ਓਲੰਪਿਕ ਖੇਡਾਂ : ਪੰਜਾਬ ਦੀ ਦੂਜੀ ‘ਹਰੀ ਕ੍ਰਾਂਤੀ’ ਜਿਸ ਨੇ ਭਾਰਤੀ ਹਾਕੀ ਨੂੰ ਮੁੜ ਪੈਰਾਂ ਸਿਰ ਕੀਤਾ

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਹਾਕੀ ਟੀਮ ਵਿਚਲੇ ਪੰਜਾਬੀ ਖਿਡਾਰੀ 11 ਅਗਸਤ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਭਾਰਤੀ ਪੁਰਸ਼ ਹਾਕੀ ਟੀਮ ਨੇ 2024 ਪੈਰਿਸ ਓਲੰਪਿਕ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

ਇਹ ਪ੍ਰਾਪਤੀ 52 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਹਾਕੀ ਵਿੱਚ ਲਗਾਤਾਰ ਓਲੰਪਿਕ ਤਗ਼ਮੇ ਜਿੱਤੇ ਹਨ।

ਇਸ ਤੋਂ ਪਹਿਲਾਂ 1968 ਅਤੇ 1972 ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਦੋਵਾਂ ਐਡੀਸ਼ਨਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਉਸ ਤੋਂ ਬਾਅਦ, ਭਾਰਤੀ ਹਾਕੀ ਵਿੱਚ ਨਿਘਾਰ ਦਾ ਦੌਰ ਆਇਆ ਅਤੇ 1980 ਦੀਆਂ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਤੋਂ ਇਲਾਵਾ ਟੀਮ 2016 ਦੀਆਂ ਰੀਓ ਖੇਡਾਂ ਤੱਕ ਓਲੰਪਿਕ ਵਿੱਚ ਕੋਈ ਤਗਮਾ ਹਾਸਲ ਨਾ ਕਰ ਸਕੀ।

ਓਲੰਪਿਕ ਮੈਡਲਾਂ ਤੋਂ ਖੁੰਝਣ ਦੇ ਇਸ ਦੌਰ ਵਿੱਚ ਪੰਜਾਬ ਵਿੱਚ ਹਾਕੀ ਦਾ ਨਿਘਾਰ ਲਗਾਤਾਰ ਹੁੰਦਾ ਗਿਆ। ਹਾਲਾਂਕਿ, ਪੰਜਾਬ ਨੇ ਟੋਕੀਓ ਅਤੇ ਪੈਰਿਸ ਓਲੰਪਿਕ ਦੋਵਾਂ ਵਿੱਚ ਟੀਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਹਾਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਨੇ ਟੋਕੀਓ ਅਤੇ ਪੈਰਿਸ ਓਲੰਪਿਕ ਦੀਆਂ ਦੋਵਾਂ ਟੀਮਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਟੋਕੀਓ ਵਿੱਚ 18 ਮੈਂਬਰੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਸਨ ਅਤੇ ਪੈਰਿਸ ਵਿੱਚ ਅੱਧੀ ਟੀਮ ਪੰਜਾਬ ਦੀ ਸੀ ਯਾਨੀ 16 ਵਿੱਚੋਂ 8 ਖਿਡਾਰੀ ਪੰਜਾਬ ਤੋਂ ਸਨ।

ਦੋਵੇਂ ਓਲੰਪਿਕ ਖੇਡਾਂ ਦੌਰਾਨ ਟੀਮਾਂ ਦੀ ਅਗਵਾਈ ਪੰਜਾਬ ਦੇ ਕਪਤਾਨਾਂ ਨੇ ਕੀਤੀ, ਟੋਕੀਓ ਵਿੱਚ ਮਨਪ੍ਰੀਤ ਸਿੰਘ ਅਤੇ ਪੈਰਿਸ ਵਿੱਚ ਹਰਮਨਪ੍ਰੀਤ ਸਿੰਘ ਕਪਤਾਨ ਸਨ।

ਟੋਕੀਓ ਤੋਂ ਪਹਿਲਾਂ ਪਿਛਲੀ ਵਾਰ ਪੰਜਾਬ ਦੇ ਕਿਸੇ ਖਿਡਾਰੀ ਨੇ ਓਲੰਪਿਕ ਟੀਮ ਦੀ ਅਗਵਾਈ 2000 ਸਿਡਨੀ ਓਲੰਪਿਕ ਦੌਰਾਨ ਕੀਤੀ ਸੀ, ਉਹ ਰਮਨਦੀਪ ਸਿੰਘ ਸੀ।

ਪੰਜਾਬ ਵਿੱਚ ਹਾਕੀ ਦੀ ਪੁਨਰ-ਸੁਰਜੀਤੀ ਦੀ ਕਹਾਣੀ, ਜਿਸ ਨੇ ਟੋਕੀਓ ਅਤੇ ਪੈਰਿਸ ਓਲੰਪਿਕ ਦੋਵਾਂ ਵਿੱਚ ਸਫਲਤਾ ਹਾਸਲ ਕੀਤੀ।

2005 ਵਿੱਚ ਹਾਕੀ ਦੇ ਉਭਾਰ ਉਦੋਂ ਸ਼ੁਰੂ ਹੋਈ ਜਦੋਂ ਓਲੰਪਿਕ ਵਿੱਚ ਜਾਣ ਵਾਲੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਵਿੱਚ ਖੇਡ ਨਿਰਦੇਸ਼ਕ ਲਾਇਆ ਗਿਆ ਸੀ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੈਰਿਸ ਜਾਣ ਵਾਲੀ ਟੀਮ ਵਿੱਚ ਪੰਜਾਬ ਦੇ ਜ਼ਿਆਦਾਤਰ ਖਿਡਾਰੀਆਂ ਨੇ ਪਰਗਟ ਸਿੰਘ ਦੇ ਖੇਡ ਨਿਰਦੇਸ਼ਕ ਦੇ ਕਾਰਜਕਾਲ ਦੌਰਾਨ ਹੀ ਹਾਕੀ ਖੇਡਣੀ ਸ਼ੁਰੂ ਕੀਤੀ ਸੀ।

ਪਿੰਡਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਵਿੱਚ ਹੀ ਵਿਸ਼ਵ ਪੱਧਰੀ ਐਕਸਪੋਜਰ ਮਿਲ ਸਕੇ, ਇਸ ਲਈ ਪਿੰਡਾਂ ਵਿੱਚ ਸਿਕਸ-ਏ-ਸਾਈਡ ਐਸਟ੍ਰੋਟਰਫ ਮੈਦਾਨ ਸਥਾਪਤ ਕੀਤੇ ਗਏ।

ਇਸ ਤੋਂ ਇਲਾਵਾ ਪੰਜਾਬ ਸਟੇਟ ਲੀਗ, ਜਿਸ ਵਿੱਚ 500 ਟੀਮਾਂ ਸਨ, ਨੇ ਵੀ ਪੰਜਾਬ ਵਿੱਚ ਹਾਕੀ ਦੀ ਨੀਂਹ ਨੂੰ ਵਿਆਪਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਪੰਜਾਬ ਵਿੱਚ ਹਾਕੀ ਨੂੰ ਮੁੜ ਸੁਰਜੀਤ ਕਰਨ ਦੇ ਮਿਸ਼ਨ ਵਿੱਚ ਪਰਗਟ ਸਿੰਘ ਦੇ ਨਾਲ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਖਵੀਰ ਗਰੇਵਾਲ ਵੀ ਸ਼ਾਮਲ ਹੋਏ।

ਸੁਖਵੀਰ ਗਰੇਵਾਲ ਨੂੰ 2005 ਵਿੱਚ ਰਾਜ ਦੇ ਖੇਡ ਵਿਭਾਗ ਵਿੱਚ ਪਰਗਟ ਸਿੰਘ ਦੇ ਨਾਲ ਸ਼ਾਮਲ ਕੀਤਾ ਗਿਆ ਅਤੇ ਬਾਅਦ ਵਿੱਚ 2022 ਤੱਕ ਉਹ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ(ਪੀਆਈਐੱਸ) ਵਿੱਚ ਸਿਖਲਾਈ ਅਤੇ ਪਾਠਕ੍ਰਮ ਦੇ ਡਾਇਰੈਕਟਰ ਬਣੇ।

ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਵਿੱਚ ਸ਼ਾਮਲ ਪੰਜਾਬ ਦੇ ਅੱਠ ਖਿਡਾਰੀਆਂ ਵਿੱਚੋਂ ਛੇ-ਕਪਤਾਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ 2020 ਟੋਕੀਓ ਓਲੰਪਿਕ ਦਾ ਵੀ ਹਿੱਸਾ ਸਨ।

ਪੰਜਾਬ ਦੇ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਪਹਿਲੀ ਵਾਰੀ ਓਲੰਪਿਕ ਦੇ ਮੈਦਾਨ ਵਿੱਚ ਉੱਤਰੇ ਸਨ।

ਤਿੰਨ ਵਾਰ ਓਲੰਪਿਕ ਖੇਡਣ ਵਾਲੇ ਮਿੱਠਾਪੁਰ ਦੇ ਪਰਗਟ ਸਿੰਘ

ਮਿੱਠਾਪੁਰ ਦੇ ਪਰਗਟ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿੱਠਾਪੁਰ ਦੇ ਪਰਗਟ ਸਿੰਘ ਦੋ ਵਾਰ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ

ਹਾਕੀ ਟੀਮ ਦੇ ਸਾਬਕਾ ਕਪਤਾਨ ਵਜੋਂ ਪਰਗਟ ਸਿੰਘ ਦੀ ਹਰਮਨਪਿਆਰਤਾ ਅਤੇ ਖੇਡ ਨਿਰਦੇਸ਼ਕ(2005 ਤੋਂ ਜਨਵਰੀ 2012) ਦੇ ਆਪਣੇ ਕਾਰਜਕਾਲ ਦੌਰਾਨ ਹਾਕੀ ਦੀ ਮੁੜ ਉਭਾਰ ਲਈ ਕੀਤੇ ਕੰਮਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਸਥਾਪਿਤ ਹੋਣ ਵਿੱਚ ਮਦਦ ਕੀਤੀ।

ਉਹ 2012 ਵਿੱਚ ਜਲੰਧਰ ਕੈਂਟ ਤੋਂ ਪੰਜਾਬ ਵਿਧਾਨ ਸਭਾ ਮੈਂਬਰ ਬਣੇ। ਇਹ ਉਹ ਇਲਾਕਾ ਹੈ ਜਿਸ ਨੂੰ ਪੰਜਾਬ ਦੀਆਂ ਪ੍ਰਮੁੱਖ ਹਾਕੀ ਬੈਲਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪਰਗਟ ਸਿੰਘ ਦੱਸਦੇ ਹਨ, “ਹਾਕੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਕਰੀਬ ਰਹੀ ਹੈ ਅਤੇ ਉਨ੍ਹਾਂ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਹਿੱਸਾ ਹੈ। 90 ਦੇ ਦਹਾਕੇ ਦੇ ਅਖੀਰ ਤੋਂ ਲੈ ਕੇ 2010 ਤੱਕ ਪੰਜਾਬ ਹਾਕੀ ਵਿੱਚ ਨਿਘਾਰ ਆਇਆ ਸੀ ਪਰ 2015-16 ਤੋਂ ਪੰਜਾਬ ਦੀ ਹਾਕੀ ਮੁੜ ਲੀਹ ’ਤੇ ਆ ਗਈ ਹੈ। ਅਸੀਂ ਦੇਸ਼ ਦੇ ਹਾਕੀ ਖੇਤਰ ਵਿੱਚ ਆਪਣੀ ਹਿੱਸੇਦਾਰੀ ਨੂੰ ਲਗਾਤਾਰ ਵਧਾ ਰਹੇ ਹਾਂ।

“1996 ਦੀ ਅਟਲਾਂਟਾ ਓਲੰਪਿਕ ਤੋਂ ਬਾਅਦ ਦੋ ਦਹਾਕਿਆਂ ਦੇ ਵਕਫ਼ੇ ਤੋਂ ਬਾਅਦ 2016 ਦੀਆਂ ਰੀਓ ਓਲੰਪਿਕ ਖੇਡਾਂ ਦੌਰਾਨ ਪੰਜਾਬ ਦੇ ਪੰਜ ਖਿਡਾਰੀ ਭਾਰਤੀ ਟੀਮ ਵਿੱਚ ਸਨ।

