ਜੋਧਪੁਰ ਦੇ ‘ਨੀਲੇ’ ਮਕਾਨ ਆਪਣੀ ਪਛਾਣ ਕਿਉਂ ਗੁਆ ਰਹੇ ਹਨ, ਇਹ ਸੰਕਟ ਕਿਵੇਂ ਪੈਦਾ ਹੋਇਆ

 ਜੋਧਪੁਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬ੍ਰਹਮਪੁਰੀ ਦੇ ਨੀਲੇ ਮਕਾਨ ਹੁਣ ਜੋਧਪੁਰ ਦੀ ਪਛਾਣ ਦੇ ਖਾਸ ਪ੍ਰਤੀਕ ਬਣ ਚੁੱਕੇ ਹਨ
    • ਲੇਖਕ, ਅਰਸ਼ੀਆ
    • ਰੋਲ, ਬੀਬੀਸੀ ਸਹਿਯੋਗੀ

ਬਲੂ ਸਿਟੀ ਦੇ ਨਾਮ ਨਾਲ ਮਸ਼ਹੂਰ ਰਾਜਸਥਾਨ ਦਾ ਜੋਧਪੁਰ ਸ਼ਹਿਰ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ।

ਲੇਖਿਕਾ ਅਰਸ਼ੀਆ ਦਾ ਕਹਿਣਾ ਹੈ ਕਿ ਹੁਣ ਸ਼ਹਿਰ ਵਿੱਚ ਨੀਲੇ ਰੰਗ ਦੀਆਂ ਇਮਾਰਤਾਂ ਆਪਣੀ ਰੌਣਕ ਅਤੇ ਰੰਗ ਖੋਹਦੀਆਂ ਜਾ ਰਹੀਆਂ ਹਨ।

ਜੋਧਪੁਰ ਵਿੱਚ ਬ੍ਰਹਮਪੁਰੀ ਦਾ ਇਹ ਇਲਾਕਾ ਇੱਕ ਪ੍ਰਸਿੱਧ ਮਹਿਰਾਨਗੜ੍ਹ ਕਿਲ੍ਹੇ ਦੇ ਪਰਛਾਵੇਂ ਹੇਠ ਵਸਿਆ ਹੋਇਆ ਹੈ।

1459 ਵਿੱਚ ਰਾਜਪੂਤ ਰਾਜਾ ਰਾਵ ਜੋਧਾ ਨੇ ਮਹਿਰਾਨਗੜ੍ਹ ਨਾਮ ਦੇ ਇੱਕ ਵੱਡੇ ਕਿਲ੍ਹੇ ਦੇ ਨਾਲ ਇੱਕ ਮਜ਼ਬੂਤ ਚਾਰਦੀਵਾਰੀ ਵਾਲਾ ਸ਼ਹਿਰ ਬਣਵਾਇਆ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਾਜਾ ਦੇ ਨਾਮ ’ਤੇ ਇਸ ਸ਼ਹਿਰ ਨੂੰ ਜੋਧਪੁਰ ਕਿਹਾ ਗਿਆ ਅਤੇ ਬਾਅਦ ਵਿੱਚ ਨੀਲੇ ਰੰਗ ਦੇ ਘਰਾਂ ਵਾਲੇ ਇਸ ਇਲਾਕੇ ਨੂੰ ਜੋਧਪੁਰ ਦੇ ਪੁਰਾਣੇ ਜਾਂ ਮੂਲ ਸ਼ਹਿਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ।

ਜਿੰਦਲ ਸਕੂਲ ਆਫ ਆਰਟ ਐਂਡ ਆਰਕੀਟੈਕਚਰ ਦੀ ਸਹਾਇਕ ਪ੍ਰੋਫੈਸਰ ਐਸਤੇਰ ਕ੍ਰਿਸਟਿਨ ਸ਼ਿਮਟ ਦਾ ਕਹਿਣਾ ਹੈ ਕਿ ਇਸ ਪ੍ਰਸਿੱਧ ਨੀਲੇ ਰੰਗ ਨੂੰ ਸੰਭਵ ਤੌਰ ’ਤੇ 17ਵੀਂ ਸਦੀ ਤੋਂ ਪਹਿਲਾਂ ਨਹੀਂ ਅਪਣਾਇਆ ਗਿਆ ਸੀ।

