ਅਮਰੀਕਾ ਦੀ ਖੁਫ਼ੀਆ ਏਜੰਸੀ ਲਈ ਕੰਮ ਕਰਨ ਵਾਲੇ ਇੱਕ ਜਸੂਸ ਦੀ ਕਹਾਣੀ ਜਿਸ ਨੇ ਆਪਣੇ ਦੇਸ਼ ਦੇ ਕਈ ਰਾਜ਼ ਸੋਵੀਅਤ ਸੰਘ ਨੂੰ ਵੇਚੇ ਸਨ

ਤਸਵੀਰ ਸਰੋਤ, Getty Images
ਐਲਡਰਿਚ ਐਮਸ ਨੇ ਸੋਵੀਅਤ ਸੰਘ ਨੂੰ ਕਰੀਬ ਇੱਕ ਦਹਾਕੇ ਤੱਕ ਗੁਪਤ ਜਾਣਕਾਰੀਆਂ ਵੇਚੀਆਂ, 100 ਤੋਂ ਵੱਧ ਗੁਪਤ ਆਪ੍ਰੇਸ਼ਨਾਂ ਨੂੰ ਖ਼ਤਰੇ ਵਿੱਚ ਪਾਇਆ ਅਤੇ ਜਿਸ ਕਾਰਨ ਪੱਛਮੀ ਖ਼ੁਫ਼ੀਆ ਏਜੰਸੀਆਂ ਦੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ।
ਇਸ ਡਬਲ ਏਜੰਟ ਨੂੰ 28 ਅਪ੍ਰੈਲ, 1994 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਉਸੇ ਸਾਲ ਫਰਵਰੀ ਵਿੱਚ ਬੀਬੀਸੀ ਨੇ ਉਨ੍ਹਾਂ ਜਾਸੂਸਾਂ ਵਿੱਚੋਂ ਇੱਕ ਨਾਲ ਗੱਲ ਕੀਤੀ, ਜਿਸ ਨੂੰ ਐਮਸ ਨੇ ਧੋਖਾ ਦਿੱਤਾ ਸੀ ਪਰ ਉਹ ਆਪਣੀ ਕਹਾਣੀ ਦੱਸਣ ਦੇ ਲਈ ਜ਼ਿੰਦਾ ਰਿਹਾ।
1985 ਵਿੱਚ ਸੀਆਈਏ ਦੇ ਲਈ ਕੰਮ ਕਰਨ ਵਾਲੇ ਸੋਵੀਅਤ ਏਜੰਟ ਅਚਾਨਕ ਗਾਇਬ ਹੋਣ ਲੱਗੇ।
ਇੱਕ-ਇੱਕ ਕਰਕੇ ਇਨ੍ਹਾਂ ਪੱਛਮੀ ਦੇਸਾਂ ਦੇ ਖ਼ੁਫ਼ੀਆ ਜਸੂਸਾਂ ਨੂੰ ਸੋਵੀਅਤ ਖ਼ੁਫ਼ੀਆ ਸਰਵਿਸ, ਕੇਜੀਬੀ ਨੇ ਫੜ੍ਹ ਕੇ ਪੁੱਛਗਿੱਛ ਕੀਤੀ ਅਤੇ ਅਕਸਰ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ।
ਓਲੇਗ ਗੋਰਡਿਵਸਕੀ ਉਨ੍ਹਾਂ ਡਬਲ ਏਜੰਟਾਂ ਵਿੱਚੋਂ ਇੱਕ ਸਨ। ਲੰਡਨ ਵਿੱਚ ਕੇਜੀਬੀ ਦੇ ਸਟੇਸ਼ਨ ਚੀਫ ਵਜੋਂ ਉਹ ਕਈ ਸਾਲਾਂ ਤੋਂ ਬ੍ਰਿਟੇਨ ਦੀ ਵਿਦੇਸ਼ੀ ਖ਼ੁਫ਼ੀਆ ਸਰਵਿਸ ਐੱਮਆਈ6 ਦੇ ਲਈ ਗੁਪਤ ਤੌਰ ʼਤੇ ਕੰਮ ਕਰ ਰਹੇ ਸਨ।
ਪਰ ਇੱਕ ਦਿਨ ਉਨ੍ਹਾਂ ਨੇ ਆਪਣੇ ਆਪ ਨੂੰ ਮੌਸਕੋ ਵਿੱਚ ਪਾਇਆ, ਜਿੱਥੇ ਉਹ ਨਸ਼ੇ ਵਿੱਚ ਧੁੱਤ ਸਨ, ਪੰਜ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਥੱਕੇ ਹੋਏ ਅਤੇ ਪੂਰੀ ਉਮੀਦ ਸੀ ਕਿ ਉਨ੍ਹਾਂ ਨੂੰ ਫਾਇਰਿੰਗ ਸਕੁਆਇਡ ਵੱਲੋਂ ਮਾਰ ਦਿੱਤਾ ਜਾਵੇਗਾ।
ਗੋਰਡਿਵਸਕੀ ਵਾਲ-ਵਾਲ ਬਚ ਗਏ ਸਨ, ਜਦੋਂ ਐੱਮਆਈ6 ਨੇ ਉਨ੍ਹਾਂ ਨੂੰ ਕਾਰ ਦੀ ਡਿੱਕੀ ਵਿੱਚ ਲੁਕੋ ਕੇ ਸੋਵੀਅਤ ਸੰਘ ਤੋਂ ਬਾਹਰ ਕੱਢਿਆ।
ਇਸ ਤੋਂ ਬਾਅਦ ਗੋਰਡਿਵਸਕੀ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਕਿਸ ਨੇ ਧੋਖਾ ਦਿੱਤਾ ਸੀ।
