You’re viewing a text-only version of this website that uses less data. View the main version of the website including all images and videos.
ਜਪਾਨ ਨੇ ਭੂਚਾਲ ਦੇ ਨਾਲ ਜੀਣਾ ਕਿਵੇਂ ਸਿੱਖਿਆ, ਜਾਣੋ ਸਫ਼ਲਤਾ ਦੀ ਕਹਾਣੀ
- ਲੇਖਕ, ਰੂਪਰਟ ਵਿੰਗਫੀਲਡ-ਹੇਸ
- ਰੋਲ, ਬੀਬੀਸੀ ਨਿਊਜ਼, ਤਾਈਪੇ
ਕਰੀਬ 13 ਸਾਲ ਪਹਿਲਾਂ ਜਪਾਨ 'ਚ ਭਿਆਨਕ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਆਈ ਸੀ ਅਤੇ ਇਸ ਕਾਰਨ ਫੁਕੂਸ਼ੀਮਾ 'ਚ ਪ੍ਰਮਾਣੂ ਪਲਾਂਟ 'ਚ ਹਾਦਸਾ ਹੋਇਆ ਸੀ।
ਇਹ ਘਟਨਾ ਅਜੇ ਵੀ ਜਪਾਨ ਦੇ ਲੋਕਾਂ ਦੇ ਮਨਾਂ 'ਚ ਤਾਜ਼ਾ ਹੈ ਅਤੇ ਸੋਮਵਾਰ ਨੂੰ ਇਸ ਨੇ ਲੋਕਾਂ ਨੂੰ ਇੱਕ ਵਾਰ ਫਿਰ ਉਸ ਘਟਨਾ ਦੀ ਯਾਦ ਦਿਵਾ ਦਿੱਤੀ।
ਸੋਮਵਾਰ ਨੂੰ, ਇਸ਼ਕਾਵਾ ਇੱਕ ਤੇਜ਼ ਭੂਚਾਲ ਨਾਲ ਹਿੱਲ ਗਿਆ ਸੀ ਅਤੇ ਜਪਾਨ ਵਿੱਚ ਸੁਨਾਮੀ ਦੇ ਅਲਾਰਮ ਵੱਜਣ ਲੱਗੇ।
ਹਾਲਾਂਕਿ, ਇਹ ਅਲਾਰਮ ਚੇਤਾਵਨੀਆਂ ਜਪਾਨ ਵਿੱਚ ਬਿਲਕੁਲ ਵੀ ਅਸਧਾਰਨ ਨਹੀਂ ਹਨ।
ਜਦੋਂ ਮੈਂ ਪਹਿਲੀ ਵਾਰ ਉੱਥੇ ਗਿਆ ਤਾਂ ਮੈਂ ਆਪਣੇ ਬਿਸਤਰੇ ਤੋਂ ਉੱਠਿਆ ਤਾਂ ਸਾਡੀ ਇਮਾਰਤ ਕੰਬ ਰਹੀ ਸੀ।
ਪਰ ਪਿਛਲੇ ਕੁਝ ਮਹੀਨਿਆਂ ਵਿੱਚ, ਮੈਂ ਭੂਚਾਲ ਦੇ ਝਟਕਿਆਂ ਦੇ ਵਿਚਕਾਰ ਸੌਂਦਾ ਸੀ। ਜਪਾਨ ਵਿੱਚ, ਤੁਰੰਤ ਆਉਣ ਵਾਲੇ ਭੂਚਾਲ ਦੇ ਝਟਕੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਅਤੇ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ।
ਹਾਲਾਂਕਿ, ਤੁਹਾਡੇ ਦਿਮਾਗ਼ ਵਿੱਚ ਹਮੇਸ਼ਾ ਇੱਕ ਖ਼ਿਆਲ ਰਹਿੰਦਾ ਹੈ ਕਿ ਅਗਲਾ ਵੱਡਾ ਭੂਚਾਲ ਕਦੋਂ ਆਵੇਗਾ ਜਾਂ ਕੀ ਤੁਹਾਡੀ ਇਮਾਰਤ ਇਸ ਲਈ ਸੁਰੱਖਿਅਤ ਹੈ?