ਪਰ ਉਦੋਂ ਤੋਂ, ਇਸ ਇਲਾਕੇ ਦੇ ਨੀਲੇ ਰੰਗ ਦੇ ਘਰ ਜੋਧਪੁਰ ਸ਼ਹਿਰ ਦੀ ਪਛਾਣ ਦੇ ਖਾਸ ਪ੍ਰਤੀਕ ਬਣ ਗਏ ਹਨ।

ਮਹਿਰਾਨਗੜ੍ਹ ਅਜਾਇਬਘਰ ਦੀ ਦੇਖ-ਰੇਖ ਕਰਨ ਵਾਲੇ ਸੁਨੈਨਾ ਰਾਠੌਰ ਦੱਸਦੇ ਹਨ,“ਰਾਜਸਥਾਨ ਦੇ ਜੋਧਪੁਰ ਨੂੰ ‘ਬਲੂ ਸਿਟੀ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਕਿਉਂਕਿ ਪਿਛਲੇ 70 ਸਾਲਾਂ ਵਿੱਚ ਵਿਸਤਾਰ ਤੋਂ ਬਾਅਦ ਵੀ ਬ੍ਰਹਮਪੁਰੀ ਇਸ ਦਾ ਦਿਲ ਬਣਿਆ ਹੋਇਆ ਹੈ।”

‘ਸ਼ੇਫਚੌਇਨ’ ਨਾਲ ਹੁੰਦੀ ਹੈ ਤੁਲਨਾ

ਜੋਧਪੁਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਧਪੁਰ ਦੀ ਤੁਲਨਾ ਅਕਸਰ ਸ਼ੇਫਚੌਇਨ ਨਾਲ ਕੀਤੀ ਜਾਂਦੀ ਹੈ

ਬ੍ਰਹਮਪੁਰੀ, ਜਿਸਦਾ ਸੰਸਕ੍ਰਿਤ ਵਿੱਚ ਮਤਲਬ ਹੁੰਦਾ ਹੈ, ‘ਬਾਹਮਣਾਂ ਦਾ ਸ਼ਹਿਰ’।

ਇਸ ਦਾ ਨਿਰਮਾਣ ਕਥਿਤ ਉੱਚੀ ਜਾਤੀ ਵਾਲੇ ਪਰਿਵਾਰਾਂ ਦੀ ਇੱਕ ਬਸਤੀ ਦੇ ਰੂਪ ਵਿੱਚ ਕੀਤਾ ਗਿਆ ਸੀ।

ਇਥੇ ਰਹਿਣ ਵਾਲੇ ਲੋਕਾਂ ਨੇ ਨੀਲੇ ਰੰਗ ਨੂੰ ਹਿੰਦੂ ਜਾਤੀ ਪ੍ਰਣਾਲੀ ਪ੍ਰਤੀ ਆਪਣੀ ਵਿਲੱਖਣ ਸਮਾਜਿਕ-ਸੱਭਿਆਚਾਰਕ ਅਤੇ ਧਾਰਮਿਕ ਸ਼ਰਧਾ ਦੇ ਪ੍ਰਤੀਕ ਵਜੋਂ ਅਪਣਾਇਆ ਸੀ।

ਉਹ ਖੁਦ ਦੀ ਪਛਾਣ ਉਸੇ ਤਰ੍ਹਾਂ ਵੱਖਰੀ ਦੱਸਦੇ ਹਨ, ਜਿਵੇਂ ਕਿ ਮੋਰਾਕੋ ਦੇ ਸ਼ੇਫਚੌਇਨ ਦੇ ਯਹੂਦੀ, ਜੋ 15ਵੀਂ ਸਦੀ ਵਿੱਚ ਸਪੇਨ ਦੀ ਕਾਨੂੰਨੀ ਜਾਂਚ ਤੋਂ ਭੱਜਦੇ ਸਮੇਂ ਮਦੀਨਾ ਨਾਮ ਦੇ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਆ ਕੇ ਵਸ ਗਏ ਸਨ।

ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਘਰਾਂ, ਧਾਰਮਿਕ ਸਥਾਨਾਂ, ਇੱਥੋਂ ਤੱਕ ਕਿ ਜਨਤਕ ਦਫ਼ਤਰਾਂ ਨੂੰ ਵੀ ਨੀਲੇ ਰੰਗ ਨਾਲ ਰੰਗ ਦਿੱਤਾ ਸੀ, ਜਿਸ ਨੂੰ ਯਹੂਦੀ ਧਰਮ ਵਿੱਚ ਇੱਕ ਪਵਿੱਤਰ ਰੰਗ ਮੰਨਿਆ ਜਾਂਦਾ ਹੈ।

ਆਖਿਰਕਾਰ ਇਹ ਰੰਗ ਕਈ ਮਾਅਇਨਾਂ ਵਿੱਚ ਫਾਇਦੇਮੰਦ ਸਾਬਿਤ ਹੋਇਆ। ਚੂਨਾ ਪੱਥਰ ਪਲਾਸਟਰ ਨਾਲ ਮਿਲਾਏ ਗਏ ਨੀਲੇ ਰੰਗ ਨਾਲ ਘਰ ਨੂੰ ਅੰਦਰ ਤੋਂ ਠੰਢਾ ਰੱਖਣ ਵਿੱਚ ਮਦਦ ਮਿਲਦੀ ਹੈ। ਬ੍ਰਹਮਪੁਰੀ ਵਿੱਚ ਵੀ ਇਸੇ ਤਰ੍ਹਾਂ ਦੇ ਘੋਲ ਦਾ ਇਸਤੇਮਾਲ ਹੋਇਆ ਹੈ।

ਇਹ ਨਾ ਕੇਵਲ ਘਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਦੇ ਹਨ, ਬਲਕਿ ਸੈਲਾਨੀਆਂ ਨੂੰ ਵੀ ਆਪਣੇ ਵੱਲ ਖਿੱਚਦੇ ਹਨ।

ਪਰ ਸ਼ੇਫਚੌਇਨ ਦੇ ਉਲਟ ਜੋਧਪੁਰ ਵਿੱਚ ਨੀਲਾ ਰੰਗ ਫਿੱਕਾ ਪੈਣ ਲੱਗਾ ਹੈ। ਇਸ ਦੇ ਕਈ ਕਾਰਨ ਹਨ।

ਇਤਿਹਾਸਕ ਰੂਪ ਵਿੱਚ ਦੇਖਿਆ ਜਾਵੇ ਤਾਂ ਆਸਾਨੀ ਨਾਲ ਉਪਲਬਧ ਹੋਣ ਕਾਰਨ ਬ੍ਰਹਮਪੁਰੀ ਦੇ ਲੋਕਾਂ ਲਈ ਪੇਂਟ ਦਾ ਇਹ ਬਿਹਤਰ ਬਦਲ ਸੀ।

ਪੂਰਬੀ ਰਾਜਸਥਾਨ ਦਾ ਬਿਆਨਾ ਸ਼ਹਿਰ ਉਸ ਸਮੇਂ ਦੇਸ਼ ਵਿੱਚ ਪ੍ਰਮੁੱਖ ਨੀਲ ਉਤਪਾਦਕ ਕੇਂਦਰਾਂ ਵਿੱਚੋਂ ਇੱਕ ਸੀ। ਪਰ ਸਮੇਂ ਦੇ ਨਾਲ ਨੀਲ ਦੀ ਖੇਤੀ ਘੱਟ ਹੁੰਦੀ ਗਈ ਕਿਉਂਕਿ ਇਸ ਨੂੰ ਉਗਾਉਣ ਨਾਲ ਮਿੱਟੀ ਨੂੰ ਬਹੁਤ ਨੁਕਸਾਨ ਪਹੁੰਚਦਾ ਸੀ।

ਤਾਪਮਾਨ ਬਣਿਆ ਸਮੱਸਿਆ

ਜੋਧਪੁਰ

ਤਸਵੀਰ ਸਰੋਤ, ਤਰੁਣ ਸ਼ਰਮਾ

ਤਸਵੀਰ ਕੈਪਸ਼ਨ, ਜੋਧਪੁਰ ਦੇ ਇਸ ਇਲਾਕੇ ਵਿੱਚ ਹੁਣ ਘਰਾਂ ਨੂੰ ਹੋਰਾਂ ਰੰਗਾਂ ਨਾਲ ਵੀ ਰੰਗਿਆ ਜਾਂਦਾ ਹੈ