"ਮੈਂ ਨੌਂ ਸਾਲਾਂ ਤੋਂ ਇਹ ਪਤਾ ਲਗਾ ਰਿਹਾ ਸੀ ਕਿ ਉਹ ਆਦਮੀ ਕੌਣ ਸੀ, ਉਹ ਸੂਤਰ ਕੌਣ ਸੀ, ਜਿਸ ਨੇ ਮੈਨੂੰ ਧੋਖਾ ਦਿੱਤਾ ਅਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ।"
ਉਨ੍ਹਾਂ ਨੇ ਇਹ 28 ਫਰਵਰੀ 1994 ਨੂੰ ਨਿਊਜ਼ਨਾਈਟ ਦੇ ਨਾਲ ਇੱਕ ਇੰਟਰਵਿਊ ਵਿੱਚ ਬੀਬੀਸੀ ਦੇ ਟੌਮ ਮੈਨਗੋਲਡ ਨੂੰ ਦੱਸਿਆ ਸੀ।

ਤਸਵੀਰ ਸਰੋਤ, Alamy
ਗੋਰਡਿਸਵਕੀ ਨੂੰ ਆਪਣਾ ਜਵਾਬ ਦੋ ਮਹੀਨਿਆਂ ਬਾਅਦ ਉਦੋਂ ਮਿਲਿਆ, ਜਦੋਂ ਅਨੁਭਵੀ ਸੀਆਈਏ ਅਧਿਕਾਰੀ ਐਲਡਰਿਚ ਐਮਸ ਨੇ ਅਮਰੀਕੀ ਅਦਾਲਤ ਵਿੱਚ ਖੜ੍ਹੇ ਹੋ ਕੇ "ਸੀਆਈਏ ਅਤੇ ਹੋਰ ਅਮਰੀਕੀ ਤੇ ਵਿਦੇਸ਼ੀ ਖ਼ੁਫੀਆ ਏਜੰਸੀਆਂ ਦੇ ਲਗਭਗ ਸਾਰੇ ਸੋਵੀਅਤ ਏਜੰਟਾਂ ਬਾਰੇ ਜਾਣਕਾਰੀ ਲੀਕ ਕਰਨ ਦੀ ਗੱਲ ਕਬੂਲੀ।"
ਐਮਸ ਨੇ 28 ਅਪ੍ਰੈਲ, 1994 ਨੂੰ ਕਬੂਲਿਆ ਕਿ ਉਸ ਨੇ ਪੱਛਮ ਦੇ ਲਈ ਜਾਸੂਸੀ ਕਰਨ ਵਾਲੇ 30 ਤੋਂ ਵੱਧ ਏਜੰਟਾਂ ਦੀ ਪਛਾਣ ਉਜਾਗਰ ਕੀਤੀ ਸੀ ਅਤੇ 100 ਤੋਂ ਵਧ ਗੁਪਤ ਮੁਹਿੰਮਾਂ ਵਿੱਚ ਸੰਨ੍ਹ ਲਗਾਈ ਸੀ।
ਕੇਜੀਬੀ ਵੱਲੋਂ ਦਿੱਤੇ ਗਏ ਆਪਣੇ ਕੋਡ ਨਾਮ ਕੋਲੋਕੋਲ (ਦਿ ਬੈੱਲ) ਨਾਲ ਜਾਣੇ ਜਾਂਦੇ ਐਮਸ ਦੇ ਵਿਸ਼ਵਾਸਘਾਤ ਦੇ ਨਤੀਜੇ ਵਜੋਂ ਘੱਟੋ-ਘੱਟ 10 ਸੀਆਈਏ ਖ਼ੁਫ਼ੀਆ ਜਸੂਸਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਜਿਸ ਵਿੱਚ ਜਨਰਲ ਦਮਿਤਰੀ ਪੋਲਯਾਕੋਵ ਵੀ ਸ਼ਾਮਲ ਸਨ।
ਉਹ ਸੋਵੀਅਤ ਸੈਨਾ ਦੇ ਖ਼ੁਫ਼ੀਆ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਸੀ, ਜਿਨ੍ਹਾਂ ਨੇ 20 ਤੋਂ ਵੱਧ ਸਾਲਾਂ ਤੱਕ ਪੱਛਮ ਨੂੰ ਜਾਣਕਾਰੀ ਪ੍ਰਦਾਨ ਕੀਤੀ ਸੀ।
ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੇ ਕੇਜੀਬੀ ਜਾਸੂਸ ਐਮਸ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਮੈਂਗੋਲਡ ਨੇ 1994 ਵਿੱਚ ਕਿਹਾ ਸੀ ਕਿ ਜਿਸ ਪ੍ਰਕਾਰ 1960 ਦੇ ਦਹਾਕੇ ਵਿੱਚ ਬ੍ਰਿਟਿਸ਼ ਜਾਸੂਸ ਕਿਮ ਫਿਲਬੀ ਦੇ ਸੋਵੀਅਤ ਏਜੰਟ ਦੇ ਰੂਪ ਵਿੱਚ ਉਜਾਗਰ ਹੋਣ ਨਾਲ ਬ੍ਰਿਟੇਨ ਦੀ ਸੱਤਾ ਹਿਲ ਗਈ ਸੀ, ਉਸੇ ਪ੍ਰਕਾਰ "ਹੁਣ ਵਾਸ਼ਿੰਗਟਨ ਦੀ ਵਾਰੀ ਸੀ ਕਿ ਉਹ ਐਮਸ ਤੋਂ ਹੋਏ ਨੁਕਸਾਨ ਕਰਕੇ ਬੇਭਰੋਸਗੀ ਵਿੱਚ ਰਹਿਣ।"
ਏਮਜ਼ ਸੀਆਈਏ ਦੇ ਸੋਵੀਅਤ ਕਾਊਂਟਰ ਇੰਟੈਲੀਜੈਂਸ ਦੇ ਮੁਖੀ ਦੇ ਅਹੁਦੇ ਉੱਤੇ ਤਾਇਨਾਤ ਸਨ। ਇਸੇ ਕਾਰਨ ਉਹ ਇੰਨਾ ਨੁਕਸਾਨ ਪਹੁੰਚਾ ਸਕੇ।