2020 ਦੀਆਂ ਟੋਕੀਓ ਅਤੇ 2024 ਪੈਰਿਸ ਓਲੰਪਿਕ ਵਿੱਚ ਪੰਜਾਬ ਦਾ ਯੋਗਦਾਨ ਹੋਰ ਵੀ ਵਧ ਗਿਆ, ਜਿਸ ਵਿੱਚ ਭਾਰਤੀ ਟੀਮ ਦਾ ਅੱਧਾ ਹਿੱਸਾ ਪੰਜਾਬ ਤੋਂ ਸੀ।

“ਇਹ ਅੰਕੜੇ ਸਪੱਸ਼ਟ ਰੂਪ ਨਾਲ ਭਾਰਤੀ ਹਾਕੀ ਵਿੱਚ ਪੰਜਾਬ ਦੇ ਦਬਦਬੇ ਨੂੰ ਦਰਸਾਉਂਦੇ ਹਨ।”

ਪਰਗਟ ਸਿੰਘ ਅੱਗੇ ਦੱਸਦੇ ਹਨ, “ਸੁਖਵੀਰ ਗਰੇਵਾਲ ਨੇ ਸੂਬੇ ਵਿੱਚ ਹਾਕੀ ਢਾਂਚੇ ਦੀ ਸਮੁੱਚੀ ਯੋਜਨਾਬੰਦੀ - ਕੋਚਿੰਗ ਅਤੇ ਸਿਖਲਾਈ ਦੋਵਾਂ ਮੋਰਚਿਆਂ ਉੱਤੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਹਾਕੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਾਨੂੰ ਅੱਜ ਵੀ ਇਸ ਦਾ ਫਾਇਦਾ ਮਿਲ ਰਿਹਾ ਹੈ।”

ਮਿੱਠਾਪੁਰ ਦੀ ਸਫ਼ਲਤਾ

ਮਿੱਠਾਪੁਰ

ਤਸਵੀਰ ਸਰੋਤ, Mithapur Hockey Academy Facebook

ਤਸਵੀਰ ਕੈਪਸ਼ਨ, ਮਿੱਠਾਪੁਰ ਵਿੱਚ ਹਾਕੀ ਸੈਂਟਰ ਯੂਥ ਸਪੋਰਟਸ ਕਲੱਬ, ਮਿੱਠਾਪੁਰ ਵੱਲੋਂ ਚਲਾਇਆ ਜਾਂਦਾ ਹੈ

ਪੰਜਾਬ ਹਾਕੀ ਦੀ ਪੁਨਰ ਸੁਰਜੀਤੀ ਦਾ ਬੀਜ ਸਭ ਤੋਂ ਪਹਿਲਾਂ ਜਲੰਧਰ ਦੇ ਪਿੰਡ ਮਿੱਠਾਪੁਰ ਵਿੱਚ 2005 ਦੇ ਅੱਧ ਵਿੱਚ ਹਾਕੀ ਅਕੈਡਮੀ ਖੋਲ੍ਹਣ ਨਾਲ ਬੀਜਿਆ ਗਿਆ ਸੀ। ਇਹ ਸਫ਼ਲਤਾ ਜਲਦੀ ਹੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਫੈਲ ਗਈ।

ਪੈਰਿਸ ਜਾਣ ਵਾਲੀ ਟੀਮ ਵਿੱਚ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਮਿੱਠਾਪੁਰ ਦੇ ਰਹਿਣ ਵਾਲੇ ਹਨ, ਜਦੋਂ ਕਿ ਹਾਰਦਿਕ ਸਿੰਘ ਨੇੜਲੇ ਪਿੰਡ ਖੁਸਰੋਪੁਰ ਤੋਂ ਹਨ। ਇਹ ਤਿੰਨੇ ਟੋਕੀਓ ਜਾਣ ਵਾਲੀ ਟੀਮ ਦਾ ਵੀ ਹਿੱਸਾ ਸਨ।

ਇੱਕ ਸਮਾਂ ਸੀ ਜਦੋਂ ਜਲੰਧਰ ਵਿੱਚ ਫੌਜੀ ਛਾਉਣੀ ਦੇ ਨਾਲ ਲੱਗਦਾ ਸੰਸਾਰਪੁਰ ਪਿੰਡ ਭਾਰਤੀ ਹਾਕੀ ਵਿੱਚ ਇੱਕ ਵੱਡਾ ਨਾਂਅ ਸੀ। ਇਸ ਨੇ ਇੱਕ ਦਰਜਨ ਓਲੰਪਿਕ ਤਗ਼ਮਾ ਜੇਤੂ ਪੈਦਾ ਕਰਕੇ ਵਿਸ਼ਵ ਪ੍ਰਸਿੱਧੀ ਹਾਸਿਲ ਕੀਤੀ ਸੀ।

ਸੰਸਾਰਪੁਰ ਜਿਸ ਨੇ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ ਬ੍ਰਿਟਿਸ਼ ਫੌਜ ਤੋਂ ਇਸ ਖੇਡ ਨੂੰ ਅਪਣਾਇਆ ਸੀ। ਇਸ ਪਿੰਡ ਨੇ ਮਿੱਠਾਪੁਰ ਸਣੇ ਨੇੜਲੇ ਇਲਾਕਿਆਂ ਨੂੰ ਨੂੰ ਵੀ ਹਾਕੀ ਦੇ ਚੇਟਕ ਲਾਈ।

ਮਿੱਠਾਪੁਰ 90 ਦੇ ਦਹਾਕੇ ਦੇ ਅੱਧ ਤੱਕ ਪ੍ਰਮੁੱਖ ਰਿਹਾ, ਜਦੋਂ ਪਰਗਟ ਸਿੰਘ ਜੋ ਤਿੰਨ ਓਲੰਪਿਕ ਖੇਡਾਂ (1988, 1992 ਅਤੇ 1996) ਵਿੱਚ ਖੇਡੇ ਸਨ। ਉਹ ਭਾਰਤੀ ਟੀਮ ਦਾ ਹਿੱਸਾ ਸਨ।

ਉਹ ਦੋ ਓਲੰਪਿਕ ਖੇਡਾਂ (1992 ਅਤੇ 1996) ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਇਕੱਲੇ ਅਜਿਹੇ ਖਿਡਾਰੀ ਸਨ।