ਵਧਦੇ ਤਾਪਮਾਨ ਨੇ ਵੀ ਇਸਦੀ ਰੌਣਕ ਨੂੰ ਧੱਕਾ ਪਹੁੰਚਾਇਆ ਹੈ। ਹੁਣ ਘਰਾਂ ਨੂੰ ਠੰਢਾ ਕਰਨ ਲਈ ਨੀਲਾ ਰੰਗ ਕਾਫੀ ਨਹੀਂ ਹੈ। ਉਥੇ ਹੀ ਲੋਕਾਂ ਦੀ ਆਮਦਨ ਵਿੱਚ ਹੋਏ ਵਾਧੇ ਨੇ ਵੀ ਹੌਲੀ-ਹੌਲੀ ਲੋਕਾਂ ਦਾ ਰੁਖ਼ ਆਧੁਨਿਕ ਸਹੂਲਤਾਂ ਵੱਲ ਕਰ ਦਿੱਤਾ ਹੈ। ਜਿਵੇਂ ਕਿ ਏਅਰ ਕੰਡੀਸ਼ਨਰ, ਜੋ ਕਿ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿੰਦਾ ਹੈ।

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੌਜੀ (ਆਈਆਈਟੀ), ਗਾਂਧੀਨਗਰ ਵਿੱਚ ਸਿਵਲ ਇੰਜਨੀਅਰ ਦੇ ਸਹਾਇਕ ਪ੍ਰੋਫੈਸਰ ਉਦਿਤ ਭਾਟੀਆ ਕਹਿੰਦੇ ਹਨ,“ਪਿਛਲੇ ਕੁਝ ਸਾਲਾਂ ਵਿੱਚ ਤਾਪਮਾਨ ਹੌਲੀ-ਹੌਲੀ ਵਧਿਆ ਹੈ।”

ਪ੍ਰੋ. ਭਾਟੀਆ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਲਈ ਬਣਨ ਵਾਲੀਆਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ’ਤੇ ਕੰਮ ਕਰਦੇ ਹਨ।

ਆਈਆਈਟੀ ਗਾਂਧੀਨਗਰ ਵੱਲੋਂ ਕੀਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜੋਧਪੁਰ ਦਾ ਔਸਤ ਤਾਮਪਾਨ 1950 ਦੇ ਦਹਾਕੇ ਦੇ 37.5 ਡਿਗਰੀ ਸੈਲਸੀਅਸ ਤੋਂ ਵਧ ਕੇ 2016 ਵਿੱਚ 38.5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ।

ਭਾਟੀਆ ਕਹਿੰਦੇ ਹਨ ਕਿ ਘਰਾਂ ਨੂੰ ਠੰਢਾ ਰੱਖਣ ਤੋਂ ਇਲਾਵਾ ਇਸ ਪੇਂਟ ਵਿੱਚ ਕੀੜੇ-ਮਕੌੜਿਆਂ ਤੋਂ ਬਚਾਅ ਕਰਨ ਵਾਲੇ ਗੁਣ ਵੀ ਹਨ, ਕਿਉਂਕਿ ਇਸ ਵਿੱਚ ਕੁਦਰਤੀ ਨੀਲ ਨੂੰ ਚਮਕੀਲੇ ਨੀਲੇ ਕਾਪਰ ਸਲਫੇਟ ਨਾਲ ਮਿਲਾਇਆ ਜਾਂਦਾ ਹੈ।