ਇਸ ਨਾਲ ਉਨ੍ਹਾਂ ਨੂੰ ਯੂਐੱਸਐੱਸਆਰ ਦੇ ਖ਼ਿਲਾਫ਼ ਅਮਰੀਕਾ ਦੀਆਂ ਗੁਪਤ ਮੁਹਿੰਮਾਂ ਅਤੇ ਖਾਸਕਰ ਅਮਰੀਕਾ ਦੇ ਏਜੰਟਾਂ ਬਾਰੇ ਸਾਰੀ ਜਾਣਕਾਰੀ ਬਿਨਾਂ ਰੁਕਾਵਟ ਮਿਲੀ।
ਐਮਸ ਦੇ ਅਹੁਦੇ ਦਾ ਇਹ ਵੀ ਮਤਲਬ ਸੀ ਕਿ ਉਹ ਹੋਰ ਪੱਛਮੀ ਜਾਸੂਸੀ ਏਜੰਸੀਆਂ ਨਾਲ ਡੀਬ੍ਰਿਫਿੰਗ ਵਿੱਚ ਸ਼ਾਮਲ ਹੋ ਸਕਦਾ ਸੀ।
ਇਸ ਤਰ੍ਹਾਂ ਬ੍ਰਿਟੇਨ ਦਾ ਸਭ ਤੋਂ ਕੀਮਤੀ ਜਾਸੂਸ ਇੱਕ ਕੇਜੀਬੀ ਕਰਨਲ ਗੋਰਡਿਵਸਕੀ, ਜੋ ਦੋ ਬ੍ਰਿਟਿਸ਼ ਸਰਵਿਸਿਸ ਐੱਮਆਈ6 ਅਤੇ ਐੱਮਆਈ5 ਨੂੰ ਮਹੱਤਵਪੂਰਨ ਖ਼ੁਫ਼ੀਆ ਜਾਣਕਾਰੀ ਦੇ ਰਿਹਾ ਸੀ, ਉਸ ਦੇ ਸੰਪਰਕ ਵਿੱਚ ਆਇਆ।
ਮੈਂਗੋਲਡ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਨੇ ਇੱਕ ਅਜੀਬ ਸਥਿਤੀ ਪੈਦਾ ਕੀਤੀ, ਜਿੱਥੇ ਕੇਜੀਬੀ ਦੇ ਚੋਟੀ ਦੇ ਅਹੁਦੇਦਾਰ, ਜੋ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ, ਨੂੰ ਸਿਖ਼ਰਲੇ ਕੇਜੀਬੀ ਜਾਸੂਸ ਵੱਲੋਂ ਡੀਬ੍ਰੀਫ ਕੀਤਾ ਗਿਆ।
ਗੋਰਡਿਵਸਕੀ ਨੇ ਕਿਹਾ, "ਅਮਰੀਕੀ ਬਹੁਤ ਵਿਸਥਾਰ ਨਾਲ ਡੀਬ੍ਰਿਫਿੰਗ ਕਰਦੇ ਸਨ ਅਤੇ ਡੀਬ੍ਰਿਫਿੰਗ ਵਿੱਚ ਬਹੁਤ ਮਾਹਿਰ ਸਨ।"
"ਮੈਂ ਉਤਸ਼ਾਹੀ ਸੀ। ਮੈਨੂੰ ਅਮਰੀਕੀ ਪਸੰਦ ਸਨ। ਮੈਂ ਉਨ੍ਹਾਂ ਨਾਲ ਆਪਣਾ ਗਿਆਨ ਸਾਂਝਾ ਕਰਨਾ ਚਾਹੁੰਦਾ ਸੀ ਅਤੇ ਹੁਣ ਮੈਨੂੰ ਅਹਿਸਾਸ ਹੋਇਆ ਕਿ ਉਹ (ਐਮਸ) ਉੱਥੇ ਬੈਠਾ ਸੀ। ਇਸ ਦਾ ਮਤਲਬ ਹੈ ਕਿ ਉਸ ਨੇ ਸਭ ਕੁਝ, ਇਥੋਂ ਤੱਕ ਕਿ ਮੇਰੀ ਜਾਣਕਾਰੀ ਦੇ ਸਾਰੇ ਨਵੇਂ ਜਵਾਬ ਕੇਜੀਬੀ ਨੂੰ ਦੇ ਦਿੱਤੇ ਹੋਣਗੇ।"
ਸ਼ਰਾਬ ਦੀ ਲਤ ਅਤੇ ਤਲਾਕ
ਐਮਜ਼ ਘੱਟ ਉਮਰ ਵਿੱਚ ਹੀ ਜਾਸੂਸੀ ਦੀ ਦੁਨੀਆਂ ਵਿੱਚ ਕਦਮ ਰੱਖ ਚੁੱਕਿਆ ਸੀ। ਉਨ੍ਹਾਂ ਦੇ ਪਿਤਾ ਇੱਕ ਸੀਆਈਏ ਵਿਸ਼ਲੇਸ਼ਕ ਸਨ, ਜਿਨ੍ਹਾਂ ਨੇ ਆਪਣੇ ਬੇਟੇ ਨੂੰ ਕਾਲਜ ਵਿਚਾਲੇ ਛੱਡਣ ਤੋਂ ਬਾਅਦ ਏਜੰਸੀ ਵਿੱਚ ਨੌਕਰੀ ਦਿਵਾਉਣ 'ਚ ਮਦਦ ਕੀਤੀ ਸੀ।
ਪਰ ਬਾਅਦ ਵਿੱਚ ਖ਼ੁਫ਼ੀਆ ਸਰਵਿਸ ਨੂੰ ਧੋਖਾ ਦੇਣ ਦਾ ਐਮਜ਼ ਦਾ ਫ਼ੈਸਲਾ ਕਿਸੇ ਸਿਧਾਂਤਕ ਕਾਰਨ ਕਰਕੇ ਨਹੀਂ ਸਗੋਂ ਪੈਸੇ ਦੀ ਜ਼ਰੂਰਤ ਤੋਂ ਪ੍ਰੇਰਿਤ ਸੀ।
ਐਮਸ ਨੇ ਸ਼ੁਰੂਆਤ ਵਿੱਚ ਕਾਊਂਟਰਇੰਟੈਲੀਜੈਂਸ ਅਧਿਕਾਰੀ ਦੇ ਰੂਪ 'ਚ ਆਪਣਾ ਹੁਨਰ ਦਿਖਾਇਆ।