ਹਾਲਾਂਕਿ, ਵਿਦੇਸ਼ਾਂ ਵਿੱਚ ਮਿਲਣ ਵਾਲੇ ਮੌਕਿਆਂ ਦੇ ਚਮਕ ਅਤੇ ਨਸ਼ਿਆਂ ਦੀ ਵਰਤੋਂ ਦੇ ਵਧਣ ਨਾਲ ਇਸ ਖੇਤਰ ਦੇ ਹਾਕੀ ਸੱਭਿਆਚਾਰ ਵਿੱਚ ਹੌਲੀ-ਹੌਲੀ ਨਿਘਾਰ ਆਉਂਦੇ ਗਏ।

ਇਹ ਤਬਦੀਲੀ 2005 ਦੇ ਅੱਧ ਵਿੱਚ ਸਾਬਕਾ ਹਾਕੀ ਓਲੰਪੀਅਨ ਪਰਗਟ ਸਿੰਘ, ਜੋ ਉਸ ਸਮੇਂ ਪੀਏਪੀ ਜਲੰਧਰ ਵਿੱਚ ਪੁਲਿਸ ਸੁਪਰਡੈਂਟ ਸਨ, ਅਤੇ ਮਿੱਠਾਪੁਰ ਦੇ ਉਨ੍ਹਾਂ ਦੇ ਦੋਸਤਾਂ ਵਿਚਕਾਰ ਹੋਈ ਚਰਚਾ ਦੌਰਾਨ ਆਈ।

ਇਸ ਚਰਚਾ ਨਾਲ ਪਿੰਡ ਵਿੱਚ ਹਾਕੀ ਅਕੈਡਮੀ ਸਥਾਪਤ ਕਰਨ ਦਾ ਵਿਚਾਰ ਪੈਦਾ ਹੋਇਆ।

ਮਿੱਠਾਪੁਰ ਵਿੱਚ ਹਾਕੀ ਸੈਂਟਰ ਯੂਥ ਸਪੋਰਟਸ ਕਲੱਬ, ਮਿੱਠਾਪੁਰ ਵੱਲੋਂ ਚਲਾਇਆ ਜਾਂਦਾ ਹੈ।

ਪਰਗਟ ਸਿੰਘ

ਤਸਵੀਰ ਸਰੋਤ, Mithapur Hockey Academy Facebook

ਤਸਵੀਰ ਕੈਪਸ਼ਨ, ਪਰਗਟ ਸਿੰਘ 2020 ਵਿੱਚ ਟੋਕੀਓ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਨਾਲ

ਪਰਗਟ ਸਿੰਘ ਜਲੰਧਰ ਛਾਉਣੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।ਮਿੱਠਾਪੁਰ ਪਿੰਡ ਇਸੇ ਹਲਕੇ ਵਿੱਚ ਪੈਂਦਾ ਹੈ।

ਉਹ ਯਾਦ ਕਰਦੇ ਹੋਏ ਦੱਸਦੇ ਹਨ, “ਇਹ 2005 ਦੇ ਅੱਧ ਦੀ ਗੱਲ ਹੈ, ਜਦੋਂ ਮੈਂ ਆਪਣੇ ਪਿੰਡ ਦੇ ਦੋਸਤਾਂ ਨਾਲ ਬੈਠਾ ਸੀ। ਮੈਂ ਅਗਲੀ ਪੀੜ੍ਹੀ ਬਾਰੇ ਪੁੱਛਣਾ ਸ਼ੁਰੂ ਕੀਤਾ ਅਤੇ ਕੁਝ ਨਾਂ ਲਏ, ਤਾਂ ਕਿ ਪਤਾ ਲੱਗ ਸਕੇ ਕਿ ਉਹ ਕੀ ਕਰ ਰਹੇ ਹਨ। ਮੈਂ ਜਿਨ੍ਹਾਂ ਨਾਵਾਂ ਦਾ ਜ਼ਿਕਰ ਕੀਤਾ, ਉਨ੍ਹਾਂ ਵਿੱਚੋਂ ਲਗਭਗ ਸਾਰੇ ਜਾਂ ਤਾਂ ਨਸ਼ਿਆਂ ਦੇ ਆਦੀ ਸਨ ਜਾਂ ਵਿਦੇਸ਼ ਚਲੇ ਗਏ ਸਨ।

“ਪਿੰਡ ਦਾ ਹਾਕੀ ਮੈਦਾਨ ਜੋ ਕਿਸੇ ਸਮੇਂ ਹਾਕੀ ਖੇਡਣ ਵਾਲੇ ਨੌਜਵਾਨਾਂ ਨਾਲ ਭਰਿਆ ਰਹਿੰਦਾ ਸੀ, ਹੁਣ ਉਜਾੜ ਬਣ ਗਿਆ ਸੀ। ਮੈਨੂੰ ਇਹ ਜਾਣ ਕੇ ਝਟਕਾ ਲੱਗਿਆ ਕਿ ਇਸ 'ਤੇ ਨਸ਼ੇੜੀਆਂ ਨੇ ਕਬਜ਼ਾ ਕਰ ਲਿਆ ਹੈ। ਉਸ ਗੱਲਬਾਤ ਨੇ ਮੈਨੂੰ ਪਿੰਡ ਵਿੱਚ ਹਾਕੀ ਅਕੈਡਮੀ ਸ਼ੁਰੂ ਕਰਨ ਲਈ ਮਜਬੂਰ ਕੀਤਾ ਅਤੇ ਹੁਣ ਨਤੀਜਾ ਸਭ ਦੇ ਸਾਹਮਣੇ ਹੈ।”

ਪਰਗਟ ਸਿੰਘ ਅੱਗੇ ਕਹਿੰਦੇ ਹਨ, “ਸ਼ੁਰੂਆਤ ਵਿੱਚ ਅਸੀਂ 40 ਬੱਚਿਆਂ ਨਾਲ ਸ਼ੁਰੂਆਤ ਕੀਤੀ ਅਤੇ ਦੋ ਗਰੁੱਪ ਬਣਾਏ, ਅੰਡਰ-12 ਅਤੇ ਅੰਡਰ-14। ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਪਹਿਲੇ ਬੈਚ ਤੋਂ ਹਨ।”

