ਜਪਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ

ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਜਪਾਨ ਏਅਰਲਾਈਨਜ਼ ਦੇ ਜਹਾਜ਼ 'ਚ ਭਿਆਨਕ ਅੱਗ ਲੱਗ ਗਈ ਹੈ।

ਅੱਗ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਸ਼ਾਮ ਨੂੰ ਰਨਵੇਅ 'ਤੇ ਲੱਗੀ।

ਏਅਰਪੋਰਟ ਦੇ ਬੁਲਾਰੇ ਮੁਤਾਬਕ, ਫਿਲਹਾਲ ਸਾਰੇ ਰਨਵੇਅ ਬੰਦ ਕਰ ਦਿੱਤੇ ਗਏ ਹਨ।

ਜਪਾਨ ਦੇ ਸਰਕਾਰੀ ਬ੍ਰੌਡਕਾਸਟਰ ਐੱਨਐੱਚਕੇ ਵੱਲੋਂ ਜਾਰੀ ਫੁਟੇਜ ਵਿੱਚ ਜਹਾਜ਼ ਦੀਆਂ ਖਿੜਕੀਆਂ ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆ ਰਿਹਾ ਹੈ।

ਕੁਝ ਮੀਡੀਆ ਰਿਪੋਰਟਾਂ ਵਿਚ ਜਹਾਜ਼ ਦੇ ਟਕਰਾਉਣ ਦੀ ਫੁਟੇਜ ਦਿਖਾਈ ਗਈ ਹੈ। ਇਸ 'ਚ ਰਨਵੇਅ 'ਤੇ ਖੜ੍ਹੇ ਇੱਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਦੂਜਾ ਜਹਾਜ਼ ਅੱਗੇ ਵਧਦਾ ਹੈ।

ਇਸ ਦੌਰਾਨ ਦੋਹਾਂ ਜਹਾਜ਼ਾਂ 'ਚ ਭਿਆਨਕ ਅੱਗ ਲੱਗ ਜਾਂਦੀ ਹੈ। ਜਿਨ੍ਹਾਂ ਵਿੱਚੋਂ ਇੱਕ ਜਹਾਜ਼ ਜਪਾਨੀ ਕੋਸਟ ਗਾਰਡ ਦਾ ਦੱਸਿਆ ਜਾ ਰਿਹਾ ਹੈ।

ਜਹਾਜ਼ ਵਿੱਚ ਕ੍ਰੂ ਮੈਂਬਰਾਂ ਸਣੇ 379 ਯਾਤਰੀ ਸਨ। ਸਾਰੇ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਰਾਹਤ ਦੀ ਗੱਲ ਹੈ ਕਿ ਜਪਾਨ ਏਅਰਲਾਈਨਜ਼ ਦੇ ਜਹਾਜ਼ 'ਚ ਸਵਾਰ ਸਾਰੇ 379 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਜਪਾਨ ਦੇ ਕੋਸਟ ਗਾਰਡ ਦਾ ਕਹਿਣਾ ਹੈ ਕਿ ਉਸ ਦਾ ਜਹਾਜ਼, ਜੋ ਯਾਤਰੀ ਜਹਾਜ਼ ਨਾਲ ਟਕਰਾਇਆ ਹੈ, ਉਹ ਭੂਚਾਲ ਪ੍ਰਭਾਵਿਤ ਨੋਟੋ ਪ੍ਰਾਇਦੀਪ ਨੂੰ ਸਹਾਇਤਾ ਪਹੁੰਚਾਉਣ ਲਈ ਨਿਗਾਟਾ ਹਵਾਈ ਅੱਡੇ ਵੱਲ ਜਾ ਰਿਹਾ ਸੀ।

ਰਾਇਟਰਜ਼ ਨੇ ਕੋਸਟ ਗਾਰਡ ਦੇ ਹਵਾਲੇ ਨਾਲ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਜਾਪਾਨ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਹੋਕਾਈਡੋ ਦੇ ਸ਼ਿਨ-ਚਿਤੋਸੇ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ।

ਪੰਜਾਂ ਦੀ ਮੌਤ

ਜਾਪਾਨੀ ਬ੍ਰੌਡਕਾਸਟਰ ਟੀਬੀਐੱਸ ਅਤੇ ਐੱਨਐੱਚਕੇ ਦਾ ਕਹਿਣਾ ਹੈ ਕਿ ਕੋਸਟ ਗਾਰਡ ਜਹਾਜ਼ ਵਿੱਚ ਸਵਾਰ ਇੱਕ ਵਿਅਕਤੀ ਹਾਦਸੇ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ, ਪਰ ਬਾਕੀ ਪੰਜਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਸਟੇਟ ਬ੍ਰੋਡਕਾਸਟਰ ਐੱਨਐੱਚਕੇ ਮੁਤਾਬਕ ਲਾਪਤਾ ਪੰਜਾਂ ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਦਾ ਕੈਪਟਨ ਬਚ ਨਿਕਲਿਆ ਸੀ ਪਰ ਉਹ ਵੀ ਬੁਰੀ ਤਰ੍ਹਾਂ ਜਖ਼ਮੀ ਹੈ।

