ਕੌਣ ਹੈ ਭਾਰਤੀ ਮਹਿਲਾ ਸ਼ਹਿਜ਼ਾਦੀ ਖ਼ਾਨ, ਜਿਸ ਨੂੰ ਯੂਏਈ ਵਿੱਚ ਦਿੱਤੀ ਗਈ ਮੌਤ ਦੀ ਸਜ਼ਾ

ਸ਼ਹਿਜ਼ਾਦੀ ਖ਼ਾਨ
ਤਸਵੀਰ ਕੈਪਸ਼ਨ, ਸ਼ਹਿਜ਼ਾਦੀ ਖ਼ਾਨ ਨੂੰ ਯੂਏਈ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ
    • ਲੇਖਕ, ਸਈਦ ਮੋਜ਼ਿਜ਼ ਈਮਾਮ
    • ਰੋਲ, ਬੀਬੀਸੀ ਪੱਤਰਕਾਰ

"ਮੇਰੀ ਧੀ ਦਾ 13 ਫ਼ਰਵਰੀ ਨੂੰ ਰਾਤ 11 ਵਜੇ ਫ਼ੋਨ ਆਇਆ। ਪਹਿਲਾਂ ਉਹ ਰੋਂਦੀ ਰਹੀ ਅਤੇ ਫ਼ਿਰ ਦੱਸਿਆ ਕਿ ਮੈਨੂੰ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ। ਅੱਜ ਸ਼ਾਮ ਜਾਂ ਕੱਲ੍ਹ ਸਵੇਰ ਤੱਕ ਮੌਤ ਦੀ ਸਜ਼ਾ ਸੁਣਾਈ ਜਾਵੇਗੀ।"

"ਉਸ ਨੇ ਕਿਹਾ ਕਿ ਹੁਣ ਉਹ ਬਚ ਨਹੀਂ ਸਕੇਗੀ। ਇਹ ਉਸਦਾ ਆਖਰੀ ਫ਼ੋਨ ਹੋ ਸਕਦਾ ਹੈ।"

ਇਹ ਦੱਸਦੇ ਹੋਏ ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਅਹਿਮਦ ਰੋਣ ਲੱਗੇ। ਉਹ ਲਗਾਤਾਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਧੀ ਬੇਕਸੂਰ ਸੀ।

ਹੁਣ ਵਿਦੇਸ਼ ਮੰਤਰਾਲੇ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਸ਼ਹਿਜ਼ਾਦੀ ਨੂੰ 15 ਫ਼ਰਵਰੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 5 ਮਾਰਚ ਨੂੰ ਆਬੂ ਧਾਬੀ ਵਿੱਚ ਹੋਵੇਗਾ।

ਵਧੀਕ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਸ਼ਹਿਜ਼ਾਦੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼ਹਿਜ਼ਾਦੀ ਨੂੰ ਕਿਉਂ ਮਿਲੀ ਸਜ਼ਾ-ਏ-ਮੌਤ?

33 ਸਾਲਾ ਸ਼ਹਿਜ਼ਾਦੀ ਨੂੰ 10 ਫ਼ਰਵਰੀ 2023 ਨੂੰ ਆਬੂ ਧਾਬੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਨੂੰ 31 ਜੁਲਾਈ 2023 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸ਼ਹਿਜ਼ਾਦੀ ਅਸਲ ਵਿੱਚ ਦਸੰਬਰ 2021 ਵਿੱਚ ਅਬੂ ਧਾਬੀ ਗਈ ਸੀ। ਉਹ ਅਗਸਤ 2022 ਤੋਂ ਉੱਥੇ ਘਰੇਲੂ ਨੌਕਰ ਵਜੋਂ ਕੰਮ ਕਰ ਰਹੀ ਸੀ।

ਉਸ 'ਤੇ ਚਾਰ ਮਹੀਨਿਆਂ ਦੇ ਬੱਚੇ ਦੇ ਕਤਲ ਦਾ ਇਲਜ਼ਾਮ ਸੀ, ਸ਼ਹਿਜ਼ਾਦੀ ਇਸ ਬੱਚੇ ਦੀ ਦੇਖਭਾਲ ਕਰ ਰਹੀ ਸੀ।

ਸ਼ਹਿਜ਼ਾਦੀ ਦੇ ਰਿਸ਼ਤੇਦਾਰਾਂ ਮੁਤਾਬਕ ਚਾਰ ਮਹੀਨੇ ਦੇ ਬੱਚੇ ਦੀ ਮੌਤ ਗ਼ਲਤ ਟੀਕਾ ਲੱਗਣ ਕਾਰਨ ਹੋਈ ਹੈ।