ਉਨ੍ਹਾਂ ਨੂੰ ਪਹਿਲੀ ਵਾਰ 1960ਵਿਆਂ ਦੇ ਅੰਤ ਵਿੱਚ ਪਤਨੀ ਨੈਨਸੀ ਸੇਗੇਬਰਥ, ਜੋ ਇੱਕ ਸੀਆਈਏ ਏਜੰਟ ਸੀ, ਨਾਲ ਤੁਰਕੀ ਵਿੱਚ ਤੈਨਾਤ ਕੀਤਾ ਗਿਆ ਸੀ। ਇੱਥੇ ਉਨ੍ਹਾਂ ਨੂੰ ਵਿਦੇਸ਼ੀ ਏਜੰਟਾਂ ਦੀ ਭਰਤੀ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਪਰ 1972 ਤੱਕ ਸੀਨੀਅਰਾਂ ਨੇ ਐਮਜ਼ ਨੂੰ ਸੀਆਈਏ ਦੇ ਮੁੱਖ ਦਫ਼ਤਰ ਵਿੱਚ ਵਾਪਸ ਬੁਲਾ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਫੀਲਡ ਕੰਮ ਲਈ ਯੋਗ ਨਹੀਂ ਹਨ।
ਅਮਰੀਕਾ ਵਾਪਸ ਆ ਕੇ ਉਨ੍ਹਾਂ ਨੇ ਰੂਸੀ ਭਾਸ਼ਾ ਦੀ ਪੜ੍ਹਾਈ ਕੀਤੀ। ਉਨ੍ਹਾਂ ਨੂੰ ਸੋਵੀਅਤ ਅਧਿਕਾਰੀਆਂ ਦੇ ਖ਼ਿਲਾਫ਼ ਫੀਲਡ ਆਪ੍ਰੇਸ਼ਨ ਦੀ ਯੋਜਨਾ ਬਣਾਉਣ ਦਾ ਕੰਮ ਸੌਂਪਿਆ ਗਿਆ।
ਸ਼ਰਾਬ ਦੀ ਆਦਤ ਨੇ ਉਨ੍ਹਾਂ ਦੇ ਪਿਤਾ ਦੇ ਸੀਆਈਏ ਦੇ ਕਰੀਅਰ ਨੂੰ ਰੋਕ ਦਿੱਤਾ ਸੀ ਅਤੇ ਇਸੇ ਤਰ੍ਹਾਂ ਐਮਸ ਦੀ ਖ਼ੁਦ ਦੀ ਸ਼ਰਾਬ ਦੀ ਲਤ ਨੇ ਵੀ ਉਨ੍ਹਾਂ ਦੀ ਤਰੱਕੀ ਨੂੰ ਲੀਹ ਤੋਂ ਉਤਾਰਨਾ ਸ਼ੁਰੂ ਕਰ ਦਿੱਤਾ ਸੀ।
1972 ਵਿੱਚ ਇੱਕ ਏਜੰਟ ਨੇ ਉਨ੍ਹਾਂ ਨੂੰ ਨਸ਼ੇ ਵਿੱਚ ਟੱਲੀ ਅਤੇ ਇੱਕ ਸੀਆਈਏ ਮਹਿਲਾ ਕਰਮਚਾਰੀ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਪਾਇਆ।
ਐਮਸ ਦੇ ਕੰਮ ਪ੍ਰਤੀ ਲਾਪਰਵਾਹੀ ਵਾਲੇ ਰਵੱਈਏ ਨਾਲ ਸਥਿਤੀ ਹੋਰ ਖਰਾਬ ਹੋ ਗਈ, ਜਿਸ ਦੇ ਕਾਰਨ 1976 ਵਿੱਚ ਉਨ੍ਹਾਂ ਨੇ ਗੁਪਤ ਸੂਚਨਾਵਾਂ ਨਾਲ ਭਰਿਆ ਇੱਕ ਬ੍ਰੀਫਕੇਸ ਸਬਵੇ ਵਿੱਚ ਛੱਡ ਦਿੱਤਾ ਸੀ।
ਆਪਣੇ ਕਰੀਅਰ ਨੂੰ ਫਿਰ ਤੋਂ ਲੀਹ 'ਤੇ ਲਿਆਉਣ ਦੇ ਯਤਨ ਸਦਕਾ ਐਮਸ ਨੇ 1981 ਵਿੱਚ ਮੈਕਸਿਕੋ ਸਿਟੀ ਵਿੱਚ ਦੂਜੀ ਵਿਦੇਸ਼ੀ ਪੋਸਟਿੰਗ ਸਵੀਕਾਰ ਕਰ ਲਈ, ਜਦਕਿ ਉਨ੍ਹਾਂ ਦੀ ਪਤਨੀ ਨਿਊਯਾਰਕ ਵਿੱਚ ਘਰ 'ਚ ਹੀ ਰਹੀ।
ਪਰ ਉਨ੍ਹਾਂ ਦੇ ਵਿਵਹਾਰ ਅਤੇ ਲਗਾਤਾਰ ਜ਼ਿਆਦਾ ਸ਼ਰਾਬ ਪੀਣ ਦਾ ਮਤਲਬ ਸੀ ਕਿ ਉਹ ਖ਼ੁਦ ਨੂੰ ਸੀਆਈਏ ਅਧਿਕਾਰੀ ਦੇ ਰੂਪ 'ਚ ਪਛਾਣਨ ਵਿੱਚ ਅਸਫ਼ਲ ਰਹੇ।

ਤਸਵੀਰ ਸਰੋਤ, Getty Images
1981 ਵਿੱਚ ਮੈਕਸਿਕੋ ਸਿਟੀ 'ਚ ਐਮਸ ਦਾ ਇੱਕ ਸੜਕੀ ਐਕਸੀਡੈਂਟ ਹੋਇਆ। ਇਸ ਮੌਕੇ ਉਹ ਇੰਨੇ ਜ਼ਿਆਦਾ ਨਸ਼ੇ ਵਿੱਚ ਸੀ ਕਿ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਸਮਰਥ ਸੀ ਅਤੇ ਇੱਥੋਂ ਤੱਕ ਕਿ ਉਹ ਮਦਦ ਲਈ ਭੇਜੇ ਗਏ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਨੂੰ ਵੀ ਨਹੀਂ ਪਛਾਣ ਸਕੇ।