“ਯੂਥ ਕਲੱਬ ਨੇ ਮਹੀਨੇਵਾਰ ਤਨਖ਼ਾਹ ’ਤੇ ਕੋਚ ਲਾਇਆ ਹੋਇਆ ਸੀ ਅਤੇ ਪਿੰਡ ਦੇ ਦੋ-ਤਿੰਨ ਬਜ਼ੁਰਗ ਰੋਜ਼ਾਨਾ ਕੋਚਿੰਗ ਵਿੱਚ ਉਸ ਦੀ ਮਦਦ ਕਰਦੇ ਹਨ। ਗਰਾਊਂਡ ਦੀ ਸਾਂਭ-ਸੰਭਾਲ ਅਤੇ ਮੁਫਤ ਕਿੱਟਾਂ, ਰਿਫਰੈਸ਼ਮੈਂਟ ਅਤੇ ਹੋਰ ਸਾਜ਼ੋ-ਸਾਮਾਨ ਦੇਣ ਤੋਂ ਇਲਾਵਾ, ਕਲੱਬ ਨੇ 2005 ਦੇ ਅੱਧ ਤੋਂ ਆਪਣੇ ਆਪ ਹੀ ਸਭ ਤਰ੍ਹਾਂ ਦਾ ਪ੍ਰਬੰਧ ਕਰ ਲਿਆ ਹੈ।”

“ਕੰਮ ਸ਼ੁਰੂ ਕਰਨ ਲਈ ਪਿੰਡ ਦੇ ਐੱਨਆਰਆਈਜ਼ ਤੋਂ ਵੀ ਵਿੱਤੀ ਮਦਦ ਮਿਲੀ ਹੈ।”

ਪੰਜਾਬ ਦੀ ਹਾਕੀ ਦੀ ਪੁਨਰ ਸੁਰਜੀਤੀ ਪਿੱਛੇ ਇੱਕ ਹੋਰ ‘ਹਰੀ ਕ੍ਰਾਂਤੀ’

ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਵਾਰ ਤਾਂ ਓਲੰਪਿਕ ਟੀਮ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਣੀ ਸ਼ੁਰੂ ਹੋ ਗਈ ਸੀ।

1996 ਦੀਆਂ ਅਟਲਾਂਟਾ ਓਲੰਪਿਕ ਖੇਡਾਂ ਤੋਂ ਬਾਅਦ ਜਿਸ ਵਿੱਚ ਪੰਜਾਬ ਦੇ ਪੰਜ ਖਿਡਾਰੀ ਟੀਮ ਦਾ ਹਿੱਸਾ ਸਨ, ਉੱਥੋਂ ਪੰਜਾਬ ਦੀ ਹਾਕੀ ਵਿੱਚ ਨਿਘਾਰ ਦੇਖਣ ਨੂੰ ਮਿਲਿਆ।

ਓਲੰਪਿਕ ਟੀਮ ਵਿੱਚ ਪੰਜਾਬ ਦੀ ਨੁਮਾਇੰਦਗੀ ਘਟਣੀ ਸ਼ੁਰੂ ਹੋ ਗਈ।

ਕਰਨਾਟਕ, ਮੁੰਬਈ ਅਤੇ ਉੜੀਸਾ-ਖ਼ਾਸ ਕਰਕੇ ਛੋਟਾ ਨਾਗਪੁਰ ਖੇਤਰ ਦੇ ਖਿਡਾਰੀਆਂ ਦਾ ਦਬਦਬਾ ਵਧਣ ਲੱਗਿਆ, ਜਿਸ ਨਾਲ ਪੰਜਾਬ ਦਾ ਹਿੱਸਾ ਘਟ ਗਿਆ।

ਪੇਂਡੂ ਪੰਜਾਬ ਵਿੱਚ ਹਾਕੀ ਪ੍ਰਤੀ ਜਨੂੰਨ ਨੂੰ ਮੁੜ ਜਗਾਉਣ ਲਈ ਪਰਗਟ ਸਿੰਘ ਨੂੰ ਪਿੰਡਾਂ ਵਿੱਚ ਐਸਟ੍ਰੋਟਰਫ ਲਿਆਉਣ ਦਾ ਵਿਚਾਰ ਆਇਆ।

ਪਿੰਡਾਂ ਵਿੱਚ ਸਿਕਸ-ਏ-ਸਾਈਡ ਐਸਟ੍ਰੋਟਰਫ ਸਥਾਪਤ ਕਰਨ ਦੀ ਪਹਿਲ ਨੂੰ ਖੇਡ ਦੀ ‘ਹਰੀ ਕ੍ਰਾਂਤੀ’ ਦਾ ਨਾਮ ਦਿੱਤਾ ਗਿਆ, ਜਿਸ ਨਾਲ ਜ਼ਮੀਨੀ ਪੱਧਰ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੈਦਾਨ ਦਾ ਅਹਿਸਾਸ ਹੋਇਆ।

ਮੁੱਖ ਚੁਣੌਤੀ ਬਜਟ ਦੀ ਕਮੀ ਸੀ। ਇਸ ਸਮੱਸਿਆ ਨਾਲ ਨਜਿੱਠਣ ਲਈ ਪਰਗਟ ਸਿੰਘ ਨੇ ਸੈਕਿੰਡ ਹੈਂਡ ਐਸਟ੍ਰੋਟਰਫਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ ਅਤੇ ਇਨ੍ਹਾਂ ਟਰਫਾਂ ਨੂੰ ਫਿਰ ਤੋਂ ਵਿਛਾਉਣ ਲਈ ਕੰਕਰੀਟ ਬੇਸ ਬਣਾਉਣ ਦੀ ਲਾਗਤ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋੜਿਆ।

ਪਰਗਟ ਸਿੰਘ ਨੇ ਦੱਸਿਆ, “ਪੈਸੇ ਦੀ ਘਾਟ ਕਾਰਨ ਅਸੀਂ ਜਨਤਕ-ਨਿੱਜੀ ਭਾਈਵਾਲੀ ਅਪਣਾਉਣ ਦਾ ਫ਼ੈਸਲਾ ਕੀਤਾ। ਖੇਡ ਵਿਭਾਗ ਨੇ ਦੇਸ਼ ਭਰ ਤੋਂ ਬਹੁਤ ਘੱਟ ਕੀਮਤ ’ਤੇ ਵਰਤੀਆਂ ਗਈਆਂ ਐਸਟ੍ਰੋਟਰਫਾਂ ਨੂੰ ਖਰੀਦਿਆ ਅਤੇ ਉਨ੍ਹਾਂ ਨੂੰ ਛੋਟੇ ਸਿਕਸ-ਏ-ਸਾਈਡ ਟਰਫ ਵਿੱਚ ਕੱਟ ਦਿੱਤਾ।”