ਸ਼ਹਿਰੀਕਰਨ ਵਿੱਚ ਰਵਾਇਤੀ ਚੀਜ਼ਾਂ ਪਿੱਛੇ ਛੁੱਟ ਰਹੀਆਂ ਹਨ

ਜੋਧਪੁਰ

ਤਸਵੀਰ ਸਰੋਤ, ਤਰੁਣ ਸ਼ਰਮਾ

ਆਈਆਈਟੀ ਗਾਂਧੀਨਗਰ ਵਿੱਚ ਸਹਾਇਕ ਪ੍ਰੋਫੈਸਰ ਭਾਟੀਆ ਕਹਿੰਦੇ ਹਨ ਕਿ ਸ਼ਹਿਰੀਕਰਨ ਬੁਰਾ ਨਹੀਂ ਹੈ ਪਰ ਇਸ ਦੀ ਵਜ੍ਹਾ ਨਾਲ ਉਨ੍ਹਾਂ ਰਵਾਇਤੀ ਤਰੀਕਿਆਂ ਨੂੰ ਪਿੱਛੇ ਛੱਡਿਆ ਜਾ ਰਿਹਾ, ਜੋ ਉਸ ਮਾਹੌਲ ਅਤੇ ਜਲਵਾਯੂ ਦੇ ਹਿਸਾਬ ਨਾਲ ਅਨੁਕੂਲ ਸਨ।

ਉਹ ਕਹਿੰਦੇ ਹਨ,“ਜਿਵੇਂ ਕੱਲ੍ਹ ਜੇ ਕੋਈ ਜੋਧਪੁਰ ਦੀਆਂ ਉਨ੍ਹਾਂ ਗਲੀਆਂ ਵਿੱਚ ਲੰਘੇ ਜਿਥੇ ਦੋਵੇਂ ਪਾਸੇ ਨੀਲੇ ਰੰਗ ਦੇ ਘਰ ਸਨ ਅਤੇ ਅੱਜ ਉਸੇ ਗਲੀ ਵਿੱਚ ਕੋਈ ਤੁਰੇ ਜਿਥੇ ਘਰਾਂ ਨੂੰ ਹੁਣ ਗੂੜ੍ਹੇ ਰੰਗਾਂ ਨਾਲ ਰੰਗਿਆ ਗਿਆ ਹੈ ਤਾਂ ਇੱਕ ਸਾਫ ਅੰਤਰ ਮਹਿਸੂਸ ਹੋਵੇਗਾ, ਗੂੜ੍ਹੇ ਰੰਗ ਦੇ ਘਰਾਂ ਵਾਲੀ ਗਲੀ ਵਿੱਚ ਨੀਲੀ ਵਾਲੀ ਗਲੀ ਤੋਂ ਜ਼ਿਆਦਾ ਗਰਮੀ ਮਹਿਸੂਸ ਹੋਵੇਗੀ।”

ਇਸ ਨੂੰ ਹੀਟ ਆਈਲੈਂਡ ਇਫੈਕਟ ਕਿਹਾ ਜਾਂਦਾ ਹੈ, ਜਿਥੇ ਵਧਦੇ ਤਾਪਮਾਨ ਵਿੱਚ ਸਥਿਤੀ ਉਦੋਂ ਜ਼ਿਆਦਾ ਖਰਾਬ ਹੋ ਜਾਂਦੀ ਹੈ, ਜਦੋਂ ਤੁਹਾਡੇ ਆਸਪਾਸ ਕੰਕਰੀਟ, ਸੀਮੈਂਟ ਅਤੇ ਕੱਚ ਦਾ ਇਸਤੇਮਾਲ ਕਰ ਕੇ ਘਰ ਬਣਾਏ ਗਏ ਹੋਣ ਅਤੇ ਇਸ ’ਤੇ ਜਦੋਂ ਗੂੜ੍ਹੇ ਰੰਗ ਨਾਲ ਪੇਂਟ ਹੁੰਦਾ ਹੈ ਤਾਂ ਗਰਮੀ ਕਿਤੇ ਜ਼ਿਆਦਾ ਵੱਧ ਜਾਂਦੀ ਹੈ।

ਸ਼ਹਿਰਾਂ ਵਿੱਚ ਹੁਣ ਘਰ ਬਣਾਉਣ ਦੇ ਪੁਰਾਣੇ ਤਰੀਕੇ ਪਿੱਛੇ ਰਹਿ ਗਏ ਹਨ। ਜਿਥੇ ਵੱਧ ਤਾਪਮਾਨ ਵਾਲੀਆਂ ਥਾਵਾਂ ’ਤੇ ਘਰ ਬਣਾਉਣ ਲਈ ਚੂਨਾ ਪੱਥਰ ਦਾ ਇਸਤੇਮਾਲ ਹੁੰਦਾ ਸੀ, ਹੁਣ ਉਸਦੀ ਥਾਂ ਸੀਮੇਂਟ ਜਾਂ ਕੰਕਰੀਟ ਨੇ ਲੈ ਲਈ ਹੈ, ਜੋ ਕਿ ਨੀਲੇ ਰੰਗ ਨੂੰ ਠੀਕ ਢੰਗ ਨਾਲ ਸੋਖ ਵੀ ਨਹੀਂ ਪਾਉਂਦਾ।

