ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀਆਂ ਨੇ ਅਜਿਹਾ ਕੀ ਬਣਾਇਆ ਕਿ ਧੂੰਮਾਂ ਜਪਾਨ ਤੱਕ ਪਈਆਂ

    • ਲੇਖਕ, ਰਵਿੰਦਰ ਸਿੰਘ ਰੋਬਿਨ ਅਤੇ ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀ ਉਦੈਨੂਰ ਸਿੰਘ ਅਤੇ ਤਾਨੀਆ ਸਾਇੰਸ ਪ੍ਰੋਜੈਕਟ ਦੇ ਤਹਿਤ ਜਾਪਾਨ ਜਾ ਕੇ ਆਏ ਹਨ।

ਇਹ ਦੋਵੇਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 58 ਹੋਰ ਵਿਦਿਆਰਥੀਆਂ ਨਾਲ ਜਾਪਾਨ ਦੇ ਟੋਕੀਓ ਵਿੱਚ, ਸਾਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਏ ਸਨ।

ਸਾਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਜਾਪਾਨ ਅਤੇ ਭਾਰਤ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ।

ਇਸ ਤਹਿਤ ਸਾਇੰਸ ਵਿੱਚ ਦਿਲਚਸਪੀ ਰੱਖਣ ਅਤੇ ਨਵੀਆਂ ਖੋਜਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇੱਕ ਹਫ਼ਤੇ ਲਈ ਜਾਪਾਨ ਵਿੱਚ ਜਾਣ ਦਾ ਮੌਕਾ ਮਿਲਦਾ ਹੈ।

ਉਦੈਨੂਰ ਅਤੇ ਤਾਨੀਆ ਨੇ 'ਇਨਸਪਾਇਰ ਐਵਾਰਡਜ਼' ਵਿੱਚ ਕੌਮੀ ਪੱਧਰ 'ਤੇ ਸਨਮਾਨ ਹਾਸਲ ਕੀਤਾ ਸੀ, ਜਿਸ ਕਾਰਨ ਦੋਵਾਂ ਦੀ ਚੋਣ ਹੋਈ।

'ਇਸਪਾਇਰ ਐਵਾਰਡਜ਼' ਤਹਿਤ ਬਲਾਕ, ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ਉੱਤੇ ਸਾਇੰਸ ਮੁਕਾਬਲੇ ਕਰਵਾਏ ਜਾਂਦੇ ਹਨ।

ਉਦੈਨੂਰ ਅਤੇ ਤਾਨੀਆ ਨੇ ਆਪਣੇ-ਆਪਣੇ ਸਾਇੰਸ ਪ੍ਰੋਜੈਕਟਾਂ ਦੇ ਰਾਹੀਂ ਨਵੀਆਂ ਪੈੜਾਂ ਪਾਈਆਂ ਅਤੇ ਆਪਣੇ ਸੁਪਨਿਆਂ ਨੂੰ ਖੰਭ ਦਿੱਤੇ।

ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੁਰੂਵਾਲੀ ਦੇ ਉਦੈਨੂਰ ਸਿੰਘ ਦੀ। ਉਦੈਨੂਰ 12ਵੀਂ ਜਮਾਤ ਦੇ ਵਿਦਿਆਰਥੀ ਹਨ।

'ਜ਼ਿੰਦਗੀ ਵਿੱਚ ਇੱਕ ਗੋਲ ਬਣਾਓ'

ਇਸ ਪਰਿਵਰਤਨਸ਼ੀਲ ਪਹਿਲਕਦਮੀ ਨੇ ਨਾ ਸਿਰਫ਼ ਉਦੈਨੂਰ ਲਈ ਜਾਪਾਨ ਵਿੱਚ ਅਤਿ-ਆਧੁਨਿਕ ਵਿਗਿਆਨਕ ਤਰੱਕੀ ਦੇਖਣ ਦੇ ਰਾਹ ਖੋਲ੍ਹੇ ਬਲਕਿ ਉਸ ਵਿੱਚ ਇਸ ਗੱਲ ਦੀ ਡੂੰਘੀ ਸਮਝ ਵੀ ਪੈਦਾ ਕੀਤੀ ਕਿ ਕਿਵੇਂ ਵਿਅਕਤੀ ਸੰਸਾਰ ਨੂੰ ਹੋਰ ਸੁੰਦਰ ਬਣਾਉਣ ਅਤੇ ਦੂਜਿਆਂ ਦੇ ਜੀਵਨ ਨੂੰ ਵਧੇਰੇ ਆਰਾਮਦਾਇਕ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ।