ਉਨ੍ਹਾਂ ਦਾ ਤਰਕ ਹੈ ਕਿ ਇਸੇ ਲਈ ਇਸ ਮਾਮਲੇ ਵਿੱਚ ਪਹਿਲਾਂ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ ਪਰ ਕਰੀਬ ਦੋ ਮਹੀਨੇ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਜਿਸ ਕਾਰਨ ਉਨ੍ਹਾਂ ਦੀ ਕੁੜੀ ਫ਼ਸ ਗਈ।

ਸ਼ਹਿਜ਼ਾਦੀ ਦਾ ਪਰਿਵਾਰ
ਤਸਵੀਰ ਕੈਪਸ਼ਨ, ਸ਼ਹਿਜ਼ਾਦੀ ਦਸੰਬਰ 2021 ਵਿੱਚ ਆਬੂ ਧਾਬੀ ਗਈ ਸੀ

ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਦੇ ਮੁਤਾਬਕ, ਉਨ੍ਹਾਂ ਦੀ ਬੇਟੀ 15 ਦਸੰਬਰ 2021 ਨੂੰ ਆਬੂ ਧਾਬੀ ਗਈ ਸੀ। 7 ਦਸੰਬਰ 2022 ਨੂੰ, ਜਿਸ ਬੱਚੇ ਦੀ ਉਹ ਦੇਖਭਾਲ ਕਰ ਰਹੀ ਸੀ, ਉਸ ਦੀ ਮੌਤ ਹੋ ਗਈ।

ਫਿਰ 10 ਫਰਵਰੀ 2023 ਨੂੰ ਕੇਸ ਦਰਜ ਕੀਤਾ ਗਿਆ ਸੀ।

ਜਦੋਂ ਸ਼ਹਿਜ਼ਾਦੀ ਜੇਲ੍ਹ ਵਿੱਚ ਸੀ ਤਾਂ ਬੀਬੀਸੀ ਨੇ ਇਸ ਮਾਮਲੇ ਉੱਤੇ ਮ੍ਰਿਤਕ ਬੱਚੇ ਦੇ ਪਿਤਾ ਫੈਜ਼ ਅਹਿਮਦ ਨਾਲ ਸੰਪਰਕ ਕੀਤਾ ਸੀ।

ਮ੍ਰਿਤਕ ਬੱਚੇ ਦੇ ਪਿਤਾ ਨੇ ਜਵਾਬ 'ਚ ਲਿਖਿਆ ਸੀ, ''ਸ਼ਹਿਜ਼ਾਦੀ ਨੇ ਮੇਰੇ ਬੇਟੇ ਨੂੰ ਬੇਰਹਿਮੀ ਨਾਲ ਅਤੇ ਜਾਣਬੁਝ ਕੇ ਮਾਰਿਆ ਅਤੇ ਯੂਏਈ ਅਧਿਕਾਰੀਆਂ ਦੀ ਜਾਂਚ 'ਚ ਇਹ ਗੱਲ ਸਾਬਤ ਹੋ ਚੁੱਕੀ ਹੈ। ਮਾਪੇ ਹੋਣ ਦੇ ਨਾਤੇ, ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਦਰਦ ਨੂੰ ਮਹਿਸੂਸ ਕਰੇ।"

ਪਰ ਸ਼ਹਿਜ਼ਾਦੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਨੂੰ ਫ਼ਸਾਇਆ ਗਿਆ ਹੈ।

ਸ਼ਬੀਰ ਦਾ ਕਹਿਣਾ ਹੈ ਕਿ ਉਹ ਬੱਚੇ ਦੇ ਪਰਿਵਾਰ ਨੂੰ ਮਿਲਣ ਆਗਰਾ ਵੀ ਗਏ ਸਨ ਪਰ ਉਹ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ।

ਸ਼ਬੀਰ ਕਹਿੰਦੇ ਹਨ, "ਮੈਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲਣ ਲਈ ਦਿੱਲੀ ਵੀ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।"

ਸੋਸ਼ਲ ਮੀਡੀਆ ਤੋਂ ਲੈ ਕੇ ਆਬੂ ਧਾਬੀ ਦੀ ਜੇਲ੍ਹ ਤੱਕ ਦਾ ਸਫ਼ਰ

ਸ਼ਹਿਜ਼ਾਦੀ ਰੁਜ਼ਗਾਰ ਅਤੇ ਬਿਹਤਰ ਇਲਾਜ ਦੀ ਉਮੀਦ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਗਈ ਸੀ।

