ਸਰਪ੍ਰੀਤ ਸਿੰਘ: ਫੀਫਾ ਫੁਟਬਾਲ ਵਿਸ਼ਵ ਕੱਪ ਖੇਡਣ ਜਾ ਰਿਹਾ ਪਹਿਲਾ ਪੰਜਾਬੀ ਕੌਣ ਹੈ, ਕਿਵੇਂ ਉਹ ਫੁਟਬਾਲ ਦੇ ਵੱਡੇ ਲੈਵਲ ਤੱਕ ਪਹੁੰਚਿਆ

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਨਿਊਜ਼ੀਲੈਂਡ ਦੀ ਫੁਟਬਾਲ ਟੀਮ ਨੇ ਜਦੋਂ ਆਕਲੈਂਡ ਦੇ ਈਡਨ ਪਾਰਕ ਵਿੱਚ ਨਿਊ ਕੈਲੇਡੋਨੀਆ ਦੀ ਟੀਮ ਨੂੰ 3-0 ਨਾਲ ਹਰਾਇਆ ਤਾਂ ਉਸ ਨੇ ਫੀਫਾ ਵਿਸ਼ਵ ਕੱਪ-2026 ਲਈ ਆਪਣਾ ਰਾਹ ਸਾਫ਼ ਕਰ ਲਿਆ ਸੀ।

24 ਮਾਰਚ 2025 ਦੀ ਇਹ ਰਾਤ ਸਿਰਫ ਕੀਵੀਜ਼ ਲਈ ਜਸ਼ਨ ਦੀ ਰਾਤ ਨਹੀਂ ਸੀ, ਸਗੋਂ ਨਿਊਜ਼ੀਲੈਂਡ ਦੀ ਟੀਮ ਦਾ ਫੀਫਾ ਵਿਸ਼ਵ ਕੱਪ ਵਿੱਚ ਕੁਲਾਈਫਾਈ ਕਰਨਾ ਭਾਰਤੀਆਂ ਖ਼ਾਸਕਰ ਪੰਜਾਬ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਬਣ ਗਈ ਸੀ।

ਕਿਉਂਕਿ ਇਸ ਓਸ਼ੀਆਨਾ ਕੁਆਲੀਫਾਇਰ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਦੀ 10 ਨੰਬਰ ਜਰਸੀ ਪਾਈ ਖੇਡ ਰਿਹਾ ਖਿਡਾਰੀ ਸਰਪ੍ਰੀਤ ਸਿੰਘ ਸੀ, ਜੋ ਕਿ ਫੀਫਾ ਵਿਸ਼ਵ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣਨ ਜਾ ਰਿਹਾ ਹੈ।

ਨਿਊਜ਼ੀਲੈਂਡ ਦੀ ਟੀਮ 2010 ਤੋਂ ਬਾਅਦ 16 ਸਾਲਾਂ ਮਗਰੋਂ ਫੀਫਾ ਵਿਸ਼ਵ ਕੱਪ ਦਾ ਹਿੱਸਾ ਬਣਨ ਜਾ ਰਹੀ ਹੈ।

ਕੌਣ ਹੈ ਸਰਪ੍ਰੀਤ ਸਿੰਘ ਤੇ ਕੀ ਹੈ ਪੰਜਾਬ ਨਾਲ ਨਾਤਾ

ਸਰਪ੍ਰੀਤ ਸਿੰਘ ਦਾ ਜਨਮ ਇੱਕ ਸਿੱਖ ਪਰਿਵਾਰ ਦੇ ਘਰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਹੋਇਆ।

ਸਰਪ੍ਰੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜਲੰਧਰ ਨਾਲ ਹੈ। ਉਨ੍ਹਾਂ ਦੇ ਪਿਤਾ ਸਿੱਖ ਹਨ, ਜਦਕਿ ਮਾਂ ਈਸਾਈ ਧਰਮ ਨਾਲ ਸਬੰਧਤ ਹਨ।

ਨਿਊਜ਼ੀਲੈਂਡ ਦੀ ਟੀਮ ਦਾ 26 ਸਾਲਾ ਇਹ ਖਿਡਾਰੀ ਮਿੱਡ ਫਿਲਡਰ ਹੈ, ਜੋ ਆਕਲੈਂਡ ਦੇ ਈਡਨ ਪਾਰਕ ਵਿੱਚ ਖੇਡੇ ਗਏ 2026 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦਾ ਹਿੱਸਾ ਸਨ।