ਜਦੋਂ 2011 ਵਿੱਚ ਦੋ ਮਿੰਟ ਲਈ ਹਿੱਲੀ ਧਰਤੀ
ਪਰ ਇਸ ਪੀੜ੍ਹੀ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਭਿਆਨਕ ਭੂਚਾਲ ਦਾ ਸਾਹਮਣਾ 11 ਮਾਰਚ 2011 ਨੂੰ ਕੀਤਾ।
ਪੂਰੇ ਦੋ ਮਿੰਟ ਤੱਕ ਜ਼ਮੀਨ ਇਸ ਤਰ੍ਹਾਂ ਹਿੱਲੀ ਕਿ ਪੂਰੀ ਜ਼ਿੰਦਗੀ ਵਿੱਚ ਕਿਸੇ ਨੇ ਅਜਿਹਾ ਅਨੁਭਵ ਨਹੀਂ ਕੀਤਾ ਸੀ। ਭੂਚਾਲ ਦੇ ਇਹ ਝਟਕੇ ਲਗਾਤਾਰ ਆਉਂਦੇ ਰਹੇ।
ਜਿਹੜਾ ਵੀ ਕੋਈ ਇਸ ਘਟਨਾ ਤੋਂ ਗੁਜ਼ਰਿਆ ਹੋਵੇਗਾ ਉਹ ਬਿਲਕੁਲ ਸਟੀਕ ਦੱਸ ਸਕਦਾ ਹੈ ਕਿ ਉਹ ਉਸ ਸਮੇਂ ਕਿੱਥੇ ਸੀ ਅਤੇ ਕਿੰਨਾ ਡਰਿਆ ਹੋਇਆ ਮਹਿਸੁਸ ਕਰ ਰਿਹਾ ਸੀ। ਪਰ ਹੋਰ ਵੀ ਮਾੜੇ ਹਾਲਾਤ ਤਾਂ ਅੱਗੇ ਆਉਣ ਵਾਲੇ ਸਨ।
40 ਮਿੰਟਾਂ ਦੇ ਅੰਦਰ ਹੀ ਪਹਿਲੀ ਸੁਨਾਮੀ ਤੱਟ ਵੱਲ ਆਈ, ਜਪਾਨ ਦੇ ਉੱਤਰ-ਪੂਰਬੀ ਤੱਟ 'ਤੇ ਸੈਂਕੜੇ ਕਿਲੋਮੀਟਰ ਅੰਦਰ ਤੱਕ ਸਮੁੰਦਰ ਦੇ ਆਲੇ ਦੁਆਲੇ ਦੀਆਂ ਕੰਧਾਂ ਨੂੰ ਤੋੜਦੇ ਹੋਏ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਹ ਲਹਿਰਾਂ ਪਹੁੰਚ ਗਈਆਂ।
ਸੇਂਦਾਈ ਸ਼ਹਿਰ ਉੱਤੇ ਘੁੰਮ ਰਹੇ ਇੱਕ ਹੈਲੀਕਾਪਟਰ ਨੇ ਇਸ ਘਟਨਾ ਨੂੰ ਲਾਈਵ ਟੀਵੀ ਉੱਤੇ ਦਿਖਾਇਆ।
ਇਸ ਦੌਰਾਨ ਇੱਕ ਹੋਰ ਵੀ ਖ਼ੌਫਨਾਕ ਖ਼ਬਰ ਸਾਹਮਣੇ ਆਈ ਕਿ ਪਰਮਾਣੂ ਪਾਵਰ ਪਲਾਂਟ ਵੀ ਖ਼ਤਰੇ ਵਿੱਚ ਹੈ।
ਫੁਕੂਸ਼ੀਮਾ ਵਿੱਚ ਤਬਾਹੀ ਹੋਈ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਦਾ ਹੁਕਮ ਦੇ ਦਿੱਤਾ ਗਿਆ। ਇੱਥੋਂ ਤੱਕ ਕਿ ਟੋਕੀਓ ਨੂੰ ਵੀ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ ਸੀ।