ਦੂਤਾਵਾਸ ਵਿਖੇ ਇੱਕ ਕੂਟਨੀਤਕ ਸਵਾਗਤ ਸਮਾਗਮ 'ਚ ਇੱਕ ਕਿਊਬਾ ਅਧਿਕਾਰੀ ਨਾਲ ਸ਼ਰਾਬ ਦੇ ਨਸ਼ੇ ਵਿੱਚ ਅਪਸ਼ਬਦਾਂ ਨਾਲ ਭਰੀ ਬਹਿਸ ਤੋਂ ਬਾਅਦ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਨੇ ਸੀਆਈਏ ਨੂੰ ਸਿਫਾਰਿਸ਼ ਕੀਤੀ ਕਿ ਅਮਰੀਕਾ ਪਰਤਣ 'ਤੇ ਉਨ੍ਹਾਂ ਦੀ ਸ਼ਰਾਬ ਦੀ ਲਤ ਦਾ ਮੁਲਾਂਕਣ ਕੀਤਾ ਜਾਵੇ।
ਐਮਸ ਨੇ ਆਪਣੇ ਨਾਜਾਇਜ਼ ਸਬੰਧਾਂ ਨੂੰ ਵੀ ਜਾਰੀ ਰੱਖਿਆ, ਜਿਨ੍ਹਾਂ ਵਿੱਚੋਂ ਇੱਕ ਉਸ ਦੇ ਲਈ ਇੱਕ ਅਹਿਮ ਮੋੜ ਸਾਬਿਤ ਹੋਇਆ।
1982 ਦੇ ਅੰਤ 'ਚ ਉਸ ਨੇ ਸੀਆਈਏ ਦੇ ਲਈ ਕੰਮ ਕਰਨ ਲਈ ਭਰਤੀ ਕੀਤੀ ਇੱਕ ਕੋਲੰਬੀਆਈ ਮਾਰਿਆ ਡੇਲ ਰੋਸਾਰਿਓ ਕੈਸਾਸ ਡੁਪੁਈ ਦੇ ਨਾਲ ਸਬੰਧ ਸ਼ੁਰੂ ਕੀਤਾ।
ਉਨ੍ਹਾਂ ਦਾ ਰੋਮਾਂਸ ਉਦੋਂ ਤੱਕ ਗੰਭੀਰ ਹੁੰਦਾ ਗਿਆ, ਜਦੋਂ ਤੱਕ ਕਿ ਐਮਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣ, ਰੋਸਾਰਿਓ ਨਾਲ ਵਿਆਹ ਕਰਨ ਅਤੇ ਉਸ ਨੂੰ ਆਪਣੇ ਨਾਲ ਅਮਰੀਕਾ ਵਾਪਸ ਲਿਆਉਣ ਦਾ ਫ਼ੈਸਲਾ ਨਹੀਂ ਕੀਤਾ।
ਸੀਆਈਏ ਵਿੱਚ ਆਪਣੇ ਖ਼ਰਾਬ ਪ੍ਰਦਰਸ਼ਨ ਕਾਰਨ ਐਮਸ ਲਗਾਤਾਰ ਅਸਫ਼ਲ ਹੁੰਦੇ ਰਹੇ।
1983 ਵਿੱਚ ਏਜੰਸੀ ਦੇ ਮੁੱਖ ਦਫਤਰ ਵਿੱਚ ਪਰਤਣ 'ਤੇ ਉਨ੍ਹਾਂ ਨੂੰ ਸੋਵੀਅਤ ਆਪਰੇਸ਼ਨ ਦੇ ਲਈ ਕਾਊਂਟਰਇੰਟੈਲੀਜੈਂਸ ਸ਼ਾਖਾ ਦਾ ਪ੍ਰਮੁੱਖ ਬਣਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਗੁਪਤ ਸੀਆਈਏ ਗਤੀਵਿਧੀਆਂ ਦੇ ਬਾਰੇ ਵਿਆਪਕ ਜਾਣਕਾਰੀ ਮਿਲੀ।
ਐਮਸ ਨੇ ਨੈਨਸੀ ਨੂੰ ਦਿੱਤੇ ਗਏ ਤਲਾਕ ਸਮਝੌਤੇ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਹ ਸਹਿਮਤੀ ਵਿਅਕਤ ਕੀਤੀ ਸੀ ਕਿ ਉਹ ਇੱਕ ਜੋੜੇ ਦੇ ਰੂਪ ਵਿੱਚ ਇਕੱਠੇ ਕੀਤੇ ਕਰਜ਼ੇ ਦਾ ਭੁਗਤਾਨ ਕਰੇਗਾ ਅਤੇ ਨਾਲ ਹੀ ਮਹੀਨਾਵਾਰ ਸਹਾਇਤਾ ਵੀ ਦੇਵੇਗਾ।
ਆਪਣੀ ਨਵੀਂ ਪਤਨੀ ਰੋਸਾਰਿਓ ਦੀ ਮਹਿੰਗੀ ਪਸੰਦ, ਖਰੀਦਦਾਰੀ ਪ੍ਰਤੀ ਉਸ ਦੀ ਦੀਵਾਨਗੀ ਅਤੇ ਕੋਲੰਬੀਆ ਵਿੱਚ ਆਪਣੇ ਪਰਿਵਾਰ ਨੂੰ ਵਾਰ-ਵਾਰ ਫੋਨ ਕਰਨ ਦੇ ਕਾਰਨ ਐਮਸ ਦੀ ਪੈਸਿਆਂ ਦੀ ਸਮੱਸਿਆ ਕੰਟਰੋਲ ਤੋਂ ਬਾਹਰ ਹੋ ਗਈ।