ਸਰਪ੍ਰੀਤ ਜੇ ਫੀਫਾ ਵਿਸ਼ਵ ਕੱਪ-2026 ਦਾ ਹਿੱਸਾ ਬਣਦੇ ਹਨ ਤਾਂ ਉਹ ਭਾਰਤੀ ਮੂਲ ਦੇ ਦੂਜੇ ਖਿਡਾਰੀ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਵਿਕਾਸ ਰਾਵ ਧੋਰਾਸੂ ਸਾਲ 2006 ਵਿੱਚ ਉਪ ਜੇਤੂ ਰਹੀ ਫਰਾਂਸ ਟੀਮ ਹਿੱਸਾ ਸਨ। ਪਰ ਇਸ ਦੌਰਾਨ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।

ਪਰ ਜੇ ਸਰਪ੍ਰੀਤ ਨੂੰ 2026 ਵਿੱਚ ਨਿਊਜ਼ੀਲੈਂਡ ਦੀ ਟੀਮ ਵੱਲੋਂ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਫੀਫਾ ਕੱਪ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਜਾਣਗੇ।

ਬੀਬੀਸੀ ਸਪੋਰਟ ਨਾਲ ਗੱਲਬਾਤ ਦੌਰਾਨ ਆਪਣੀ ਪ੍ਰਾਪਤੀ ਬਾਰੇ ਸਰਪ੍ਰੀਤ ਨੇ ਕਿਹਾ ਸੀ, "ਨਿਊਜ਼ੀਲੈਂਡ ਤੋਂ ਭਾਰਤੀ ਮੂਲ ਦੇ ਖਿਡਾਰੀ ਦਾ ਆਉਣਾ, ਅਜਿਹਾ ਬਹੁਤੀ ਵਾਰ ਨਹੀਂ ਹੁੰਦਾ। ਜਦੋਂ ਮੈਂ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਲਈ ਖੇਡਦਾ ਹਾਂ ਤਾਂ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ 'ਅੰਡਰਡੌਗ' ਹਾਂ। ਪਰ ਮੇਰੇ ਲਈ, ਇਹ ਸਭ ਇੱਕ ਸੋਚ ਹੈ। ਇਹ ਸਿਰਫ਼ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਮਿਹਨਤ ਕਰਨਾ ਚਾਹੁੰਦੇ ਹੋ। ਇੱਥੇ ਸਭ ਕੁਝ ਸੰਭਵ ਹੈ।"

ਸਰਪ੍ਰੀਤ ਦੇ ਛੋਟੀ ਉਮਰੇ ਵੱਡੇ ਕਮਾਲ

ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਬੱਚਿਆਂ ਲਈ ਫੁਟਬਾਲ ਪਹਿਲੀ ਪਸੰਦ ਨਹੀਂ ਹੈ, ਉਹ ਹਾਕੀ ਅਤੇ ਕ੍ਰਿਕਟ ਨੂੰ ਪਸੰਦ ਕਰਦੇ ਹਨ। ਪਰ ਸਰਪ੍ਰੀਤ ਦੀ ਕਹਾਣੀ ਵਿੱਚ ਇਹ ਉਲਟ ਸੀ।

ਸਰਪ੍ਰੀਤ ਸਿੰਘ ਆਪਣੇ ਫੁਟਬਾਲ ਕਰੀਅਰ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਮਾਤਾ ਨੂੰ ਉਨ੍ਹਾਂ ਦੀ ਛੋਟੀ ਉਮਰ ਵਿੱਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਥੋੜ੍ਹਾ ਵੱਖਰਾ ਹੈ ਤੇ ਉਸ ਕੋਲ ਇੱਕ ਤੋਹਫ਼ਾ ਹੈ।

ਖੇਡਾਂ ਸਬੰਧੀ ਭਾਰਤੀ ਮਾਪਿਆਂ ਦੀ ਸੋਚ ਬਾਰੇ ਸਰਪ੍ਰੀਤ ਦਾ ਕਹਿਣਾ ਹੈ, "ਕਈ ਵਾਰ ਭਾਰਤੀ ਮਾਪੇ ਕਹਿੰਦੇ ਹਨ ਇਸ ਦੀ ਅਜੇ ਕੀ ਲੋੜ ਹੈ ਪਰ ਬਹੁਤ ਮਹੱਤਵਪੂਰਨ ਹੈ, ਖ਼ਾਸਕਰ ਉਸ ਸਮੇਂ ਜਦੋਂ ਬੱਚੇ ਛੋਟੇ ਹਨ।"

"ਭਾਰਤੀ ਮਾਪੇ ਥੋੜ੍ਹੇ ਸਖਤ ਹੁੰਦੇ ਹਨ ਪਰ ਮੇਰੀ ਮਾਂ ਖੁਦ ਮੈਨੂੰ ਅਭਿਆਸ ਕਰਵਾਉਣ ਲਈ ਲੈ ਕੇ ਜਾਂਦੇ ਸਨ।"