ਇਸ ਦਿਨ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਡੂੰਘੇ ਸਦਮੇ ਵਿੱਚ ਛੱਡ ਦਿੱਤਾ।
ਕੁਝ ਮਹੀਨਿਆਂ ਬਾਅਦ, ਮੈਂ ਟੋਕੀਓ ਵਿੱਚ ਰਹਿਣ ਲਈ ਇੱਕ ਨਵੀਂ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ।
ਮੇਰੀ ਪਤਨੀ ਨੇ ਭੂ-ਵਿਗਿਆਨਕ ਨਕਸ਼ਿਆਂ ਦਾ ਅਧਿਐਨ ਇਹ ਸਮਝਣ ਲਈ ਕੀਤਾ ਕਿ ਚੱਟਾਨ ਮਿੱਟੀ ਦੇ ਹੇਠਾਂ ਕਿੱਥੇ ਹੈ ਅਤੇ ਕਿਹੜੀ ਤਾਂ ਕਿਸੇ ਵੀ ਨਦੀ ਦੇ ਉੱਤਲੀ ਥਾਂ 'ਤੇ ਮੌਜੂਦ ਹੈ।
ਉਹ ਇਮਾਰਤ ਦੀ ਉਮਰ ਬਾਰੇ ਬਹੁਤ ਡੂੰਘਾਈ ਨਾਲ ਜਾਂਚ ਕਰ ਰਹੀ ਸੀ।
ਉਹ ਇਸ ਗੱਲ ਨੂੰ ਲੈ ਕੇ ਸਪੱਸ਼ਟ ਸੀ ਕਿ 'ਅਸੀਂ 1981 ਤੋਂ ਪਹਿਲਾਂ ਬਣੀ ਇਮਾਰਤ ਨਹੀਂ ਦੇਖਾਂਗੇ।'
ਜਪਾਨ ਦੀ ਸਫ਼ਲਤਾ ਦੀ ਕਹਾਣੀ
ਜਦੋਂ ਅਸੀਂ ਆਪਣੀ 1985 ਦੀ ਇਮਾਰਤ ਵਿੱਚ ਰਹਿਣ ਲਈ ਆਏ ਤਾਂ, ਅਸੀਂ ਭੋਜਨ ਅਤੇ ਪਾਣੀ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ। ਬਾਥਰੂਮ ਸਿੰਕ ਦੇ ਹੇਠਾਂ ਪਹਿਲਾਂ ਤੋਂ ਪੈਕਡ ਡਿੱਬਿਆ ਨੂੰ ਰੱਖ ਲਿਆ ਸੀ, ਜਿਨ੍ਹਾਂ ਦੀ ਵਰਤੋਂ ਦੀ ਸਮਾਂ ਸੀਮਾ 5 ਸਾਲ ਤੱਕ ਸੀ।
2011 ਦਾ ਡਰ ਸੋਮਵਾਰ ਨੂੰ ਵਾਪਸ ਪਰਤਿਆ, ਪਰ ਤਾਜ਼ਾ ਭੂਚਾਲ ਵੀ ਜਪਾਨ ਦੀ ਸਫ਼ਲਤਾ ਦੀ ਕਮਾਲ ਦੀ ਕਹਾਣੀ ਦੱਸਦਾ ਹੈ।
ਜਪਾਨ ਦੇਸ਼ ਵਿੱਚ ਆਉਣ ਵਾਲੇ ਭੂਚਾਲ ਨੂੰ ਤੀਬਰਤਾ ਦੇ ਆਧਾਰ 'ਤੇ ਨਹੀਂ ਮਾਪਦਾ ਹੈ।