ਬਾਅਦ ਵਿੱਚ ਉਨ੍ਹਾਂ ਨੇ ਐਰਿਜੋਨਾ ਦੇ ਸਿਨੇਟਰ ਡੇਨਿਸ ਡੇਕੋਨਸਿਨੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਧਦੇ ਕਰਜ਼ ਕਾਰਨ ਉਨ੍ਹਾਂ ਰਾਜ਼ਾਂ ਨੂੰ ਵੇਚਣ ਦੇ ਬਾਰੇ ਸੋਚਿਆ, ਜੋ ਉਨ੍ਹਾਂ ਦੇ ਕੋਲ ਸੀ।
ਐਮਸ ਨੇ ਕਿਹਾ, "ਮੈਨੂੰ ਬਹੁਤ ਜ਼ਿਆਦਾ ਵਿੱਤੀ ਦਬਾਅ ਮਹਿਸੂਸ ਹੋਇਆ, ਜਿਸ 'ਤੇ ਪਿੱਛੇ ਮੁੜ ਕੇ ਦੇਖਿਆ ਕਿ ਮੈਂ ਸਪੱਸ਼ਟ ਰੂਪ ਤੋਂ ਜ਼ਰੂਰਤ ਤੋਂ ਜ਼ਿਆਦਾ ਪ੍ਰਤੀਕਿਰਿਆ ਦੇ ਰਿਹਾ ਸੀ।"

ਤਸਵੀਰ ਸਰੋਤ, Getty Images/BBC
ਆਪਣੇ ਦੇਸ਼ ਦੇ ਨਾਲ ਵਿਸ਼ਵਾਸਘਾਤ
ਐੱਫਬੀਆਈ ਏਜੰਟ ਲੇਸਲੀ ਜੀ ਵਾਈਜ਼ਰ ਐਮਸ ਦੀ ਗ੍ਰਿਫ਼ਤਾਰੀ ਦੀ ਜਾਂਚ ਵਿੱਚ ਸ਼ਾਮਲ ਸਨ।
ਉਨ੍ਹਾਂ ਨੇ 2015 ਵਿੱਚ ਬੀਬੀਸੀ ਦੇ ਵਿਟਨੈੱਸ ਹਿਸਟਰੀ ਨੂੰ ਦੱਸਿਆ ਸੀ, "ਇਹ ਪੈਸਿਆਂ ਬਾਰੇ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਉਸ ਨੇ ਕਦੇ ਕਿਸੇ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਉਸ ਤੋਂ ਵੱਧ ਕੁਝ ਹੋਰ ਸੀ।"
16 ਅਪ੍ਰੈਲ 1985 ਨੂੰ ਹਿੰਮਤ ਵਧਾਉਣ ਲਈ ਕੁਝ ਡ੍ਰਿੰਕਸ ਪੀਣ ਤੋਂ ਬਾਅਦ ਐਮਸ ਸਿੱਧਾ ਵਾਸ਼ਿੰਗਟਨ ਡੀਸੀ ਵਿੱਚ ਰੂਸੀ ਦੂਤਾਵਾਸ ਵਿੱਚ ਚਲੇ ਗਏ।
ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੇ ਰਿਸੈਪਸ਼ਨਿਸਟ ਨੂੰ ਇੱਕ ਲਿਫਾਫਾ ਦਿੱਤਾ, ਜਿਸ ਵਿੱਚ ਕੁਝ ਡਬਲ ਏਜੰਟਾਂ ਦੇ ਨਾਮ, ਸੀਆਈਏ ਦੇ ਅੰਦਰੂਨੀ ਸੂਤਰ ਦੇ ਰੂਪ ਵਿੱਚ ਆਪਣੀ ਪਛਾਣ ਦਿਖਾਉਣ ਵਾਲੇ ਦਸਤਾਵੇਜ਼ ਅਤੇ 50,000 ਡਾਲਰ ਦੀ ਮੰਗ ਕਰਨ ਵਾਲਾ ਇੱਕ ਨੋਟ ਸੀ।
ਉਨ੍ਹਾਂ ਨੇ ਸਿਨੇਟ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਲੱਗਿਆ ਸੀ ਕਿ ਉਨ੍ਹਾਂ ਦੇ ਵਿੱਤੀ ਸੰਕਟ 'ਚੋਂ ਬਾਹਰ ਨਿਕਲਣ ਲਈ ਇਹ ਇੱਕ ਵਾਰ ਦਾ ਹੀ ਸੌਦਾ ਹੈ ਪਰ ਉਨ੍ਹਾਂ ਨੂੰ ਜਲਦ ਹੀ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੇ 'ਇੱਕ ਹੱਦ ਪਾਰ ਕਰ ਲਈ ਹੈ ਅਤੇ ਉਹ ਕਦੇ ਪਿੱਛੇ ਨਹੀਂ ਮੁੜ ਸਕਦਾ।ʼ
ਅਗਲੇ ਨੌ ਸਾਲਾਂ ਤੱਕ ਐਮਸ ਨੂੰ ਕੇਜੀਬੀ ਨੂੰ ਬਹੁਤ ਸਿਖ਼ਰਲੀ ਜਾਣਕਾਰੀ ਦੇਣ ਦੇ ਲਈ ਪੈਸੇ ਦਿੱਤੇ ਗਏ।
ਉਹ ਗੁਪਤ ਜਾਣਕਾਰੀ ਵਾਲੇ ਦਸਤਾਵੇਜ਼ ਲੈ ਕੇ ਜਾਂਦਾ ਸੀ, ਜਿਸ ਵਿੱਚ ਮੌਸਕੋ ਦੀ ਪੁਲਾੜ ਦੇ ਸਾਜੋ-ਸਾਮਾਨ ਬਾਰੇ ਸੁਣਨ ਵਾਲੇ ਉਪਕਰਨਾਂ ਤੋਂ ਲੈ ਕੇ ਸੋਵੀਅਤ ਮਿਜ਼ਾਇਲਾਂ ਦੇ ਪਰਮਾਣੂ ਹਥਿਆਰਾਂ ਦੀ ਗਿਣਤੀ ਕਰਨ ਵਿੱਚ ਸਮਰੱਥ ਨਵੀਂ ਅਤਿ-ਅਧੁਨਿਕ ਤਕਨੀਕ ਤੱਕ ਸਭ ਕੁਝ ਸ਼ਾਮਲ ਸੀ।