ਨੀਲ ਦੀ ਘਾਟ ਨਾਲ ਵਧੀ ਲਾਗਤ

ਬ੍ਰਹਮਪੁਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਧਪੁਰ ਦੇ ਬ੍ਰਹਮਪੁਰੀ ਵਿੱਚ ਹੁਣ ਵੀ ਅੱਧੇ ਨਾਲੋਂ ਜ਼ਿਆਦਾ ਘਰ ਨੀਲੇ ਰੰਗ ਦੇ ਹਨ

ਬ੍ਰਹਮਪੁਰੀ ਵਿੱਚ ਰਹਿਣ ਵਾਲੇ 29 ਸਾਲਾ ਸਿਵਲ ਇੰਜਨੀਅਰ ਅਦਿਤਿਆ ਦਵੇ ਕਹਿੰਦੇ ਹਨ ਕਿ ਉਨ੍ਹਾਂ ਦੇ 300 ਸਾਲ ਪੁਰਾਣੇ ਜੱਦੀ ਘਰ ਦਾ ਜ਼ਿਆਦਾਤਰ ਹਿੱਸਾ ਨੀਲੇ ਰੰਗ ਨਾਲ ਹੀ ਰੰਗਿਆ ਹੋਇਆ ਹੈ।

ਹਾਲਾਂਕਿ ਕਦੇ-ਕਦੇ ਉਹ ਬਾਹਰਲੀਆਂ ਕੰਧਾਂ ਨੂੰ ਹੋਰ ਰੰਗਾਂ ਨਾਲ ਵੀ ਰੰਗ ਦਿੰਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਕਿ ਹਾਲ ਦੇ ਸਮੇਂ ਵਿੱਚ ਨੀਲ ਦੀ ਘਾਟ ਨਾਲ ਰੰਗ ਦੀ ਲਾਗਤ ਵੱਧ ਗਈ ਹੈ।

ਇੱਕ ਦਹਾਕੇ ਪਹਿਲਾਂ ਤੱਕ ਘਰਾਂ ਨੂੰ ਨੀਲਾ ਰੰਗ ਕਰਵਾਉਣ ਵਿੱਚ ਲਗਭਗ 5,000 ਹਜ਼ਾਰ ਰੁਪਏ ਦਾ ਖਰਚ ਆਉਂਦਾ ਸੀ ਪਰ ਅੱਜ ਇਸਦੀ ਕੀਮਤ 30,000 ਰੁਪਏ ਤੋਂ ਜ਼ਿਆਦਾ ਹੋਵੇਗੀ।

ਦਵੇ ਕਹਿੰਦੇ ਹਨ,“ਅੱਜ-ਕੱਲ੍ਹ ਘਰਾਂ ਦੇ ਆਸਪਾਸ ਖੁੱਲ੍ਹੀਆਂ ਨਾਲੀਆਂ ਹਨ, ਜੋ ਨੀਲੇ ਰੰਗ ਨੂੰ ਗੰਦਾ ਕਰ ਦਿੰਦੀਆਂ ਹਨ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।”

ਇਸੇ ਕਾਰਨ ਜਦੋਂ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਬ੍ਰਹਮਪੁਰੀ ਵਿੱਚ ਖੁਦ ਦਾ ਘਰ ਬਣਵਾਇਆ ਤੋਂ ਉਸ ਵਿੱਚ ਟਾਈਲ ਲਗਵਾਉਣੀ ਸਹੀ ਸਮਝੀ, ਜਿਸ ਨੂੰ ਵਾਰ-ਵਾਰ ਮੁਰੰਮਤ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਉਹ ਕਹਿੰਦੇ ਹਨ,“ਇਸ ਤਰ੍ਹਾਂ ਨਾਲ ਇਹ ਜ਼ਿਆਦਾ ਕਫਾਇਤੀ ਹੈ।”