ਇਹ ਦੇਖਦਾ ਹੈ ਕਿ ਉਸਦੀ ਜ਼ਮੀਨ ਕਿੰਨੀ ਵਾਰ ਹਿੱਲੀ ਹੈ। ਇਸ ਦੌਰਾਨ ਭੂਚਾਲ ਦੀ ਤੀਬਰਤਾ 1 ਤੋਂ 7 ਤੱਕ ਮਾਪੀ ਜਾਂਦੀ ਹੈ ਅਤੇ ਸੋਮਵਾਰ ਨੂੰ, ਇਸ਼ੀਕਾਵਾ ਵਿੱਚ ਭੂਚਾਲ ਸਭ ਤੋਂ ਵੱਧ, 7 ਵਾਰ ਆਇਆ ਸੀ।
ਉਥੇ ਸੜਕਾਂ ਅਤੇ ਪੁਲ ਵੱਡੇ ਪੱਧਰ 'ਤੇ ਤਬਾਹ ਹੋ ਗਏ ਹਨ। ਇਸ ਕਾਰਨ ਵੱਡੇ ਪੱਧਰ 'ਤੇ ਢਿੱਗਾਂ ਡਿੱਗੀਆਂ ਪਰ ਜ਼ਿਆਦਾਤਰ ਇਮਾਰਤਾਂ ਅਜੇ ਵੀ ਖੜ੍ਹੀਆਂ ਹਨ।
ਇੱਕ ਤਰ੍ਹਾਂ ਨਾਲ ਟੋਯਾਮਾ ਅਤੇ ਕਾਨਾਜ਼ਾਵਾ ਵਰਗੇ ਵੱਡੇ ਸ਼ਹਿਰਾਂ ਵਿੱਚ ਆਮ ਜੀਵਨ ਲੀਹ 'ਤੇ ਆ ਗਿਆ ਹੈ।
ਕਾਸ਼ੀਵਾਜ਼ਾਕੀ ਦੇ ਨੇੜੇ ਮੈਂ ਇੱਕ ਦੋਸਤ ਨਾਲ ਗੱਲ ਕੀਤੀ ਸੀ ਤਾਂ ਉਹ ਕਹਿ ਰਿਹਾ ਸੀ, "ਇਹ ਅਸਲ ਵਿੱਚ ਬਹੁਤ ਡਰਾਉਣਾ ਸੀ।"
ਉਨ੍ਹਾਂ ਕਿਹਾ, "ਮੈਂ ਹੁਣ ਤੱਕ ਇਸ ਤੋਂ ਵੱਡਾ ਭੂਚਾਲ ਕਦੇ ਮਹਿਸੂਸ ਨਹੀਂ ਕੀਤਾ। ਸਾਨੂੰ ਬੀਚ ਛੱਡ ਕੇ ਦੂਰ ਜਾਣਾ ਪਿਆ ਪਰ ਹੁਣ ਅਸੀਂ ਘਰ ਵਾਪਸ ਆ ਗਏ ਹਾਂ ਅਤੇ ਸਭ ਕੁਝ ਠੀਕ ਹੈ।”
ਇੰਜੀਨੀਅਰਿੰਗ ਦੀ ਸਫ਼ਲਤਾ
ਇਹ ਇੰਜੀਨੀਅਰਿੰਗ ਦੀ ਸਫ਼ਲਤਾ ਦੀ ਇੱਕ ਅਸਾਧਾਰਨ ਕਹਾਣੀ ਹੈ ਜੋ ਇੱਕ ਸਦੀ ਪਹਿਲਾਂ 1923 ਵਿੱਚ ਸ਼ੁਰੂ ਹੋਈ ਸੀ ਜਦੋਂ ਟੋਕੀਓ ਵਿੱਚ ਕਾਫੀ ਭਿਆਨਕ ਭੂਚਾਲ ਆਇਆ ਸੀ।
ਗ੍ਰੇਟ ਕਾਂਤੋ ਭੂਚਾਲ ਵਜੋਂ ਜਾਣੀ ਜਾਂਦੀ ਇਸ ਘਟਨਾ ਦੌਰਾਨ ਸ਼ਹਿਰ ਦਾ ਵੱਡਾ ਹਿੱਸਾ ਪੱਧਰਾ ਹੋ ਗਿਆ ਸੀ। ਯੂਰਪੀ ਸ਼ੈਲੀ 'ਤੇ ਬਣੀਆਂ ਆਧੁਨਿਕ ਇੱਟਾਂ ਦੀਆਂ ਇਮਾਰਤਾਂ ਢਹਿ ਗਈਆਂ ਸਨ।
ਇਸ ਹਾਦਸੇ ਤੋਂ ਬਾਅਦ ਜਪਾਨ ਦਾ ਪਹਿਲਾ ਭੂਚਾਲ ਰੋਧਕ ਬਿਲਡਿੰਗ ਕੋਡ ਬਣਾਇਆ ਗਿਆ।
ਉਦੋਂ ਤੋਂ, ਸਟੀਲ ਅਤੇ ਕੰਕਰੀਟ ਦੀ ਵਰਤੋਂ ਸਾਰੀਆਂ ਨਵੀਆਂ ਇਮਾਰਤਾਂ ਲਈ ਲਾਜ਼ਮੀ ਹੋ ਗਈ ਸੀ। ਇਸ ਦੇ ਨਾਲ ਹੀ ਲੱਕੜ ਦੀਆਂ ਇਮਾਰਤਾਂ ਲਈ ਮੋਟੇ-ਮੋਟੇ ਬੀਮਾਂ ਦਾ ਹੋਣਾ ਬਹੁਤ ਜ਼ਰੂਰੀ ਸੀ।