ਉਹ ਉਨ੍ਹਾਂ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਲਪੇਟਦਾ ਸੀ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਸੀਆਈਏ ਤੋਂ ਬਾਹਰ ਲੈ ਜਾਂਦਾ ਸੀ।

ਤਸਵੀਰ ਸਰੋਤ, Getty Images
ਉਸ ਦੀ ਭੂਮਿਕਾ ਵਿੱਚ ਰੂਸੀ ਕੂਟਨੀਤਕਾਂ ਨਾਲ ਅਧਿਕਾਰਤ ਬੈਠਕਾਂ ਸ਼ਾਮਲ ਸਨ, ਇਸ ਲਈ ਉਹ ਅਕਸਰ ਬਿਨਾਂ ਕੋਈ ਸ਼ੱਕ ਪੈਦਾ ਕੀਤੇ ਆਪਣੇ ਡੀਲਰਾਂ ਨੂੰ ਆਹਮੋ-ਸਾਹਮਣੇ ਮਿਲ ਸਕਦਾ ਸੀ।
ਉਹ ਗੁਪਤ ਪਹਿਲਾਂ ਤੋਂ ਵਿਵਸਥਿਤ ਥਾਵਾਂ 'ਤੇ ਗੁਪਤ ਦਸਤਵੇਜ਼ਾਂ ਦੇ ਪੈਕੇਟ ਵੀ ਛੱਡ ਦਿੰਦਾ ਸੀ, ਜਿਨ੍ਹਾਂ ਨੂੰ ਡੈੱਡ ਡਰੋਪ ਵੀ ਕਿਹਾ ਜਾਂਦਾ ਹੈ।
ਵਿਜ਼ਰ ਨੇ ਕਿਹਾ, "ਜਦੋਂ ਉਹ ਡੈੱਡ ਡਰੋਪ ਕਰਨ ਜਾਂਦਾ ਤਾਂ ਪਹਿਲਾਂ ਉਹ ਪਛਾਣ ਲਈ ਮੇਲਬਾਕਸ 'ਤੇ ਚਾਕ ਦਾ ਨਿਸ਼ਾਨ ਲਗਾਉਂਦਾ ਸੀ ਅਤੇ ਰੂਸੀ ਉਸ ਚਾਕ ਦੇ ਨਿਸ਼ਾਨ ਨੂੰ ਦੇਖ ਲੈਂਦੇ ਸਨ ਅਤੇ ਜਿਸ ਨਾਲ ਉਨ੍ਹਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਡਰਾਪ ਵਿੱਚ ਦਸਤਾਵੇਜ਼ ਲੋਡ ਕੀਤੇ ਗਏ ਹਨ।"
"ਬਾਅਦ ਵਿੱਚ ਜਦੋਂ ਉਹ ਦਸਤਾਵੇਜ਼ ਲੈ ਲੈਂਦੇ ਸੀ ਤਾਂ ਜਾ ਕੇ ਚਾਕ ਦੇ ਨਿਸ਼ਾਨ ਨੂੰ ਮਿਟਾ ਦਿੰਦੇ ਸਨ। ਇਸ ਨਾਲ ਉਸ ਨੂੰ ਪਤਾ ਲੱਗ ਜਾਂਦਾ ਸੀ ਕਿ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਸੁਰੱਖਿਅਤ ਹੋ ਗਿਆ ਹੈ।"
ਐਮਸ ਵੱਲੋਂ ਗੁਪਤ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਦੇ ਕਾਰਨ ਹੀ ਕੇਜੀਬੀ ਨੇ ਸੋਵੀਅਤ ਸੰਘ ਵਿੱਚ ਸੀਆਈਏ ਦੇ ਲਗਭਗ ਸਾਰੇ ਜਾਸੂਸਾਂ ਦੀ ਪਛਾਣ ਕੀਤੀ, ਇਸ ਨਾਲ ਅਮਰੀਕਾ ਦੇ ਗੁਪਤ ਅਭਿਆਨ ਉਥੇ ਪ੍ਰਭਾਵੀ ਰੂਪ ਵਿੱਚ ਬੰਦ ਹੋ ਗਏ।
ਵਿਜ਼ਰ ਨੇ ਕਿਹਾ, "ਮੈਨੂੰ ਅਮਰੀਕਾ ਵਿੱਚ ਕਿਸੇ ਵੀ ਹੋਰ ਜਾਸੂਸ ਜਾਂ ਖ਼ਬਰਾਂ ਬਾਰੇ ਜਾਣਕਾਰੀ ਨਹੀਂ ਹੈ, ਜਿਸ ਨੇ ਮਨੁੱਖੀ ਸੰਪਤੀ ਦੇ ਮਾਮਲੇ ਵਿੱਚ ਮਨੁੱਖੀ ਜੀਵਨ ਨੂੰ ਇੰਨਾ ਨੁਕਸਾਨ ਪਹੁੰਚਾਇਆ ਹੋਵੇ।"

ਤਸਵੀਰ ਸਰੋਤ, Getty Images