ਸਪੋਰਟਸਟਾਰ ਦੀ ਇੱਕ ਰਿਪੋਰਟ ਮੁਤਾਬਕ ਸਰਪ੍ਰੀਤ ਦੀ ਮਾਤਾ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਦਿਆਂ ਸੱਤ ਸਾਲ ਦੀ ਉਮਰ ਵਿੱਚ ਇੱਕ ਫੁਟਬਾਲ ਕਲੱਬ ਵਿੱਚ ਦਾਖਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਸਰਪ੍ਰੀਤ ਨੇ ਆਪਣੇ ਫੁਟਬਾਲ ਕਰੀਅਰ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ।

ਉਹ ਅੰਡਰ-17 ਓਸ਼ਿਆਨਾ ਕੱਪ ਅਤੇ ਅੰਡਰ-20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਟੀਮ ਦਾ ਹਿੱਸਾ ਬਣੇ। ਇਸ ਟੂਰਨਾਮੈਂਟ ਵਿੱਚ ਸਰਪ੍ਰੀਤ ਸਿੰਘ ਦੇ ਜੌਹਰਾਂ ਨੇ ਯੂਰਪੀ ਕਲੱਬਾਂ ਦਾ ਧਿਆਨ ਉਸ ਵੱਲ ਖਿੱਚਿਆ।

ਯੂਰਪ ਦੇ ਵੱਡੇ ਕਲੱਬ ਵਿੱਚ ਐਂਟਰੀ

ਸਾਲ 2019 ਸਰਪ੍ਰੀਤ ਸਿੰਘ ਲਈ ਉਸ ਦੇ ਸੁਪਨੇ ਪੂਰੇ ਕਰਨ ਵਾਲਾ ਸਾਲ ਸੀ, ਜਦੋਂ ਯੂਰਪ ਅਤੇ ਜਰਮਨ ਦੇ ਵੱਡੇ ਫੁਟਬਾਲ ਕਲੱਬ ਬਾਇਰਨ ਮਿਊਨਿਖ ਨੇ ਉਸ ਨੂੰ ਸਾਈਨ ਕੀਤਾ।

ਇਹ ਉਹ ਦੌਰ ਸੀ ਜਦੋਂ ਸਰਪ੍ਰੀਤ ਦੇ ਕਰੀਅਰ ਦਾ ਉਭਾਰ ਹੋਇਆ। ਸਰਪ੍ਰੀਤ ਦਿੱਗਜ਼ ਖਿਡਾਰੀਆਂ ਨਾਲ ਸਜੀ ਟੀਮ ਦਾ ਹਿੱਸਾ ਬਣਿਆ। ਉਸ ਦੀ ਖੇਡ ਨੇ ਕਲੱਬ ਦੇ ਕੋਚ ਨੂੰ ਪ੍ਰਭਾਵਿਤ ਕੀਤਾ ਤੇ ਜਲਦ ਹੀ ਉਹ ਆਪਣੀ ਟਰੇਨਿੰਗ ਤੋਂ ਬਾਅਦ ਟੀਮ ਵਿੱਚ ਸ਼ਾਮਲ ਹੋ ਗਿਆ।

ਆਪਣੀ ਇਸ ਪ੍ਰਾਪਤੀ ਬਾਰੇ ਸਰਪ੍ਰੀਤ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਇਹ ਇਸ ਤਰ੍ਹਾਂ ਸੀ ਕਿ ਤੁਸੀਂ ਸਖ਼ਤ ਮਿਹਨਤ ਕਰਦੇ ਹੋ ਅਤੇ ਤੁਹਾਨੂੰ ਉਸ ਦਾ ਫ਼ਲ ਮਿਲਦਾ ਹੈ। ਪਰ ਇਹ ਸਿਰਫ਼ ਹਾਲੇ ਸ਼ੁਰੂਆਤ ਹੈ।"

ਸਰਪ੍ਰੀਤ ਨੇ ਬਾਇਰਨ ਮਿਊਨਿਖ ਨਾਲ ਤਿੰਨ ਸਾਲ ਸਾਈਨ ਹੋਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ਉਪਰ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਉਨ੍ਹਾਂ ਦਾ ਸੁਪਨਾ ਸਾਕਾਰ ਹੋ ਗਿਆ।

ਯੂਰਪੀ ਕਲੱਬ ਵਿੱਚ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਉਨ੍ਹਾਂ ਦੇ ਸਾਹਮਣੇ ਦੁਨੀਆ ਦੇ ਬਿਹਤਰੀਨ ਖਿਡਾਰੀ ਸੀ ਅਤੇ ਘਰ ਤੋਂ ਦੂਰ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸੀ।