ਜਪਾਨ ਏਅਰਲਾਈਨਜ਼ ਦੀ ਫਲਾਈਟ 516 ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਸਪੋਰੋ ਸ਼ਹਿਰ ਦੇ ਨੇੜੇ ਨਿਊ ਚਿਟੋਸੇ ਹਵਾਈ ਅੱਡੇ ਤੋਂ ਉਡਾਣ ਭਰੀ।

ਫਲਾਇਟਰਡਾਰ ਵੈੱਬਸਾਈਟ ਮੁਤਾਬਕ ਇਹ ਜਹਾਜ਼ ਸਥਾਨਕ ਸਮੇਂ ਮੁਤਾਬਕ ਸ਼ਾਮ 5.47 'ਤੇ ਹਨੇਡਾ ਹਵਾਈ ਅੱਡੇ 'ਤੇ ਲੈਂਡ ਹੋਇਆ।

ਇਸ ਹਾਦਸੇ ਤੋਂ ਬਾਅਦ ਹਨੇਡਾ ਏਅਰਪੋਰਟ ਨੇ ਫਿਲਹਾਲ ਸਾਰੇ ਰਨਵੇ ਬੰਦ ਕਰ ਦਿੱਤੇ ਹਨ।

ਸੋਮਵਾਰ ਆਇਆ ਸੀ ਭੂਚਾਲ

ਲੰਘੇ ਸੋਮਵਾਰ ਯਾਨਿ ਇੱਕ ਜਨਵਰੀ ਨੂੰ ਜਪਾਨ ਵਿੱਚ 7.6 ਤੀਬਰਤਾ ਵਾਲਾ ਭੂਚਾਲ ਆਇਆ ਸੀ। ਜਿਸ ਵਿੱਚ 30 ਲੋਕਾਂ ਦੀ ਮੌਤ ਹੋ ਗਈ ਹੈ।

ਭੂਚਾਲ ਤੋਂ ਬਾਅਦ ਕਰੀਬ 33 ਹਜ਼ਾਰ ਲੋਕਾਂ ਨੂੰ ਠੰਢ 'ਚ ਬਿਨਾਂ ਬਿਜਲੀ ਦੇ ਰਾਤ ਕੱਟਣੀ ਪਈ। ਹੁਣ ਵੀ ਕਈ ਸ਼ਹਿਰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।

ਭੂਚਾਲ ਤੋਂ ਬਾਅਦ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ 1000 ਤੋਂ ਵੱਧ ਬਚਾਅ ਕਰਮਚਾਰੀ ਇਸ ਕੰਮ 'ਚ ਲੱਗੇ ਹੋਏ ਹਨ।

ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ, "ਤਬਾਹੀ ਤੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਸਮੇਂ ਨਾਲ ਦੌੜ ਲਗਾਉਣੀ ਪਵੇਗੀ।"

ਉਨ੍ਹਾਂ ਨੇ ਕਿਹਾ, "ਕਾਫੀ ਨੁਕਸਾਨ ਦੀ ਪੁਸ਼ਟੀ ਕੀਤੀ ਗਈ ਹੈ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਮਾਰਤਾਂ ਢਹਿ ਗਈਆਂ ਹਨ ਅਤੇ ਕਈ ਥਾਵਾਂ 'ਤੇ ਅੱਗ ਲੱਗ ਗਈ ਹੈ।"

ਫੂਮਿਓ ਕਿਸ਼ਿਦਾ ਨੇ ਕਿਹਾ ਹੈ ਕਿ ਉਹ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਉਨ੍ਹਾਂ ਤੱਕ ਜਲਦੀ ਹੀ ਮਦਦ ਪਹੁੰਚ ਜਾਵੇਗੀ।

ਉਹ ਕਹਿੰਦਾ ਹਨ, “ਸਵੈ-ਰੱਖਿਆ ਬਲਾਂ ਨੂੰ ਭੂਚਾਲ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕਾਂ ਟੁੱਟੀ ਗਈਆਂ ਹਨ।"

"ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਬਚਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਮਾਰਤ ਡਿੱਗਣ ਤੋਂ ਪਹਿਲਾਂ ਉਨ੍ਹਾਂ ਨੂੰ ਬਚਾਇਆ ਜਾ ਸਕੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)