ਸੀਆਈਏ ਦੀ ਇੰਨੀ ਸਾਰੇ ਜਸੂਸਾਂ ਦੇ ਅਚਾਨਕ ਗਾਇਬ ਹੋਣ ਨਾਲ ਅਲਾਰਮ ਵਜ ਗਿਆ ਅਤੇ 1986 ਵਿੱਚ ਏਜੰਸੀ ਅੰਦਰ ਜਾਸੂਸ ਦੀ ਤਲਾਸ਼ ਸ਼ੁਰੂ ਹੋ ਗਈ ਪਰ ਐਮਸ ਇੱਕ ਦਹਾਕੇ ਤੱਕ ਰਡਾਰ ਤੋਂ ਗਾਇਬ ਰਿਹਾ।
ਉਸ ਨੂੰ ਆਪਣੇ ਵਿਸ਼ਵਾਸਘਾਤ ਦੇ ਲਈ ਬਹੁਜ਼ ਜ਼ਿਆਦਾ ਭੁਗਤਾਨ ਕੀਤਾ ਗਿਆ। ਸੋਵੀਅਤ ਸੰਘ ਤੋਂ ਕੁਲ ਮਿਲਾ ਕੇ ਲਗਭਗ 2.5 ਮਿਲੀਅਨ ਡਾਲਰ ਮਿਲੇ। ਐਮਸ ਨੇ ਆਪਣੀ ਨਵੀਂ-ਨਵੀਂ ਮਿਲੀ ਦੌਲਤ ਨੂੰ ਛੁਪਾਉਣ ਦੀ ਬਹੁਤੀ ਕੋਸ਼ਿਸ਼ ਨਹੀਂ ਕੀਤੀ।
70,000 ਡਾਲਰ ਪ੍ਰਤੀ ਸਾਲ ਤੋਂ ਜ਼ਿਆਦਾ ਵੇਤਨ ਨਾ ਮਿਲਣ ਦੇ ਬਾਵਜੂਦ ਉਸ ਨੇ 5,40,000 ਡਾਲਰ ਦਾ ਇੱਕ ਨਵਾਂ ਘਰ ਨਕਦ ਖਰੀਦਿਆ, ਘਰ ਦੀ ਮੁਰੰਮਤ 'ਤੇ ਹਜ਼ਾਰਾਂ ਡਾਲਰ ਖਰਚ ਕੀਤੇ ਅਤੇ ਇੱਕ ਜੈਗੁਆਰ ਕਾਰ ਖਰੀਦੀ।
ਇਹ ਉਸ ਦੀ ਸ਼ਾਨਦਾਰ ਜੀਵਨਸ਼ੈਲੀ ਅਤੇ ਖਰਚ ਹੀ ਸੀ, ਜਿਸ ਨੇ ਉਸ ਨੂੰ ਸੁਰਖ਼ੀਆਂ ਵਿੱਚ ਲਿਆ ਦਿੱਤਾ ਅਤੇ 1994 ਵਿੱਚ ਵਿਜ਼ਰ ਦੀ ਐੱਫਬੀਆਈ ਟੀਮ ਨੇ ਅੰਤ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਫਬੀਆਈ ਵੱਲੋਂ ਫੜ੍ਹੇ ਜਾਣ ਤੋਂ ਬਾਅਦ ਐਮਸ ਨੇ ਅਧਿਕਾਰੀਆਂ ਨਾਲ ਸਹਿਯੋਗ ਕੀਤਾ।
ਉਸ ਨੇ ਆਪਣੀ ਜਾਸੂਸੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਬਦਲੇ ਰੋਸਾਰਿਓ ਦੇ ਲਈ ਇੱਕ ਨਰਮ ਸਜ਼ਾ ਨਿਸ਼ਚਿਤ ਹੋਈ। ਉਸ ਨੇ ਸਵੀਕਾਰ ਕੀਤਾ ਕਿ ਉਸ ਨੂੰ ਨਕਦੀ ਅਤੇ ਸੋਵੀਅਤ ਦੇ ਨਾਲ ਐਮਸ ਦੀਆਂ ਬੈਠਕਾਂ ਬਾਰੇ ਪਤਾ ਸੀ।
ਉਸ ਨੂੰ ਪੰਜ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। ਐਮਸ ਇੱਕ ਡਬਲ ਏਜੰਟ ਦੇ ਰੂਪ ਵਿੱਚ ਉਜਾਗਰ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਉੱਚ ਰੈਕਿੰਗ ਵਾਲਾ ਸੀਆਈਏ ਅਧਿਕਾਰੀ ਹੈ, ਜੋ ਇੰਡੀਆਨਾ ਦੇ ਟੇਰੇ ਹਾਉਤੇ ਵਿੱਚ ਇੱਕ ਅਮਰੀਕੀ ਸੰਘੀ ਜੇਲ੍ਹ ਵਿੱਚ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਐਮਸ ਨੇ ਅੱਜ ਤੱਕ ਆਪਣੇ ਕੀਤੇ ਜਾਂ ਉਨ੍ਹਾਂ ਦੀ ਵਜ੍ਹਾ ਨਾਲ ਹੋਈਆਂ ਮੌਤਾਂ ਬਾਰੇ ਬਹੁਤ ਘੱਟ ਪਛਤਾਵਾ ਕੀਤਾ।
ਐਮਸ ਬਾਰੇ ਵਿਜ਼ਰ ਨੇ ਕਿਹਾ, "ਉਹ ਖੁਦ ਦੇ ਬਾਰੇ ਬਹੁਤ ਉੱਚ ਵਿਚਾਰ ਰੱਖਦਾ ਸੀ। ਉਸ ਨੂੰ ਫੜ੍ਹੇ ਜਾਣ ਦਾ ਪਛਤਾਵਾ ਹੈ। ਉਸ ਨੂੰ ਜਾਸੂਸ ਹੋਣ ਦਾ ਕੋਈ ਪਛਤਾਵਾ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