ਸਰਪ੍ਰੀਤ ਮੰਨਦੇ ਹਨ ਕਿ ਬਾਹਰਲਾ ਖਿਡਾਰੀ ਹੋਣ ਕਾਰਨ ਉਨ੍ਹਾਂ ਉਪਰ ਚੰਗੇ ਪ੍ਰਦਰਸ਼ਨ ਦਾ ਬਹੁਤ ਦਬਾਅ ਸੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਈ।

ਨਿਊਜ਼ੀਲੈਂਡ ਦੀ ਟੀਮ ਲਈ ਪ੍ਰਦਰਸ਼ਨ

ਸਰਪ੍ਰੀਤ ਦਾ ਯੂਰਪੀ ਫੁਟਬਾਲ ਕਲੱਬ ਵਿੱਚ ਸਫ਼ਰ ਕੁਝ ਬਹੁਤਾ ਖਾਸ ਨਹੀਂ ਰਿਹਾ। ਪਰ ਉਨ੍ਹਾਂ ਨੇ ਆਪਣੀ ਨੈਸ਼ਨਲ ਟੀਮ ਯਾਨਿ ਨਿਊਜ਼ੀਲੈਂਡ ਲਈ ਕਿਤੇ ਜ਼ਿਆਦਾ ਸਫ਼ਲਤਾ ਹਾਸਿਲ ਕੀਤੀ ਹੈ।

ਉਹ ਸਾਲ 2018 ਤੋਂ ਨਿਊਜ਼ੀਲੈਂਡ ਦੀ ਟੀਮ ਦਾ ਹਿੱਸਾ ਰਹੇ ਹਨ। ਸਾਲ 2018 ਵਿੱਚ ਇੰਟਰਕੌਂਟੀਨੈਂਟਲ ਕੱਪ ਵਿੱਚ ਕੀਨੀਆ ਖ਼ਿਲਾਫ਼ ਸਰਪ੍ਰੀਤ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਗੋਲ ਕੀਤਾ ਸੀ।

ਉਸੇ ਟੂਰਨਾਮੈਂਟ ਵਿੱਚ ਭਾਰਤ 'ਤੇ ਨਿਊਜ਼ੀਲੈਂਡ ਦੀ 2-1 ਦੀ ਜਿੱਤ ਵਿੱਚ ਸਰਪ੍ਰੀਤ ਨੇ ਦੋ ਗੋਲ ਦਾਗ਼ੇ ਸਨ।

ਤਿੰਨ ਦੇਸ਼ਾਂ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ

ਫੁਟਬਾਲ ਦੁਨੀਆ ਭਰ ਵਿੱਚ ਪਸੰਦ ਕੀਤੀ ਜਾਣ ਵਾਲੀ ਖੇਡ ਹੈ, ਜਿਸ ਦੇ ਦੀਵਾਨੇ ਇਸ ਖੇਡ ਤੇ ਖਿਡਾਰੀਆਂ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ।

ਫੀਫਾ ਵਿਸ਼ਵ ਕੱਪ ਦੀ ਅਧਿਕਾਰਤ ਵੈਬਸਾਈਟ ਮੁਤਾਬਕ ਸਾਲ 2026 ਵਿੱਚ ਹੋਣ ਵਾਲਾ ਫੁਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਫੀਫਾ ਵਿਸ਼ਵ ਕੱਪ ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸਿਕੋ ਵਿੱਚ ਕਰਵਾਇਆ ਜਾ ਰਿਹਾ ਹੈ।

ਫੁਟਬਾਲ ਦਾ ਇਹ ਟੂਰਨਾਮੈਂਟ 2026 ਵਿੱਚ 11 ਜੂਨ ਤੋਂ 19 ਜੁਲਾਈ ਤੱਕ ਕਰਵਾਇਆ ਜਾਵੇਗਾ।

ਇਹ ਟੂਰਨਾਮੈਂਟ ਤਿੰਨ ਦੇਸ਼ਾਂ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਹੈ। 1994 ਤੋਂ ਬਾਅਦ ਇਹ ਪਹਿਲੀ ਵਾਰ ਉਤਰੀ ਅਮਰੀਕਾ ਵਿੱਚ ਹੋ ਰਿਹਾ ਹੈ।

ਇਸ ਟੂਰਨਾਮੈਂਟ ਵਿੱਚ 48 ਟੀਮਾਂ ਹਿੱਸਾ ਲੈਣਗੀਆਂ।

ਇਸ ਦਾ ਫਾਈਨਲ ਮੁਕਾਬਲਾ 19 ਜੁਲਾਈ ਨੂੰ ਖੇਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ-2022 ਵਿੱਚ ਅਰਜਨਟੀਨਾ ਨੇ ਇਹ ਖ਼ਿਤਾਬ ਆਪਣੇ ਨਾਮ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)