“ਨਤੀਜੇ ਵਜੋਂ, ਖੇਡ ਨਿਰਦੇਸ਼ਕ ਦੇ ਰੂਪ ਵਿੱਚ ਮੇਰੇ ਕਾਰਜਕਾਲ ਦੌਰਾਨ 25 ਪਿੰਡਾਂ ਨੂੰ ਸਿਕਸ-ਏ-ਸਾਈਡ ਐਸਟ੍ਰੋਟਰਫ ਮਿਲੀਆਂ।”

ਬੀਬੀਸੀ

ਪਰਗਟ ਸਿੰਘ ਨੇ ਅੱਗੇ ਦੱਸਿਆ, “ਅਸੀਂ ਪਹਿਲੀ ਵਾਰ 2006 ਵਿੱਚ ਵਰਤੇ ਹੋਏ ਐਸਟ੍ਰੋਟਰਫ ਖਰੀਦੇ ਸਨ। 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਕਾਰਨ, ਦਿੱਲੀ ਵਿੱਚ ਸਾਰੀਆਂ ਪੁਰਾਣੀਆਂ ਐਸਟ੍ਰੋਟਰਫਾਂ ਨੂੰ ਨਵੀਂਆਂ ਨਾਲ ਬਦਲ ਦਿੱਤਾ ਗਿਆ ਅਤੇ ਅਸੀਂ ਸਿਰਫ਼ 5 ਲੱਖ ਰੁਪਏ ਵਿੱਚ ਸੈਕਿੰਡ ਹੈਂਡ ਟਰਫ ਨੂੰ ਖਰੀਦਿਆ ਸੀ।”

“ਇਸ ਨੂੰ ਅਸੀਂ ਦੋ ਹਿੱਸਿਆਂ ਵਿੱਚ ਕੱਟ ਦਿੱਤਾ ਅਤੇ ਇਸ ਨੂੰ ਪਿੰਡਾਂ ਵਿੱਚ ਦੁਬਾਰਾ ਵਿਛਾਇਆ, ਜਿਸ ਵਿੱਚ ਸਥਾਨਕ ਪਿੰਡ ਵਾਸੀਆਂ ਨੇ ਕੰਕਰੀਟ ਦੇ ਬੇਸ ਦਾ ਖਰਚਾ ਉਠਾਇਆ। ਕੁੱਲ 32 ਲੱਖ ਰੁਪਏ ਦੇ ਬਜਟ ਨਾਲ, ਅਸੀਂ ਪੰਜਾਬ ਵਿੱਚ ਮੁੱਖ ਤੌਰ ’ਤੇ ਪੇਂਡੂ ਖੇਤਰਾਂ ਵਿੱਚ 25 ਸਿਕਸ-ਏ-ਸਾਈਡ ਐਸਟ੍ਰੋਟਰਫ ਲਾਏ ਸਨ।”

ਉਨ੍ਹਾਂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਕੁੱਕੜ ਪਿੰਡ ਅਜਿਹਾ ਪਹਿਲਾ ਪਿੰਡ ਸੀ, ਜਿਸ ਨੂੰ ਸਿਕਸ-ਏ-ਸਾਈਡ ਮੈਦਾਨ ਮਿਲਿਆ ਸੀ। “ਇੱਥੋਂ ਤੱਕ ਕਿ ਮੇਰੇ ਜੱਦੀ ਪਿੰਡ ਮਿੱਠਾਪੁਰ ਦੇ ਲੋਕ ਵੀ ਇਸ ਗੱਲ ਤੋਂ ਨਾਰਾਜ਼ ਸਨ ਕਿ ਮੈਂ ਆਪਣੇ ਪਿੰਡ ਨੂੰ ਸਿਕਸ-ਏ-ਸਾਈਡ ਮੈਦਾਨ ਲਈ ਨਹੀਂ ਚੁਣਿਆ।”

“ਅਸੀਂ ਹਾਕੀ ਪੱਟੀ ਵਿੱਚ ਕੇਂਦਰੀ ਤੌਰ ’ਤੇ ਸਥਿਤ ਪਿੰਡਾਂ ਨੂੰ ਚੁਣਿਆ ਤਾਂ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਬੱਚੇ ਵੀ ਇਸ ਸੁਵਿਧਾ ਦੀ ਵਰਤੋਂ ਕਰ ਸਕਣ। ਅਸੀਂ ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਰਵਾਇਤੀ ਹਾਕੀ ਬੈਲਟਾਂ ਦੇ ਪੇਂਡੂ ਖੇਤਰਾਂ ਵਿੱਚ ਟਰਫ ਲਗਾਏ।’’

ਬੀਬੀਸੀ

ਪੰਜਾਬ ਹਾਕੀ ਲੀਗ

ਹਾਕੀ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਖੇਡ ਵਿਭਾਗ ਨੇ ਪਿੰਡ ਪੱਧਰ ’ਤੇ ਟੈਲੈਂਟ ਖੋਜ ਸ਼ੁਰੂ ਕੀਤੀ ਅਤੇ ਪਿੰਡਾਂ ਦੀਆਂ ਟੀਮਾਂ ਬਣਾ ਕੇ ਖਿਡਾਰੀਆਂ ਨੂੰ ਮੁਫ਼ਤ ਸਟਿੱਕਾਂ ਅਤੇ ਗੋਲਕੀਪਿੰਗ ਕਿੱਟਾਂ ਉਪਲੱਬਧ ਕਰਾਈਆਂ।

2007 ਵਿੱਚ ਵਿਭਾਗ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗਾਂ ਵਿੱਚ ਪੰਜਾਬ ਹਾਕੀ ਲੀਗ ਕਰਵਾਉਣ ਦੀ ਪਹਿਲ ਕੀਤੀ। ਇਸ ਲੀਗ ਨੇ ਖੇਡ ਦੇ ਅਧਾਰ ਨੂੰ ਹਰਮਨ ਪਿਆਰਾ ਬਣਾਉਣ ਅਤੇ ਵਿਆਪਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਸੁਖਵੀਰ ਗਰੇਵਾਲ, ਜਿਨ੍ਹਾਂ ਨੇ ਪਰਗਟ ਸਿੰਘ ਨਾਲ ਰਲ ਕੇ ਹਾਕੀ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਉਨ੍ਹਾਂ ਨੇ ਦੱਸਿਆ, “ਪੰਜਾਬ ਹਾਕੀ ਲੀਗ ਵਿੱਚ ਅਸੀਂ ਹਫ਼ਤੇ ਦੇ ਅੰਤਲੇ ਦਿਨਾਂ ਵਿੱਚ ਮੈਚ ਕਰਵਾਉਂਦੇ ਸੀ। ਸ਼ੁਰੂ ਵਿੱਚ ਸਾਡੇ ਕੋਲ ਸੀਮਤ ਗਿਣਤੀ ਵਿੱਚ ਟੀਮਾਂ ਸਨ, ਇਸ ਲਈ ਟੂਰਨਾਮੈਂਟ ਸਿੱਧੇ ਰਾਜ ਪੱਧਰ ’ਤੇ ਹੁੰਦੇ ਸਨ।”