ਉਦੈਨੂਰ ਨੇ "ਬਹਿਰੇ ਲੋਕਾਂ ਲਈ ਵਰਦਾਨ" ਨਾਮਕ ਇਕ ਪ੍ਰੋਜੈਕਟ 'ਤੇ ਕੰਮ ਕੀਤਾ, ਇੱਕ ਅਜਿਹੀ ਜੈਕੇਟ ਵਿਕਸਤ ਕੀਤੀ ਜੋ ਹਰ ਵਾਰ ਨੇੜੇ ਦੇ ਵਾਹਨ ਦਾ ਹਾਰਨ ਵੱਜਣ 'ਤੇ ਵਾਈਬ੍ਰੇਟ ਕਰਦੀ ਹੈ, ਜਿਸ ਨਾਲ ਸੁਣਨ ਤੋਂ ਅਸਮਰਥ ਲੋਕਾਂ ਨੂੰ ਸੜਕ ਪਾਰ ਕਰਨ ਵਿਚ ਮਦਦ ਮਿਲਦੀ ਹੈ।"

ਆਪਣੇ ਸਕੂਲ ਦੇ ਸਹਿਪਾਠੀਆਂ ਨੂੰ ਸੰਬੋਧਨ ਕਰਦੇ ਹੋਏ ਉਦੈਨੂਰ ਆਖਦੇ ਹਨ, "ਜ਼ਿਆਦਾ ਗੋਲ ਤੈਅ ਕਰਨ ਦੀ ਬਜਾਇ ਜ਼ਿੰਦਗੀ ਵਿੱਚ ਇੱਕ ਗੋਲ ਬਣਾਉ।"

ਉਦੈਨੂਰ ਦੀਆਂ ਗੱਲਾਂ ਤੋਂ ਉਸ ਦੇ ਹਵਾਈ ਜਹਾਜ਼ ਵਿਚ ਉੱਡਣ ਦੇ ਸੁਪਨੇ ਬਹੁਤ ਦੂਰ ਜਾਪਦੇ ਸਨ, ਪਰ ਉਸ ਦੀ ਲਗਨ ਅਤੇ ਮਿਹਨਤ ਨੇ ਉਨ੍ਹਾਂ ਨੂੰ ਜਿੰਨੀ ਜਲਦੀ ਪੂਰਾ ਕੀਤਾ ਉਹ ਕਲਪਨਾ ਵੀ ਨਹੀਂ ਕਰ ਸਕਦਾ ਸੀ।

ਉਸਨੇ ਆਪਣੇ ਸਾਥੀਆਂ ਨੂੰ ਆਪਣੀਆਂ ਇੱਛਾਵਾਂ ਨੂੰ ਪਛਾਣਨ ਅਤੇ ਉਹਨਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

ਉਦੈਨੂਰ ਕਹਿੰਦਾ ਹੈ, "ਮੈਂ ਬਚਪਨ ਵਿੱਚ ਸੁਪਨਾ ਦੇਖਿਆ ਸੀ ਕਿ ਮੈਂ ਵੱਡਾ ਹੋ ਕੇ ਜਹਾਜ਼ 'ਤੇ ਬੈਠਾਂਗਾ ਪਰ ਇੰਨਾ ਨਹੀਂ ਪਤਾ ਸੀ ਕਿ ਮੇਰਾ ਸੁਪਨੇ ਛੇਤੀ ਹੀ ਪੂਰਾ ਹੋ ਜਾਣਾ ਹੈ।"

ਉਦੈਨੂਰ ਆਖਦੇ ਹਨ ਕਿ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਉਹ ਜਾਪਾਨ ਜਾ ਸਕੇ।