ਪਛਾਣ ਦਾ ਸੰਕਟ

ਨੀਲਾ ਰੰਗ

ਤਸਵੀਰ ਸਰੋਤ, ਤਰੁਣ ਸ਼ਰਮਾ

ਤਸਵੀਰ ਕੈਪਸ਼ਨ, ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਸ਼ਹਿਰ ਆਪਣੀ ਖਾਸ ਪਛਾਣ ਖੋਹ ਰਿਹਾ ਹੈ

ਹਾਲਾਂਕਿ ਇਸ ਨਾਲ ਪਛਾਣ ਦਾ ਸੰਕਟ ਖੜ੍ਹਾ ਹੁੰਦਾ ਹੈ। ਇਸ ਇਲਾਕੇ ਦੇ ਕੱਪੜਾ ਵਿਕਰੇਤਾ ਦੀਪਕ ਸੋਨੀ ਕਹਿੰਦੇ ਹਨ ਕਿ ਇਸ ਨਾਲ ਇਥੇ ਆਉਣ ਵਾਲੇ ਸੈਲਾਨੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨਗੇ।

ਦੀਪਕ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਬ੍ਰਹਮਪੁਰੀ ਦੇ ਨੀਲੇ ਰੰਗ ਦੀ ਪਛਾਣ ਨੂੰ ਬਰਕਰਾਰ ਰੱਖਣ ਲਈ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ,“ਸਾਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਜਦੋਂ ਕੋਈ ਸਾਡੇ ਸ਼ਹਿਰ ਦੀ ਪਛਾਣ ਨੂੰ ਦੇਖਣ ਆਉਣ ਤਾਂ ਉਨ੍ਹਾਂ ਨੂੰ ਉਹ ਨੀਲੇ ਰੰਗ ਦੇ ਘਰ ਦੇਖਣ ਨੂੰ ਹੀ ਨਾ ਮਿਲਣ। ਬਹੁਤ ਸਾਰੇ ਵਿਦੇਸ਼ੀ ਸੈਲਾਨੀ ਜੋਧਪੁਰ ਸ਼ਹਿਰ ਦੀ ਤੁਲਨਾ ਸ਼ੇਫਚੌਇਨ ਨਾਲ ਕਰਦੇ ਹਨ। ਜੇ ਸ਼ੇਫਚੌਇਨ ਦੇ ਲੋਕ ਸਦੀਆਂ ਤੋਂ ਆਪਣੇ ਘਰਾਂ ਨੂੰ ਨੀਲਾ ਰੱਖਣ ਵਿੱਚ ਕਾਮਯਾਬ ਰਹੇ ਹਨ ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ?”

ਮੂਲ ਰੂਪ ਵਿੱਚ ਬ੍ਰਹਮਪੁਰੀ ਦੇ ਰਹਿਣ ਵਾਲੇ ਸੋਨੀ ਹੁਣ ਜੋਧਪੁਰ ਦੇ ਚਾਰਦੀਵਾਰੀ ਵਾਲੇ ਹਿੱਸੇ ਤੋਂ ਬਾਹਰ ਰਹਿੰਦੇ ਹਨ। ਉਹ ਦੱਸਦੇ ਹਨ ਕਿ 2018 ਵਿੱਚ ਸਥਾਨਕ ਅਧਿਕਾਰੀ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਇਸ ਸ਼ਹਿਰ ਦੀ ਪਛਾਣ ਬਰਕਰਾਰ ਰੱਖਣ ਦਾ ਜ਼ਿੰਮਾ ਉਠਾਇਆ ਸੀ।

ਉਨ੍ਹਾਂ ਨੇ 2019 ਤੋਂ ਹਰ ਸਾਲ 500 ਘਰਾਂ ਦੀਆਂ ਬਾਹਰੀ ਕੰਧਾਂ ਨੂੰ ਨੀਲੇ ਰੰਗ ਨਾਲ ਰੰਗਣ ਲਈ ਬ੍ਰਹਮਪੁਰੀ ਵਾਸੀਆਂ ਨੂੰ ਸਥਾਨਕ ਪੱਧਰ ’ਤੇ ਰਾਸ਼ੀ ਵੀ ਇਕੱਤਰ ਕੀਤੀ ਸੀ।