ਉਹ ਉੱਤਰ ਪ੍ਰਦੇਸ਼ ਦੇ ਬਾਂਦਾ ਦੇ ਗੋਇਰਾ ਮੋਗਲੀ ਪਿੰਡ ਦੀ ਰਹਿਣ ਵਾਲੀ ਸੀ।

ਸ਼ਹਿਜ਼ਾਦੀ ਦਾ ਪਿੰਡ ਗੋਇਰਾ ਮੋਗਲੀ ਬਾਂਦਾ ਸ਼ਹਿਰ ਤੋਂ ਕਰੀਬ ਦਸ ਕਿਲੋਮੀਟਰ ਦੂਰ ਹੈ। ਘਰ 'ਚ ਉਸ ਦੇ ਪਿਤਾ ਸ਼ਬੀਰ ਅਤੇ ਮਾਂ ਨਾਜ਼ਰਾ ਰਹਿੰਦੇ ਹਨ।

ਸ਼ਹਿਜ਼ਾਦੀ ਦੀ ਅਬੂ ਧਾਬੀ ਜਾਣ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਇੱਕ ਇਤਫ਼ਾਕ ਨਾਲ ਹੋਈ ਦੋਸਤੀ ਤੋਂ ਸ਼ੁਰੂ ਹੋਈ।

ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇੱਕ ਮਿਲਣਸਾਰ ਕੁੜੀ ਸੀ। ਉਹ ਲੋਕਾਂ ਨੂੰ ਮਿਲਣਾ ਪਸੰਦ ਕਰਦੀ ਸੀ।

ਸ਼ਹਿਜ਼ਾਦੀ ਦੀ ਮਾਂ ਨੇ ਦੱਸਿਆ ਕਿ ਬਚਪਨ 'ਚ ਉਸ ਦਾ ਚਿਹਰਾ ਸੜ ਗਿਆ ਸੀ। ਸ਼ਹਿਜ਼ਾਦੀ ਆਪਣੇ ਚਿਹਰੇ ਦੇ ਨਿਸ਼ਾਨ ਹਮੇਸ਼ਾ ਲਈ ਮਿਟਾਉਣਾ ਚਾਹੁੰਦੀ ਸੀ।

ਇਲਾਜ ਲੱਭਣ ਦੀ ਆਪਣੀ ਜੱਦੋਜਹਿਦ ਵਿੱਚ, ਇੱਕ ਦਿਨ ਉਹ ਫ਼ੇਸਬੁੱਕ ਰਾਹੀਂ ਆਗਰਾ ਵਾਸੀ ਉਜ਼ੈਰ ਦੇ ਸੰਪਰਕ ਵਿੱਚ ਆਈ।

ਸ਼ਹਿਜ਼ਾਦੀ ਦੀ ਮਾਂ
ਤਸਵੀਰ ਕੈਪਸ਼ਨ, ਸ਼ਹਿਜ਼ਾਦੀ ਦੀ ਮਾਂ ਮੁਤਾਬਕ ਉਹ ਰੁਜ਼ਗਾਰ ਅਤੇ ਬਿਹਤਰ ਇਲਾਜ ਦੀ ਭਾਲ ਵਿੱਚ ਆਬੂ ਧਾਬੀ ਗਈ ਸੀ

ਸ਼ਹਿਜ਼ਾਦੀ ਦੀ ਮਾਂ ਮੁਤਾਬਕ ਉਜ਼ੈਰ ਨੇ ਸ਼ਹਿਜ਼ਾਦੀ ਨੂੰ ਕਿਹਾ ਸੀ ਕਿ ਉਹ ਉਸ ਨੂੰ ਆਬੂ ਧਾਬੀ ਵਿੱਚ ਨੌਕਰੀ ਦਿਵਾਏਗਾ ਅਤੇ ਉਸ ਦਾ ਇਲਾਜ ਵੀ ਕਰਵਾਏਗਾ।

ਸ਼ਹਿਜ਼ਾਦੀ ਦੇ ਪਿਤਾ ਸ਼ਬੀਰ ਨੇ ਦੱਸਿਆ ਕਿ ਸ਼ਹਿਜ਼ਾਦੀ ਦੇ ਆਗਰਾ ਤੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਆਏ ਵਿਅਕਤੀ ਨੇ ਉਸ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਕੰਮ ਕਰਨ ਲਈ ਆਬੂ ਧਾਬੀ ਭੇਜਿਆ ਸੀ।