ਉਹ ਕਹਿੰਦਾ ਹੈ, "ਵੱਡੇ ਟੀਚਿਆਂ ਤੱਕ ਪਹੁੰਚਣ ਲਈ ਛੋਟੇ ਟੀਚੇ ਮਿੱਥਣਾ ਜ਼ਰੂਰੀ ਹੁੰਦਾ ਹੈ ਤੇ ਮੇਰਾ ਵੱਡਾ ਟੀਚਾ ਏਆਈਐੱਸ ਤੱਕ ਪਹੁੰਚਣਾ ਹੈ। ਬੱਚਿਆਂ ਨੂੰ ਵਧੇਰੇ ਤੋਂ ਵਧੇਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਸਪੱਸ਼ਟ ਹੋਵੇ ਕਿ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ।"

ਕੋਵਿਡ-19 ਮਹਾਂਮਾਰੀ ਦੌਰਾਨ ਦਰਪੇਸ਼ ਚੁਣੌਤੀਆਂ ਵਿਚਾਲੇ ਉਦੈਨੂਰ ਦਾ ਪਰਿਵਾਰ, ਪੜ੍ਹਾਈ ਲਈ ਇੱਕ ਸਮਾਰਟਫੋਨ ਖਰੀਦਣ ਵਿੱਚ ਅਸਮਰੱਥ ਸੀ ਅਤੇ ਉਸ ਵੇਲੇ ਵੀ ਉਸ ਨੂੰ ਉਸ ਦੇ ਅਧਿਆਪਕਾਂ ਤੋਂ ਸਮਰਥਨ ਮਿਲਿਆ।

ਮਾਤਾ-ਪਿਤਾ ਸ਼ੁਕਰਗੁਜ਼ਾਰ

ਉਦੈਨੂਰ ਉਮਰ 'ਚੇ ਬੇਸ਼ੱਕ ਛੋਟੇ ਹਨ ਪਰ ਗੱਲਾਂ ਤੋਂ ਬੇਹੱਦ ਸਿਆਣੇ ਹਨ। ਉਹ ਸਮੇਂ ਦੀ ਕਦਰ ਨੂੰ ਬੇਹੱਦ ਤਰਜੀਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਵੀ ਤੁਹਾਡੀ ਕਦਰ ਕਰੇਗਾ।

ਉਦੈਨੂਰ ਨੂੰ ਛੇਵੀਂ ਤੋਂ ਦਸਵੀਂ ਜਮਾਤ ਤੱਕ ਪੜ੍ਹਾਉਣ ਵਾਲੀ ਅਧਿਆਪਿਕਾ ਤ੍ਰਿਪਤ ਕੌਰ ਨੇ ਆਪਣੇ ਸਟਾਰ ਵਿਦਿਆਰਥੀ 'ਤੇ ਬਹੁਤ ਮਾਣ ਪ੍ਰਗਟ ਕੀਤਾ।

ਉਨ੍ਹਾਂ ਦਾ ਕਹਿਣਾ ਹੈ, "ਇੱਕ ਅਧਿਆਪਕ ਲਈ, ਸਾਰੇ ਬੱਚੇ ਬਰਾਬਰ ਹੁੰਦੇ ਹਨ, ਪਰ ਕੁਝ ਨੂੰ ਸਿਤਾਰੇ ਬਣਦੇ ਦੇਖ ਕੇ ਖੁਸ਼ੀ ਹੁੰਦੀ ਹੈ ਅਤੇ ਉਦੈਨੂਰ ਸਾਡੇ ਲਈ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ।"

ਉਦੈਨੂਰ ਦੇ ਮਾਤਾ-ਪਿਤਾ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ। ਉਨ੍ਹਾਂ ਦੇ ਪਿਤਾ, ਗੁਰਪ੍ਰੀਤ ਸਿੰਘ, ਲਗਭਗ ਦੋ ਏਕੜ ਦੇ ਇੱਕ ਮਾਮੂਲੀ ਜ਼ਿਮੀਂਦਾਰ, ਇੱਕ ਸਮੇਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਆਰਥਿਕ ਤੰਗੀ ਨੂੰ ਲੈ ਕੇ ਚਿੰਤਤ ਸਨ ਪਰ ਹੁਣ ਉਦੈਨੂਰ ਦੇ ਵਜ਼ੀਫ਼ੇ ਕਾਰਨ ਸੁੱਖ ਦਾ ਸਾਹ ਭਰਦੇ ਹਨ।