“ਪਰ ਟੀਮਾਂ ਦੀ ਗਿਣਤੀ ਵਧਣ ਨਾਲ, ਅਸੀਂ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਟੂਰਨਾਮੈਂਟ ਕਰਵਾਉਣ ਲੱਗੇ ਅਤੇ ਫਿਰ ਚੋਟੀ ਦੀਆਂ ਟੀਮਾਂ ਦਾ ਰਾਜ ਪੱਧਰ ’ਤੇ ਮੁਕਾਬਲਾ ਹੁੰਦਾ ਸੀ।”

“ਛੋਟੀ ਉਮਰ ਵਰਗ ਲਈ ਅੰਡਰ-14 ਤੱਕ ਲੀਗ ਦਾ ਮੁੱਖ ਜ਼ੋਰ ਉਨ੍ਹਾਂ ਨੂੰ ਮੈਚ ਖੇਡਣ ਦਾ ਮੌਕਾ ਦੇਣਾ ਸੀ। ਬਿਨਾਂ ਜਿੱਤ ਜਾਂ ਹਾਰ ਦੇ ਦਬਾਅ ਦੇ ਇੱਕ ਸਾਲ ਵਿੱਚ ਲਗਭਗ 30 ਤੋਂ 40 ਤੱਕ ਮੈਚ ਹੁੰਦੇ ਸਨ। ਇਸ ਲਈ ਅਸੀਂ ਸਾਰੀਆਂ ਟੀਮਾਂ ਨੂੰ ਇਨਾਮ ਦਿੰਦੇ ਸੀ।’’

ਪੀਆਈਐੱਸ ਵਿਖੇ ਸਿਖਲਾਈ ਅਤੇ ਪਾਠਕ੍ਰਮ ਦੇ ਸਾਬਕਾ ਡਾਇਰੈਕਟਰ ਗਰੇਵਾਲ ਨੇ ਕਿਹਾ, “ਖੇਡਾਂ ਵਿੱਚ ਬਿਹਤਰੀ ਲਈ ਇਹ ਇੱਕ ਵਿਸ਼ਵਵਿਆਪੀ ਵਰਤਾਰਾ ਹੈ ਕਿ ਹੇਠਲੇ ਪੱਧਰ ’ਤੇ ਤੁਹਾਡੇ ਕੋਲ ਜਿੰਨੇ ਜ਼ਿਆਦਾ ਖਿਡਾਰੀ ਹੋਣਗੇ, ਸਿਖਰਲੇ ਪੱਧਰ ’ਤੇ ਤੁਸੀਂ ਓਨੇ ਹੀ ਵਧੀਆ ਨਤੀਜੇ ਪ੍ਰਾਪਤ ਕਰੋਗੇ।

“ਪੰਜਾਬ ਹਾਕੀ ਲੀਗ ਦੀ ਸ਼ੁਰੂਆਤ ਤੋਂ ਸਾਨੂੰ ਜੋ ਚੰਗਾ ਅਧਾਰ ਮਿਲਿਆ ਹੈ, ਉਸ ਤੋਂ ਪੰਜਾਬ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਕਈ ਖਿਡਾਰੀ ਪੈਦਾ ਕਰਨ ਵਿੱਚ ਮਦਦ ਮਿਲੀ ਹੈ।”

ਸੁਰਜੀਤ ਸਿੰਘ ਹਾਕੀ ਅਕੈਡਮੀ - ਓਲੰਪੀਅਨਾਂ ਦਾ ਅਧਾਰ

ਸੁਰਜੀਤ ਹਾਕੀ ਅਕਾਦਮੀ

ਤਸਵੀਰ ਸਰੋਤ, Surjit Hockey Academy/Facebook

ਤਸਵੀਰ ਕੈਪਸ਼ਨ, ਸੁਰਜੀਤ ਹਾਕੀ ਅਕਾਦਮੀ ਦੀ ਟੀਮ 2018 ਵਿੱਚ, ਇਸ ਵਿੱਚ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਵੀ ਦੇਖੇ ਜਾ ਸਕਦੇ ਹਨ।

ਪੰਜਾਬ ਵਿੱਚ ਹਾਕੀ ਦੇ ਮੁੜ ਉਭਾਰ ਦੀ ਕਹਾਣੀ ਜਲੰਧਰ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਦਾ ਜ਼ਿਕਰ ਕੀਤੇ ਬਿਨਾਂ ਅਧੂਰੀ ਹੈ, ਜਿਸ ਦਾ ਨਾਂ ਮਰਹੂਮ ਓਲੰਪੀਅਨ ਸੁਰਜੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।

1992 ਵਿੱਚ ਸਥਾਪਿਤ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ ਦੇਸ਼ ਦੀਆਂ ਸਰਵੋਤਮ ਹਾਕੀ ਅਕੈਡਮੀਆਂ ਵਿੱਚੋਂ ਇੱਕ ਬਣ ਗਈ ਹੈ।

ਖੇਡ ਨਿਰਦੇਸ਼ਕ (2005-2011) ਦੇ ਆਪਣੇ ਕਾਰਜਕਾਲ ਦੌਰਾਨ ਪਰਗਟ ਸਿੰਘ ਨੇ ਅਕੈਡਮੀ ਨੂੰ ਮਜ਼ਬੂਤ ਕੀਤਾ ਅਤੇ ਇਸ ਨੂੰ ਅਤਿ-ਆਧੁਨਿਕ ਬਣਾਇਆ।