ਸਾਰੇ ਨਾਲ ਮਿਲ ਕੇ ਕਰ ਰਹੇ ਨੇ ਯਤਨ

ਜੋਧਪੁਰ

ਤਸਵੀਰ ਸਰੋਤ, ਤਰੁਣ ਸ਼ਰਮਾ

ਤਸਵੀਰ ਕੈਪਸ਼ਨ, ਕੁਝ ਲੋਕਾਂ ਨੇ ਮਕਾਨਾਂ ਦੀਆਂ ਬਾਹਰੀ ਕੰਧਾਂ ਨੂੰ ਨੀਲੇ ਰੰਗ ਨਾਲ ਰੰਗਣ ਲਈ ਰਾਸ਼ੀ ਵੀ ਇਕੱਤਰ ਕੀਤੀ ਹੈ

ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਬ੍ਰਹਮਪੁਰੀ ਦੇ ਲਗਭਗ 3,000 ਮਕਾਨ ਮਾਲਕਾਂ ਨੂੰ ਆਪਣੇ ਘਰਾਂ ਦੀਆਂ ਬਾਹਰੀ ਕੰਧਾਂ ਅਤੇ ਛੱਤਾਂ ਨੂੰ ਨੀਲਾ ਰੰਗ ਕਰਵਾਉਣ ਲਈ ਰਾਜ਼ੀ ਕੀਤਾ ਹੈ, ਤਾਂਕਿ ਘੱਟ ਤੋਂ ਘੱਟ ਜਦੋਂ ਕੋਈ ਬ੍ਰਹਮਪੁਰੀ ਵਿੱਚ ਤਸਵੀਰ ਖਿੱਚੇ ਤਾਂ ਉਸ ਦੇ ਪਿੱਛੇ ਦਾ ਰੰਗ ਨੀਲਾ ਦਿਖਾਈ ਦੇਵੇ।

ਸੋਨੀ ਦਾ ਅਨੁਮਾਨ ਹੈ ਕਿ ਬ੍ਰਹਮਪੁਰੀ ਵਿੱਚ 33,000 ਘਰਾਂ ਵਿੱਚੋਂ ਲਗਭਗ ਅੱਧੇ ਘਰ ਮੌਜੂਦਾ ਸਮੇਂ ਵਿੱਚ ਨੀਲੇ ਰੰਗ ’ਚ ਰੰਗੇ ਹੋਏ ਹਨ।

ਉਹ ਸਥਾਨਕ ਅਧਿਕਾਰੀਆਂ ਅਤੇ ਜਨਤਕ ਨੁਮਾਇੰਦਿਆਂ ਨਾਲ ਮਿਲ ਕੇ ਘਰਾਂ ’ਤੇ ਲਾਈਮ ਪਲਾਸਟਰ ਲਗਾਉਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ ਤਾਂਕਿ ਜ਼ਿਆਦਾ ਘਰਾਂ ਨੂੰ ਇਸ ਰੰਗ ਨਾਲ ਰੰਗਿਆ ਜਾ ਸਕੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਨੂੰ ਆਪਣਾ ਘਰ ਦੱਸਣ ਵਾਲੇ ਲੋਕ ਇਸ ਲਈ ਇੰਨਾ ਕੁ ਹੀ ਤਾਂ ਕਰ ਹੀ ਸਕਦੇ ਹਨ।

“ਜੇ ਅਸੀਂ ਇਸਦੀ ਵਿਰਾਸਤ ਦੀ ਪਰਵਾਹ ਨਹੀਂ ਕਰਦੇ ਹਾਂ ਅਤੇ ਇਸ ਨੂੰ ਬਚਾਉਣ ਲਈ ਕੁਝ ਨਹੀਂ ਕਰਦੇ ਤਾਂ ਜੋਧਪੁਰ ਦੇ ਬਾਹਰ ਰਹਿਣ ਵਾਲੇ ਲੋਕ ਸਾਡੇ ਸ਼ਹਿਰ ਦੀ ਪਰਵਾਹ ਕਿਉਂ ਕਰਨਗੇ?”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)