ਉਧਰ ਉਦੈਨੂਰ ਦੀ ਮਾਂ ਸਰਬਜੀਤ ਕੌਰ ਨੇ ਆਪਣੇ ਬੇਟੇ ਦੇ ਜਾਪਾਨ ਜਾਣ ਬਾਰੇ ਆਪਣੇ ਸ਼ੁਰੂਆਤੀ ਖਦਸ਼ਿਆਂ ਨੂੰ ਦਰਸਾਉਂਦੇ ਹੋਏ ਕਬੂਲ ਕੀਤਾ, "ਜਦੋਂ ਨੂਰ ਨੂੰ ਜਾਪਾਨ ਪ੍ਰੋਗਰਾਮ ਲਈ ਚੁਣਿਆ ਗਿਆ ਸੀ, ਤਾਂ ਮੈਂ ਡਰੀ ਹੋਈ ਸੀ ਅਤੇ ਉਸ ਨੂੰ ਭੇਜਣ ਤੋਂ ਝਿਜਕ ਰਹੀ ਸੀ।"

"ਮੈਂ ਹੈਰਾਨ ਸੀ ਕਿ ਮੇਰੇ ਬੇਟੇ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਅਧਿਆਪਕਾਂ ਨੇ ਮੈਨੂੰ ਭਰੋਸਾ ਦਿਵਾਇਆ ਅਤੇ ਹੁਣ ਮੈਨੂੰ ਖੁਸ਼ੀ ਹੈ ਕਿ ਉਸ ਨੇ ਆਪਣੇ ਸਕੂਲ ਅਤੇ ਪਿੰਡ ਦਾ ਮਾਣ ਵਧਾਇਆ ਹੈ।"

ਸਰਕਾਰੀ ਹਾਈ ਸਕੂਲ ਗੁਰੂਵਾਲੀ ਦੀ ਹੈੱਡਮਿਸਟ੍ਰਸ ਜੀਤ ਕੌਰ ਨੇ ਕਿਹਾ, "ਇੱਕ ਸਰਕਾਰੀ ਸਕੂਲ ਦਾ ਬੱਚਾ ਜਾਪਾਨ ਜਾ ਕੇ ਆਇਆ, ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ।"

"ਉਦੈਨੂਰ ਦੇ ਜਾਪਾਨ ਜਾਣ ਬਾਰੇ ਜਦੋਂ ਪਤਾ ਲੱਗਾ ਤਾਂ ਅਸੀਂ ਉਦੋਂ ਤੋਂ ਹੀ ਪਾਸਪੋਰਟ ਅਤੇ ਹੋਰ ਚੀਜ਼ਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਬਹੁਤ ਦਿੱਕਤਾਂ ਦੇ ਬਾਵਜੂਦ ਆਖ਼ਰਕਾਰ ਇਸ ਬੱਚੇ ਦਾ ਪਾਸਪੋਰਟ ਸਤੰਬਰ ਵਿੱਚ ਬਣ ਕੇ ਆਇਆ।"

ਤਾਨੀਆ ਨੇ ਬਣਾਇਆ ਸੀ ਸਮਾਰਟ ਡਸਟਬੀਨ

ਉਧਰ ਤਾਨੀਆ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ, ਜ਼ੀਰਾ ਦੀ ਵਿਦਿਆਰਥਣ ਹੈ।

ਜਿਸ ਦਾ ਜਾਪਾਨ ਤੋਂ ਪਰਤਣ 'ਤੇ ਸਕੂਲ ਵਿੱਚ ਨਿੱਘਾ ਸਵਾਗਤ ਕੀਤਾ ਗਿਆ।

ਤਾਨੀਆ ਨੇ ਕਿਹਾ, "ਮੈਂ ਸਿੱਖਿਆ ਭਾਗ ਦੇ ਸਕੂਰਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਜਿਸ ਤਹਿਤ ਮੈਨੂੰ ਨੈਸ਼ਨਲ ਪੱਧਰ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਇਸ ਤੋਂ ਬਾਅਦ ਮੇਰੀ ਪੂਰੇ ਇੰਡੀਆ ਦੇ ਉਨ੍ਹਾਂ ਬੱਚਿਆਂ ਵਿੱਚ ਚੋਣ ਹੋਈ ਜਿਨਾਂ ਨੇ ਜਪਾਨ ਜਾਣਾ ਸੀ। ਮੇਰਾ ਪ੍ਰੋਜੈਕਟ ਸਮਾਰਟ ਡਸਟਬੀਨ ਸੀ।"