ਹਰ ਵਾਰ ਜਦੋਂ ਦੇਸ਼ ਨੂੰ ਵੱਡੇ ਭੂਚਾਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਦੋਂ ਨੁਕਸਾਨ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਂਦੀ।
ਸਭ ਤੋਂ ਵੱਡਾ ਬਦਲਾਅ ਸਾਲ 1981 ਵਿੱਚ ਦੇਖਿਆ ਗਿਆ ਸੀ ਜਦੋਂ ਸਾਰੀਆਂ ਨਵੀਆਂ ਇਮਾਰਤਾਂ ਲਈ ਨਵੇਂ ਭੂਚਾਲ ਉਪਾਅ ਲਾਗੂ ਕੀਤੇ ਗਏ ਸਨ।
1995 ਦੇ ਕੋਬੇ ਭੂਚਾਲ ਤੋਂ ਬਾਅਦ ਹੋਰ ਉਪਾਵਾਂ ਨੂੰ ਇਸ ਵਿੱਚ ਜੋੜਿਆ ਗਿਆ।
2011 ਵਿੱਚ 9.0 ਤੀਬਰਤਾ ਦੇ ਭਿਆਨਕ ਭੂਚਾਲ ਤੋਂ ਬਾਅਦ ਇਨ੍ਹਾਂ ਉਪਾਵਾਂ ਦੀ ਸਫ਼ਲਤਾ ਦੇਖਣ ਨੂੰ ਮਿਲੀ। ਇਹ ਉਸੇ ਤਰ੍ਹਾਂ ਦਾ ਭੂਚਾਲ ਸੀ ਜੋ 1923 ਵਿੱਚ ਜਪਾਨ ਦੀ ਰਾਜਧਾਨੀ ਨੇ ਮਹਿਸੂਸ ਕੀਤਾ ਸੀ।
ਸਾਲ 1923 ਵਿੱਚ, ਸ਼ਹਿਰ ਪੱਧਰਾ ਹੋ ਗਿਆ ਸੀ ਅਤੇ 1.4 ਲੱਖ ਲੋਕ ਮਾਰੇ ਗਏ ਸਨ। ਜਦੋਂ ਕਿ ਸਾਲ 2011 ਵਿੱਚ ਵੱਡੀਆਂ ਸਕਾਈਸਕ੍ਰੈਪਰਾਂ ਰੁੜ੍ਹ ਗਈਆਂ ਸਨ, ਖਿੜਕੀਆਂ ਟੁੱਟ ਗਈਆਂ ਸਨ ਪਰ ਕੋਈ ਵੱਡੀ ਇਮਾਰਤ ਨਹੀਂ ਡਿੱਗੀ ਸੀ।
ਇਹ ਸਿਰਫ਼ ਸੁਨਾਮੀ ਸੀ ਜਿਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ, ਜਦੋਂ ਕਿ ਜ਼ਮੀਨ 'ਤੇ ਭੂਚਾਲ ਕਾਰਨ ਕੋਈ ਵੀ ਵਿਅਕਤੀ ਨਹੀਂ ਮਰਿਆ ਸੀ।
ਇਹ ਸੋਚਣਾ ਬਹੁਤ ਔਖਾ ਹੈ ਕਿ ਧਰਤੀ 'ਤੇ ਕੋਈ ਹੋਰ ਦੇਸ਼ ਹੈ ਜਿਸ ਨੇ ਅਜਿਹੇ ਭੂਚਾਲ ਦੇ ਝਟਕਿਆਂ ਨੂੰ ਝੱਲਣ ਤੋਂ ਬਾਅਦ ਵੀ ਕੋਈ ਨੁਕਸਾਨ ਨਾ ਝੱਲਿਆ ਹੋਵੇ।