ਵਿਭਾਗ ਨੇ ਅੰਮ੍ਰਿਤਸਰ, ਲੁਧਿਆਣਾ ਅਤੇ ਮੋਹਾਲੀ ਵਿੱਚ ਤਿੰਨ ਰਿਹਾਇਸ਼ੀ ਹਾਕੀ ਸੈਂਟਰ ਵੀ ਖੋਲ੍ਹੇ ਹਨ, ਜੋ ਸੁਰਜੀਤ ਅਕੈਡਮੀ ਲਈ ਫੀਡਰ ਸੈਂਟਰਾਂ ਵਜੋਂ ਕੰਮ ਕਰਦੇ ਹਨ।

ਪਰਗਟ ਸਿੰਘ ਨੇ ਦੱਸਿਆ, “ਸੁਰਜੀਤ ਹਾਕੀ ਅਕੈਡਮੀ ਦੇ ਐਕਸੀਲੈਂਸ ਸੈਂਟਰ ਲਈ ਪੰਜਾਬ ਭਰ ਦੇ ਹਾਕੀ ਸੈਂਟਰਾਂ ਦੇ ਸਰਵੋਤਮ ਖਿਡਾਰੀਆਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿੱਚ ਪਿੰਡਾਂ ਵਿੱਚ ਚੱਲ ਰਹੇ ਹਾਕੀ ਕੇਂਦਰ ਵੀ ਸ਼ਾਮਲ ਹਨ।”

“ਉਸ ਦੌਰਾਨ ਅਸੀਂ ਅਕੈਡਮੀ ਦੀਆਂ ਸਹੂਲਤਾਂ ਵਿੱਚ ਸੁਧਾਰ ਕੀਤਾ। ਇਹ ਰਾਜ ਵਿੱਚ ਕਿਸੇ ਵੀ ਖੇਡ ਅਨੁਸ਼ਾਸਨ ਵਿੱਚ ਪਹਿਲੀ ਸਰਕਾਰੀ ਅਕੈਡਮੀ ਸੀ ਜਿਸ ਵਿੱਚ ਏਅਰ-ਕੰਡੀਸ਼ਨਡ ਹੋਸਟਲ ਸਨ, ਅਤੇ ਅਸੀਂ ਉੱਥੇ ਇੱਕ ਨਵਾਂ ਟਰਫ ਵੀ ਬਣਵਾਇਆ ਹੈ। ਇਹ ਪੂਰੇ ਦੇਸ਼ ਦੀਆਂ ਸਾਰੀਆਂ ਅਕੈਡਮੀਆਂ ਵਿੱਚੋਂ ਸਭ ਤੋਂ ਵਧੀਆ ਨਤੀਜੇ ਦੇ ਰਹੀ ਹੈ।”

ਬੀਬੀਸੀ

ਤਸਵੀਰ ਸਰੋਤ, BBC

ਪੈਰਿਸ ਜਾਣ ਵਾਲੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਵਿੱਚੋਂ ਛੇ-ਹਰਮਨਪ੍ਰੀਤ, ਮਨਪ੍ਰੀਤ, ਹਾਰਦਿਕ, ਮਨਦੀਪ, ਸ਼ਮਸ਼ੇਰ ਅਤੇ ਜਰਮਨਪ੍ਰੀਤ- ਸੁਰਜੀਤ ਹਾਕੀ ਅਕੈਡਮੀ ਦੇ ਨਾਲ ਸਬੰਧਤ ਹਨ। ਟੋਕੀਓ ਓਲੰਪਿਕ 2020 ਦੌਰਾਨ ਪੰਜਾਬ ਦੇ ਦਸ ਵਿੱਚੋਂ ਅੱਠ ਖਿਡਾਰੀ ਅਕੈਡਮੀ ਦੇ ਸਨ।

ਸੁਰਜੀਤ ਹਾਕੀ ਅਕੈਡਮੀ ਦੇ ਕੋਚ ਅਵਤਾਰ ਸਿੰਘ ਨੇ ਦੱਸਿਆ, “ਇਹ ਪੰਜਾਬ ਅਤੇ ਸਾਡੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ, ਜਲੰਧਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਟਰੇਨੀ ਹਰਮਨਪ੍ਰੀਤ ਨੇ ਟੀਮ ਨੂੰ ਪੈਰਿਸ ਓਲੰਪਿਕ ਵਿੱਚ ਜਿੱਤ ਤੱਕ ਪਹੁੰਚਾਇਆ।”

ਅਵਤਾਰ ਸਿੰਘ ਨੇ ਅੱਗੇ ਦੱਸਿਆ, “ਹਰਮਨਪ੍ਰੀਤ 2011 ਵਿੱਚ ਲੁਧਿਆਣਾ ਦੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਅਕੈਡਮੀ ਤੋਂ ਆਇਆ ਸੀ, ਜੋ ਸੁਰਜੀਤ ਅਕੈਡਮੀ ਦੇ ਫੀਡਰ ਸੈਂਟਰਾਂ ਵਿੱਚੋਂ ਇੱਕ ਸੀ। ਇੱਥੇ ਉਨ੍ਹਾਂ ਦੇ ਹੁਨਰ ਨੂੰ ਨਿਖ਼ਾਰਿਆ ਗਿਆ।”

“ਉਸ ਨੇ ਅਕੈਡਮੀ ਤੋਂ ਹੀ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ ਸਖ਼ਤ ਸਿਖਲਾਈ ਅਤੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਨਾਲ ਉਸ ਨੂੰ ਇਸ ਪੱਧਰ ਤੱਕ ਪਹੁੰਚਣ ਵਿੱਚ ਮਦਦ ਮਿਲੀ।”

“ਪਿਛਲੇ ਦੋ ਓਲੰਪਿਕ ਵਿੱਚ ਅਕੈਡਮੀ ਨੇ 9 ਓਲੰਪਿਕ ਤਗ਼ਮਾ ਜੇਤੂ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚੋਂ ਪੰਜ - ਹਰਮਨਪ੍ਰੀਤ, ਮਨਪ੍ਰੀਤ, ਹਾਰਦਿਕ, ਮਨਦੀਪ ਅਤੇ ਸ਼ਮਸ਼ੇਰ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਹਨ। ਇਹ ਨਤੀਜੇ ਸਾਡੀ ਅਕੈਡਮੀ ਨੂੰ ਪੂਰੇ ਦੇਸ਼ ਵਿੱਚ ਅਲੱਗ ਪਛਾਣ ਦਿਵਾਉਂਦੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ WhatsAppYouTube 'ਤੇ ਜੁੜੋ।)