ਤਾਨੀਆ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੱਧ ਵਰਗੀ ਹੈ।

ਉਨ੍ਹਾਂ ਕਿਹਾ, "ਮੇਰਾ ਪਰਿਵਾਰ ਇੰਨਾ ਖਰਚਾ ਨਹੀਂ ਕਰ ਸਕਦਾ ਸੀ ਜਿਸ ਕਾਰਨ ਮੇਰੇ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਸਾਹਿਬ ਵੱਲੋਂ ਇਹ ਸਾਰਾ ਖਰਚਾ ਕੀਤਾ ਗਿਆ ਹੈ।"

ਤਾਨੀਆ ਬਾਹਰਲੇ ਦੇਸ਼ਾਂ ਦੀ ਸਾਫ਼-ਸਫ਼ਾਈ ਤੋਂ ਪ੍ਰੇਰਿਤ ਹੈ ਅਤੇ ਆਪਣੇ ਪ੍ਰੋਜੈਕਟ ਬਾਰੇ ਦੱਸਦੀ ਕਹਿੰਦੀ ਹੈ, "ਮੈਂ ਸੋਚਿਆ ਕਿ ਕਿਉਂ ਨਾ ਆਪਣੇ ਦੇਸ਼ ਨੂੰ ਹੀ ਸੁੰਦਰ ਬਣਾਉਣ ਲਈ ਕੋਈ ਪ੍ਰੋਜੈਕਟ ਤਿਆਰ ਕੀਤਾ ਜਾਵੇ, ਅਤੇ ਇੰਡੀਆ ਨੂੰ ਸੁੰਦਰ ਬਣਾਇਆ ਜਾਵੇ, ਜਿਸ ਤਹਿਤ ਮੈਂ ਇੱਕ ਡਸਟਬੀਨ ਬਣਾਇਆ ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।"

"ਇਹ ਡਸਟਬੀਨ ਅੰਡਰਗਰਾਉਂਡ ਹੋਣ ਕਾਰਨ ਓਵਰਫਲੋ ਨਹੀਂ ਹੁੰਦਾ ਸੀ। ਇਹ ਲੋਹੇ ਵਾਲੀਆਂ ਚੀਜ਼ਾਂ ਨੂੰ ਅਲੱਗ ਰੱਖਦਾ ਸੀ ਅਤੇ ਇਸ ਡਸਟਬੀਨ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਜਦੋਂ ਵੀ ਇਸ ਦੇ ਨਜ਼ਦੀਕ ਹੱਥ ਕੀਤਾ ਜਾਂਦਾ ਸੀ ਤਾਂ ਇਹ ਆਪਣੇ ਆਪ ਖੁੱਲ੍ਹ ਜਾਂਦਾ ਹੈ ਅਤੇ ਦੂਰ ਹੋਣ 'ਤੇ ਆਪਣੇ ਆਪ ਬੰਦ ਹੋ ਜਾਂਦਾ ਹੈ।"

ਆਪਣੇ ਭਵਿੱਖ ਬਾਰੇ ਗੱਲ ਕਰਦਿਆਂ ਤਾਨੀਆ ਨੇ ਕਿਹਾ, "ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੋਜ ਕਰਨਾ ਚਾਹੁੰਦੀ ਹਾਂ ਮੇਰੇ ਦਿਮਾਗ਼ ਵਿੱਚ ਬਹੁਤ ਸਾਰੇ ਆਈਡੀਆਜ਼ ਹਨ। ਮੈਂ ਚਾਹੁੰਦੀ ਹਾਂ ਕਿ ਇਹ ਸਾਰੇ ਆਈਡੀਆ ਪੂਰੇ ਹੋਣ, ਸਿਰਫ਼ ਸੋਚਣ ਤੱਕ ਸੀਮਤ ਨਾ ਰਹਿਣ।"

ਉਹ ਸਰਕਾਰ ਨੂੰ ਅਪੀਲ ਕਰਦਿਆਂ ਕਹਿੰਦੀ ਹੈ ਕਿ ਜੇਕਰ, "ਸਾਡੇ ਵਰਗੇ ਮੱਧ ਵਰਗੀ ਬੱਚਿਆਂ ਨੂੰ ਸਰਕਾਰ ਵੱਲੋਂ ਸਹਾਇਤਾ ਮਿਲੇ ਤਾਂ ਸਾਡਾ ਦੇਸ਼ ਹੋਰ ਵੀ ਤਰੱਕੀ ਕਰ ਸਕਦਾ ਹੈ।"