ਸ਼ਬੀਰ ਮੁਤਾਬਕ 2021 ਵਿੱਚ ਆਗਰਾ ਦੇ ਉਜ਼ੈਰ ਨੇ ਸ਼ਹਿਜ਼ਾਦੀ ਨੂੰ ਟੂਰਿਸਟ ਵੀਜ਼ੇ 'ਤੇ ਆਬੂ ਧਾਬੀ ਭੇਜਿਆ ਸੀ, ਜਿੱਥੇ ਉਸ ਨੇ ਉਜ਼ੈਰ ਦੇ ਰਿਸ਼ਤੇਦਾਰ ਦੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉੱਥੇ ਉਸ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦੇ 4 ਮਹੀਨੇ ਦੇ ਬੱਚੇ ਦੀ ਦੇਖਭਾਲ ਕਰਨਾ ਸੀ।

ਸ਼ਹਿਜ਼ਾਦੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਬੂ ਧਾਬੀ ਤੋਂ ਲਗਾਤਾਰ ਵੀਡੀਓ ਕਾਲ ਕਰਦੀ ਸੀ।

ਕਈ ਵਾਰ ਉਹ 4 ਮਹੀਨੇ ਦੇ ਬੱਚੇ ਨੂੰ ਵੀ ਦਿਖਾਉਂਦੀ ਜਿਸਦੀ ਉਹ ਦੇਖਭਾਲ ਕਰ ਰਹੀ ਸੀ। ਫਿਰ ਇੱਕ ਦਿਨ ਅਚਾਨਕ ਉਸ ਦਾ ਫ਼ੋਨ ਆਉਣਾ ਬੰਦ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ ਸ਼ਹਿਜ਼ਾਦੀ ਆਬੂ ਧਾਬੀ ਦੀ ਜੇਲ੍ਹ ਵਿੱਚ ਬੰਦ ਹੈ।

ਸ਼ਹਿਜ਼ਾਦੀ ਦੇ ਪਿੰਡ ਵਾਲੇ ਉਸ ਬਾਰੇ ਕੀ ਕਹਿੰਦੇ ਹਨ

ਯੂਪੀ ਵਿੱਚ ਸ਼ਹਿਜ਼ਾਦੀ ਦਾ ਘਰ
ਤਸਵੀਰ ਕੈਪਸ਼ਨ, ਯੂਪੀ ਵਿੱਚ ਸ਼ਹਿਜ਼ਾਦੀ ਦਾ ਘਰ

ਬਾਂਦਾ ਦੇ ਪਿੰਡ ਗੋਇਰਾ ਮੋਗਲੀ ਦੇ ਲੋਕ ਸ਼ਹਿਜ਼ਾਦੀ ਨੂੰ ਸਮਾਜਿਕ ਤੌਰ 'ਤੇ ਸਰਗਰਮ ਇਨਸਾਨ ਵਜੋਂ ਯਾਦ ਕਰਦੇ ਹਨ।

ਪਿੰਡ ਦੇ ਮੁਹੰਮਦ ਨਈਮ ਨੇ ਦੱਸਿਆ ਕਿ ਉਹ ਕਦੇ ਕਿਸੇ ਕੰਮ ਤੋਂ ਨਾਂਹ ਨਹੀਂ ਕਰਦੀ ਸੀ।

ਉਹ ਲੋਕਾਂ ਦੇ ਰਾਸ਼ਨ ਕਾਰਡ ਬਣਵਾਉਣ ਅਤੇ ਉਨ੍ਹਾਂ ਦੇ ਛੋਟੇ-ਮੋਟੇ ਸਰਕਾਰੀ ਕੰਮ ਵੀ ਕਰਵਾਉਂਦੀ ਸੀ।

ਸਥਾਨਕ ਪੱਤਰਕਾਰ ਰਾਨੂ ਅਨਵਰ ਰਜ਼ਾ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਸੀ, ਇਸ ਲਈ ਮੀਡੀਆ ਵਾਲਿਆਂ 'ਚ ਉਸ ਦੀ ਜਾਣ-ਪਛਾਣ ਸੀ, ਉਹ ਇੱਕ ਸਾਧਾਰਨ ਕੁੜੀ ਸੀ ਪਰ ਆਬੂ ਧਾਬੀ 'ਚ ਜੋ ਹੋਇਆ, ਉਹ ਮੰਨਣਯੋਗ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)