇ ਮੁਕਾਬਲੇ ਇੱਕ ਛੋਟਾ ਅਤੇ ਵਧੇਰੇ ਸੰਮਲਿਤ ਸੇਵਾ ਹੋਣ ਦੀ ਉਮੀਦ ਹੈ, ਲਗਭਗ 2,000 ਮਹਿਮਾਨ ਨਾਲ ਸ਼ਾਮਿਲ ਹੋਣਗੇ, ਜਦ ਕਿ ਮਰਹੂਮ ਮਹਾਰਾਣੀ ਦੀ ਤਾਜਪੋਸ਼ੀ ਵੇਲੇ 8,000 ਮਹਿਮਾਨ ਆਏ ਸਨ।
ਰਾਣੀ ਕਮਿਲਾ ਨੂੰ ਰਾਜੇ ਦੇ ਨਾਲ ਤਾਜ ਪਹਿਨਾਇਆ ਜਾਵੇਗਾ, ਪਰ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੇ ਤਾਜ ਵਿੱਚ ਵਿਵਾਦਪੂਰਨ ਕੋਹ-ਏ-ਨੂਰ ਹੀਰਾ ਸ਼ਾਮਲ ਨਹੀਂ ਹੋਵੇਗਾ।