'ਫਖ਼ਰ ਵਾਲੀ ਗੱਲ ਹੈ'

ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦਾ ਕਹਿਣਾ ਹੈ, "ਸਾਡੇ ਲਈ ਬੜੇ ਹੀ ਫਖ਼ਰ ਵਾਲੀ ਗੱਲ ਹੈ। ਤਾਨੀਆ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਤਾਨੀਆ ਨੇ ਸਾਕੁਰਾ ਪ੍ਰੋਜੈਕਟ ਤਹਿਤ ਸਭ ਤੋਂ ਪਹਿਲਾਂ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤੀ ਸੀ। ਫਿਰ ਸਟੇਟ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਅਤੇ ਫਿਰ ਨੈਸ਼ਨਲ ਜਿੱਤਣ ਤੋਂ ਬਾਅਦ ਉਸ ਨੂੰ ਜਪਾਨ ਜਾਣ ਦਾ ਮੌਕਾ ਮਿਲਿਆ ਸੀ।"

ਤਾਨੀਆ ਦੇ ਜਾਪਾਨ ਜਾਣ ਵਿੱਚ ਦਰਪੇਸ਼ ਔਕੜਾਂ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਵਿੱਚ ਘਰੇਲੂ ਅਤੇ ਕਾਗਜ਼ੀ ਪੱਤਰੀ ਸਮੱਸਿਆ ਹੋਣ ਕਾਰਨ ਪਾਸਪੋਰਟ ਬਣਨਾ ਬਹੁਤ ਮੁਸ਼ਕਿਲ ਸੀ।

"ਪਰ ਸਾਡੇ ਸਕੂਲ ਦੇ ਮਿਹਨਤੀ ਸਟਾਫ਼ ਵੱਲੋਂ ਉਸ ਦੀ ਮਦਦ ਕੀਤੀ ਗਈ ਅਤੇ ਸੱਤ ਦਿਨਾਂ ਦੇ ਵਿੱਚ ਪਾਸਪੋਰਟ ਤਿਆਰ ਕੀਤਾ ਗਿਆ ਜਿਸ ਕਾਰਨ ਤਾਨੀਆ ਜਪਾਨ ਜਾ ਸਕੀ।"

ਉਧਰ ਤਾਨੀਆ ਦੀ ਮਾਤਾ ਕ੍ਰਿਸ਼ਨਾ ਨੇ ਕਿਹਾ, "ਘਰ ਦੇ ਆਰਥਿਕ ਹਾਲਾਤ ਅਜਿਹੇ ਨਹੀਂ ਸਨ ਕਿ ਅਸੀਂ ਆਪਣੇ ਖਰਚੇ 'ਤੇ ਜਪਾਨ ਭੇਜ ਸਕਦੇ। ਹਾਂ! ਇੰਨੀ ਗੱਲ ਜ਼ਰੂਰ ਹੈ ਕੇ ਤਾਨੀਆਂ ਬਹੁਤ ਮੇਹਨਤੀ ਹੈ ਤੇ ਸਾਡੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਤਾਨੀਆਂ ਦੀ ਹੋਰ ਤਰੱਕੀ ਲਈ ਸਰਕਾਰੀ ਮਦਦ ਦਿੱਤੀ ਜਾਵੇ।"

ਸਕੂਲ ਦੇ ਕੈਮਿਸਟਰੀ ਦੇ ਲੈਕਚਰਾਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਦੌਰਾਨ ਤਾਨੀਆਂ ਨੇ ਇਸ ਪ੍ਰਜੈਕਟ ਨੂੰ ਤਿਆਰ ਕੀਤਾ ਸੀ। "ਇਹ ਸਾਨੂੰ ਜ਼ਿੰਦਗੀ ਬਚਾਉਣ ਵਿਚ ਸਹਾਈ ਹੋਇਆ। ਹੁਣ ਅਸੀਂ ਇਸ ਨੂੰ ਪੇਟੈਂਟ ਕਰਵਾਉਣ ਲਈ ਤਿਆਰੀ ਕਰ ਰਹੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)